ਸ਼ਾਇਰ ਵਰਿਆਮ ਸੰਧੂ, ਜੇਲ੍ਹ ‘ਚ ਭੋਗਿਆ ਕੁੰਭੀ ਨਰਕ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ।

ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਲੇਖ ਦੀ ਸੱਤਵੀਂ ਕਿਸ਼ਤ ਵਿਚ ਪ੍ਰਿੰ. ਸਰਵਣ ਸਿੰਘ ਨੇ ਵਰਿਆਮ ਸੰਧੂ ਦੇ ਕਵੀ ਪੱਖ, ਜੇਲ੍ਹ ਵਿਚ ਭੁਗਤੇ ਕੁੰਭੀ ਨਰਕ ਅਤੇ ਉਸ ਦੀ ਕਹਾਣੀ ਬਾਰੇ ਵੱਖ ਵੱਖ ਬੁੱਧੀਜੀਵੀਆਂ ਦੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਹੈ। -ਸੰਪਾਦਕ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਵਰਿਆਮ ਸਿੰਘ ਸੰਧੂ ਪਿਛਲੀ ਉਮਰੇ ਪਹਿਲੀ ਉਮਰ ਨਾਲੋਂ ਵੀ ਵੱਧ ਕਵਿਤਾਵਾਂ ਲਿਖਣ ਲੱਗ ਪਿਆ ਹੈ। 6 ਜੂਨ, ਪਤਨੀ ਰਜਵੰਤ ਦੇ ਜਨਮ ਦਿਨ ‘ਤੇ ਲਿਖੀ ਕਵਿਤਾ ਪੜ੍ਹੋ:
ਵਿਛੜਨ ਰਾਤ ਨਾ ਆਵੇ!
ਜਦ ਉਹ ਆਈ ਮਹਿਕਾਂ ਲੈ ਕੇ
ਮੇਰੇ ਵਿਹੜੇ
ਲੋਕ-ਕਥਾ ਦੀ ਨਾਇਕਾ ਵਾਂਗੂੰ
ਪਹਿਲਾਂ ਹੱਸੀ ਤੇ ਫਿਰ ਰੋਈ।
‘ਹੱਸੀ ਕਿਉਂ ਤੇ ਰੋਈ ਕਿਉਂ?’

ਹੱਸਦੀ ਹੱਸਦੀ ਦੱਸਣ ਲੱਗੀ,
‘ਹੱਸੀ ਹਾਂ ਮੈਂ ਇਸ ਕਰਕੇ ਕਿ
ਮਿਲਿਆ ਮੈਨੂੰ ਤੇਰੇ ਜਿਹਾ
ਲਟਬੌਰਾ ਅਤੇ ਲਾਡਲਾ
ਜੀਵਨ ਸਾਥੀ।
ਰੋਈ ਇਸ ਕਰਕੇ ਕਿ
ਜ਼ਿੰਦਗੀ ਤੈਨੂੰ ਬੜੇ ਦੁੱਖ ਨੇ ਦੇਣੇ।’
ਏਨਾ ਕਹਿ ਕੇ
ਮੁੜ ਤੋਂ ਖਿੜ-ਖਿੜ ਹੱਸਣ ਲੱਗੀ।
ਪਰ ਇਹ ਹੱਸਣਾ
ਲੋਕ-ਕਥਾ ਦੀ ਨਾਇਕਾ ਨਾਲੋਂ
ਮੂਲੋਂ ਵੱਖਰਾ
ਵਾਧੂ ਅਤੇ ਨਿਰੋਲ ਨਿਜੀ ਸੀ
ਕੇਵਲ ਤੇ ਕੇਵਲ ਉਸ ਦੀ ਮਲਕੀਅਤ।

‘ਹੁਣ ਕਿਉਂ ਹੱਸੀ?’
ਜਦ ਇਹ ਪੁੱਛਿਆ
ਹੱਸਦੀ ਹੱਸਦੀ ਆਖਣ ਲੱਗੀ,
‘ਮੈਂ ਜ਼ਿੰਦਗੀ ਨੂੰ ਕਿਹਾ, ਨੀਂ ਜਿੰਦੇ!
ਜਿੰਨੇ ਮਰਜ਼ੀ ਦੁੱਖ ਦੇ ਲਵੀਂ,
ਇਹਨੂੰ ਤਾਂ ਮੈਂ
ਤੱਤੀ ਵਾ ਨਹੀਂ ਲੱਗਣ ਦੇਣੀ।
ਕੰਧ ਬਣ ਕੇ ਖੜ੍ਹ ਜਾਵਾਂਗੀ
ਇਹਦੇ ਅੱਗੇ।
ਇਹਨੂੰ ਵੱਜਣ ਵਾਲੀ ਹਰ ਇਕ ਗੋਲੀ
ਆਪਣੀ ਹਿੱਕ ‘ਤੇ ਝੱਲ ਲਵਾਂਗੀ।’ *1

ਏਨੀ ਆਖ ਉਹ ਮੋਹ ਵਿਚ ਪਿਘਲੀ
ਹਿੱਕ ਮੇਰੀ ਨਾਲ ਲੱਗ ਗਈ।
ਅਜੇ ਤੱਕ ਵੀ ਲੱਗੀ ਹੋਈ।
ਭਰ ਬਾਹਵਾਂ ਦੀ ਕੱਸ ਪੀਚਵੀਂ
ਤਾਅ-ਉਮਰ ਮੈਨੂੰ ਬੰਨ੍ਹ ਕੇ ਰੱਖਿਆ।
ਟੁੱਟਣ ਤੇ ਖਿੰਡਣ ਨਾ ਦਿੱਤਾ
ਬੋਲਾਂ ਵਿਚ ਤਕੜਾਈ ਭਰ ਕੇ ਏਹੋ ਕਹਿੰਦੀ,
‘ਪੈਰ ਜਮਾ ਕੇ ਰੱਖ ਜਮੀਨ ਦੇ ਉਤੇ
ਮੈਂ ਤੈਨੂੰ ਡਿੱਗਣ ਨਹੀਂ ਦਿੰਦੀ,
ਮੈਂ ਤੈਨੂੰ ਡੋਲਣ ਨਹੀਂ ਦੇਣਾ
ਤੇਰਾ ਸਿਰ ਅਸਮਾਨਾਂ ਵੱਲ ਮੈਂ
ਸਿੱਧਾ ਤਣਿਆ ਤੱਕਣਾ ਚਾਹੁੰਦੀ।’

ਮੈਨੂੰ ਛੂਹ ਕੇ ਲੰਘਣੋਂ ਪਹਿਲਾਂ
ਤੱਤੀਆਂ-ਠੰਢੀਆਂ ਸਭੇ ‘ਵਾਵਾਂ
ਝੱਲੀਆਂ ਨੇ ਉਸ ਆਪਣੇ ਪਿੰਡੇ
ਹਰ ਕਲਜੁਗ ਨਾਲ ਲਾ ਕੇ ਆਢਾ
ਮੇਰੀ ਜਿੰਦ ਦੇ ਹਰ ਇਕ ਪਲ ਨੂੰ
ਦੇ ਦਿੱਤੀ ਉਸ ਸੰਘਣੀ ਛਾਂ
ਮੇਰੀ ਰੂਹ ਵਿਚ ਵਗਣ ਲਾ ਦਿੱਤੇ
ਰਾਵੀ ਅਤੇ ਝਨਾਂ
ਬਣ ਮੇਰੇ ਬੱਚਿਆਂ ਦੀ ਮਾਂ
ਉਸ ਦਾ ਹੋਣਾ, ਜੀਣਾ ਮੇਰਾ
ਥੀਣਾ ਮੇਰਾ
ਉਸ ਦੀ ਸੰਗਤ
ਮੇਰੇ ਲਈ
ਸਤਿਜੁਗ ਦੀ ਠੰਢਕ!
ਅਕਸਰ ਹਾਂ ਦੁਨਿਆਵੀ ਬੰਦੇ
ਰੁੱਸਣ-ਮੰਨਣ ਚੱਲਦਾ ਰਹਿੰਦਾ।
ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ
ਲੜਨ-ਭਿੜਨ ਬਿਨ
ਬੇਰਸ ਜ਼ਿੰਦਗੀ,
ਬੇਰੰਗ ਜ਼ਿੰਦਗੀ!
ਕਾਹਦੀ ਜ਼ਿੰਦਗੀ!
ਕਦੀ ਕਦੀ ਜਦ
ਗੁੱਸਾ ਸੱਤ ਅਸਮਾਨੀਂ ਗੂੰਜੇ
ਬੱਦਲ ਗੜ੍ਹਕਣ, ਬਿਜਲੀ ਲਿਸ਼ਕੇ
ਛਮ! ਛਮ!! ਬਰਖਾ ਬਰਸਣ ਪਿੱਛੋਂ
ਅੱਥਰੂ ਅੱਖੀਂ ਲਿਸ਼ਕਣ ਪਿੱਛੋਂ
ਰੋਂਦੀ ਰੋਂਦੀ ਹੱਸ ਪੈਂਦੀ ਹੈ
ਮੇਰੇ ਸਭ ਗੁਨਾਹ ਬਖਸ਼ ਕੇ
ਮੁੜ ਬਾਹਵਾਂ ਵਿਚ ਕੱਸ ਲੈਂਦੀ ਹੈ
ਮੋਹ ਵਿਚ ਡੁੱਲ੍ਹ ਡੁੱਲ੍ਹ ਆਖੀ ਜਾਵੇ,
‘ਲੜਨ-ਰਾਤ ਆਵੇ,
ਵਿਛੜਣ-ਰਾਤ ਨਾ ਆਵੇ!’

ਆਪਣੇ ਬੋਲ ਪੁਗਾਵਣ ਖਾਤਰ,
ਮੌਤ ਨਾਲ ਵੀ ਲੜ ਆਈ ਹੈ। *2
ਧੱਕ ਕੇ ਪਿੱਛੇ ਮੌਤ ਨੂੰ ਕਹਿੰਦੀ,
‘ਸਾਹ ਲੈ ਮੌਤੇ ਕਾਹਲੀਏ!
ਮੈਂ ਅਜੇ ਨਾ ਵਿਹਲੀ।’ *3
‘ਸਭੋ ਸਾਕ ਕੁੜਾਵੇ
ਹੋ ਗਏ ਨੇ ਜਦ
ਹੁਣ ਮੈਂ ਇਹਦਾ ਪੱਲਾ ਛੱਡ ਕੇ
ਕਿਉਂਕਰ ਜਾਵਾਂ!
ਹੁਣ ਤਾਂ ਜੇਕਰ ਘੜੀ ਦਿਸਾਂ ਨਾ
ਇਹਦੇ ਲਈ ਸਭ ਕਲਜੁਗ ਹੁੰਦਾ!’

‘ਮੇਰੇ ਬਾਝੋਂ ਕੌਣ ਕਰੂ
ਇਹਦੇ ਅਖਣੇ-ਮਖਣੇ ਪੂਰੇ
ਕੌਣ ਕਹੂਗਾ ‘ਮਿੱਠਿਓ’ ਕੌੜੇ ਤੁੰਮੇ ਨੂੰ
ਕੌਣ ਇਹਨੂੰ ਸਮਝਾਊ ਕਮਲੇ-ਰਮਲੇ ਨੂੰ
ਕਿਹੜੀ ਗੱਲ ਏ ਕਰਨੀ,
ਕਿਹੜੀ ਨਹੀਂ ਕਰਨੀ!
ਕਿਹੜੇ ਰਾਹੇ ਤੁਰਨਾ,
ਕਿਹੜੇ ਨਹੀਂ ਤੁਰਨਾ।
ਕੌਣ ਇਹਨੂੰ ਵਰਚਾਊ!
ਕਿਹੜਾ ਅੱਥਰੂ ਪੂੰਝੂ!
ਮੇਰੇ ਬਾਝੋਂ ਕਿਹੜਾ ਇਹਦੀ ਪੀੜ ਜਰੇਗਾ!
ਕਿਹੜਾ ਇਹਦੇ ਦੁੱਖ ਹਰੇਗਾ!
ਮੇਰੇ ਬਾਝੋਂ ਇਹਦੀ ਮੌਤੇ ਕੌਣ ਮਰੇਗਾ!’

ਕਦੀ ਕਦੀ ਮੈਂ ਖਿਝ ਜਾਂਦਾ ਹਾਂ,
‘ਕੀ ਤੂੰ ਮੈਨੂੰ ਸਮਝ ਰੱਖਿਆ
ਪਹਿਲੀ-ਕੱਚੀ ਦੇ ਵਿਚ
ਪੜ੍ਹਦਾ ਛੋਟਾ ਬੱਚਾ!
ਹਰ ਗੱਲ ਵਿਚ ਐਵੇਂ ਲਾਵੇਂ ਰੋਕਾਂ
ਐਂ ਨਹੀਂ ਕਰਨਾ! ਆਹ ਨਹੀਂ ਕਹਿਣਾ!’

ਹੱਸ ਕੇ ਭੋਲੇ-ਭਾਅ ਕਹਿੰਦੀ ਏ,
‘ਤੁਹਾਡੀ ਕਿਹੜੀ ਮਾਂ ਜਿਉਂਦੀ ਏ
ਜਿਹੜੀ ਤੁਹਾਨੂੰ ਦੇਊ ਮੱਤਾਂ!
ਇਹ ਕੰਮ ਤਾਂ ਹੁਣ ਮੈਂ ਈ ਕਰਨਾ!’

ਗੱਲਾਂ ਕਰਦੀ ਕਰਦੀ ਹੁਣ ਵੀ
ਰੋਂਦੀ-ਰੋਂਦੀ ਹੱਸ ਪੈਂਦੀ ਹੈ।
ਸਿਰ ਮੇਰੇ ‘ਤੇ ਹੱਥ ਫੇਰ ਕੇ
ਪੋਲੇ ਜਿਹੇ ਮੱਥਾ ਸਹਿਲਾ ਕੇ
ਨਾਲ ਅਸੀਸਾਂ ਭਰੇ-ਭਕੁੰਨੇ
ਅਸਮਾਨਾਂ ਵੱਲ ਹੱਥ ਉਠਾਵੇ।
ਅੱਖਾਂ ਮੁੰਦੀ ਮੁੜ-ਮੁੜ
ਮੁੱਖੋਂ ਬੋਲ ਅਲਾਵੇ,
‘ਲੜਨ-ਰਾਤ ਆਵੇ,
ਵਿਛੜਣ-ਰਾਤ ਨਾ ਆਵੇ!’
ਨੋਟ: *1. ਕਾਲੇ ਸਮਿਆਂ ਵਿਚ ਦੋ ਵਾਰ ਮੈਨੂੰ ਪਿੱਛੇ ਕਰ ਕੇ ਮੇਰੇ ਅੱਗੇ ਖਲੋ ਗਈ ਤੇ ਮੇਰੇ ਸਾਹਮਣੇ ਇਕ ਵਾਰ ਤਣੀ ਰਾਈਫਲ ਤੇ ਦੂਜੀ ਵਾਰ ਸਟੇਨ ਦੀ ਨਾਲੀ ਵੱਲ ਆਪਣੀ ਛਾਤੀ ਕਰ ਦਿੱਤੀ।
*2. ਪਿਛਲੇ ਇਕ ਸਾਲ ਵਿਚ ਤਿੰਨ ਵਾਰ ਹਾਰਟ-ਅਟੈਕ ਤੇ ਓਪਨ ਹਾਰਟ ਸਰਜਰੀ ਹੋਈ।
*3. “ਸਾਹ ਲੈ ਮੌਤੇ ਕਾਹਲੀਏ! ਮੈਂ ਅਜੇ ਨਾ ਵਿਹਲਾ।” -ਪ੍ਰੋ. ਮੋਹਨ ਸਿੰਘ

ਵਰਿਆਮ ਸੰਧੂ ਨੂੰ ਵਾਰ-ਵਾਰ ਗ੍ਰਿਫਤਾਰ ਕੀਤੇ ਜਾਣ, ਹਵਾਲਾਤਾਂ ਤੇ ਜੇਲ੍ਹਾਂ ਵਿਚ ਡੱਕਣ ਅਤੇ ਇੰਟੈਰੋਗੇਸ਼ਨ ਸੈਂਟਰ ਵਿਚ ਲਿਜਾਣ ਦੇ ਦੁੱਖ ਝੱਲਣ ਨਾਲ ਅਜਿਹੇ ਅਨੁਭਵ ਵੀ ਹੋਏ ਜੋ ਉਸ ਦੀਆਂ ਰਚਨਾਵਾਂ ‘ਚ ਪੇਸ਼ ਹੋਏ। ਉਹ ਲਿਖਦੈ: ਅਸੀਂ ਪੱਟੀ ਦੇ ਠਾਣੇ ਵਿਚ ਬੰਦ ਸਾਂ। ਤੜਕੇ ਜਾਗ ਆਈ ਤਾਂ ਇੱਕ ਬਜ਼ੁਰਗ ਸਿਪਾਹੀ ਨੇ ਆਪਣੀ ਸਫੈਦ ਦਰਸ਼ਨੀ ਦਾੜ੍ਹੀ ਠਾਠੀ ਨਾਲ ਬੰਨ੍ਹੀ ਹੋਈ ਸੀ ਤੇ ‘ਜਪੁਜੀ ਸਾਹਿਬ’ ਦਾ ਪਾਠ ਕਰ ਰਿਹਾ ਸੀ। ਮੈਂ ਆਪਣੇ ਲਾਗੇ ਲੇਟੇ ਰਘਬੀਰ ਨੂੰ ਕਿਹਾ, “ਵੇਖ ਲੈ, ਪੁਲਿਸ ਵਿਚ ਵੀ ਇਸ ਤਰ੍ਹਾਂ ਦੇ ਗੁਰਮੁਖ ਬੰਦੇ ਹੈਗੇ ਨੇ!”
“ਰਾਤ ਵਾਲੇ ਨਾਕੇ ਦੀ ਸੁਣਾ।” ਸਿਪਾਹੀ ਸੁੰਦਰ ਨੇ ਪਾਠੀ ਸਿਪਾਹੀ ਦਾ ਨਾਂ ਲੈ ਕੇ ਉਸ ਤੋਂ ਪੁੱਛਿਆ ਪਰ ਉਹ ਉਸ ਦੀ ਗੱਲ ਵੱਲ ਧਿਆਨ ਦਿੱਤੇ ਬਿਨਾ ਨਿਰੰਤਰ ਪਾਠ ਕਰੀ ਗਿਆ। ਮੈਂ ਧਾਰਮਿਕ ਬੰਦਾ ਨਹੀਂ ਅਤੇ ਨਾ ਹੀ ਕਦੀ ਪਾਠ-ਪੂਜਾ ਕੀਤੀ ਹੈ ਪਰ ਉਸ ਬਜ਼ੁਰਗ ਸਿਪਾਹੀ ਦੀ ਨਿਸ਼ਠਾ ਮੈਨੂੰ ਚੰਗੀ ਲੱਗੀ।
“ਉਏ! ਸੁਣਾ ਰਾਤ ਵਾਲੇ ਨਾਕੇ ਦੀ!” ਸੁੰਦਰ ਨੇ ਫਿਰ ਪੁੱਛਿਆ। ਜ਼ਾਹਰ ਸੀ ਕਿ ਉਹ ਰਾਤੀਂ ਨਾਕੇ ‘ਤੇ ਡਿਊਟੀ ਦੇਣ ਗਿਆ ਸੀ ਤੇ ਸਵੇਰੇ ਨਾਕੇ ਤੋਂ ਪਰਤ ਕੇ ਨਿੱਤ-ਕਿਰਿਆ ਤੋਂ ਵਿਹਲਾ ਹੋ ਕੇ ਪਾਠ ਕਰ ਰਿਹਾ ਸੀ।
ਉਸ ਨੇ ਇਸ ਵਾਰੀ ਵੀ ਸੁੰਦਰ ਦੀ ਪੁੱਛ ਦਾ ਕੋਈ ਉਤਰ ਨਾ ਦਿੱਤਾ। ਪਾਠ ਅੰਤਿਮ ਪੜਾਅ ਉਤੇ ਪਹੁੰਚ ਗਿਆ ਸੀ। ‘ਪਵਨ ਗੁਰੂ ਪਾਣੀ ਪਿਤਾ’ ਤੱਕ ਪੁੱਜਦਿਆਂ ਸੁੰਦਰ ਨੇ ਆਪਣਾ ਸਵਾਲ ਤਿਹਰਾਅ ਦਿੱਤਾ।
“…ਗਏ ਮੁਸੱਕਤਿ ਘਾਲ॥ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ॥” ਆਖ ਕੇ ਪਹਿਲਾਂ ਤਾਂ ਉਸ ਨੇ ਤੁਰਤ ‘ਵਾਗ੍ਹਰ ਜੀ ਕੀ ਫਤਿਹ’ ਬੁਲਾਈ ਤੇ ਫਿਰ ਪੈਂਦੀ ਸੱਟੇ ਹੀ ਛੁੱਟ ਪਿਆ, “ਨਾਕਾ ਲਾਇਆ ਸੀ ਇਨ੍ਹਾਂ ਦੀ ਭੈਣ ਦੀ…। ਆਪਾਂ ਚਿੱਤੜਾਂ ਪਿੱਛੇ ਬੋਤਲ ਅੜਾ ਕੇ ਲੈ ਗਏ ਸਾਂ। ਪੀ ਕੇ, ਟੁੰਨ ਹੋ ਕੇ ਨਾਕੇ ਦੇ ਇੱਕ ਪਾਸੇ ਸੁੱਤੇ ਰਹੇ ਸਾਰੀ ਰਾਤ। ਇਹ ਮੁਨਸ਼ੀ ਭੈਣ ਚੋ… ਆਪਣੇ ਆਪ ਨੂੰ ਬਹੁਤਾ ਚਾਤਰ ਸਮਝਦੈ। ਆਪਾਂ ਇਹੋ ਜਿਹੇ ਸੌ ਖਾਧੇ ਪੀਤੇ। ਕੱਲ੍ਹ ਦੇ ਛੋਕਰੇ ਦੋ ਜਮਾਤਾਂ ਪੜ੍ਹ ਕੇ ਮੁਨਸ਼ੀ ਬਣੇ ਫਿਰਦੇ ਆ। ਅੰਗਰੇਜ਼ ਕੋਈ ਘੂਸੇ ਸੀ? ਸਰਦਾਰ ਜੀ! ਓਨਾ ਚਿਰ ਉਹ ਅਗਲੇ ਨੂੰ ਮੁਨਸ਼ੀ ਨਹੀਂ ਸੀ ਬਣਾਉਂਦੇ, ਜਦੋਂ ਤਕ ਅਗਲੇ ਦੀਆਂ ਝੂੰਆਂ ਨਾ ਚਿੱਟੀਆਂ ਹੋ ਜਾਣ!”
ਉਸ ਦੀ ਧਾਰਮਿਕਤਾ ਪਿੱਛੇ ਲੁਕਿਆ ਉਸ ਦਾ ਮਨ ਅਤੇ ਉਹਦਾ ‘ਪੁਲਸੀਆ ਕਲਾਮ’ ਇਕ ਦਮ ਪਰਗਟ ਹੋ ਗਏ। ਅਸੀਂ ਇਸ ਨਿਵੇਕਲੀ ‘ਭਾਸ਼ਾ ਵੰਨਗੀ’ ਉਤੇ ਹੱਸਦੇ ਰਹੇ!
ਸਬ-ਜੇਲ੍ਹ ਪੱਟੀ ਵਿਚ ਬਹੁਤੇ ਉਹ ਹਵਾਲਾਤੀ ਸਨ, ਜਿਨ੍ਹਾਂ ਦੇ ਮੁਕੱਦਮੇ ਅਜੇ ਮੁਢਲੇ ਪੜਾਅ ‘ਤੇ ਸਨ। ਇਨ੍ਹਾਂ ਵਿਚ ਕੋਈ ਅਫੀਮ ਦਾ ਸਮਗਲਰ ਸੀ, ਕਿਸੇ ਦੀ ਸ਼ਰਾਬ ਦੀ ਭੱਠੀ ਫੜ੍ਹੀ ਗਈ ਸੀ, ਕੋਈ ਸੱਟ-ਫੇਟ ਲਾ ਕੇ ਜਾਂ ਮਾਰ-ਧਾੜ ਕਰਕੇ ਆਇਆ ਸੀ। ਬਹੁਤ ਥੋੜ੍ਹੇ ਸਨ ਜੋ ਸੁਭਾਅ ਪੱਖੋਂ ਹੀ ਅਪਰਾਧੀ ਸਨ। ਬਹੁਤੇ ਤਾਂ ਹਾਲਾਤ ਦੇ ਦਬਾਓ ਹੇਠ ਗੁਨਾਹ ਕਰ ਬੈਠੇ ਸਨ। ਹੁਣ ਪਛਤਾਉਂਦੇ ਵੀ ਸਨ। ਦੋ ਜਣਿਆਂ ਤੋਂ ਸਿਰਫ ਇਸ ਕਰ ਕੇ ਬੰਦਾ ਮਰ ਗਿਆ ਸੀ ਕਿ ਉਨ੍ਹਾਂ ਨੇ ਮੰਡ ਵੱਲੋਂ ਘੋੜੀ ‘ਤੇ ਸ਼ਰਾਬ ਲਈ ਆਉਂਦੇ ਬੰਦੇ ਨੂੰ ਸ਼ਰਾਬ ਪਿਆ ਕੇ ਜਾਣ ਲਈ ਕਿਹਾ ਸੀ ਅਤੇ ਉਹ ਟਿਕਾਣੇ ‘ਤੇ ਪਹੁੰਚਣ ਦੀ ਕਾਹਲ ਕਰ ਕੇ ਮੰਨਿਆ ਨਹੀਂ ਸੀ। ਮੋਗੇ ਵੱਲ ਦਾ ਮਿੱਠਬੋਲੜਾ ‘ਬਾਈ’ ਅਫੀਮ ਦਾ ਸਮਗਲਰ ਸੀ ਅਤੇ ਉਸ ਦੀ ਸਾਡੇ ਪਿੰਡ ਦੇ ਕਿਸੇ ਸਮਗਲਰ ਨਾਲ ਸਾਂਝ ਭਿਆਲੀ ਵੀ ਸੀ। ਜੇਲ੍ਹ ਤੋਂ ਬਾਹਰ ਜਾ ਕੇ ਵੀ ਸਾਨੂੰ ਮਿਲਦੇ-ਗਿਲਦੇ ਰਹਿਣ ਲਈ ਉਤਸ਼ਾਹ ਵਿਖਾਉਂਦਾ ਰਹਿੰਦਾ। ਉਸ ਦਾ ਹੀ ਇੱਕ ਹੋਰ ਸਾਥੀ ‘ਟੁੰਡਾ’ ਸੀ। ਦੁਪਹਿਰ ਨੂੰ ਤਾਸ਼ ਖੇਡਦੇ ਸਮੇਂ ਉਹ ਬਾਕੀ ਪੱਤੇ ਆਪਣੇ ਛੇ ਕੁ ਇੰਚ ਲੰਮੇ ਟੁੰਡ ਥੱਲੇ ਫਸਾ ਕੇ, ਇੱਕ ਪੱਤਾ ਅਲੱਗ ਕਰਦਾ ਅਤੇ ਜ਼ੋਰ ਦੀ ਜਮੀਨ ‘ਤੇ ਮਾਰ ਕੇ ਵਿਰੋਧੀ ਧਿਰ ਦੀ ਜੇਤੂ ਚਾਲ ਨੂੰ ਰੋਕਦਿਆਂ ਉਚੀ-ਉਚੀ ਗਾਉਂਦਾ, “ਨੀ ਰੁਕਜੇਂਗੀ ਰੇਲ ਗੱਡੀਏ, ਜਦੋਂ ਵੇਖ ਲਿਆ ਟੁੰਡ ਮੇਰਾ!”
ਕੁਝ ਇਕ ਇਹੋ ਜਿਹੇ ਵੀ ਸਨ ਜਿਨ੍ਹਾਂ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਸੀ! ਇਨ੍ਹਾਂ ‘ਚੋਂ ਇਕ ਸੀ 13-14 ਸਾਲ ਦਾ ਅਲੂਆਂ ਜਿਹਾ ਗੋਰੇ ਰੰਗ ਦਾ ਮੁੰਡਾ। ਉਹ ਸਾਰੀ ਜੇਲ੍ਹ ਵਿਚ ਘੁੰਮਦਾ ਰਹਿੰਦਾ। ਸਾਡੇ ਲਈ ਜੇਲ੍ਹ ਦੀਆਂ ਕਿਆਰੀਆਂ ‘ਚੋਂ ਚੋਰੀ ਮੂਲੀਆਂ ਪੁੱਟ ਲਿਆਉਂਦਾ। ਚੋਰੀ ਦੀਆਂ ਦੋ ਮੂਲੀਆਂ ਹੀ ਸਾਡੇ ਲਈ ਬੜਾ ਵੱਡਾ ‘ਲਾਜ਼ਮਾ’ ਹੁੰਦਾ! ਸਾਰੇ ਉਸ ਮੁੰਡੇ ਨਾਲ ਹਾਸਾ-ਠੱਠਾ ਕਰਦੇ ਰਹਿੰਦੇ। ਵਾਰਡਾਂ ਨਾਲ ਬਹੁਤਾ ਘੁਲ ਮਿਲ ਕੇ ਵਿਚਰਣ ਨਾਲ ਹੋਣ ਵਾਲੇ ਉਸ ਦੇ ‘ਨੁਕਸਾਨ’ ਬਾਰੇ ਉਹਨੂੰ ‘ਸੁਚੇਤ’ ਕਰਦੇ। ਉਹ ਹੱਸ ਛੱਡਦਾ ਤੇ ਆਖਦਾ, “ਮੈਨੂੰ ਇਨ੍ਹਾਂ ਦੇ ਚਿੱਤੜ ਸੇਕਣੇ ਆਉਂਦੇ ਨੇ!”
ਉਹਨੂੰ ਕਿਸੇ ਪੁਲਸੀਏ ਨੇ ਹੀ ਅਫੀਮ ਦਾ ਝੂਠਾ ਕੇਸ ਪਾ ਕੇ ਅੰਦਰ ਕਰਵਾਇਆ ਸੀ। ਦੂਜੇ ਹਵਾਲਾਤੀਆਂ ਦੇ ਛੇੜਨ ‘ਤੇ ਜਦੋਂ ਅਸੀਂ ਉਸ ਪੁਲਸੀਏ ਦੀ ਹਰਕਤ ਬਾਰੇ ਉਸ ਤੋਂ ਪੁੱਛਿਆ ਤਾਂ ਉਸ ਨੇ ਬੜੇ ਸਹਿਜ-ਭਾਵ ਆਖਿਆ, “ਉਹ ਜੀ ਮੇਰੀ ਮਾਂ ਦਾ ਯਾਰ ਐ। ਪਿਉ ਮੇਰਾ ਲੱਕ ‘ਚ ਸੱਟ ਲੱਗਣ ਕਰਕੇ ਮੰਜੇ ‘ਤੇ ਪਿਆ ਰਹਿੰਦਾ। ਹਿੱਲਣ-ਜੁੱਲਣ ਤੇ ਤੁਰਨ-ਫਿਰਨ ਜੋਗਾ ਨਹੀਂ ਵਿਚਾਰਾ! ਇਹ ਹੌਲਦਾਰ ਮੇਰੀ ਮਾਂ ਨਾਲ ਖੇਹ-ਖਰਾਬੀ ਕਰਦਾ ਸੀ। ਮੈਂ ਮਾਂ ਨੂੰ ਡੱਕਿਆ ਵੀ। ਪਰ ਉਹ ਹਟੀ ਨਹੀਂ। ਇੱਕ ਦਿਨ ਮੈਂ ਬਾਹਰੋਂ ਘਰ ਆਇਆ ਤਾਂ ਮੈਂ ਦੋਹਾਂ ਨੂੰ ਰੰਗੇ-ਹੱਥੀਂ ਫੜ੍ਹ ਲਿਆ। ਪੁਲਸੀਏ ਦੀ ਬੈਲਟ ਨਾਲ ਹੀ ਦੋਹਾਂ ਦੇ ਚਿੱਤੜ ਸੇਕ ‘ਤੇ। ਉਹਨੇ ਮੈਨੂੰ ਫੀਮ ਦੇ ਕੇਸ ‘ਚ ਅੜਾ ‘ਤਾ।”
ਉਹਦੇ ਬੋਲ ਨਿਰ-ਉਚੇਚ ਸਨ ਤੇ ਚਿਹਰਾ ਅਸਲੋਂ ਨਿਰਭਾਵ! ਉਹਨੂੰ ਇਹੋ ਜਿਹਾ ਬਣਨ ਲਈ ਕਿੰਨੀ ਵੱਡੀ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਹੋਵੇਗਾ? ਕਿਹੋ ਜਿਹੇ ਹਾਲਾਤ ਹੋਣਗੇ, ਜਿਨ੍ਹਾਂ ਉਸ ਦਾ ਬਚਪਨ ਹੀ ਉਸ ਤੋਂ ਖੋਹ ਲਿਆ ਸੀ! ਉਸ ਦੀ ਸੰਵੇਦਨਾ ਅਤੇ ਸਹਿਜ ਲੁੱਟ ਲਿਆ ਗਿਆ ਸੀ!
‘ਕੁੰਭੀ ਨਰਕ’ ਦਾ ਨਜ਼ਾਰਾ ਪੇਸ਼ ਕਰਦਿਆਂ ਸੰਧੂ ਨੇ ਲਿਖਿਆ: ਫਾਂਸੀ ਲੱਗਣ ਵਾਲੇ ਬੰਦੇ ਵਾਂਗ ਮੈਂ ‘ਜਮਦੂਤਾਂ’ ਦੀ ਉਡੀਕ ਕਰਨ ਲੱਗਾ।
“ਕੱਢ ਇਹਨੂੰ ਵੱਡੇ ਸਮਗਲਰ ਨੂੰ ਬਾਹਰ। ਇਹਦੀ ਮਾਂ ਚੋ…।” ਮੇਰੇ ਨਾਲ ਦੀ ਕੋਠੜੀ ਵਿਚੋਂ ਕਿਸੇ ਨੂੰ ਬਾਹਰ ਕੱਢਿਆ ਗਿਆ। ਬਾਹਰ ਨਿਕਲਦਿਆਂ ਹੀ ਉਸ ‘ਤੇ ਗਾਲ੍ਹਾਂ ਤੇ ਧੌਲਾਂ ਦੀ ਵਾਛੜ ਹੋਣ ਲੱਗੀ। “ਦੱਸ, ਪਹਿਲਾਂ ਕਿੰਨੇ ਗੇੜੇ ਲਾਏ ਸੀ ਪਾਕਿਸਤਾਨ ਦੇ?”
ਉਹ ਹੱਥ ਜੋੜ ਕੇ ਲਿਲਕੜ੍ਹੀਆਂ ਲੈਣ ਲੱਗਾ, “ਹਜ਼ੂਰ ਮਾਈ ਬਾਪ! ਮੈਂ ਪਹਿਲਾਂ ਈ ਦੱਸਿਆ ਏ, ਇਹ ਮੇਰਾ ਦੂਜਾ ਗੇੜਾ ਈ ਸੀ। ਆਪਣੇ ਇੱਕੋ ਇੱਕ ਪੁੱਤ ਦੇ ਸਿਰ ਦੀ ਸੌਂਹ!”
ਏਨੇ ਚਿਰ ਵਿਚ ਇੱਕ ਅਸਮਾਨ ਚੀਰਦੀ ਚੀਕ ਸੁਣਾਈ ਦਿੱਤੀ। ਕਿਸੇ ਦੂਜੀ ਕੋਠੜੀ ਵਿਚੋਂ ਬਾਹਰ ਕੱਢਿਆ ਬੰਦਾ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਇੱਕ ਜਣਾ ਉਹਦੇ ‘ਤੇ, ਬਿਨਾ ਉਹਦੇ ਅੰਗਾਂ ਦੀ ਪ੍ਰਵਾਹ ਕੀਤਿਆਂ, ਡਾਂਗਾਂ ਵਰ੍ਹਾ ਰਿਹਾ ਸੀ। “ਬਖਸ਼ ਲੈ ਮਾਪਿਆ! ਮੈਂ ਨ੍ਹੀਂ ਕੁਝ ਲੁਕਾਇਆ ਤੈਥੋਂ ਮੋਤੀਆਂ ਆਲਿਆ! ਅੱਖਰ-ਅੱਖਰ ਸੱਚ ਦੱਸ ਦਿੱਤੈ।”
ਇੰਜ ਇੱਕ-ਇੱਕ ਕਰ ਕੇ ਕੋਠੜੀਆਂ ‘ਚੋਂ ‘ਬੱਕਰੇ’ ਕੱਢੇ ਜਾ ਰਹੇ ਸਨ ਤੇ ‘ਕਤਲਗਾਹ’ ਵੱਲ ਲਿਜਾਏ ਜਾ ਰਹੇ ਸਨ! ਪਹਿਲੇ ਦੋਹਾਂ ਵਾਂਗ ਦੂਜਿਆਂ ਨੂੰ ਵੀ ‘ਇਹ’ ਮੁਢਲੀ ‘ਦਖਸ਼ਣਾ’ ਦਿੱਤੀ ਗਈ। ਸ਼ਾਇਦ ਮੈਂ ਇਕੱਲਾ ਹੀ ਆਪਣੀ ਕੋਠੜੀ ਵਿਚ ਬੈਠਾ ਆਪਣੀ ‘ਹੋਣੀ’ ਦੀ ਉਡੀਕ ਵਿਚ ਪਿੱਛੇ ਰਹਿ ਗਿਆ ਸਾਂ। ਵੱਖ-ਵੱਖ ਜਣਿਆਂ ਦੀਆਂ ਚੀਕਾਂ ਅਤੇ ਚੰਘਿਆੜਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਪੈ ਰਹੀ ਸੀ। ਵਰ੍ਹਦੀਆਂ ਡਾਂਗਾਂ ਜਾਂ ‘ਪੁਲਸੀ ਛਿੱਤਰਾਂ’ ਦਾ ਖੜਾਕ ਆ ਰਿਹਾ ਸੀ। ਇੱਕ ਜਣੇ ਨੂੰ ਜਦੋਂ ਕਿੰਨੀਆਂ ਹੀ ਡਾਂਗਾਂ ਪੈ ਗਈਆਂ ਤਾਂ ਮੈਂ ਸੋਚਿਆ, ਮੈਨੂੰ ਡਾਂਗਾਂ ਦੀ ‘ਗਿਣਤੀ’ ਕਰਨੀ ਚਾਹੀਦੀ ਸੀ। ਹੁਣ ਤਾਂ ਸ਼ਾਇਦ ‘ਬੱਸ ਹੀ ਕਰਨ!’ ਤਦ ਵੀ ਮੈਂ ਗਿਣਤੀ ਸ਼ੁਰੂ ਕੀਤੀ। ਪੂਰੀਆਂ ਅਠੱਤੀ ਡਾਂਗਾਂ ਉਸ ਤੋਂ ਪਿੱਛੋਂ ਉਸ ਬੰਦੇ ਨੂੰ ਪਈਆਂ! ‘ਨਰਕ’ ਵਿਚ ਵੀ ਆਪਣੇ ‘ਪਾਪਾਂ ਦੀ ਸਜ਼ਾ’ ਭੁਗਤ ਰਹੇ ਲੋਕਾਂ ਵਿਚ ਸ਼ਾਇਦ ਇੰਜ ਹੀ ਕੁਰਲਾਹਟ ਮੱਚਦੀ ਹੋਵੇਗੀ! ਇਹ ਧਰਤੀ ਉਤਲਾ ‘ਨਰਕ’ ਹੀ ਤਾਂ ਸੀ!
“ਇਹ ਬਕਿਆ ਭੈਣ ਚੋ…ਕਿ ਨਹੀਂ? ਮੁੱਛਾਂ ਪੁੱਟ ਕੇ ਇਹਦੀ… ‘ਚ ਦੇ ਦਿਓ।” ਹਵਾਲਦਾਰ ਪਹਿਲਾਂ ਹੀ ਬੋਲ ਪਿਆ, “ਸਾਹਬ ਬਹਾਦਰ! ਮੁੱਛਾਂ ਤਾਂ ਭੈਣ ਦੇ ਖਸਮ ਨੇ ਮਹਾਰਾਣਾ ਪ੍ਰਤਾਪ ਵਾਂਗ ਰੱਖੀਆਂ ਤੇ ਟੱਟੀ ਭੈਣ ਚੋ… ਦੀ ਤੀਜੇ ਛਿੱਤਰ ‘ਤੇ ਨਿਕਲਗੀ। ਛਿੱਤਰ ਵੀ ਲਬੇੜ ‘ਤਾ ਭੈਣ ਦੇਣੇ ਨੇ। ਔਹ ਵੇਖੋ! ਧੁਆ ਕੇ ਕੰਧ ਨਾਲ ਸੁੱਕਣੇ ਪਾਇਆ।”
ਏਨੇ ਨੂੰ ਇੱਕ ਨਵੇਂ ਮੁਲਜ਼ਮ ਨੂੰ ਲੈ ਕੇ ਆਉਂਦੇ, ਗਾਲ੍ਹ-ਮੰਦਾ ਕਰਦੇ ਪੁਲਸੀਏ ਅਹਾਤੇ ‘ਚ ਦਾਖਲ ਹੋਏ। “ਕਿੱਥੇ ਵਾੜੀਏ ਇਹਨੂੰ?” ਇੱਕ ਜਣੇ ਨੇ ਸਵਾਲ ਕੀਤਾ। “ਮਾਸਟਰ ਹੁਣਾਂ ਵਾਲੀ ਕੋਠੜੀ ‘ਚ ਵਾੜੋ ਇਹਨੂੰ। ਪੜ੍ਹੇ-ਲਿਖੇ ਬੰਦੇ ਤੋਂ ਕੋਈ ‘ਗਿਆਨ ਦੀ ਗੱਲ’ ਈ ਸਿੱਖੂ।” ਨਾਲ ਹੀ ਉਹਨੇ ਮੁਲਜ਼ਮ ਨੂੰ ‘ਛੰਦ’ ਸੁਣਾਇਆ, “ਲਾਲਾ! ਸਵੇਰੇ ਲਵਾਂਗੇ ਤੇਰੀ ਕੁੜੀ ਨਾਲ ਫੇਰੇ।” ਉਸ ਨੇ ਲੰਮੇ-ਝੰਮੇ ‘ਲਾਲੇ’ ਦੇ ਕੰਨਾਂ ‘ਤੇ ਧੌਲ ਜੜ ਦਿੱਤੀ।
“ਮੋਤੀਆਂ ਵਾਲਿਆ! ਮੈਂ ਤਾਂ ਆਪਣੇ ਕੁੜਮ ਦਾ ਫਸਾਇਆ ਫਸਿਆਂ! ਮੈਂ ਇੱਜਤਦਾਰ ਬੰਦਾ! ਧੀਆਂ ਜਵਾਈਆਂ ਵਾਲਾ! ਜਿਹੜਾ ਗੁਨਾਹ ਹੈਗਾ, ਉਹ ਮੈਂ ਪਹਿਲਾਂ ਈ ਮੰਨਦਾਂ।” ਲਾਲਾ ਗਿੜਗੜਾਉਂਦਾ ਅੱਥਰੂ ਕੇਰ ਰਿਹਾ ਸੀ।
“ਚੱਲ! ਚੱਲ! ਅੰਦਰ ਹੋ।” ਲਾਲਾ ਕੋਠੜੀ ਅੰਦਰ ਵੜਨ ਲੱਗਾ ਤਾਂ ਉਤੇ ਲਿਆ ਕੀਮਤੀ ਕੰਬਲ ਪਿਛਲੇ ਪੁਲਸੀਏ ਨੇ ਉਹਦੇ ਗਲੋਂ ਪਿੱਛੇ ਨੂੰ ਧੂੰਹਦਿਆਂ ਕਿਹਾ, “ਲਾਹ ਇਹਨੂੰ ਭੈਣ ਚੋਦਾ! ਏਥੇ ਕੁੜਮਾਂ ਦੇ ਨਹੀਂ ਆਇਆ ਤੂੰ। ਕਿੱਡੀ ਕੰਬਲ ਦੀ ਬੁੱਕਲ ਮਾਰੀ ਸੂ। ਕਰਨੀਆਂ ਲੌਂਗਾਂ ਦੀਆਂ ਬਲੈਕਾਂ ਤੇ…।” ਪਿੱਛੋਂ ਧੌਣ ‘ਤੇ ਧੱਫਾ ਪੈਣ ਕਾਰਨ ਲਾਲਾ ਮੇਰੇ ਉਤੇ ਡਿੱਗਦਾ-ਡਿੱਗਦਾ ਮਸਾਂ ਬਚਿਆ।
ਉਹ ਦਰਵਾਜ਼ਾ ਬੰਦ ਕਰਕੇ ਚਲੇ ਗਏ। ਲਾਲਾ ਡਰੀਆਂ-ਡੈਂਬਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗਾ। ਅੱਥਰੂ ਉਹਦੀਆਂ ਗੱਲ੍ਹਾਂ ‘ਤੇ ਅਟਕੇ ਹੋਏ ਸਨ। ਮੈਂ ਉਹਨੂੰ ‘ਆਪਣੇ’ ਕੰਬਲਾਂ ਵਿਚੋਂ ਇੱਕ ਕੰਬਲ ਉਤੇ ਲੈਣ ਲਈ ਦਿੱਤਾ ਅਤੇ ਹੌਂਸਲਾ ਰੱਖਣ ਲਈ ਕਿਹਾ।
“ਸਰਦਾਰ ਜੀ ਮੇਰਾ ਕੀ ਬਣੂੰ? ਮੈਂ ਸ਼ਰੀਫ ਖਾਨਦਾਨ ਵਾਲਾ, ਚੰਗੇ ਅੰਗਾਂ-ਸਾਕਾਂ ਵਾਲਾ। ਕਦੇ ਸਾਡੇ ਪਿਓ ਦਾਦੇ ਨੇ ਇਹ ਕੰਮ ਨਾ ਕੀਤੇ। ਕਦੀ ਠਾਣਾ ਹਵਾਲਾਤ ਨਾ ਵੇਖੀ। ਜਿੱਧਰ ਮੇਰਾ ਮੁੰਡਾ ਵਿਆਹਿਆ, ਮੇਰਾ ਕੁੜਮ ਬਲੈਕ ਕਰਦਾ। ਮੈਨੂੰ ਵੀ ਨਾਲ ਰਲਣ ਲਈ ਕਹਿੰਦਾ ਰਹਿੰਦਾ। ਮੈਂ ਨਹੀਂ ਸਾਂ ਮੰਨਦਾ। ਉਹਦੀਆਂ ਮਿੱਠੀਆਂ ਪਿਆਰੀਆਂ ਨੇ ਮੈਨੂੰ ਪਸਮਾ ਲਿਆ। ਪਹਿਲੀ ਵਾਰ ਈ ਰਲਿਆ ਤੇ ਮਾੜੀ ਕਿਸਮਤ ਨੂੰ ਮਾਲ ਫੜ੍ਹਿਆ ਗਿਆ। ਉਹਨੇ ਅੱਗੋਂ ਮੇਰਾ ਨਾਂ ਵੀ ਲੈ ‘ਤਾ। ਪਹਿਲੀ ਚੋਰੀ, ਪਹਿਲਾ ਫਾਹਾ!”
ਰਾਤ ਉਤਰ ਆਈ ਸੀ। ਅਸੀਂ ਗੱਲੀਂ ਰੁੱਝੇ ਹੋਏ ਸਾਂ ਕਿ ਲਲਕਾਰਾ ਵੱਜਿਆ, “ਨਿਕਲੋ ਬਾਹਰ ਉਏ ਵੱਡੇ ਸਮਗਲਰੋ! ਤੁਹਾਡਾ ਲਵਾਈਏ ਅਨਾਰਕਲੀ ਬਜ਼ਾਰ ਦਾ ਗੇੜਾ!” ਗਾਲ੍ਹਾਂ ਦੀ ਬੌਛਾੜ ਕਰਦਿਆਂ ਉਨ੍ਹਾਂ ਨੇ ਸਭ ਤੋਂ ਪਹਿਲੀ ਕੋਠੜੀ ਵਾਲੇ ‘ਸਮਗਲਰਾਂ’ ਨੂੰ ਬਾਹਰ ਕੱਢ ਲਿਆ ਤੇ ਕੱਪੜੇ ਉਤਾਰ ਕੇ ਅਹਾਤੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਢਿੱਡ ਪਰਨੇ ਰੀਂਗ ਕੇ ਜਾਣ ਤੇ ਇੰਜ ਹੀ ਵਾਪਸ ਆਉਣ ਨੂੰ ਕਿਹਾ। ਸੌ ਕੁ ਗਜ ਲੰਮੇ ਅਹਾਤੇ ਵਿਚ ਢਿੱਡ ਪਰਨੇ ਰੀਂਗਦੇ ਹੋਏ ਜਦੋਂ ਉਹ ਸਾਡੇ ਦਰਵਾਜ਼ੇ ਅੱਗੋਂ ਲੰਘ ਰਹੇ ਸਨ ਤਾਂ ਇੱਕ ਜਣਾ ਉਨ੍ਹਾਂ ਦੇ ਠੁੱਡੇ ਵਰ੍ਹਾਉਣ ਲੱਗਾ ਕਿਉਂਕਿ ਉਹ ਉਨ੍ਹਾਂ ਦੇ ‘ਤਮਾਸ਼ੇ’ ਲਈ ਓਨੀ ‘ਤੇਜ਼ੀ’ ਨਾਲ ਨਹੀਂ ਸਨ ਰੀਂਗ ਰਹੇ!
ਪੁਲਸੀਏ ਖਿੜਖਿੜਾ ਕੇ ਰਾਖਸ਼ੀ-ਹਾਸਾ ਹੱਸ ਰਹੇ ਸਨ। ਉਹ ਸ਼ਰਾਬ ਨਾਲ ਰੱਜੇ ਹੋਏ ਸਨ ਅਤੇ ਆਪਣਾ ‘ਚਿੱਤ ਕਰਾਰਾ’ ਕਰਨ ਲਈ ਹੀ ਇਹ ਕਾਰਵਾਈ ਕਰ ਰਹੇ ਸਨ। ਪਹਿਲੀ ਕੋਠੜੀ ਵਾਲਿਆਂ ਨੂੰ ਬੰਦ ਕਰਕੇ ਉਹ ਦੂਜੀ ਕੋਠੜੀ ਵੱਲ ਹੋਏ। ਫਿਰ ਤੀਜੀ ਵੱਲ। ਹਰ ਇੱਕ ਨਾਲ ਵੱਖੋ-ਵੱਖਰਾ ਸਲੂਕ! ਕਿਸੇ ਨੂੰ ਛਿੱਤਰ ਤੇ ਚਪੇੜਾਂ, ਕਿਸੇ ਨੂੰ ਨੰਗੇ ਕਰਕੇ ਡੰਡ-ਬੈਠਕਾਂ ਕੱਢਣ, ਕਿਸੇ ਨੂੰ ਸਿਰ ਪਰਨੇ ਖੜ੍ਹੇ ਹੋਣ ਦੀ ‘ਸਜ਼ਾ’ ਸੁਣਾਈ ਜਾ ਰਹੀ ਸੀ। ਸਿਰ ਪਰਨੇ ਖੜ੍ਹਾ ਨਾ ਹੋ ਸਕਣ ‘ਤੇ ਅਗਲਾ ਵਾਰ-ਵਾਰ ਡਿੱਗਦਾ ਤੇ ਵਾਰ-ਵਾਰ ਠੁੱਡੇ ਤੇ ਛਿੱਤਰ ਖਾਂਦਾ। ਧੀਆਂ-ਭੈਣਾਂ ਦੀਆਂ ਗਾਲ੍ਹਾਂ ਤਾਂ ਐਵੇਂ ‘ਲਾਜ਼ਮਾ’ ਮਾਤਰ ਸਨ!

ਨਾਵਲਕਾਰ ਗੁਰਦਿਆਲ ਸਿੰਘ ਨੇ ਵਰਿਆਮ ਸੰਧੂ ਨੂੰ ‘ਇਕ ਸਮਰੱਥ ਕਹਾਣੀਕਾਰ’ ਦਾ ਖਿਤਾਬ ਦਿੱਤਾ ਸੀ ਅਤੇ ਗੁਰਬਚਨ ਸਿੰਘ ਭੁੱਲਰ ਉਸ ਨੂੰ ਸਮਰੱਥ ਕਹਾਣੀਕਾਰ ਦੇ ਨਾਲ ‘ਸਾਊ ਮਨੁੱਖ ਤੇ ਦਮਦਾਰ ਦੋਸਤ’ ਵੀ ਆਖਦਾ ਹੈ।
ਹਰਭਜਨ ਹਲਵਾਰਵੀ ਦਾ ਕਹਿਣਾ ਸੀ, “ਉਹ ਕਾਹਲਾ ਤੇ ਲਾਲਸਾਵਾਨ ਮਨੁੱਖ ਨਹੀਂ ਸਗੋਂ ਸਹਿਜ ਸਾਧਾਰਨ ਰੂਪ ਵਿਚ ਵਿਚਰਦਿਆਂ ਨਵੇਂ ਅਨੁਭਵਾਂ ਦੀ ਤਲਾਸ਼ ਖਾਮੋਸ਼ੀ ਨਾਲ ਕਰਦਾ ਰਹਿੰਦਾ ਹੈ। ਉਹ ਅਸਾਧਾਰਨ ਪ੍ਰਤਿਭਾ ਵਾਲਾ ਸਾਧਾਰਨ ਮਨੁੱਖ ਹੈ। ਉਸ ਦਾ ਕਥਾ ਸਾਹਿਤ ਉਹਦੀ ਸਹਿਜ ਪ੍ਰਤਿਭਾ ਦੀ ਸਿਰਜਣਾ ਹੈ।”
ਡਾ. ਹਰਿਭਜਨ ਸਿੰਘ ਨੇ ਸੰਧੂ ਦੀ ਕਹਾਣੀ ਪੜ੍ਹਨ ਸਾਰ ਲਿਖਿਆ, “ਪਿਆਰੇ ਵੀਰ ਵਰਿਆਮ, ਤੇਰੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਹੁਣੇ ਪੜ੍ਹ ਕੇ ਹਟਿਆ ਹਾਂ। ਬਹੁਤ ਅਨੰਦ ਆਇਆ। ਬੜਾ ਸੰਘਣਾ ਬਿਰਤਾਂਤ ਹੈ ਇਸ ਦਾ। ਪੁਲਿਸ ਅਤੇ ਖਾੜਕੂਆਂ ਦੇ ਪੁੜਾਂ ਵਿਚਕਾਰ ਫਸੇ ਪੰਜਾਬੀ ਦੀ ਤ੍ਰਾਸਦੀ ਬੜੇ ਸੁਚੱਜ ਨਾਲ ਉਲੀਕੀ ਹੈ ਤੂੰ। ਵਰਤਮਾਨ ਇਤਿਹਾਸ ਦੇ ਪਿਛੋਕੜ ਸਾਧਾਰਨ ਮਨੁੱਖ ਦੀ ਮਨੁੱਖਤਾ ਦਾ ਚਿੱਤਰ ਬੜਾ ਦਰਦੀਲਾ ਹੈ, ਪਰ ਵਾਹ ਲੱਗਦਿਆਂ ਤੂੰ ਇਹਨੂੰ ਅਤਿਭਾਵੁਕਤਾ ਤੋਂ ਬਚਾਇਆ ਹੈ। ਮੇਰੀ ਤੈਨੂੰ ਮੁਬਾਰਕਬਾਦ!”
ਡਾ. ਸੁਤਿੰਦਰ ਸਿੰਘ ਨੂਰ ਅਨੁਸਾਰ ਬਹੁਪਰਤੀ ਕਹਾਣੀਆਂ ਵਿਚ ਸਭ ਤੋਂ ਵਿਸ਼ੇਸ਼ ਨਾਂ ਵਰਿਆਮ ਸੰਧੂ ਦਾ ਹੈ। ਉਸ ਦੀਆਂ ਕਹਾਣੀਆਂ ਨੇ ਕੇਵਲ ਪੰਜਾਬ ਦੇ ਸੰਕਟ ਦੀ ਜਟਿਲਤਾ ਨੂੰ ਹੀ ਪੇਸ਼ ਨਹੀਂ ਕੀਤਾ, ਸਗੋਂ ਇਸ ਜਟਿਲਤਾ ਨਾਲ ਕਹਾਣੀ ਦੀ ਸਮੁੱਚੀ ਸੰਰਚਨਾ ਜਾਂ ਰੂਪਾਕਾਰ ਵਿਚ ਜੋ ਤਬਦੀਲੀ ਵਾਪਰਨੀ ਚਾਹੀ ਸੀ, ਉਹ ਨਿਭਾਈ। ਉਸ ਦੀਆਂ ਕਹਾਣੀਆਂ ਪੰਜਾਬੀ ਕਹਾਣੀ ਦੇ ਵਿਕਾਸ ਦੀਆਂ ਸੂਚਕ ਸਿੱਧ ਹੁੰਦੀਆਂ ਹਨ।
ਡਾ. ਟੀ. ਆਰ. ਵਿਨੋਦ ਦਾ ਕਥਨ ਹੈ, ਵਰਿਆਮ ਸੰਧੂ ਪੰਜਾਬੀ ਦਾ ਪਹਿਲਾ ਕਹਾਣੀਕਾਰ ਹੈ ਜਿਸ ਨੇ ਪੰਜਾਬ ਦੀ ਕਿਸਾਨੀ ਦੇ ਇਤਿਹਾਸਕ ਯਥਾਰਥ ਦੀ ਪੇਸ਼ਕਾਰੀ ਲਈ ਲੰਮੀ ਕਹਾਣੀ ਦੀ ਵਿਧਾ ਨੂੰ ਆਪਣਾ ਮਾਧਿਅਮ ਬਣਾਇਆ।
ਡਾ. ਸੁਰਿੰਦਰ ਸਿੰਘ ਨਰੂਲਾ ਨੇ ਕਿਹਾ, “ਸੰਧੂ ਦੀਆਂ ਕਹਾਣੀਆਂ ਗੱਲਾਂ ਹਨ, ਸੱਚੀਆਂ, ਕੌੜੀਆਂ ਤੇ ਕਸੈਲੀਆਂ। ਇਹ ਗੱਲਾਂ ਕਰਦਾ ਵਰਿਆਮ ਸੰਧੂ ਨਿਰਮੋਹੀ ਹੋਣ ਦੀ ਹੱਦ ਤਕ ਬੇਝਿਜਕ ਹੋ ਜਾਂਦਾ ਹੈ। ਡੁੰਮ੍ਹ, ਵਾਪਸੀ ਜਾਂ ਭੱਜੀਆਂ ਬਾਹੀਂ ਕੋਈ ਕਹਾਣੀ ਵੀ ਲੈ ਲਵੋ, ਸੰਧੂ ਬਿਨਾ ਕਿਸੇ ਲਾਗ-ਲਪੇਟ ਦੇ ਆਪਣੀ ਗੱਲ ਕਹਿਣ ਦੀ ਦਲੇਰੀ ਕਰਦਾ ਹੈ।”
‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਸੰਧੂ ਦੀ ਜਾਣ-ਪਛਾਣ ਇੰਜ ਕਰਾਈ: ਵਰਿਆਮ ਸਿੰਘ ਸੰਧੂ ਨੇ ਆਪਣਾ ਸਾਹਿਤਕ ਸਫਰ ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਸ਼ੁਰੂ ਕੀਤਾ ਤੇ ਇਸ ਲਹਿਰ ਵਿਚ ਉਸ ਦੀ ਸਰਗਰਮ ਸ਼ਮੂਲੀਅਤ ਵੀ ਰਹੀ। ਉਸ ਦੀ ਮੁਢਲੇ ਦੌਰ ਦੀ ਕਵਿਤਾ ਤੇ ਕਹਾਣੀ ਵਿਚ ਰੋਹ-ਵਿਦਰੋਹ ਦੀ ਤੀਬਰ ਭਾਵਨਾ ਲਿਸ਼ਕਾਰੇ ਮਾਰਦੀ ਹੈ। ‘ਡੁੰਮ੍ਹ’ ਕਹਾਣੀ ਦੇ ਪ੍ਰਕਾਸ਼ਨ ਨਾਲ ਵਰਿਆਮ ਸੰਧੂ ਪੰਜਾਬੀ ਕਹਾਣੀ ਜਗਤ ਵਿਚ ਆਪਣੀ ਸਿਰਜਣਸ਼ੀਲਤਾ ਦੀ ਧਾਂਕ ਜਮਾਉਣ ਵਿਚ ਸਫਲ ਹੋ ਗਿਆ। ਉਹ ਛੋਟੀ ਕਿਸਾਨੀ ਦੇ ਜੀਵਨ ਯਥਾਰਥ ਦੀਆਂ ਵਿਭਿੰਨ ਪਰਤਾਂ ਫਰੋਲਣ ਵਾਲੇ ਤੇ ਪੰਜਾਬੀ ਕਹਾਣੀ ਧਾਰਾ ਵਿਚ ਲੰਮੀ ਕਹਾਣੀ ਦੀ ਸਿਨਫ ਨੂੰ ਸਥਾਪਤ ਕਰਨ ਵਾਲੇ ਕਹਾਣੀਕਾਰ ਵਜੋਂ ਚਰਚਾ ਵਿਚ ਆ ਗਿਆ। ਉਹਦੇ ਸਾਹਿਤਕ ਸਫਰ ਦਾ ਅਗਲਾ ਦੌਰ ਪੰਜਾਬ ਤ੍ਰਾਸਦੀ ਦੀਆਂ ਕਹਾਣੀਆਂ ਨਾਲ ਸਾਹਮਣੇ ਆਇਆ। ‘ਲੋਹੇ ਦੇ ਹੱਥ’ ਵਾਲਾ ਵਰਿਆਮ ਸੰਧੂ ‘ਭੱਜੀਆਂ ਬਾਹੀਂ’ ਵਾਲਾ ਵਰਿਆਮ ਸੰਧੂ ਬਣ ਗਿਆ। ‘ਮੈਂ ਹੁਣ ਠੀਕ ਠਾਕ ਹਾਂ’, ‘ਭੱਜੀਆਂ ਬਾਹੀਂ’ ਤੇ ‘ਚੌਥੀ ਕੂਟ’ ਉਸ ਦੀਆਂ ਇਸ ਦੌਰ ਵਿਚ ਲਿਖੀਆਂ ਸ਼ਾਹਕਾਰ ਕਹਾਣੀਆਂ ਹਨ। ਛੋਟੀ ਕਿਸਾਨੀ ਦੀ ਖੁਰ ਰਹੀ ਹੋਂਦ ਦਾ ਦਰਦ ਅਤੇ ਸਥਾਪਤ ਸਮਾਜਕ ਪ੍ਰਬੰਧ ਉਪਰ ਤਿੱਖਾ ਕਟਾਖਸ਼ ਵਰਿਆਮ ਸੰਧੂ ਦੀ ਕਹਾਣੀ ਦੇ ਪ੍ਰਮੁੱਖ ਸੁਰ ਹਨ।
ਪ੍ਰੋ. ਨਿਰੰਜਣ ਸਿੰਘ ਢੇਸੀ ਲਿਖਦੇ ਹਨ, “ਵਰਿਆਮ ਸਿੰਘ ਸੰਧੂ ਅਤੇ ਪੰਜਾਬੀ ਕਹਾਣੀ ਦਾ ਰਿਸ਼ਤਾ ਕੁਝ ਇਹੋ ਜਿਹਾ ਬਣ ਗਿਆ ਹੈ ਕਿ ਦੋਹਾਂ ਵਿਚੋਂ ਕਿਸੇ ਇਕ ਦਾ ਜ਼ਿਕਰ ਨਿਖੇੜ ਕੇ ਕਰਨਾ ਮੁਸ਼ਕਿਲ ਹੋ ਗਿਆ ਹੈ। ਵਰਿਆਮ ਦੇ ਕਲਬੂਤ ਵਿਚ ਕਹਾਣੀ ਲਹੂ ਦੇ ਕਣਾਂ ਵਾਂਗ ਤੁਰਦੀ ਹੈ। ਉਸ ਦੀ ਪਛਾਣ ਇਕ ਅਜਿਹੇ ਕਹਾਣੀਕਾਰ ਦੇ ਤੌਰ ‘ਤੇ ਹੋ ਚੁਕੀ ਹੈ, ਜਿਸ ਨੂੰ ਆਉਣ ਵਾਲੇ ਕਹਾਣੀਕਾਰਾਂ ਲਈ ਮਿਆਰ ਪਰਵਾਨ ਕੀਤਾ ਜਾ ਸਕਦਾ ਹੈ।”
ਡਾ. ਚਮਨ ਲਾਲ ਨੇ ਵਰਿਆਮ ਸੰਧੂ ਦੀ ਮੁਢਲੀ ਕਹਾਣੀ ਬਾਰੇ ਲਿਖਿਆ, “ਨਿਰਸੰਦੇਹ ‘ਅੱਖਾਂ ਵਿਚ ਮਰ ਗਈ ਖੁਸ਼ੀ’ ਸੱਤਵੇਂ ਦਹਾਕੇ ਦੀ ਪੰਜਾਬੀ ਕਹਾਣੀ ਦਾ ਮੀਲ ਪੱਥਰ ਹੈ।”
ਡਾ. ਬਲਕਾਰ ਸਿੰਘ ਮੁਤਾਬਕ ਵਰਿਆਮ ਸੰਧੂ ਦੀ ਕਹਾਣੀ ਦਾ ਸਫਰ ਭਾਵੇਂ ਸੁਸਤ ਹੈ ਪਰ ਮਟਕ ਵਾਲਾ ਤੇ ਦੋ ਪੈਰ ਘੱਟ ਤੁਰਨ ਵਾਲਾ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿਚ ਸਮਕਾਲੀਨ ਸੱਚ ਦਾ ਸੰਤੁਲਤ ਅਤੇ ਅਮਰ ਪ੍ਰਗਟਾਵਾ ਕੀਤਾ ਹੈ। ਇਸ ਤਰ੍ਹਾਂ ਵਰਿਆਮ ਸੰਧੂ ‘ਭੱਜੀਆਂ ਬਾਹੀਂ’ ਤੇ ‘ਮੈਂ ਹੁਣ ਠੀਕ ਠਾਕ ਹਾਂ’ ਤੱਕ ਪੁੱਜ ਗਿਆ ਹੈ।
ਪਿਆਰਾ ਸਿੰਘ ਭੋਗਲ ਅਨੁਸਾਰ ਗੁਰਦਿਆਲ ਸਿੰਘ ਦੁਖਾਂਤਮਈ ਸਥਿਤੀ ਨੂੰ ਦੁਖਾਂਤ ਹੀ ਰੱਖਦਾ ਹੈ ਜਦਕਿ ਵਰਿਆਮ ਦੁਖਾਂਤ ਵਿਚ ਸੁਖਾਂਤ ਦਾ ਅੰਸ਼ ਰਲਾ ਕੇ ਵਿਅੰਗ ਦੀ ਧਾਰ ਤਿੱਖੀ ਕਰ ਦਿੰਦਾ ਹੈ।
ਡਾ. ਜੋਗਿੰਦਰ ਕੈਰੋਂ ਦੇ ਕਹਿਣ ਮੂਜਬ ‘ਵਾਪਸੀ’ ਪੜ੍ਹਨ ਤੋਂ ਬਾਅਦ ਇੰਜ ਲੱਗਿਆ ਜਿਵੇਂ ਪਹਿਲੀ ਵਾਰ ਪੰਜਾਬ ਦੀ ਕਹਾਣੀ ਲਿਖੀ ਗਈ ਹੋਵੇ। ਪੰਜਾਬੀ ਕਹਾਣੀ ਦਾ ਜੇ ਕੋਈ ਮਾਡਲ ਤਿਆਰ ਕਰਨਾ ਹੋਵੇ ਤਾਂ ਇਸ ਕਹਾਣੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ।
ਭੂਸ਼ਨ ਧਿਆਨਪੁਰੀ ਦਾ ਤੋੜਾ ਹੈ: ਸੰਧੂ ਦੀ ਪਕੜ ਵਿਚ ਉਹ ਜੁਗਤ ਆ ਗਈ ਹੈ ਜਿਸ ਨੂੰ ਹੁਣ ਤਕ ਸਾਡੇ ਕਹਾਣੀਕਾਰ ਲੱਭਦੇ ਫਿਰਦੇ ਸਨ। ਉਹ ਇਕ ਸੁਘੜ ਕਥੱਕੜ ਵਾਂਗ ਨਿੱਠ ਕੇ ਬਹਿ ਜਾਂਦਾ ਹੈ, ਕਹਾਣੀ ਕਹਿਣੀ ਸ਼ੁਰੂ ਕਰ ਦਿੰਦਾ ਹੈ, ਨਾ ਉਠਦਾ ਹੈ ਤੇ ਨਾ ਉਠਣ ਦਿੰਦਾ ਹੈ। ਦੂਜੇ ਦੇ ਕੰਨਾਂ ਨੂੰ ਕੀਲਣ ਦੀ ਸ਼ਕਤੀ ਹੈ ਉਹਦੇ ਬਿਆਨ ਵਿਚ। ਪਾਠਕ ਨੂੰ ਆਪਣੇ ਨਾਲ ਤੋਰਨ ਦੀ ਸ਼ਕਤੀ ਹੈ ਉਹਦੀ ਸ਼ੈਲੀ ਵਿਚ।
ਵੇਖੋ ਉਹਦੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਵਿਚ ‘ਟੌਮੀ’ ਨੂੰ ਮਾਰਨ ਦੀ ਭਾਵਭਿੰਨੀ ਸ਼ੈਲੀ:
ਟੌਮੀ ਕੈਮ ਹੋ!
ਮਾਲਕ ਨੂੰ ਸੂਚਨਾ ਦੇਣ ਦੇ ਮਾਣ ਨਾਲ ਮੱਤਾ, ਮੁਹੱਬਤ ਪ੍ਰਗਟਾਉਣ ਲਈ ਟੌਮੀ ਹਨੇਰੇ ਵਿਚ ਹੀ ਜੋਗਿੰਦਰ ਵੱਲ ਵਧਿਆ। ਬਾਹਰ ਵੀ ਹਨੇਰਾ ਸੀ ਤੇ ਅੰਦਰ ਵੀ, ਪਰ ਜੋਗਿੰਦਰ ਦੀ ਸਿਰ ਤੱਕ ਉਠੀ ਹੋਈ ਹੀਂਅ ਨੂੰ ਜਿਵੇਂ ਸਭ ਕੁਝ ਦਿਸਦਾ ਸੀ। ਲੱਤਾਂ ਜੋੜ ਕੇ, ਛਾਤੀ ਅਤੇ ਬਾਹਵਾਂ ਦਾ ਸਾਰਾ ਜ਼ੋਰ ‘ਕੱਠਾ ਕਰ ਕੇ ਪੂਰੇ ਜ਼ੋਰ ਨਾਲ ਉਹਨੇ ਹੀਂਅ ਦਾ ਵਾਰ ਕੀਤਾ, ਜਿਵੇਂ ਪਟਵਾਰੀਆਂ ਦੇ ਮੁੰਡੇ ਦੇ ਗੰਡਾਸੀ ਮਾਰਨ ਲੱਗਾ ਹੋਵੇ। ਕੁੱਤੇ ਦੀ ਲੰਮੀ ਚੀਕ ਨਿਕਲੀ ਤੇ ਉਹ ਧਰਤੀ ‘ਤੇ ਲੁੜ੍ਹਕ ਕੇ ਚੀਕਣ-ਚਿਲਾਉਣ ਲੱਗਾ ਜਿਵੇਂ ਤਰਲੇ ਲੈਂਦਾ ਰੋਂਦਾ ਹੋਇਆ ਕਹਿ ਰਿਹਾ ਹੋਵੇ, ‘ਬਹੁੜੀਂ ਉਏ ਮੇਰੇ ਮਾਲਕਾ! ਇਹ ਕੀ ਕੀਤਾ ਈ ਮੇਰੇ ਨਾਲ?’
ਪਰ ਜੋਗਿੰਦਰ ਨੂੰ ਕੁਝ ਨਹੀਂ ਸੁਣਿਆ। ਉਸ ਨੇ ਓਨੇ ਹੀ ਜ਼ੋਰ ਦਾ ਇਕ ਹੋਰ ਵਾਰ ਡਿੱਗੇ ਪਏ ਟੌਮੀ ‘ਤੇ ਕੀਤਾ…ਤੇ ਫਿਰ ਇਕ ਹੋਰ…।
ਕੁੱਤਾ ਚੀਕੀ ਗਿਆ, ਕਰਾਹੀ ਗਿਆ ਪਰ ਉਠਿਆ ਨਹੀਂ। ਉਸ ਨੂੰ ਕਿੰਨੀ ਕੁ ਸੱਟ ਲੱਗੀ ਹੈ? ਕੀ ਹੋਇਆ ਹੈ? ਇਸ ਦੀ ਚਿੰਤਾ ਕੀਤੇ ਬਗੈਰ ਹੀ ਬਾਹਰਲਾ ਗੇਟ ਖੋਲ੍ਹ ਕੇ ਉਹ ਬਾਹਰ ਚਲਾ ਗਿਆ।
ਵਾਪਸ ਆਇਆ ਤਾਂ ਬਾਹਰਲਾ ਬਲਬ ਜਗਦਾ ਪਿਆ ਸੀ। ‘ਚਊਂ-ਚਊਂ’ ਕਰਦੇ ਕੁੱਤੇ ਕੋਲ ਬੀਰ੍ਹੋ ਖੜੋਤੀ ਹੋਈ ਸੀ ਤੇ ਹਰਬੰਸ ਕੌਰ ਉਹਦੇ ਮੂੰਹ ਵਿਚ ਪਾਣੀ ਪਾਉਣ ਦਾ ਯਤਨ ਕਰ ਰਹੀ ਸੀ।
‘ਵੇ ਜਿੰਦਿਆ! ਕੁੱਤੇ ਦਾ ਤਾਂ ਵਿਚਾਰੇ ਦਾ ਲੱਕ ਟੁੱਟ ਗਿਆ ਜਾਪਦਾ।’
ਜੋਗਿੰਦਰ ਨੇ ਵੇਖਿਆ, ਕੁੱਤੇ ਦੀ ਰੀੜ੍ਹ ਦੀ ਹੱਡੀ ਅੱਧ ਵਿਚਕਾਰੋਂ ਟੁੱਟ ਗਈ ਜਾਪਦੀ ਸੀ ਤੇ ਪਿਛਲਾ ਧੜ ਧਰਤੀ ‘ਤੇ ਲੁੜਕ ਗਿਆ ਸੀ, ਕਦੀ-ਕਦੀ ਟੌਮੀ ਅਗਲੀਆਂ ਲੱਤਾਂ ਦੇ ਆਸਰੇ ਹਿੱਲਣ ਦੀ ਕੋਸ਼ਿਸ਼ ਕਰਦਾ, ਪਰ ਫਿਰ ਲੁੜਕ ਜਾਂਦਾ।
ਜੋਗਿੰਦਰ ਦੇ ਅੰਦਰੋਂ ਅਜੇ ਗੁੱਸਾ ਸ਼ਾਇਦ ਖਤਮ ਨਹੀਂ ਸੀ ਹੋਇਆ। ਉਹ ਝਿੜਕ ਕੇ ਪਿਆ, ‘ਚਲੋ ਚੱਲੋ ਅੰਦਰ ਤੁਸੀਂ, ਕੁਝ ਨਹੀਂ ਹੋਇਆ ਇਹਨੂੰ…ਬੱਤੀ ਬੁਝਾਓ ਜਾ ਕੇ…।’
ਹੱਥ ਵਿਚ ਫੜ੍ਹੀ ਹੀਂਅ ਵਿਹੜੇ ਵਿਚ ਸੁੱਟ ਕੇ ਉਹ ਮੰਜੇ ‘ਤੇ ਜਾ ਡਿੱਗਾ। ਬੀਰ੍ਹੋ ਤੇ ਹਰਬੰਸ ਕੌਰ ਵੀ ਉਹਦੇ ਬੋਲਾਂ ਦੀ ਸਖਤੀ ਤੋਂ ਘਬਰਾ ਕੇ ਜਾ ਲੇਟੀਆਂ।
ਹੁਣ ਕੋਈ ਨਹੀਂ ਸੀ ਬੋਲ ਰਿਹਾ। ਟੌਮੀ ਵੀ ਨਹੀਂ ਸੀ ਭੌਂਕ ਰਿਹਾ। ਪਰ ਜੋਗਿੰਦਰ ਦੇ ਮਨ ਵਿਚ ਸ਼ੋਰ ਹੀ ਸ਼ੋਰ ਸੀ। ਉਹਦੀਆਂ ਅੱਖਾਂ ਅੱਗੇ ਧੜੋਂ ਟੁੱਟਾ ਟੌਮੀ ਅਗਲੀਆਂ ਲੱਤਾਂ ਦੇ ਸਹਾਰੇ ਪਿਛਲੇ ਧੜ ਨੂੰ ਧੂਹਣ ਦੀ ਅਸਫਲ ਕੋਸ਼ਿਸ਼ ਕਰਦਾ ਦਿਸ ਰਿਹਾ ਸੀ। ਫਿਰ ਉਸ ਨੂੰ ਮਹਿਸੂਸ ਹੋਇਆ ਰੂੰ ਦਾ ਗੋਹੜਾ ਜਿਹਾ ਨਿੱਕਾ ਟੌਮੀ ਉਹਦੀ ਪੈਂਦ ਵੱਲ ਰਜਾਈ ਵਿਚ ਦੁਬਕ ਕੇ ਬੈਠਾ ਹੈ ਤੇ ਹੌਲੀ-ਹੌਲੀ ਸਰਕਦਾ ਉਹਦੇ ਪੈਰਾਂ ਕੋਲ ਆ ਕੇ ਸਿੱਲ੍ਹੀ ਬੂਥਣੀ ਨਾਲ ਛੂਹ ਕੇ ਉਹਦੇ ਜਿਸਮ ਵਿਚ ਝਰਨਾਹਟ ਛੇੜ ਰਿਹਾ ਹੈ। ਦੂਜੇ ਪਲ ਉਹਦੀ ਰਜਾਈ ਖਿੱਚ ਕੇ ‘ਚਊਂ-ਚਊਂ’ ਕਰਦਾ ਉਹਨੂੰ ਸੁੱਤੇ ਨੂੰ ਉਠਾ ਰਿਹਾ ਸੀ ਤੇ ਬਾਹਰ ਜਾ ਕੇ ਕੰਮ-ਧੰਦੇ ਲੱਗਣ ਦੀ ਪੁਕਾਰ ਦੇ ਰਿਹਾ ਸੀ। ਤੇ ਫੇਰ ਬੱਬਰ ਸ਼ੇਰ ਵਾਂਗ ਵਰਦੀ-ਧਾਰੀ ਸਿਪਾਹੀ ਦੀ ਹਿੱਕ ਉਤੇ ਝਪਟਦਾ ਆਪਣਾ ਛੋਟਾ ਭਰਾ ਲੱਗ ਰਿਹਾ ਸੀ।
ਕੁੱਤੇ ਨੇ ਤੇਜ਼-ਤੇਜ਼ ਚੀਕਣਾ ਅਤੇ ਕਰਾਹੁਣਾ ਬੰਦ ਕਰ ਦਿੱਤਾ ਸੀ। ਹੁਣ ਕਦੀ-ਕਦੀ ਉਹ ਲੰਮੀ ਸਾਰੀ ‘ਚੂੰਅ’ ਦੀ ਆਵਾਜ਼ ਕੱਢਦਾ ਤੇ ਚੁੱਪ ਕਰ ਜਾਂਦਾ। ਜਿਵੇਂ ਕਹਿ ਰਿਹਾ ਹੋਵੇ, ‘ਹਾਇ ਮਾਂ…!’
ਜੋਗਿੰਦਰ ਤੋਂ ਰਿਹਾ ਨਾ ਗਿਆ। ਉਹ ਪੈਰੀਂ ਜੁੱਤੀ ਅੜਾ ਕੇ ਭਾਵੁਕ ਹੋਇਆ ਉਠ ਕੇ ਬਾਹਰ ਨੂੰ ਤੁਰਿਆ ਤਾਂ ਬੀਰ੍ਹੋ ਨੇ ਆਵਾਜ਼ ਦਿੱਤੀ, ‘ਕਿਧਰ ਚੱਲੇ ਓ?’
ਉਹ ਬਿਨਾ ਕੋਈ ਜੁਆਬ ਦਿੱਤਿਆਂ ਬਾਹਰਲੀ ਬੱਤੀ ਜਗਾ ਕੇ ਟੌਮੀ ਕੋਲ ਗਿਆ। ਟੌਮੀ ਨੇ ਮਾੜਾ ਜਿਹਾ ਸਿਰ ਚੁੱਕਿਆ ਤੇ ਜੋਗਿੰਦਰ ਵੱਲ ਵੇਖ ਕੇ ਅੱਖਾਂ ਮੀਟ ਲਈਆਂ ਤੇ ਕੰਨ ਢਿੱਲ੍ਹੇ ਛੱਡ ਦਿੱਤੇ। ਬਿਲਕੁਲ ਉਂਜ ਹੀ ਜਦੋਂ ਉਹ ਅੰਤਾਂ ਦੇ ਪਿਆਰ ਵਿਚ ਸਰਸ਼ਾਰ ਹੋਇਆ, ਮਾਲਕ ਪ੍ਰਤੀ ਸ਼ੁਕਰਾਨੇ ਦੇ ਅਹਿਸਾਸ ਨਾਲ ਭਰਿਆ ਜਾਪਦਾ ਹੁੰਦਾ ਸੀ। ਜੋਗਿੰਦਰ ਨੇ ਉਹਦੇ ਸਿਰ, ਮੂੰਹ ਅਤੇ ਕੰਨਾਂ ਉਪਰ ਮੁਹੱਬਤ ਦੇ ਅਹਿਸਾਸ ਵਿਚ ਭਿੱਜ ਕੇ ਹੱਥ ਫੇਰੇ। ਮੂੰਹ ‘ਤੇ ਹੱਥ ਫੇਰਦਿਆਂ ਉਹਦਾ ਹੱਥ ਲਹੂ ਨਾਲ ਲਿੱਬੜ ਗਿਆ। ਸੱਟ ਖਬਰੇ ਸਿਰ ਵਿਚ ਵੀ ਲੱਗੀ ਸੀ। ‘ਟੌਮੀ! ਸ਼ੇਰ ਬੱਚਿਆ!! ਕੈਮ ਹੋ।’
ਪਰ ਟੌਮੀ ਨੇ ਧੌਣ ਧਰਤੀ ‘ਤੇ ਟਿਕਾਈ ਹੋਈ ਸੀ ਤੇ ਮਾਸੂਮ, ਭੋਲੀਆਂ-ਭਾਲੀਆਂ ਤਰਸ ਮੰਗਦੀਆਂ ਅੱਖਾਂ ਨਾਲ ਜੋਗਿੰਦਰ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਕਹਿਣਾ ਚਾਹੁੰਦਾ ਸੀ, ‘ਮੈਂ ਹੁਣ ਠੀਕ-ਠਾਕ ਹਾਂ…ਤੁਸੀਂ ਜਾ ਕੇ ਆਰਾਮ ਕਰੋ…!’
(ਚਲਦਾ)