ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਬਚਪਨ ਵਿਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਪਰਵਾਸੀਆਂ ਦੀ ਰਾਖੀ ਕਰਨ ਵਾਲਾ ਪ੍ਰੋਗਰਾਮ ‘ਸੰਭਾਵੀ ਤੌਰ ਉਤੇ ਖਤਮ’ ਹੋ ਗਿਆ ਹੈ। ਇਸ ਪ੍ਰੋਗਰਾਮ ਨੂੰ ਰੱਦ ਕਰਨ ਤੋਂ ਰੋਕਣ ਵਾਲੇ ਫੈਡਰਲ ਕੋਰਟ ਦੇ ਫੈਸਲੇ ਦੇ ਤੁਰੰਤ ਬਾਅਦ ਟਰੰਪ ਨੇ ਐਲਾਨ ਕਰ ਦਿੱਤਾ ਕਿ ‘ਡਾਕਾ ਖਤਮ ਹੋ ਗਿਆ ਹੈ।’ ਟਰੰਪ ਨੇ ਵਿਰੋਧੀ ਧਿਰ ਡੈਮੋਕਰੈਟਾਂ ਉਤੇ ਸੰਭਾਵੀ ਆਵਾਸ ਸਮਝੌਤੇ ਉਤੇ ਗੱਲਬਾਤ ਵਿਚ ਅੜਿੱਕੇ ਡਾਹੁਣ ਦਾ ਦੋਸ਼ ਵੀ ਲਾਇਆ।
ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡਾਕਾ) ਪ੍ਰੋਗਰਾਮ, ਜੋ ਹਜ਼ਾਰਾਂ ਪਰਵਾਸੀਆਂ (ਡਰੀਮਰਜ਼) ਦੀ ਵਤਨ ਵਾਪਸੀ ਰੋਕਦਾ ਹੈ, ਉਤੇ ਹਫਤਾ ਭਰ ਚੱਲੀ ਗੰਭੀਰ ਚਰਚਾ ਬਾਅਦ ਟਰੰਪ ਨੇ ਇਹ ਟਿੱਪਣੀ ਕੀਤੀ ਹੈ।
ਓਬਾਮਾ ਕਾਲ ਦੀ ਇਹ ਨੀਤੀ ਤਕਰੀਬਨ ਅੱਠ ਲੱਖ ਲੋਕਾਂ ਦੀ ਰਾਖੀ ਕਰ ਰਹੀ ਹੈ, ਜਿਸ ਤਹਿਤ ਕੰਮ ਤੇ ਪੜ੍ਹਾਈ ਲਈ ਆਰਜ਼ੀ ਪਰਮਿਟ ਵੀ ਮੁਹੱਈਆ ਕਰਾਏ ਜਾਂਦੇ ਹਨ। ਟਰੰਪ ਨੇ ਟਵੀਟ ਕੀਤਾ: ‘ਡਾਕਾ ਸੰਭਾਵੀ ਤੌਰ ਉਤੇ ਖਤਮ ਹੋ ਗਿਆ ਹੈ, ਕਿਉਂਕਿ ਡੈਮੋਕਰੈਟ ਅਸਲ ਵਿਚ ਇਸ ਨੂੰ ਨਹੀਂ ਚਾਹੁੰਦੇ। ਉਹ ਮਹਿਜ਼ ਗੱਲਬਾਤ ਕਰਨਾ ਅਤੇ ਸਾਡੀ ਫੌਜ ਤੋਂ ਬੇਹੱਦ ਲੋੜੀਦੀਂ ਰਾਸ਼ੀ ਲੈਣਾ ਚਾਹੁੰਦੇ ਹਨ।’
ਪ੍ਰਸ਼ਾਸਨ ਨੂੰ ਇਸ ਪ੍ਰੋਗਰਾਮ ਨੂੰ ਰੱਦ ਕਰਨ ਤੋਂ ਰੋਕਣ ਵਾਲੇ ਫੈਡਰਲ ਕੋਰਟ ਦੇ ਫੈਸਲੇ ਬਾਅਦ ਡਾਕਾ ਤਹਿਤ ‘ਡਰੀਮਰਜ਼’ ਦੀਆਂ ਨਵਿਆਉਣ ਵਾਲੀਆਂ ਅਰਜ਼ੀਆਂ ਮੁੜ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਟਰੰਪ ਨੇ ਟਵੀਟ ਕੀਤਾ, ‘ਮੈਂ ਰਾਸ਼ਟਰਪਤੀ ਵਜੋਂ ਚਾਹੁੰਦਾ ਹਾਂ ਕਿ ਉਹ ਲੋਕ ਸਾਡੇ ਮੁਲਕ ਆਉਣ, ਜੋ ਇਸ ਨੂੰ ਮੁੜ ਮਜ਼ਬੂਤ ਤੇ ਮਹਾਨ ਬਣਾਉਣ ‘ਚ ਸਾਡੀ ਮਦਦ ਕਰਨ। ਲੋਕ ਮੈਰਿਟ ਆਧਾਰ ਉਤੇ ਆਉਣ। ਹੋਰ ਲਾਟਰੀ ਸਿਸਟਮ ਨਹੀਂ।’ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਬਲੀਅਤ ਆਧਾਰਤ ਆਵਾਸ ਪ੍ਰਬੰਧ ਦੀ ਵਕਾਲਤ ਕਰਦਿਆਂ ਕਿਹਾ ਕਿ ਮੁਲਕ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਆਉਣ ਦੀ ਖੁੱਲ੍ਹ ਹੋਵੇਗੀ ਜਿਨ੍ਹਾਂ ਦਾ ਪਿਛਲਾ ਰਿਕਾਰਡ ਚੰਗਾ ਹੋਵੇਗਾ।