ਗੁਰਜੀਤ ਕੌਰ, ਬੇਅਟਾਊਨ (ਟੈਕਸਸ)
ਫੋਨ: 713-469-2474
‘ਪੰਜਾਬ ਟਾਈਮਜ਼’ ਦੇ 9 ਫਰਵਰੀ ਵਾਲੇ ਅੰਕ ਵਿਚ ਸ਼ ਨੰਦ ਸਿੰਘ ਬਰਾੜ ਦਾ ਲੇਖ ਪੜ੍ਹਿਆ। ਉਨ੍ਹਾਂ ਬੀਤੇ ਦਿਨਾਂ ਦੌਰਾਨ ਪ੍ਰਚਲਿਤ ਅਨੰਦ ਕਾਰਜ ਦੇ ਸੁਚੱਜੇ ਢੰਗ ਦਾ ਜੋ ਵਰਣਨ ਕੀਤਾ, ਇਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਦੀ ਇਕ ਹੋਰ ਸ਼ਲਾਘਾਯੋਗ ਗੱਲ ਹੈ, ਉਨ੍ਹਾਂ ਵੱਲੋਂ ਹੈਰੀਆਂ, ਗੈਰੀਆਂ ਅਤੇ ਬਾਬਿਆਂ ਦੇ ਯੁੱਗ ਵਿਚ ਆਪਣੇ ਨਾਂ ਦੇ ਨਾਲ ‘ਸਿੰਘ’ ਲਿਖਣਾ। ਜਿੱਥੋਂ ਤੱਕ ਤਬਦੀਲੀ ਦੀ ਗੱਲ ਹੈ, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਹਾਂ-ਪੱਖੀ ਤੇ ਨਾਂਹ-ਪੱਖੀ। ਜੇ ਅਸੀਂ ਸਿੱਖ ਧਰਮ ਵਿਚ ਹਾਂ-ਪੱਖੀ ਤਬਦੀਲੀ ਲੱਭੀਏ ਤਾਂ ਇਹ ਸਿਰਫ ਇਕੋ ਹੀ ਮਿਲਦੀ ਹੈ-ਗੁਰਦੁਆਰਿਆਂ ਵਿਚ ਆਧੁਨਿਕ ਤਕਨੀਕ ਦੀ ਵਰਤੋਂ।
ਬੀਬੀ ਸੁਰਜੀਤ ਕੌਰ ਨੇ ਇਸ ਪੱਖ ਨੂੰ ਕਿਸ ਤਰ੍ਹਾਂ ਉਜਾਗਰ ਕੀਤਾ ਹੈ, ਮੈਂ ਇਸ ਤੋਂ ਅਨਜਾਣ ਹਾਂ, ਪਰ ਸ਼ ਨੰਦ ਸਿੰਘ ਬਰਾੜ ਨਾਲ ਸਹਿਮਤ ਹਾਂ ਕਿ ਕਿਸੇ ਵੀ ਮਨੁੱਖ ਦਾ ਜਦ ਤੱਕ ਆਪਣਾ ਵਿਵੇਕ ਕੰਮ ਕਰਦਾ ਹੈ, ਉਸ ਉਤੇ ਕਿਸੇ ਦਾ ਵੀ ਚੰਗਾ ਜਾਂ ਮਾੜਾ ਅਸਰ ਨਹੀਂ ਹੋ ਸਕਦਾ। ਮਿਸਾਲ ਦੇ ਤੌਰ ‘ਤੇ ਅਮਰੀਕਾ ਵਰਗੇ ਮੁਲਕ ਤੋਂ ਵੱਧ ਹੋਰ ਭਲਾ ਕਿਥੇ ਆਪੋ-ਆਪਣੇ ਧਾਰਮਿਕ ਅਕੀਦੇ ਮੁਤਾਬਕ ਜੀਵਿਆ ਜਾ ਸਕਦਾ ਹੈ, ਪਰ ਗੁਰਦੁਆਰਿਆਂ ਵਿਚ ਕਿੰਨੀ ਤਾਦਾਦ ਸਿਰ ਉਤੇ ਲੀਰਾਂ (ਪਟਕੇ) ਬੰਨ੍ਹਣ ਵਾਲਿਆਂ ਦੀ ਹੁੰਦੀ ਹੈ। ਅਮਰੀਕਾ ਵਿਚ ਤਾਂ ਕੋਈ ਹਿੰਦੂ ਜਥੇਬੰਦੀ ਸਿੱਖ ਧਰਮ ਵਿਚ ਦਖਲਅੰਦਾਜ਼ੀ ਨਹੀਂ ਕਰ ਰਹੀ! ਬੀਬੀਆਂ-ਬੰਦਿਆਂ ਦੇ ਸਿਰਾਂ ਉਤੇ ਕੈਂਚੀਆਂ-ਉਸਤਰੇ ਚੱਲੇ ਹੁੰਦੇ ਨੇ। ਇਨ੍ਹਾਂ ਨੂੰ ਕਿਹੜੀ ਮੁਸੀਬਤ ਪਈ ਹੁੰਦੀ ਹੈ?
ਕਿਸੇ ਵੀ ਸਮਾਜ ਜਾਂ ਘਰੇਲੂ ਮਾਹੌਲ ਦੀ ਸਿਰਜਣਾ ਦਾ ਦਾਰੋਮਦਾਰ ਜ਼ਿਆਦਾ ਕਰ ਕੇ ਔਰਤ ਦੇ ਹਿੱਸੇ ਆਉਂਦਾ ਹੈ; ਕਿਉਂਕਿ ਉਹਦੇ ਪਾਲੇ ਬੱਚੇ ਨੇ ਹੀ ਸਮਾਜ ਦਾ ਅੰਗ ਬਣਨਾ ਹੁੰਦਾ ਹੈ। ਕਦੀ ਰਣਧੀਰ ਸਿੰਘ, ਕਦੇ ਪੂਰਨ ਸਿੰਘ, ਕਦੇ ਭਗਤ ਸਿੰਘ ਤੇ ਕਦੇ ਜਰਨੈਲ ਸਿੰਘ ਬਣ ਕੇ ਸਮਾਜ ਅਤੇ ਇਤਿਹਾਸ ਦੀ ਦਿਸ਼ਾ ਨੂੰ ਮੋੜਾ ਪਾਉਣਾ ਹੁੰਦਾ ਹੈ। ਔਰਤ ਸਮਝਦੀ ਹੈ ਕਿ ਉਸ ਨੇ ਬੱਚੇ ਨੂੰ ਸਮੇਂ ਸਿਰ ਰੋਟੀ ਦੇ, ਸਕੂਲ ਲਈ ਉਠਾ, ਨੱਕ ਪੂੰਝ ਕੇ ਤੇ ਵੇਲੇ ਸਿਰ ਧੋਤਾ ਕੱਪੜਾ ਦੇ ਕੇ ਸਾਰੀ ਜ਼ਿੰਮੇਵਾਰੀ ਪੂਰੀ ਕਰ ਲਈ, ਪਰ ਨਹੀਂ! ਜੇ ਉਸ ਨੇ ‘ਜੇਰੇ’ ਵਰਗੀ ਜ਼ਰੂਰੀ ਚੀਜ਼ ਬਾਰੇ ਬੱਚੇ ਨੂੰ ਜਾਣੂੰ ਨਾ ਕਰਵਾਇਆ, ਤਾਂ ਫਿਰ ਕੀ ਕੀਤਾ? ਕਈ ਘਰਾਂ ਵਿਚ ਪੁੱਤਰ ਸ਼ਾਇਦ ਆਪਣੇ ਵਿਆਹ ਵਾਲੇ ਦਿਨ ਹੀ ਪੱਗ ਬੰਨ੍ਹਦਾ ਹੈ ਤੇ ਕਈ ਘਰਾਂ ਵਿਚ ਜੰਞ ਦੇ ਨਾਲ ਹੀ ਨਾਈ ਵੀ ਜਾਂਦਾ ਹੈ ਤਾਂ ਜੋ ਲਾਵਾਂ ਤੋਂ ਬਾਅਦ ਮੁੰਡੇ ਦੇ ਬੋਦੇ ਸੁਆਰ ਸਕੇ।
ਲਾਵਾਂ ਬਾਰੇ ਕਈ ਤੱਥ ਉਜਾਗਰ ਕਰ ਕੇ ਲੇਖਕ ਨੇ ਅਜੋਕੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਹਲੂਣਾ ਦਿੱਤਾ ਹੈ। ਮੈਨੂੰ ਨਹੀਂ ਸੀ ਪਤਾ ਕਿ ਬੀਤੇ ਸਾਲਾਂ ਵਿਚ ਲਾਵਾਂ ਨਹੀਂ ਸੀ ਲਈਆਂ ਜਾਂਦੀਆਂ। ਇਕ ਵਾਰੀ ਉਂਜ ਹੀ ਪੁੱਛ ਲਿਆ ਸੀ ਕਿ ਲਾਵਾਂ ਜੋੜੇ ਦੇ ਬੈਠਿਆਂ ਹੀ ਕਿਉਂ ਨਹੀਂ ਪੜ੍ਹੀਆਂ ਜਾਂਦੀਆਂ? ਜਵਾਬ ਮਿਲਿਆ ਕਿ ਜੇ ਕਿਸੇ ਦੋਹਾਂ ਵਿਚੋਂ ਇਕ ਦਾ ਦੂਜਾ ਵਿਆਹ ਹੋਵੇ ਤਾਂ ਲਾਵਾਂ ਬਹਿ ਕੇ ਲਈਆਂ ਜਾਂਦੀਆਂ ਨੇ ਜਿਸ ਨੂੰ ‘ਚਾਦਰ ਪਾਉਣਾ’ ਕਿਹਾ ਜਾਂਦਾ ਹੈ।
ਮੈਨੂੰ ਯਾਦ ਹੈ ਕਿ ਕਿਸੇ ਸਮੇਂ ਵਿਆਹੁੰਦੜ ਕੁੜੀ ਕੇਸੀਂ ਨਹਾ ਕੇ ਲਾਵਾਂ ‘ਤੇ ਬਹਿੰਦੀ ਸੀ ਤੇ ਲਾਵਾਂ ਵੀ ਸਮੇਂ ਸਿਰ ਹੁੰਦੀਆਂ ਸਨ, ਪਰ ਅੱਜ ਦੇ ਯੁੱਗ ਵਿਚ ਕੁੜੀ ਲਾੜੀ ਘੱਟ, ਦੀਵਾਲੀ ਦੀ ਝਾਕੀ ਜ਼ਿਆਦਾ ਲੱਗਦੀ ਹੈ। ਉਸ ਦੇ ਭਾਰੇ ਗਹਿਣੇ, ਊਟ-ਪਟਾਂਗ ਸ਼ਿੰਗਾਰ ਅਤੇ ਆਪਣੇ ਭਾਰ ਤੋਂ ਵੀ ਜ਼ਿਆਦਾ ਭਾਰਾ ਲਹਿੰਗਾ! ਸਮਝ ਨਹੀਂ ਆਉਂਦੀ ਕਿ ਵਿਆਹ ਕਰਵਾਉਣਾ ਹੈ ਜਾਂ ਫਿਰ ਕਿਸੇ ਇਸ਼ਤਿਹਾਰ ਲਈ ਮਾਡਲਿੰਗ ਦਾ ਮੁਕਾਬਲਾ ਜਿੱਤਣਾ ਹੈ।
ਚਲੋ, ਜੇ ਕੋਈ ਸਾਡਾ ਰਹਿਬਰ ਜਾਂ ਨਿਗ੍ਹਾਬਾਨ ਨਹੀਂ ਤਾਂ ਬਾਣੀ ਉਤੇ ਤਾਂ ਚੱਲ ਹੀ ਸਕਦੇ ਹਾਂ। ਬਾਣੀ ਵਿਚ ਕਿਤੇ ਨਹੀਂ ਲਿਖਿਆ ਕਿ ਲੰਗਰ ਕਰਾਉਣ ਤੋਂ ਪਹਿਲਾਂ ਭੋਗ ਲੁਆਉ। ਜੇ ਭਗਤ ਨਾਮਦੇਵ ਦੀ ਇਸ ਪ੍ਰਸੰਗ ਵਿਚ ਲਿਖੀ ਬਾਣੀ ਸਮਝ ਨਹੀਂ ਆਉਂਦੀ ਤਾਂ ਆਪਣੀ ਹੀ ਬੁੱਧੀ ਵਰਤ ਲਉ ਕਿ ਭੋਗ ਕਿਸ ਨੂੰ ਲੁਆਉਣਾ ਹੈ; ਕਿਉਂਕਿ ਪਰਮਾਤਮਾ ਦਾ ਤਾਂ ਕੋਈ ਆਕਾਰ ਨਹੀਂ ਹੈ। ਇਹ ਕਿਥੇ ਲਿਖਿਆ ਹੈ ਕਿ ਅਰਦਾਸ ਜੇ ਕੇਵਲ ਗੁਰਦੁਆਰੇ ਦਾ ਭਾਈ ਹੀ ਕਰੇਗਾ, ਤਾਂ ਹੀ ਪਰਵਾਨ ਹੋਵੇਗੀ? ਜੇ ਬੀੜ ਨੂੰ ਪਿਛਲੇ ਪਾਸਿਓਂ ਮੱਥਾ ਟੇਕਣਾ ਹੈ ਅਤੇ ਘਰ ਆਏ ਪ੍ਰਾਹੁਣੇ ਨੂੰ ਵੀ ਰਾਮ ਸੱਤ ਕਰ ਕੇ ਪਿੱਠ ਵਿਖਾ ਦਈਏ ਤਾਂ ਪਤਾ ਲੱਗ ਜਾਵੇਗਾ ਕਿ ਪ੍ਰਾਹੁਣਾ ਦੁਬਾਰਾ ਮੂੰਹ ਲਾਉਂਦਾ ਹੈ ਕਿ ਨਹੀਂ! ਜੇ ਅੱਗਿਓਂ ਇਹ ਤਰਕ ਦੇਈਏ ਕਿ ਮੇਰੀ ਪਿੱਠ ਨੂੰ ਵੀ ਸਲਾਮ ਕਰਨਾ ਸੀ ਤਾਂ ਨਿਕਲ ਜਾਵੇਗਾ ਅਕਲ ਦਾ ਜਲੂਸ!
ਬਚਪਨ ਤੋਂ ਹੀ ਗੁਰਦੁਆਰੇ ਜਾਂਦਿਆਂ ਥੋੜ੍ਹੀ ਬਹੁਤ ਬਾਣੀ ਕੰਠ ਹੋ ਗਈ ਸੀ। ਵੱਡੇ ਹੋ ਕੇ ਜਦੋਂ ਬਾਣੀ ਆਪ ਪੜ੍ਹੀ ਤਾਂ ਪਤਾ ਲੱਗਾ ਕਿ ਬਾਣੀ ਵਿਚ ‘ਸੱਸੇ’ ਥੱਲੇ ਬਿੰਦੀ ਕਿਤੇ ਵੀ ਨਹੀਂ ਹੈ ਪਰ ਕਿਤੇ ਵੀ ਸ਼ਬਦ ਦੇਖ ਲਓ-ਬਾਣੀ ਵਿਚ ‘ਲੱਖ ਖੁਸੀਆ ਪਾਤਿਸਾਹੀਆ’ ਲਿਖਿਆ ਹੋਇਆ ਹੈ। ਨਾ ਤਾਂ ਸੱਸੇ ਥੱਲੇ ਬਿੰਦੀ ਹੈ ਅਤੇ ਨਾ ਹੀ ਐੜੇ ਨੂੰ ਕੰਨੇ ਉਤੇ। ਫਿਰ ਵੀ ਪੜ੍ਹਿਆ ਕੀ ਜਾਂਦਾ ਹੈ? ਬਾਣੀ ਵਿਚ ਹਰ ਥਾਂ ‘ਪਾਤਿਸਾਹੁ’ ਲਿਖਿਆ ਹੈ ਤੇ ਪੜ੍ਹਿਆ ‘ਪਾਤਸ਼ਾਹ’ ਜਾਂਦਾ ਹੈ। ਜਿਹੜੇ ਇਸ ਬਾਣੀ ਦਾ ਗਾਇਨ ਕਰਦੇ ਨੇ, ਉਹ ਆਪਣਾ ਪਾਸਪੋਰਟ ਜਾਂ ਇਮੀਗਰੇਸ਼ਨ ਦੇ ਹੋਰ ਕਾਗਜ਼ ਪੱਤਰ ਬਣਾਉਣ ਲੱਗਿਆਂ ਵਕੀਲ ਨੂੰ ਵੀਹ ਵਾਰੀ ਦੱਸਣਗੇ ਕਿ ਮੇਰੇ ਨਾਂ ਵਿਚ ‘ਡਬਲ ਈ’ ਆਉਂਦਾ ਹੈ ਜਾਂ ‘ਕੱਲਾ ਆਈ’; ਕਿਉਂਕਿ ਪੜ੍ਹਨ ਵਿਚ ਕੋਈ ਫਰਕ ਨਹੀਂ ਹੈ।
ਮੈਂ ਅਮਰੀਕਾ ਵਿਚ ਨਵੀਂ-ਨਵੀਂ ਆਈ ਸਾਂ, ਜੀਅ ਕੀਤਾ ਕਿ ਬੱਚਿਆਂ ਨੂੰ ਗੁਰਦੁਆਰੇ ਵਿਚ ਚੱਲਦੇ ਕੈਂਪ ਵਿਚ ਪਾਇਆ ਜਾਵੇ। ਭਾਈ ਸਾਹਿਬ ਬੱØਚਿਆਂ ਨੂੰ ਪਾਠ ਸਿਖਾ ਰਹੇ ਸਨ। ਤੁਕ ਆਈ ‘ਦੇਦਾ ਦੇ ਲੈਦੇ ਥਕਿ ਪਾਹਿ’। ਧਿਆਨ ਨਾਲ ਵੇਖੋ ਕਿ ‘ਦੱਦੇ’ ਅਤੇ ਨਾ ਹੀ ‘ਲੱਲੇ’ ‘ਤੇ ਬਿੰਦੀ ਹੈ। ਹੁਣ ਪੜ੍ਹੋ ਕਿ ਕੀ ਪੜ੍ਹਿਆ ਜਾਵੇਗਾ! ਮੈਂ ਭਾਈ ਸਾਹਿਬ ਨੂੰ ਭਰੇ ਇਕੱਠ ਵਿਚ ਟੋਕ ਦਿੱਤਾ ਕਿ ਤੁਸੀਂ ਬਾਣੀ ਗਲਤ ਪੜ੍ਹ ਰਹੇ ਹੋ। ਭਾਈ ਸਾਹਿਬ ਦਾ ਅੱਗੋਂ ਜਵਾਬ ਸੀ, ੴ ਤਾਂ ਸਿਰਫ ਸਿੰਬਲ ਹੈ, ਅਸੀਂ ਉਸ ਨੂੰ ਫਿਰ ਪੂਰਾ ਕਿਉਂ ਪੜ੍ਹਦੇ ਹਾਂ? ਮੈਂ ਕੁਝ ਨਹੀਂ ਬੋਲੀ। ਮੈਂ ਬੱਚੇ ਚੁੱਕੇ ਤੇ ਵਾਪਸ ਆ ਗਈ। ਬੀਬੀਆਂ ਵਿਚ ਇਹ ਰੌਲਾ ਪੈ ਗਿਆ ਕਿ ਗੁਲਾਬੀ ਚੁੰਨੀ ਵਾਲੀ, ਭਾਈ ਸਾਹਿਬ ਦੇ ਮਗਰ ਪੈ ਗਈ। ਆਉਂਦਿਆਂ ਮੈਂ ਕਿਹਾ ਕਿ ਤੁਸੀਂ ਕਹਿੰਦੇ ਹੋ ਗੁਰਮਤਿ ਕੈਂਪ; ਇਹ ਤਾਂ ਉਹੀ ਹੋਇਆ ਜਿਵੇਂ ਦਸਮੇਸ਼ ਆਟੋ ਵਰਕਸ ਜਾਂ ਗੁਰੂ ਨਾਨਕ ਟਰਾਂਸਪੋਰਟæææਗੁਰਮਤਿ ਟ੍ਰੇਨਿੰਗ ਕੈਂਪ ਨਾਂ ਰੱਖੋ। ਸ਼ੁਕਰ ਹੈ ਮੇਰੀ ਗੱਲ ਮੰਨੀ ਗਈ, ਪਰ ਕਿਸੇ ਨੂੰ ਵੀ ਕੈਂਪ ਦੀ ਆਗੂ ਅਤੇ ਉਸ ਦੇ ਪਰਿਵਾਰ ਦੇ ਸਿਰ ਉਤੇ ਚੱਲੀਆਂ ਕੈਂਚੀਆਂ ਨਹੀਂ ਦਿਸੀਆਂ। ਤਬਦੀਲੀ ਤਾਂ ਇਸ ਹੱਦ ਤੱਕ ਹੈ ਕਿ ਜੇ ਕਿਸੇ ਨਾਲ ਵੀ ਰਿਸ਼ਤਾ ਤੋੜਨਾ ਹੈ ਤਾਂ ਸਿਰ ਉਤੇ ਪੱਗ ਨਾ ਬੰਨ੍ਹਣ ਦਾ ਕਾਰਨ ਪੁੱਛ ਲਵੋ, ਹੋਰ ਕਿਸੇ ਵੀ ਬਹਾਨੇ ਦੀ ਲੋੜ ਨਹੀਂ।
ਇਕ ਤਬਦੀਲੀ ਹੋਰ ਵੀ ਅਹਿਮ ਹੈ। ਗੁਰਦੁਆਰੇ ਨੂੰ ਹੁਣ ਲੰਗਰਸਤਾਨ ਕਹਿਣਾ ਸ਼ੁਰੂ ਕਰ ਦਈਏ। ਹਿਊਸਟਨ ਇਲਾਕੇ ਵਿਚ ਇਕ ਬੀਬੀ ਨੂੰ ਸਰਕਾਰੀ ਨੌਕਰੀ ਕਿਰਪਾਨਧਾਰੀ ਹੋਣ ਕਰ ਕੇ ਛੱਡਣੀ ਪਈ। ਉਹ ਆਪਣੇ ਸਮਾਜਕ ਹਿੱਤਾਂ ਲਈ ਲੜ ਰਹੀ ਹੈ। ਵਕੀਲ ਅਨੁਸਾਰ ਜੇ ਕੋਰਟ ਵਿਚ ਭਾਰੀ ਗਿਣਤੀ ਵਿਚ ਸਿੱਖ ਪਹੁੰਚਦੇ ਨੇ, ਤਾਂ ਜੱਜਾਂ ਉਤੇ ਇਸ ਦਾ ਪ੍ਰਭਾਵ ਪੈਣ ਨਾਲ ਉਹਦਾ ਕੇਸ ਮਜ਼ਬੂਤ ਹੋ ਸਕਦਾ ਸੀ। ਉਹ ਗੁਰਦੁਆਰੇ ਜਾ ਕੇ ਸਭ ਨੂੰ ਆਪਣੇ ਨਾਲ ਕੋਰਟ ਚੱਲਣ ਲਈ ਬੇਨਤੀਆਂ ਕਰਦੀ। ਇਕ ਗੁਰਦੁਆਰੇ ਵਿਚ ਮੈਂ ਵੀ ਉਸ ਦੇ ਨਾਲ ਸੀ। ਮੈਂ ਵੇਖਿਆ ਕਿ ਕੁੜੀ ਨੇ ਗੱਲ ਸ਼ੂਰੂ ਕੀਤੀ ਤਾਂ ਤਕਰੀਬਨ ਸਾਰੇ ਉਠ ਕੇ ਹੇਠਾਂ ਲੰਗਰ ਖਾਣ ਤੁਰ ਪਏ। ਮੈਂ ਸਮਝ ਗਈ ਕਿ ਜੇ ਅੱਜ ਸਿੱਖ ਧਰਮ ਦਾ ਬੇੜਾ ਗਰਕ ਹੈ ਤਾਂ ਇਸ ਦਾ ਸਿਹਰਾ ਕਿਨ੍ਹਾਂ ਸਿਰ ਬੱਝ ਸਕਦਾ ਹੈ!
ਬਾਕੀ ਤਬਦੀਲੀਆਂ ਪਿੱਛੇ ਬਹੁਤ ਵੱਡਾ ਹੱਥ ਵਪਾਰੀਕਰਨ ਦਾ ਵੀ ਹੈ। ਵਿਆਹਾਂ ਮੌਕੇ ਘਰਾਂ ਦੀ ਸ਼ਾਨ-ਓ-ਸ਼ੌਕਤ ਨਾਲ ਵੀ ਇਕ-ਦੂਜੇ ਨੂੰ ਨੀਵਾਂ ਵਿਖਾਇਆ ਜਾ ਸਕਦਾ ਹੈ! ਬੀਬੀਆਂ ਆਪ ਪੰਜਾਬੀ ਪਹਿਰਾਵਾ ਪਾਉਣ ਲੱਗੀਆਂ ਗੁਰੇਜ਼ ਕਰਦੀਆਂ ਨੇ। ਹਿੰਦੁਸਤਾਨ ਤੋਂ ਜਹਾਜ਼ ਚੜ੍ਹਨ ਲੱਗਿਆਂ ਪੱਛਮੀ ਲਿਬਾਸ ਪਾਉਣ ਪਿੱਛੇ ਪਤਾ ਨਹੀਂ ਕਿਹੜਾ ਰਾਜ਼ ਹੈ?
ਵਿਆਹਾਂ ਵਿਚ ਪਰਿਵਾਰਕ ਤਸਵੀਰ ਵਿਚ ਪੱਗ ਸਿਰਫ਼ ਬਜ਼ੁਰਗ ਦੇ ਸਿਰ ਉਤੇ ਹੁੰਦੀ ਹੈ। ਨੂੰਹਾਂ-ਧੀਆਂ ਝਾਟਾ ਖਿਲਾਰ ਕੇ ਅਤੇ ਪੁੱਤ-ਜੁਆਈ, ਪੋਤਰੇ-ਦੋਹਤਰੇ ਸਿਰ ਉਤੇ ਜੈਲ ਲਾਈ ਖੜ੍ਹੇ ਹੁੰਦੇ ਹਨ। ਰੱਬ ਬਖ਼ਸ਼ੇ! ਮਾਪੇ ਅੰਗਰੇਜ਼ੀ ਵਿਚ ਆਪਣਾ ਹੱਥ ਖੋਲ੍ਹਣ ਲਈ ਬੜੇ ਔਖੇ ਹੋ ਕੇ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਹਨ। ਇਹੋ ਜਿਹਿਆਂ ਨੂੰ ਵੇਖ ਕੇ ਰੱਬ ਦੀ ਆਪਣੇ ਆਪ ਉਤੇ ਅਤਿਅੰਤ ਮਿਹਰ ਦਾ ਅਹਿਸਾਸ ਹੁੰਦਾ ਹੈ।
Leave a Reply