ਸੁਪਰੀਮ ਕੋਰਟ ‘ਚ ਜੱਜਾਂ ਦੀ ਬਗਾਵਤ ਨਿਆਂ ਪਾਲਿਕਾ ਲਈ ਨਮੋਸ਼ੀ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚਾਰ ਸਭ ਤੋਂ ਸੀਨੀਅਰ ਜੱਜਾਂ ਵੱਲੋਂ ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ਼ ਮੀਡੀਆ ਸਾਹਮਣੇ ਕੱਢੀ ਭੜਾਸ ਨੇ ਇਸ ਸਿਖਰਲੀ ਅਦਾਲਤ ਅੰਦਰਲੀ ਫੁੱਟ ਬੇਪਰਦ ਹੋ ਗਈ ਹੈ। ਭਾਵੇਂ ਇਸ ਵਿਵਾਦ ਨੂੰ ਸੁਲਝਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸੀਨੀਅਰ ਜੱਜਾਂ ਵਿਚਲੀ ਖਹਿਬਾਜ਼ੀ ਨੇ ਭਾਰਤੀ ਨਿਆਂ ਪ੍ਰਣਾਲੀ ‘ਤੇ ਵੱਡੇ ਸਵਾਲ ਚੁੱਕੇ ਹਨ।

ਜਸਟਿਸ ਜੇæ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਬੀæ ਲੋਕੁਰ ਤੇ ਜਸਟਿਸ ਕੁਰੀਅਨ ਜੋਜ਼ੇਫ਼ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਚੀਫ ਜਸਟਿਸ ਉਤੇ ‘ਮਨਮਾਨੀਆਂ’ ਦੇ ਦੋਸ਼ ਲਾਏ। ਦੋ ਹੋਰ ਜੱਜ ਵੀ ਬਾਅਦ ਵਿਚ ਇਸ ਪ੍ਰੈਸ ਕਾਨਫਰੰਸ ‘ਚ ਹਾਜ਼ਰ ਹੋ ਗਏ। ਇਸ ਮੌਕੇ ਇਕ ਪੱਤਰ ਵੀ ਰਿਲੀਜ਼ ਕੀਤਾ ਗਿਆ ਜਿਹੜਾ ਕਿ ਚਾਰ ਸੀਨੀਅਰ ਜੱਜਾਂ ਨੇ ਚੀਫ ਜਸਟਿਸ ਨੂੰ ਲਿਖਿਆ ਸੀ।
ਪੱਤਰ ਵਿਚ ਉਨ੍ਹਾਂ ਨੇ ਆਪਣੀਆਂ ਸ਼ਿਕਾਇਤਾਂ ਤੇ ਸ਼ਿਕਵਿਆਂ ਦੇ ਵੇਰਵੇ ਦੇਣ ਦੀ ਥਾਂ ਨਿਆਇਕ ਪ੍ਰਬੰਧ ਵਿਚ ਅਸਪਸ਼ਟਤਾ ਤੇ ਭ੍ਰਿਸ਼ਟਾਚਾਰ ਹੋਣ ਦੇ ਸੰਕੇਤ ਦਿੱਤੇ ਹਨ। ਦਿਲਚਸਪ ਤੱਥ ਇਹ ਹੈ ਕਿ ਪੱਤਰ ਵਿਚਲੇ ਸ਼ਿਕਵੇ ਮੌਜੂਦਾ ਚੀਫ ਜਸਟਿਸ ਦੇ ਨਾਲ-ਨਾਲ ਪਿਛਲੇ ਚੀਫ ਜਸਟਿਸਾਂ ਵੱਲ ਵੀ ਸੇਧਿਤ ਹਨ।
ਇਹ ਪਹਿਲੀ ਵਾਰ ਹੈ ਜਦੋਂ ਸੁਪਰੀਮ ਕੋਰਟ ਅੰਦਰਲੀ ਫੁੱਟ ਇਸ ਢੰਗ ਨਾਲ ਬਾਹਰ ਆਈ ਹੈ। ਜਸਟਿਸ ਚੇਲਾਮੇਸਵਰ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿਚ ਇਹ ਅਸਾਧਾਰਨ ਘਟਨਾ ਹੈ। ਕਈ ਮੌਕਿਆਂ ਉਤੇ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਤਰਕਸੰਗਤ ਨਹੀਂ ਰਹਿੰਦਾ ਤੇ ਪਿਛਲੇ ਮਹੀਨਿਆਂ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦੀ ਆਸ ਨਹੀਂ ਕੀਤੀ ਜਾਂਦੀ।
ਮੀਡੀਆ ਕਾਨਫਰੰਸ ਵਿਚ ਚੀਫ ਜਸਟਿਸ ਨੂੰ ਭੇਜੇ ਸੱਤ ਸਫਿਆਂ ਦੇ ਪੱਤਰ ਨੂੰ ਜਾਰੀ ਕਰਦਿਆਂ ਇਨ੍ਹਾਂ ਜੱਜਾਂ ਨੇ ਦੋਸ਼ ਲਾਇਆ ਉਨ੍ਹਾਂ ਦੀ ਕਾਰਜਸ਼ੈਲੀ ਨਾਲ ਦੇਸ਼ ਦਾ ਨਿਆਂ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ ਤੇ ਹਾਈ ਕੋਰਟਾਂ ਦੀ ਆਜ਼ਾਦੀ ਉਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਚੀਫ ਜਸਟਿਸ ਮਿਸ਼ਰਾ ਦੇ ਧਿਆਨ ਵਿਚ ਕੁਝ ਮਾਮਲੇ ਲਿਆਂਦੇ ਸਨ, ਜਿਨ੍ਹਾਂ ਕਰ ਕੇ ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ ਤੇ ਚੀਫ ਜਸਟਿਸ ਨੇ ਇਸ ਸਬੰਧੀ ਕੋਈ ਢੁਕਵੇਂ ਕਦਮ ਨਹੀਂ ਚੁੱਕੇ। ਜਸਟਿਸ ਚੇਲਾਮੇਸਵਰ ਨੇ ਕਿਹਾ ਕਿ ਜਦੋਂ ਤੱਕ ਸੁਪਰੀਮ ਕੋਰਟ ਨੂੰ ਨਹੀਂ ਬਚਾਇਆ ਜਾਂਦਾ ਜਮਹੂਰੀਅਤ ਦਾ ਵਿਕਾਸ ਨਹੀਂ ਹੋ ਸਕਦਾ। ਉਹ ਸੁਪਰੀਮ ਕੋਰਟ ਅਤੇ ਦੇਸ਼ ਦੇ ਦੇਣਦਾਰ ਹਨ ਤੇ ਇਸ ਤਰ੍ਹਾਂ ਅਚਾਨਕ ਪ੍ਰੈਸ ਕਾਨਫਰੰਸ ਬੁਲਾਉਣਾ ਬੇਹੱਦ ਦੁਖਦਾਈ ਕਦਮ ਹੈ। ਉਨ੍ਹਾਂ ਕਿਹਾ ਕਿ ਚਾਰੇ ਸੀਨੀਅਰ ਜਸਟਿਸ, ਚੀਫ ਜਸਟਿਸ ਨੂੰ ਮੁੱਦੇ ਸਮਝਾਉਣ ਵਿਚ ਅਸਫਲ ਰਹੇ ਹਨ ਕਿ ਕੁਝ ਗੱਲਾਂ ਸੁਪਰੀਮ ਕੋਰਟ ਵਿਚ ਠੀਕ ਨਹੀਂ ਹੋ ਰਹੀਆਂ, ਇਸ ਕਰ ਕੇ ਇਹ ਸਿਖਰਲਾ ਕਦਮ ਚੁੱਕਣਾ ਪਿਆ ਹੈ। ਜ਼ਿਕਰਯੋਗ ਹੈ ਕਿ ਇਹ ਚਾਰੇ ਸੀਨੀਅਰ ਜੱਜ ਚੀਫ ਜਸਟਿਸ ਦੇ ਨਾਲ ਸੁਪਰੀਮ ਕੋਰਟ ਕੌਲਜ਼ੀਅਮ ਦੇ ਵਿਚ ਸ਼ਾਮਲ ਹਨ, ਜੋ ਸੁਪਰੀਮ ਕੋਰਟ ਦੇ ਲਈ ਜੱਜਾਂ ਦੀ ਚੋਣ ਕਰਦਾ ਹੈ।
_______________________________________________________
ਚਿੱਠੀ ਵਿਚ ਉਠਾਏ ਸਨ ਤਿੱਖੇ ਸਵਾਲ
ਨਵੀਂ ਦਿੱਲੀ: ਚਾਰੇ ਜੱਜਾਂ ਵੱਲੋਂ ਲਿਖੀ ਚਿੱਠੀ ‘ਚ ਮੁੱਖ ਤੌਰ ‘ਤੇ ਕੇਸਾਂ ਦੀ ਵੰਡ ‘ਚ ਚੀਫ ਜਸਟਿਸ ਵੱਲੋਂ ਕੀਤੇ ਪੱਖਪਾਤ ਦਾ ਮੁੱਦਾ ਉਠਾਇਆ ਗਿਆ ਸੀ। 7 ਪੇਜਾਂ ਦੀ ਚਿੱਠੀ ‘ਚ ਕਿਹਾ ਗਿਆ ਸੀ ਕਿ ਚੀਫ ਜਸਟਿਸ ਉਸ ਪਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਤਹਿਤ ਅਹਿਮ ਮਾਮਲਿਆਂ ਦਾ ਫੈਸਲਾ ਇਕੱਠੇ ਲਿਆ ਜਾਂਦਾ ਸੀ। ਚਿੱਠੀ ਵਿਚ ਇਹ ਵੀ ਕਿਹਾ ਗਿਆ ਕਿ ਕਈ ਅਹਿਮ ਮਾਮਲੇ, ਜੋ ਸੁਪਰੀਮ ਕੋਰਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਦੇ ਹਨ, ਚੀਫ ਜਸਟਿਸ ਬਿਨਾਂ ਕਿਸੇ ਵਾਜਬ ਕਾਰਨ ਦੇ ਆਪਣੀ ਪਸੰਦ ਦੀ ਬੈਂਚ ਦੇ ਸਪੁਰਦ ਕਰ ਦਿੰਦੇ ਹਨ, ਜਿਸ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਗਦੀ ਹੈ। ਜੱਜਾਂ ਵੱਲੋਂ ਲਿਖੀ ਚਿੱਠੀ ਵਿਚ ਜ਼ਿਆਦਾ ਕੇਸਾਂ ਦਾ ਹਵਾਲਾ ਨਹੀਂਂ ਸੀ, ਪਰ ਉਨ੍ਹਾਂ ਵਲੋਂ ਉਤਰਾਖੰਡ ਦੇ ਚੀਫ ਜਸਟਿਸ ਕੇæਐਮæ ਜੋਸਫ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ‘ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਉਤੇ ਸਵਾਲ ਉਠਾਏ ਸਨ। ਦੱਸਣਯੋਗ ਹੈ ਕਿ ਜੋਸਫ ਨੇ ਹਾਈ ਕੋਰਟ ‘ਚ ਰਹਿੰਦਿਆਂ 21 ਅਪਰੈਲ, 2016 ਨੂੰ ਉਤਰਾਖੰਡ ‘ਚ ਹਰੀਸ਼ ਰਾਵਤ ਦੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਫੈਸਲੇ ਨੂੰ ਰੱਦ ਕੀਤਾ ਸੀ।