ਗੁਲਜ਼ਾਰ ਸਿੰਘ ਸੰਧੂ
ਭਾਰਤੀ ਦੂਤਾਵਾਸ ਦੀ ਸ਼ਰਨੇ ਬੈਠਾ ਸਾਬਕਾ ਮਾਲਦੀਵੀ ਰਾਸ਼ਟਰਪਤੀ ਮੁਹਮਦ ਨਸ਼ੀਦ ਉਦੋਂ ਅੱਠ ਵਰ੍ਹੇ ਦਾ ਸੀ ਜਦੋਂ 1976 ਵਿਚ ਮੈਂ ਉਸ ਦੇਸ਼ ਵਿਚ ਦੋ ਮਹੀਨੇ ਰਹਿ ਕੇ ਆਇਆ। 26 ਜ਼ਿਲਿਆਂ ਵਿਚ ਵੰਡੇ 1192 ਘੋਗਾ-ਟਾਪੂਆਂ ਦਾ ਇਹ ਦੇਸ਼ ਲਕਸ਼ਦੀਪ ਦੇ ਪੈਰਾਂ ਵਿਚ ਪੈਂਦੇ ਸਾਗਰ ਦੇ 90,000 ਵਰਗ ਕਿਲੋਮੀਟਰ ਵਿਚ ਫੈਲਿਆ ਹੋਣ ਕਰਕੇ ਭਾਰਤ, ਸ਼੍ਰੀਲੰਕਾ, ਪਾਕਿਸਤਾਨ, ਚੀਨ ਹੀ ਨਹੀਂ, ਸਾਗਰ ਪਾਰ ਦੇ ਅਰਬ ਦੇਸ਼ਾਂ ਲਈ ਵੀ ਰਾਜਨੀਤਕ ਮਹੱਤਵ ਰਖਦਾ ਹੈ। ਸੰਨ 1976 ਵਿਚ ਉਥੋਂ ਦੀ ਪੁਲਿਸ ਅਤੇ ਫੌਜ ਕੋਲ ਡੰਡੇ ਤੋਂ ਵੱਡਾ ਕੋਈ ਹਥਿਆਰ ਨਹੀਂ ਸੀ ਪਰ ਉਸ ਵੇਲੇ ਦੇ ਰਾਸ਼ਟਰਪਤੀ ਬਲਦੁਲ ਗਯੂਮ ਦਾ ਡੰਡਾ ਰਾਜ ਬਹੁਤ ਪ੍ਰਸਿੱਧ ਸੀ। 2008 ਵਿਚ ਉਸ ਦੇ ਤੀਹ ਸਾਲਾ ਡੰਡਾ ਰਾਜ ਨੂੰ ਤੋੜ ਕੇ ਲੋਕ ਰਾਜ ਸਥਾਪਤ ਕਰਨ ਵਾਲਾ ਨਸ਼ੀਦ ਸੀ। ਬਹੁਮਤ ਕਾਫੀ ਨਾ ਹੋਣ ਕਾਰਨ ਉਸ ਦੇ ਉਪ ਰਾਸ਼ਟਰਪਤੀ ਮੁਹੰਮਦ ਵਹੀਦ ਨੇ 2012 ਵਿਚ ਉਸ ਨੂੰ ਰਾਜ ਸਿੰਘਾਸਨ ਤੋਂ ਲਾਂਭੇ ਕਰ ਛਡਿਆ ਸੀ। ਨਿਸਚੇ ਹੀ ਉਸ ਨੂੰ ਸਾਬਕਾ ਸ਼ਕਤੀਸ਼ਾਲੀ ਅਬਦੁਲ ਗਯੂਮ ਦੀ ਸ਼ਹਿ ਪ੍ਰਾਪਤ ਹੈ। ਆਉਂਦੇ ਸਤੰਬਰ ਮਹੀਨੇ ਹੋਣ ਵਾਲੀਆਂ ਚੋਣਾਂ ਵਿਚ ਵਹੀਦ ਨੂੰ ਇੱਕ ਵਾਰੀ ਫੇਰ ਨਸ਼ੀਦ ਦਾ ਟਾਕਰਾ ਕਰਨਾ ਪਵੇਗਾ ਜਿਸ ਤੋਂ ਡਰਦਿਆਂ ਵਹੀਦ ਦੇ ਪ੍ਰਭਾਵ ਵਾਲੀ ਨਿਆਂਪਾਲਕਾ ਨੇ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਾਰੰਟਾਂ ਦੇ ਡਰ ਕਾਰਨ ਹੀ ਨਸ਼ੀਦ ਨੇ ਭਾਰਤੀ ਦੂਤਾਵਾਸ ਤੋਂ ਪਨਾਹ ਲੈ ਰੱਖੀ ਹੈ।
ਕੱਲ੍ਹ ਨੂੰ ਇਸ ਨਿੱਕੇ ਜਿਹੇ ਦੇਸ਼ ਵਿਚ ਕੀ ਹੁੰਦਾ ਹੈ? ਉਹ ਤਾਂ ਰਾਜਨੀਤੀ ਜਾਣੇ ਮੈਨੂੰ ਤਾਂ ਆਪਣੀ 1976 ਵਾਲੀ ਫੇਰੀ ਨਹੀਂ ਭੁੱਲਣੀ। ਇੱਕ ਡੇਢ ਵਰਗ ਕਿਲੋਮੀਟਰ ਕੁਰਬਲ ਕੁਰਬਲ ਕਰਦੀ ਵਸੋਂ ਵਾਲੀ ਰਾਜਧਾਨੀ ਮਾਲੇ ਵਿਚ ਸਾਗਰ ਦੇ ਕੰਢੇ ਵਾਲੇ ਚਾਂਦਨੀ ਮਾਰਗ ਦੀ ਸੈਰ ਤੇ ਅਨੇਕਾਂ ਵਸਦੇ-ਅਣਵਸਦੇ ਟਾਪੂਆਂ ਦਾ ਸਵਰਗੀ ਫੇਰਾ। ਸਾਗਰ ਵਿਚ ਡੁਬਕੀਆਂ ਲੈਂਦੇ ਇਨ੍ਹਾਂ ਟਾਪੂਆਂ ਦੇ ਸਾਰੇ ਵਸਨੀਕ ਮੁਸਲਮਾਨ ਹਨ ਤੇ ਉਨ੍ਹਾਂ ਵਿਚੋਂ 98 ਪ੍ਰਤੀਸ਼ਤ ਪੜ੍ਹਨਾ-ਲਿਖਣਾ ਜਾਣਦੇ ਹਨ। 1976 ਤੱਕ ਇਨ੍ਹਾਂ ਟਾਪੂਆਂ ਦਾ ਲਾਸਾਨੀ ਇਤਿਹਾਸ ਲਿਖਣ ਵਾਲਾ ਫਰਾਂਸੀਸੀ ਡਾਕਟਰ ਪਾਇਰਾਰਡ ਸੀ ਜਿਹੜਾ ਇੱਕ ਅਜਿਹੇ ਜਹਾਜ਼ ਦਾ ਯਾਤਰੀ ਸੀ ਜੋ ਇਥੋਂ ਦੀ ਇਕ ਸਮੁੰਦਰੀ ਚੱਟਾਨ ਨਾਲ ਟਕਰਾ ਕੇ ਸਾਗਰ ਵਿਚ ਡੁੱਬ ਗਿਆ ਸੀ। ਉਹ ਬਚ ਰਿਹਾ ਤੇ ਉਥੋਂ ਦੀ ਬੋਲੀ ਸਿੱਖ ਕੇ ਸੁਲਤਾਨ ਦਾ ਸਲਾਹਕਾਰ ਬਣ ਗਿਆ। ਉਸ ਡਾਕਟਰ ਦੀ ਮਾਲਦੀਵ ਵਿਚ ਫਸੇ ਰਹਿਣ ਬਾਰੇ ਇਹ ਪੁਸਤਕ ਪੜ੍ਹਨ ਵਾਸਤੇ ਮੇਰੇ ਵਰਗੇ ਵਿਦੇਸ਼ੀਆਂ ਨੂੰ ਆਪਣਾ ਪਾਸਪੋਰਟ ਜਮਾਂ ਕਰਵਾਇਆਂ ਹੀ ਪੁਸਤਕ ਮਿਲਦੀ ਸੀ।
ਇੰਨੀਆਂ ਪਾਬੰਦੀਆਂ ਵਾਲੇ ਇਸ ਨਿੱਕੇ ਜਿਹੇ ਰਾਜ ਵਿਚ ਵੀ ਏਡੀ ਵੱਡੀ ਉਥਲ-ਪੁਥਲ ਹੋ ਸਕਦੀ ਹੈ ਜਿਸ ਦਾ ਨਸ਼ੀਦ ਸ਼ਿਕਾਰ ਹੈ, ਕਦੀ ਸੋਚਿਆ ਨਹੀਂ ਸੀ। 1988 ਵਿਚ ਜਦੋਂ ਉਸ ਵੇਲੇ ਦਾ ਰਾਸ਼ਟਰਪਤੀ ਅਬਦੁਲ ਗਯੂਮ ਵੀ ਲੋਕ ਰੋਹ ਦਾ ਸ਼ਿਕਾਰ ਹੋਇਆ ਸੀ ਤਾਂ ਭਾਰਤ ਸਰਕਾਰ ਨੇ ਉਸ ਦੀ ਸਹਾਇਤਾ ਕਰਕੇ ਉਸ ਨੂੰ ਬਚਾਇਆ ਸੀ। ਹੁਣ ਨਸ਼ੀਦ ਨੇ ਸ਼ਰਨ ਮੰਗੀ ਸੀ ਤਾਂ ਉਸ ਦਾ ਸਾਥ ਦੇਣਾ ਕੋਈ ਨਵੀਂ ਗੱਲ ਨਹੀਂ ਸੀ।
ਖੁਸ਼ਵੰਤ ਸਿੰਘ ਦਾ ਸਨਮਾਨ
ਪਿਛਲੇ ਹਫਤੇ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਨੇ 98 ਸਾਲਾ ਖੁਸ਼ਵੰਤ ਸਿੰਘ ਦਾ ਉਸ ਦੇ ਗ੍ਰਹਿ ਵਿਖੇ ਸਨਮਾਨ ਕਰਕੇ ਆਪਣੇ ਆਪ ਨੂੰ ਵਡਿਆਇਆ ਹੈ। ਸਭਾ ਦੇ ਸਨਮਾਨ ਤੋਂ ਤਿੰਨ ਦਿਨ ਪਹਿਲਾਂ 15 ਫਰਵਰੀ ਨੂੰ ਉਨ੍ਹਾਂ ਦਾ ਜਨਮ ਦਿਨ ਸੀ। ਉਨ੍ਹਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਏਨੀ ਪ੍ਰਸੰਨਤਾ ਹੋਰ ਕਿਸੇ ਸਨਮਾਨ ਨੇ ਨਹੀਂ ਦਿੱਤੀ ਜਿੰਨੀ ਮਾਤ ਭਾਸ਼ਾ ਵਲੋਂ ਮਿਲੇ ਇਸ ਆਦਰ ਮਾਣ ਨੇ। ਉਸ ਅਵਸਰ ‘ਤੇ ਉਨ੍ਹਾਂ ਦੀਆਂ ਮੱਦਾਹ ਦੋ ਅੰਗਰੇਜ਼ੀ ਪੱਤਰਕਾਰ-ਸ਼ੀਲਾ ਰੈਡੀ ਤੇ ਸਾਦਵੀ ਦੇਹਲਵੀ ਵੀ ਹਾਜ਼ਰ ਸਨ। ਸਭਾ ਦੀ ਸਕੱਤਰ ਡਾæ ਮਹਿੰਦਰ ਕੌਰ ਗਿੱਲ ਵਲੋਂ ਮਾਣ ਪੱਤਰ ਪੜ੍ਹੇ ਜਾਣ ਉਪਰੰਤ ਸਾਦੀਆ ਤੇ ਸ਼ੀਲਾ ਨੂੰ ਹੀ ਨਹੀਂ ਸਭਾ ਦੀ ਚੇਅਰਪਰਸਨ ਡਾæ ਰੇਣੂਕਾ ਸਿੰਘ ਨੂੰ ਸੰਬੋਧਨ ਕਰਕੇ ਖੁਸ਼ਵੰਤ ਸਿੰਘ ਨੇ ਆਪਣੀ ਉਮਰ ਦੇ ਵਰਤਮਾਨ ਪੜਾਅ ਦੀ ਤਰਜਮਾਨੀ ਕਰਨ ਵਾਸਤੇ ਗਾਲਿਬ ਦੀ ਉਹ ਗਜ਼ਲ ਸੁਣਾਈ ਜਿਹੜੀ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਚੇਤੇ ਸੀ।
ਰਹੀਏ ਅਬ ਐਸੀ ਜਗ੍ਹਾ ਚਲ ਕਰ
ਜਹਾਂ ਕੋਈ ਨਾ ਹੋ।
ਹਮ ਸੁਖਨ ਕੋਈ ਨਾ ਹੋ
ਔਰ ਹਮ ਜ਼ੁਬਾਂ ਕੋਈ ਨਾ ਹੋ।
ਬੇਦਰੋ ਦੀਵਾਰ ਸਾ
ਇੱਕ ਘਰ ਬਨਾਇਆ ਚਾਹੀਏ,
ਕੋਈ ਹਮਸਾਯਾ ਨਾ ਹੋ
ਔਰ ਪਾਸਬਾਂ ਕੋਈ ਨਾ ਹੋ।
ਪੜੀਏ ਗਰ ਬੀਮਾਰ ਤੋ
ਕੋਈ ਨਾ ਹੋ ਤੀਮਾਰਦਾਰ,
ਔਰ ਅਗਰ ਮਰ ਜਾਈਏ ਤੋ
ਨੌਹਾਂ ਖ੍ਵਾਂ ਕੋਈ ਨਾ ਹੋ।
ਖੁਸ਼ਵੰਤ ਸਿੰਘ ਦੇ ਬੋਲਾਂ ਤੋਂ ਸਪਸ਼ਟ ਸੀ ਕਿ ਉਸ ਨੂੰ ਗੁਰਬਾਣੀ ਤੇ ਗਾਲਿਬ ਹਾਲੀ ਤੱਕ ਨਹੀਂ ਭੁੱਲੇ। ਦੋਵੇਂ ਉਹਦੇ ਲਈ ਕਥਾਰਸਿਸ ਦਾ ਕੰਮ ਕਰਦੇ ਹਨ। ਜ਼ਿੰਦਗੀ ਦੀਆਂ ਨਾਜ਼ੁਕ ਘੜੀਆਂ ਪੇਸ਼ ਕਰਨ ਵਾਲੇ ਅਜਿਹੇ ਬੋਲ ਉਨ੍ਹਾਂ ਨੂੰ ਉਦੋਂ ਹੀ ਚੇਤੇ ਆਉਂਦੇ ਹਨ ਜਦੋਂ ਸੁੰਦਰਤਾ ਪਹਿਰੇ ਉਤੇ ਖੜੀ ਹੋਵੇ। ਖੁਸ਼ਵੰਤ ਸਿੰਘ ਜ਼ਿੰਦਾਬਾਦ!
ਅੰਤਿਕਾ: (ਅਮਰਜੀਤ ਸਿੰਘ ਅਮਰ)
ਮਿਲਣ ਦੀ ਤਾਂਘ ਸ਼ੁਅਲੇ ਵਾਂਗਰਾਂ
ਜੇ ਮਘ ਰਹੀ ਹੁੰਦੀ,
ਸਮੇਂ ਦੀ ਚਾਲ ਦਾ ਕੀ ਸੀ
ਘਟਾ ਲੈਂਦੇ ਵਧਾ ਲੈਂਦੇ।
ਮਜ਼ਾ ਕੁੱਝ ਹੋਰ ਹੈ
ਵਿਪਰੀਤ ਰੁਚੀਆਂ ਨਾਲ ਨਿਭਣੇ ਦਾ,
ਅਜ਼ੀਜ਼ਾਂ ਹਮ-ਖਿਆਲਾਂ ਨਾਲ
ਤਾਂ ਸਾਰੇ ਨਿਭਾ ਲੈਂਦੇ।
Leave a Reply