ਸਿੱਖ ਕਤਲੇਆਮ: ਸੱਜਣ ਕੁਮਾਰ ਨੇ ਭੜਕਾਈ ਸੀ ਭੀੜ

ਗਵਾਹ ਸ਼ੀਲਾ ਕੌਰ ਵੱਲੋਂ ਅਦਾਲਤ ਵਿਚ ਦਾਅਵਾ
ਨਵੀਂ ਦਿੱਲੀ: ਸੁਲਤਾਨਪੁਰੀ ਵਿਚ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਸਬੰਧੀ ਮੁਕੱਦਮੇ ਵਿਚ ਸ਼ੀਲਾ ਨੇ ਪਟਿਆਲਾ ਹਾਊਸ ਅਦਾਲਤ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਗਵਾਹੀ ਦਿੱਤੀ। ਸ਼ੀਲਾ ਨੇ ਕਿਹਾ ਕਿ ਸੱਜਣ ਕੁਮਾਰ ਕਤਲੇਆਮ ਵਿਚ ਸ਼ਾਮਲ ਸੀ ਅਤੇ ਉਸ ਦਾ ਨਾਂ ਲੈਣ ਉਤੇ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ।

ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਜੱਜ ਪੂਨਮ ਬਾਮਾ ਦੀ ਅਦਾਲਤ ਵਿਚ ਸੱਜਣ ਕੁਮਾਰ ਦੇ ਵਕੀਲ ਅਨਿਲ ਵੱਲੋਂ ਜਿਰ੍ਹਾ ਕੀਤੀ ਗਈ। ਪੀੜਤਾਂ ਵੱਲੋਂ ਪੇਸ਼ ਵਕੀਲ ਐਚæਐਸ਼ ਫੂਲਕਾ ਨੇ ਦੱਸਿਆ ਕਿ ਕਈ ਘੰਟੇ ਸੁਣਵਾਈ ਚੱਲੀ ਤੇ ਸੱਜਣ ਕੁਮਾਰ ਦੇ ਵਕੀਲ ਨੇ ਜਿਰ੍ਹਾ ਕੀਤੀ।
ਸੁਲਤਾਨਪੁਰੀ ਵਿਚ ਹੋਏ ਸਿੱਖ ਕਤਲੇਆਮ ਬਾਰੇ ਸ਼ੀਲਾ ਨੇ ਦੱਸਿਆ ਕਿ ਸੱਜਣ ਕੁਮਾਰ ਨੇ ਉਥੇ ਭੜਕਾਊ ਭਾਸ਼ਣ ਦਿੱਤਾ ਤੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ। ਸ਼ੀਲਾ ਦੇ ਪਰਿਵਾਰ ਦੇ ਲੋਕ ਇਸ ਦੌਰਾਨ ਮਾਰੇ ਗਏ ਸਨ। ਸੱਜਣ ਕੁਮਾਰ ਦੇ ਵਕੀਲ ਨੇ ਸ਼ੀਲਾ ਕੌਰ ਨੂੰ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਅਤੇ ਕਈ ਤਿੱਖੇ ਸਵਾਲ ਕੀਤੇ। ਉਹ ਪਹਿਲਾਂ ਕੁਝ ਘਬਰਾਈ ਵੀ, ਫਿਰ ਉਸ ਨੇ ਉਹੀ ਗਵਾਹੀ ਦਿੱਤੀ ਜੋ ਸਵਾ ਸਾਲ ਪਹਿਲਾਂ ਕੜਕੜਡੂਮਾ ਅਦਾਲਤ ਵਿਚ ਦਿੱਤੀ ਸੀ। ਇਸ ਮਾਮਲੇ ਵਿਚ ਅਗਲੀ ਸੁਣਵਾਈ ਸੱਤ ਫਰਵਰੀ 2018 ਨੂੰ ਹੋਵੇਗੀ।