ਜਾਂਚ ਕਮਿਸ਼ਨਾਂ ਖਿਲਾਫ ਅਕਾਲੀ ਦਲ ਵਾਲੇ ਪੁੱਜੇ ਰਾਜਪਾਲ ਦਰਬਾਰ

ਚੰਡੀਗੜ੍ਹ: ਅਕਾਲੀ ਦਲ ਅਤੇ ਭਾਜਪਾ ਨੇ ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਬਣਾਏ ਜਾਂਚ ਕਮਿਸ਼ਨ ਖਿਲਾਫ਼ ਰਾਜਪਾਲ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਬਰਗਾੜੀ ਸਮੇਤ ਹੋਰ ਥਾਵਾਂ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੂੰ ਸੌਂਪਣ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਦੀ ਅਗਵਾਈ ਹੇਠਲੇ ਵਫਦ ਨੇ ਰਾਜਪਾਲ ਵੀæਪੀæ ਸਿੰਘ ਬਦਨੌਰ ਨੂੰ ਦਿੱਤੇ ਦੋ ਪੱਤਰਾਂ ਰਾਹੀਂ ਮੰਗ ਕੀਤੀ ਕਿ ਉਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਲਗਭਗ 90 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਮੁਆਫ ਕਰਾਉਣ ਲਈ ਖੁਦ ਦਖਲ ਦੇਣ।

ਵਫਦ ਨੇ ਦੋਸ਼ ਲਾਇਆ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਇਕ ਅਜਿਹੇ ਵਿਸ਼ੇਸ਼ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਕਾਂਗਰਸ ਦੇ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਅਕਾਲੀ ਦਲ ਨਾਲ ਵਿਤਕਰਾ ਕੀਤਾ ਹੈ। ਕਮਿਸ਼ਨ ਅਤੇ ਸਰਕਾਰ ਵਿਚਕਾਰ ਅਜਿਹੀ ਮਿਲੀਭੁਗਤ ਹੈ ਕਿ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਰਿਪੋਰਟ ਵਿਚਲੀਆਂ ਗੱਲਾਂ ਨੂੰ ਬੁੱਝ ਲਿਆ ਹੈ। ਵਫਦ ਨੇ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਰਜ ਕੀਤੇ ਕੇਸਾਂ ਦੀਆਂ ਘਟਨਾਵਾਂ ਦੀ ਜਾਂਚ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਂਚ ਵੀ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਨੂੰ ਸੌਂਪੀ ਜਾਣੀ ਚਾਹੀਦੀ ਹੈ।
ਇਕ ਵੱਖਰੇ ਮੈਮੋਰੰਡਮ ਰਾਹੀਂ ਕਿਸਾਨੀ ਕਰਜ਼ਿਆਂ ਦੀ ਗੱਲ ਕਰਦਿਆਂ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਸ੍ਰੀ ਬਦਨੌਰ ਦੇ ਧਿਆਨ ਵਿਚ ਲਿਆਂਦਾ ਕਿ ਬੈਂਕਾਂ ਅਤੇ ਆੜ੍ਹਤੀਆਂ ਕੋਲੋਂ ਲਏ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ। ਵਫਦ ਨੇ ਇਸ ਦੀ ਵੀਡੀਓ ਰਿਕਾਰਡਿੰਗ ਵੀ ਰਾਜਪਾਲ ਨੂੰ ਸੌਂਪੀ। ਵਫਦ ਨੇ ਮੰਗ ਕੀਤੀ ਕਿ ਰਾਜਪਾਲ, ਪੰਜਾਬ ਸਰਕਾਰ ਨੂੰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਮਾਨ ਖਿਲਾਫ਼ ਅਪਰਾਧਕ ਕੇਸ ਦਰਜ ਕਰ ਕੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਵਿਚੋਂ ਬਤੌਰ ਮੈਂਬਰ ਵਾਪਸ ਬੁਲਾਉਣ ਲਈ ਕਹਿਣ।
______________________________
ਅਕਾਲੀ ਦਲ ਕਾਰਵਾਈ ਤੋਂ ਘਬਰਾਇਆ: ਮਨਪ੍ਰੀਤ
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਕਮਿਸ਼ਨ ਹਾਈ ਕੋਰਟ ਦੇ ਸੀਨੀਅਰ ਸਾਬਕਾ ਜੱਜਾਂ ਉਤੇ ਅਧਾਰਤ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨਾਂ ਦੀ ਕਾਰਵਾਈ ਤੋਂ ਅਕਾਲੀ ਦਲ ਘਬਰਾ ਗਿਆ ਹੈ।
_______________________________
ਕਿਸੇ ਦਾਅ ਪੇਚ ਨੇ ਅਕਾਲੀਆਂ ਦੇ ਕੰਮ ਨਹੀਂ ਆਉਣਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਅਗਵਾਈ ਹੇਠ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੇ ਕਮਿਸ਼ਨ ਉਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਘੇਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਬੇਅਦਬੀ ਦੇ ਕੇਸਾਂ ਵਿਚ ਦੋਸ਼ੀ ਸਾਬਤ ਹੋਣ ਡਰੋਂ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਦਾਅ-ਪੇਚ ਅਕਾਲੀਆਂ ਦੀ ਮਦਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨਿਰਾਸ਼ਾ ਵਿਚ ਘਿਰੇ ਹੋਏ ਅਕਾਲੀ ਆਪਣੀ ਸਿਆਸੀ ਹੋਂਦ ਬਚਾਉਣ ਲਈ ਲੋਕਾਂ ਵਿਚ ਹਾਜ਼ਰੀ ਲਵਾਉਣ ਲਈ ਮੁੱਦੇ ਲੱਭਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਅਕਾਲੀਆਂ ਨੂੰ ਤੋਹਮਤਬਾਜ਼ੀ ਵਿਚ ਗਲਤਾਨ ਹੋਣ ਦੀ ਥਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ।
_____________________________________
ਕਮਿਸ਼ਨਾਂ ਦੀ ਕਾਰਗੁਜ਼ਾਰੀ ਉਤੇ ਮਜੀਠੀਆ ਦੇ ਸਵਾਲ
ਸ੍ਰੀ ਮੁਕਤਸਰ ਸਾਹਿਬ: ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਇਮ ਕੀਤੀਆਂ ਚਾਰ ਕਮਿਸ਼ਨਾਂ-ਜਸਟਿਸ ਮਹਿਤਾਬ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਟੀæ ਹੱਕ ਕਮਿਸ਼ਨ ਤੇ ਜਸਟਿਸ ਨਾਰੰਗ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਵਿਚ ਇਹ ਕਮਿਸ਼ਨ ਉਸੇ ਤਰ੍ਹਾਂ ਦੀ ਰਿਪੋਰਟ ਹੀ ਤਿਆਰ ਕਰਦੇ ਹਨ, ਜਿਸ ਤਰ੍ਹਾਂ ਦੀ ਮੁੱਖ ਮੰਤਰੀ ਵੱਲੋਂ ਇੱਛਾ ਜ਼ਾਹਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਿਰਫ ਕਾਂਗਰਸੀਆਂ ‘ਤੇ ਦਰਜ ਹੋਏ ਪਰਚੇ ਹੀ ਦਿੱਸਦੇ ਹਨ, ਜਦਕਿ ਅਕਾਲੀਆਂ ਉਤੇ ਹੋਣ ਵਾਲਾ ਕੋਈ ਪਰਚਾ ਕਮਿਸ਼ਨ ਨੇ ਨਹੀਂ ਵੇਖਿਆ।