ਤਰ ਮਾਲ

ਬਲਜੀਤ ਬਾਸੀ
ਇਹ ਉਨ੍ਹਾਂ ਦਿਨਾਂ ਦੀ ਵਾਰਤਾ ਹੈ ਜਦੋਂ ਲੋਕ ਇਕ ਥਾਂ ਤੋਂ ਦੂਰ ਦੇ ਵਾਂਢੇ ਅਕਸਰ ਪੈਦਲ ਜਾਇਆ ਕਰਦੇ ਸਨ। ਉਂਜ ਇਹ ਇਕ ਤਰ੍ਹਾਂ ਦਾ ਲਤੀਫਾ ਹੀ ਹੈ ਜੋ ਅੱਜ ਦੇ ਪਰਿਹਾਸ ਅਨੁਸਾਰ ਹਲਕਾ ਜਿਹਾ ਪ੍ਰਤੀਤ ਹੋਵੇਗਾ ਪਰ ਮੈਂ ਆਪਣੇ ਬਜ਼ੁਰਗਾਂ ਦੇ ਚੁਟਕਲਾ-ਸੁਹਜ ਪ੍ਰਤੀ ਸਤਿਕਾਰ ਵਜੋਂ ਇਸ ਨੂੰ ਪੇਸ਼ ਕਰ ਰਿਹਾ ਹਾਂ। ਉਨ੍ਹੀਂ ਦਿਨੀਂ ਰਾਹ ਟੇਢੇ-ਮੇਢੇ, ਧੁਦਲ ਭਰੇ ਅਤੇ ਸੁੰਨ-ਸਾਨ ਹੁੰਦੇ ਸਨ। ਰਾਹੀ ਆਪਣੀ ਜੁੱਤੀ ਅਕਸਰ ਡਾਂਗ ਦੇ ਸਿਰੇ ‘ਤੇ ਟੰਗ ਲੈਂਦੇ ਸਨ। ਖਾਣ ਲਈ ਵੀ ਕੁਝ ਨਾ ਕੁਝ ਝੋਲੇ ਵਿਚ ਪਾ ਲੈਂਦੇ। ਰੁਪਏ ਪੈਸੇ ਜਾਂ ਮੁਹਰਾਂ ਵਾਂਸਲੀ ਵਿਚ ਪਾ ਕੇ ਇਸ ਨੂੰ ਲੱਕ ਦੁਆਲੇ ਲਪੇਟ ਲੈਂਦੇ। ਰਾਹ ਵਿਚ ਲੁਟੇਰਿਆਂ ਦਾ ਹਮੇਸ਼ਾ ਧੁੜਕੂ ਲੱਗਾ ਰਹਿੰਦਾ ਸੀ।

ਅਜਿਹਾ ਹੀ ਇਕ ਬੰਦਾ ਇਕ ਦਿਨ ਔਝੜ ਪੈਂਡੇ ‘ਤੇ ਆਪਣੀ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਉਸ ਨੂੰ ਇਕ ਲੁਟੇਰੇ ਨੇ ਘੇਰ ਲਿਆ। ਉਸ ਨੇ ਰਾਹੀ ਦੇ ਉਭਰੇ ਹੋਏ ਢਿਡ ਵਿਚ ਆਪਣੀ ਲਾਠੀ ਖੋਭਦਿਆਂ ਰੋਹਬਾਨਾ ਅੰਦਾਜ਼ ਵਿਚ ਪੁੱਛਿਆ, “ਹਾਂ ਬਈ, ਕੀ ਬੰਨ੍ਹਿਆ ਲੱਕ ਦੁਆਲੇ?” ਰਾਹੀ ਸ਼ਾਇਦ ਤਾੜ ਨਾ ਸਕਿਆ ਕਿ ਉਹ ਰਾਹਜ਼ਨ ਦੇ ਕਾਬੂ ਆ ਗਿਆ ਹੈ, ਸੋ ਉਸ ਨੇ ਭੋਲੇ ਭਾਅ ਆਪਣੇ ਢਿਡ ਨੂੰ ਘੁਟਦਿਆਂ ਮਜ਼ਾਕੀਆ ਲਹਿਜੇ ਵਿਚ ਜਵਾਬ ਦਿੱਤਾ, “ਤਰ ਮਾਲ ਹੈ, ਤਰ ਮਾਲ!” ਲੁਟੇਰੇ ਨੇ ਸਮਝਿਆ ਡਰ ਦੇ ਮਾਰੇ ਬੰਦਾ ਸੱਚ ਹੀ ਬੋਲ ਰਿਹਾ ਹੈ, ਸੋ ਉਸ ਨੇ ਲਾਠੀ ਮਾਰ ਕੇ ਉਸ ਨੂੰ ਥੱਲੇ ਸੁੱਟ ਲਿਆ ਤੇ ਕਿਹਾ, “ਹਵਾਲੇ ਕਰ ਜੋ ਤਰ ਮਾਲ ਤੇਰੇ ਕੋਲ ਹੈ।” ਡਰ ਦੇ ਮਾਰੇ ਰਾਹੀ ਨੇ ਆਪਣੇ ਲੱਕ ਨੂੰ ਹੋਰ ਘੁੱਟ ਲਿਆ। ਗੁੱਸੇ ਵਿਚ ਆਏ ਲੁਟੇਰੇ ਨੇ ਜ਼ੋਰ ਜ਼ੋਰ ਨਾਲ ਡਾਂਗ ਮਾਰ ਕੇ ਉਸ ਦਾ ਮਾੜ੍ਹ ਪੋਲਾ ਕਰ ਦਿੱਤਾ। ਸਿੱਧੜ ਜਿਹਾ ਰਾਹੀ ਵਿਚਾਰਾ ਇਕ ਦਮ ਭੋਇੰ ‘ਤੇ ਡਿਗ ਪਿਆ। ਤਰ ਮਾਲ ਹਥਿਆਉਣ ਦੀ ਕੋਸ਼ਿਸ਼ ਵਿਚ ਲੁਟੇਰੇ ਨੇ ਉਸ ਦਾ ਝੱਗਾ ਪਾੜ ਸੁੱਟਿਆ। ਕੀ ਦੇਖਦਾ ਹੈ ਕਿ ਉਸ ਦੇ ਲੱਕ ਦੁਆਲੇ ਇਕ ਧੁਣਖੀਨੁਮਾ ਤਰ ਲਪੇਟੀ ਹੋਈ ਸੀ ਜੋ ਉਸ ਨੇ ਰਸਤੇ ਵਿਚ ਭੁੱਖ-ਪਿਆਸ ਲੱਗਣ ‘ਤੇ ਖਾਣ ਲਈ ਰੱਖੀ ਸੀ। ਬਣ ਗਿਆ ਨਾ ਹਾਸੇ ਦਾ ਮੜਾਸਾ।
ਭਰ ਗਰਮੀਆਂ ਦੇ ਦਿਨੀਂ ਜਦ ਤਿੱਖੜ ਦੁਪਹਿਰ ਹੁੰਦੀ ਹੈ, ਸੜਕਾਂ ‘ਤੇ ਹੌਂਕਦਿਆਂ ਜੇ ਕਿਤੇ ਲੂਣ, ਮਿਰਚ, ਨਿੰਬੂ ਨਾਲ ਤਰ ਬਤਰ ਦੁਫਾੜ ਹੋਈਆਂ ਤਰਾਂ ਵੇਚਦਾ ਰੇੜ੍ਹੀ ਵਾਲਾ ਮਿਲ ਜਾਵੇ ਤਾਂ ਸਮਝੋ ਅੱਖਾਂ ਵੀ ਠਰ ਗਈਆਂ ਤੇ ਭੁੱਖ-ਪਿਆਸ ਦਾ ਹੀਲਾ ਵੀ ਹੋ ਗਿਆ। ਤਰ ਇਕ ਖੀਰੇ ਜਿਹਾ ਸਲਾਦ ਵਜੋਂ ਖਾਧਾ ਜਾਣ ਵਾਲਾ ਫਲ ਹੈ। ਪੰਜਾਬੀ ਵਿਚ ਤਰ ਸ਼ਬਦ ਚਾਰ ਤਰ੍ਹਾਂ ਦੇ ਅਰਥਾਂ ਦਾ ਧਾਰਨੀ ਹੈ ਜੋ ਆਪੋ ਵਿਚ ਸਮਨਾਂਵੀਏਂ ਹਨ ਅਰਥਾਤ ਨਿਰੁਕਤਕ ਦ੍ਰਿਸ਼ਟੀ ਤੋਂ ਭਿੰਨ ਸ੍ਰੋਤਾਂ ‘ਚੋਂ ਆਏ ਹਨ। ਪਹਿਲਾ ਹੈ, ਵਿਸ਼ੇਸ਼ਣਾਂ ਵਿਚ ਤੁਲਨਾਤਮਕ ਦਰਜੇ ਦਾ ਸੂਚਕ ਪਿਛੇਤਰ। ਇਹ ਸੰਸਕ੍ਰਿਤ ਅਤੇ ਫਾਰਸੀ-ਦੋਵਾਂ ਪਾਸਿਆਂ ਤੋਂ ਆਏ ਸ਼ਬਦਾਂ ਵਿਚ ਲੱਗਾ ਹੁੰਦਾ ਹੈ ਜਿਵੇਂ ਕ੍ਰਮਵਾਰ ਉਚਤਰ, ਅਧਿਕਤਰ, ਬਿਹਤਰ ਅਤੇ ਬਦਤਰ ਆਦਿ। ਦੂਜਾ ਹੈ, ਤੈਰਨਾ ਦੇ ਅਰਥਾਂ ਵਿਚ ਜਿਵੇਂ ‘ਤਰ ਕੇ ਪਾਰ ਕਰਨਾ।’ ਤੀਜਾ ਥੱਲੇ ਦੇ ਅਰਥਾਂ ਵਿਚ ਆਉਂਦਾ ਹੈ ਯਾਨਿ ਇਹ ਤਲ (ਨੀਵਾਂ, ਹੇਠਾਂ, ਥੱਲੇ) ਦਾ ਰੁਪਾਂਤਰ ਹੈ, ‘ਹੈਵਰ ਊਪਰਿ ਛਤ੍ਰ ਤਰ॥’ (ਭਗਤ ਕਬੀਰ) ਅਰਥਾਤ ਜੋ ਘੋੜਿਆਂ ਉਪਰ ਅਤੇ ਛੱਤਰਾਂ ਹੇਠ ਬੈਠਦੇ ਹਨ।
ਅੱਜ ਅਸੀਂ ਚੌਥੇ ਤਰ ਦੀ ਚਰਚਾ ਕਰਨ ਲੱਗੇ ਹਾਂ ਜੋ ਫਾਰਸੀ ਦਾ ਸ਼ਬਦ ਹੈ ਤੇ ਇਸ ਦੇ ਫਾਰਸੀ ਵਿਚ ਅਰਥ ਹਨ-ਗਿੱਲਾ, ਭਿਜਿਆ, ਸੱਜਰਾ, ਹਰਾ, ਮਲੂਕ, ਲਵਾ, ਨਰਮ ਆਦਿ। ਪੰਜਾਬੀ ਵਿਚ ਤਰ ਅਸੀਂ ਗਿੱਲਾ, ਗੜੁੱਚ ਅਤੇ ਖਖੜੀ ਜਾਤੀ ਦੇ ਇਕ ਲੰਮ-ਸਲੰਮੇ ਅਤੇ ਵਲ-ਵਲੇਵੇਂਦਾਰ ਫਲ ਲਈ ਵੀ ਵਰਤਦੇ ਹਾਂ। ਇਸ ਦੀ ਸ਼ਕਲ ਨੂੰ ਸੱਪ ਦੀ ਤੁਲਨਾ ਵੀ ਦਿੱਤੀ ਗਈ ਹੈ, ਇਸ ਲਈ ਇਸ ਨੂੰ ਅੰਗਰੇਜ਼ੀ ਵਿਚ ਸਨੇਕ ਮੈਲਨ ਵੀ ਕਿਹਾ ਜਾਂਦਾ ਹੈ। ਇਹ ਅਸਲ ਵਿਚ ਖਰਬੂਜ਼ੇ ਦੀ ਜ਼ਦ ਵਿਚੋਂ ਆਉਂਦਾ ਹੈ। ਇਹ ਸ਼ਾਇਦ ਮਿਸਰ ਵਲੋਂ ਆਇਆ ਹੈ। ਕਿਸੇ ਚੀਜ਼ ਨੂੰ ਗਿੱਲਾ ਕਰਨ ਲਈ ਅਸੀਂ ‘ਤਰ ਕਰਨਾ’ ਕਹਿ ਦਿੰਦੇ ਹਾਂ। ਫਾਰਸੀ ਦਾ ਹੀ ਮੁਹਾਵਰਾ ‘ਤਰ-ਬ-ਤਰ’ ਵੀ ਆਮ ਹੀ ਵਰਤਿਆ ਜਾਂਦਾ ਹੈ। ਤਰ ਸ਼ਬਦ ਵਿਚ ਗਿੱਲੇ, ਸਾਵੇ ਜਾਂ ਤਾਜ਼ੇ ਹੋਣ ਦੇ ਭਾਵ ਅਸਲ ਵਿਚ ਇਕ ਦੂਜੇ ਨਾਲ ਜੁੜਵੇਂ ਹਨ। ਤਾਜ਼ਾ ਬਨਸਪਤੀ ਰਸੀਲੀ, ਪਾਣੀ ਨਾਲ ਭਰੀ, ਹਰੀ ਅਤੇ ਨਰਮ ਹੁੰਦੀ ਹੈ। ਇਸ ਵਿਚ ਲਵੇ ਜਾਂ ਛੋਟੇ ਹੋਣ ਦੇ ਭਾਵ ਵੀ ਸਮਝ ਪੈਂਦੇ ਹਨ। ਇਸ ਲਈ ਤਰ ਸ਼ਬਦ ਇਕ ਛੋਟੇ ਪੰਛੀ ਦਾ ਨਾਂ ਵੀ ਹੈ।
ਤਰ ਸ਼ਬਦ ਵਿਚ ਪਾਣੀ ਨਾਲ ਗਿੱਲੇ ਹੋਣ ਦੇ ਭਾਵ ਦੇ ਨਾਲ ਤੇਲ, ਘਿਉ ਨਾਲ ਗੜੁੱਚ ਹੋਣ ਦਾ ਆਸ਼ਾ ਵੀ ਹੈ। ਪਾਣੀ ਨਾਲ ਭਰਪੂਰ ਜਾਂ ਗੜੁੱਚ ਤੋਂ ਇਸ ਵਿਚ ਬਹੁਤਾਤ ਦੇ ਅਰਥ ਜੁੜਦੇ ਹਨ। ਇਸ ਲਈ ‘ਤਰ ਮਾਲ’ ਦਾ ਮਤਲਬ ਹੈ, ਬਹੁਤੀ ਮਾਇਆ। ‘ਤਰ ਸਾਮੀ’ ਮਾਲਦਾਰ ਵਿਅਕਤੀ ਨੂੰ ਆਖਦੇ ਹਨ। ਫਾਰਸੀ ਤੋਂ ਆਏ ਤਰਾਬੋਰ (ਸ਼ਰਾਬੋਰ ਵੀ ਹੈ) ਦਾ ਅਰਥ ਹੈ, ਖੂਬ ਭਿਜਿਆ। ਤਰ ਤੋਂ ਤਰੌਤ, ਤਰੌਂਤ ਜਾਂ ਤਰਾਵਟ ਭਾਵਵਾਚਕ ਨਾਂਵ ਬਣਦੇ ਹਨ। ਫਾਰਸੀ ਵਿਚ ‘ਤਰ ਕਰਦਨ’ ਦਾ ਮਤਲਬ ਹੈ-ਗਿੱਲਾ ਕਰਨਾ, ਸਿੰਜਣਾ। ਇਸ ਤੋਂ ਸਹਿਜੇ ਹੀ ਪੰਜਾਬੀ ਤਰੌਂਕਣਾ (ਤਰ+ਕਰਨਾ) ਬਣ ਜਾਂਦਾ ਹੈ। ਤਾਜ਼ੀ ਰਸ ਭਰੀ ਸਬਜ਼ੀ ਨੂੰ ਤਰਕਾਰੀ ਕਿਹਾ ਜਾਂਦਾ ਹੈ: ‘ਦਿੰਨਾਂ ਤੈਨੂੰ ਤਰਕਾਰੀ!’ ਜਿਹੇ ਦਬਕੇ ਤੋਂ ਦਾਲ-ਖਾਣਿਆਂ ਵਿਚ ਤਰਕਾਰੀ ਦੀ ਸ਼ਾਨ ਉਜਾਗਰ ਹੁੰਦੀ ਹੈ। ਇਕ ਕੋਸ਼ ਅਨੁਸਾਰ ਪੰਜਾਬ ਵਿਚ ਖਾਣਯੋਗ ਮਾਸ ਨੂੰ ਤਰਕਾਰੀ ਕਿਹਾ ਜਾਂਦਾ ਹੈ। ਸਬਜ਼ੀ ਆਦਿ ਦੀ ਤਰੀ ਵੀ ਇਸ ਵਿਚ ਪਾਈ ਪਾਣੀ ਜਾਂ ਘਿਉ ਆਦਿ ਦੀ ਮਾਤਰਾ ਹੀ ਹੁੰਦੀ ਹੈ।
ਅਸੀਂ ਮੁੜ ਕਕੜੀ ਦੇ ਅਰਥਾਂ ਵਾਲੇ ਤਰ ਸ਼ਬਦ ‘ਤੇ ਆਉਂਦੇ ਹਾਂ। ਹੈਰਾਨੀ ਵਾਲੀ ਗੱਲ ਹੈ ਕਿ ਫਾਰਸੀ, ਹਿੰਦੀ ਅਤੇ ਉਰਦੂ ਵਿਚ ਤਰ ਸ਼ਬਦ ਕਕੜੀ ਦੇ ਅਰਥਾਂ ਵਿਚ ਨਹੀਂ ਆਉਂਦਾ। ਫਾਰਸੀ ਵਿਚ ਤਰਅ ਸ਼ਬਦ ਦਾ ਅਰਥ ਹੈ-ਸਬਜ਼ੀ, ਭਾਜੀ, ਤਰਕਾਰੀ। ਤਾਂ ਕੀ ਪੰਜਾਬੀ ਵਿਚ ਆ ਕੇ ਇਹ ਕਕੜੀ ਦੇ ਅਰਥਾਂ ਵਿਚ ਰੂੜ ਹੋ ਗਿਆ? ਮੈਂ ਮਰਾਠੀ ਦੇ ਕੁਝ ਕੋਸ਼ ਫੋਲੇ ਅਤੇ ਇਕ ਮਰਾਠੀ ਦੋਸਤ ਤੋਂ ਪੁਸ਼ਟੀ ਕਰਵਾਈ। ਮਰਾਠੀ ਵਿਚ ਤਰ ਲਈ ‘ਤਰਕਾਂਕੜੀ’ ਅਤੇ ਇਸ ਦਾ ਇਕ ਉਪਭਾਸ਼ਾਈ ਰੁਪਾਂਤਰ ‘ਟਰਕਾਂਕੜੀ’ ਸ਼ਬਦ ਲੱਭੇ। ਮੌਲਜ਼ਵਰਥ ਦੇ ਮਰਾਠੀ ਕੋਸ਼ ਵਿਚ ਟਰਕਾਂਕੜੀ ਦੀ ਵਿਆਖਿਆ ਇਸ ਤਰ੍ਹਾਂ ਦਿੱਤੀ ਗਈ ਹੈ, “ਕਕੜੀ ਦੀ ਇਕ ਪ੍ਰਜਾਤੀ ਜਿਸ ਦਾ ਫਲ ਵੱਡਾ ਅਤੇ ਲੰਮਾ ਹੁੰਦਾ ਹੈ। ਇਹ ਗਰਮੀਆਂ ਵਿਚ ਦਰਿਆਵਾਂ ਦੇ ਲਾਗੇ ਉਗਾਈ ਜਾਂਦੀ ਹੈ…।” ਕੋਸ਼ ਵਿਚ ਤਰਕਾਂਕੜੀ ਦੇ ਇੰਦਰਾਜ ਅਧੀਨ ਹੋਰ ਵਿਆਖਿਆ ਮਿਲਦੀ ਹੈ, “ਕਾਂਕੜੀ ਨਾਲ ਗਿੱਲਾ ਦੇ ਅਰਥਾਂ ਵਾਲਾ ਫਾਰਸੀ ਤਰ ਸ਼ਬਦ ਇਸ ਲਈ ਜੋੜਿਆ ਗਿਆ ਹੈ ਕਿਉਂਕਿ ਇਹ ਦਰਿਆਵਾਂ ਦੇ ਲਾਗੇ ਉਗਾਈ ਜਾਂਦੀ ਹੈ।”
ਇਥੋਂ ਜਾਪਦਾ ਹੈ ਕਿ ਸ਼ਾਇਦ ਪੰਜਾਬੀ ਦੀ ਕਿਸੇ ਉਪਭਾਸ਼ਾ, ਖਾਸ ਤੌਰ ‘ਤੇ ਲਹਿੰਦੇ ਵਿਚ ਵੀ ਪਹਿਲਾਂ ਪਹਿਲ ਸ਼ਬਦ ‘ਤਰਕਕੜੀ’ ਹੀ ਹੋਵੇਗਾ ਤੇ ਸਮੇਂ ਦੇ ਫੇਰ ਨਾਲ ਕਕੜੀ ਵਿਚੋਂ ਅਲੋਪ ਹੋ ਗਿਆ। ਸੋ, ਪਾਣੀ ਜਾਂ ਗਿੱਲ ਨਾਲ ਇਸ ਦਾ ਸਬੰਧ ਦਰਿਆ ਦੇ ਕਿਨਾਰੇ ਉਗਣ ਕਾਰਨ ਹੋ ਸਕਦਾ ਹੈ। ਲਹਿੰਦੀ ਵਿਚ ਕੁਝ ਹੋਰ ਸ਼ਬਦ ਹਨ: ਤਰਲੀ-ਇਕ ਕਿਸਮ ਦਾ ਕੱਦੂ; ਤਰਾੜ-ਬਰਸਾਤਾਂ ਵਿਚ ਉਗਣ ਵਾਲਾ ਘਾਹ, ਜਿਸ ਨੂੰ ਘੋੜੇ ਚਾਹ ਕੇ ਖਾਂਦੇ ਹਨ। ਤਰਦਾ ਮਾਲ=ਤਰ ਮਾਲ।
ਦਰਅਸਲ ਅਦਰਕ ਸ਼ਬਦ ਦਾ ਮੂਲ ਅਰਥ ਵੀ ਗਿੱਲਾ, ਕੱਚਾ, ਤਾਜ਼ਾ ਹੈ। ਸੰਸਕ੍ਰਿਤ ਵਿਚ ਇਸ ਦਾ ਰੂਪ ਹੈ, ਆਰਦ੍ਰਕ। ਸੰਸਕ੍ਰਿਤ ਆਰਦ੍ਰ ਦਾ ਮਤਲਬ ਹੁੰਦਾ ਹੈ, ਗਿੱਲਾ। ਅਦਰਕ ਤੋਂ ਵਿਗੜ ਕੇ ਪੁਆਧੀ ਆਦਾ ਬਣਿਆ। ਕੱਚਾ ਦੇ ਅਰਥਾਂ ਵਾਲੇ ਅੱਲਾ, ਅੱਲ੍ਹੜ ਵਿਚ ਵੀ ਇਸੇ ਤਰ੍ਹਾਂ ਦਾ ਵਿਗਾੜ ਹੈ। ਦਿਲਚਸਪ ਗੱਲ ਹੈ ਕਿ ਇਸੇ ਜਾਤੀ ਨਾਲ ਮਿਲਦੇ ਅੰਗਰੇਜ਼ੀ ਸ਼ਬਦ ੰeਲੋਨ ਅਤੇ ਫੁਮਪਕਨਿ ਵਿਚ ਪੱਕੇ ਹੋਣ ਦਾ ਭਾਵ ਹੈ, ਸ਼ਾਇਦ ਇਸ ਤੱਥ ਤੋਂ ਕਿ ਇਹ ਫਲ ਸੂਰਜ ਦੀ ਗਰਮੀ ਨਾਲ ਪੱਕੇ ਹੋਏ ਰੂਪ ਵਿਚ ਹੀ ਤੋੜੇ ਤੇ ਖਾਧੇ ਜਾਂਦੇ ਹਨ।
ਪਰ ਅਸੀਂ ਇਥੇ ਇਕ ਹੋਰ ਤੱਥ ਵੱਲ ਵੀ ਧਿਆਨ ਦਿਵਾਉਣਾ ਹੈ। ਦਰਅਸਲ ਫਾਰਸੀ ਦਾ ਤਾਜ਼ਗੀ, ਰਸਭਰਪੂਰਤਾ, ਗਿੱਲ, ਸਿੱਲ੍ਹ, ਹਰਿਆਵਲ ਦੇ ਅਰਥਾਂ ਵਾਲਾ ‘ਤਰਾਵਤ’ ਸ਼ਬਦ ਅਰਬੀ ਤੋਂ ਆਇਆ ਹੈ ਤੇ ਅਰਬੀ ਫਾਰਸੀ ਵਿਚ ਇਸ ਦੇ ਹੇਜੇ ‘ਤੋਇ’ ਅੱਖਰ ਨਾਲ ਸ਼ੁਰੂ ਹੁੰਦੇ ਹਨ ਜਦਕਿ ਟਾਕਰੇ ‘ਤੇ ਲਗਭਗ ਇਨ੍ਹਾਂ ਹੀ ਅਰਥਾਂ ਵਾਲੇ ‘ਤਰ’ ਸ਼ਬਦ ਵਿਚ ‘ਤੇ’ ਅੱਖਰ ਲਗਦਾ ਹੈ। ਅਰਬੀ ‘ਤਰਵ’ ਕ੍ਰਿਆ ਦਾ ਅਰਥ ਹੈ, ਤਾਜ਼ਾ ਜਾਂ ਰਸੀਲਾ ਹੋਣਾ। ਅਰਬੀ ਤਰਈ ਦੇ ਮਾਅਨੇ ਹਨ-ਤਾਜ਼ਾ, ਨਵਾਂ, ਲਵਾ; ਤਾਜ਼ੀਆਂ ਸਬਜ਼ੀਆਂ। ਕੀ ਇਹ ਸੰਜੋਗੀ ਸਾਂਝ ਹੈ ਜਾਂ ਇਹ ਸ਼ਬਦ ਫਾਰਸੀ ਤੋਂ ਅਰਬੀ ਵਿਚ ਤੋਏ ਦੇ ਹੇਜਿਆਂ ਵਿਚ ਗਏ ਤੇ ਮੁੜ ਫਾਰਸੀ ਵਿਚ ਆ ਗਏ? ਹੋਰ ਸੋਚਣ ਵਾਲੀ ਗੱਲ ਹੈ।
ਨਿਰੁਕਤਕਾਰ ਅਜਿਤ ਵਡਨੇਰਕਰ ਅਨੁਸਾਰ ਤਰ ਸ਼ਬਦ ਦਾ ਧਾਤੂ ‘ਤ੍ਰਿਪ’ ਹੈ ਜਿਸ ਵਿਚ ਪ੍ਰਸੰਨ, ਸੰਤੁਸ਼ਟ ਕਰਨ ਦੇ ਭਾਵ ਹਨ। ਇਸੇ ਤੋਂ ਤ੍ਰਿਪਤ ਸ਼ਬਦ ਬਣਿਆ ਹੈ। ਇਸ ਵਿਚ ਗਿੱਲਾ ਕਰਨ ਅਰਥਾਤ ਪਾਣੀ ਨਾਲ ਤ੍ਰਿਪਤ ਕਰਨ ਦੇ ਭਾਵ ਵੀ ਹਨ। ਇਥੇ ‘ਪ’ ਧੁਨੀ ਦੇ ਅਲੋਪ ਹੋਣ ਦੀ ਵਿਆਖਿਆ ਸਮਝ ਵਿਚ ਨਹੀਂ ਆਉਂਦੀ। ਬਹੁਤੇ ਸ੍ਰੋਤਾਂ ਅਨੁਸਾਰ ਤਰ ਸ਼ਬਦ ਦਾ ਧਾਤੂ ‘ਤ੍ਰਿ’ ਹੈ ਜਿਸ ਵਿਚ ਪਾਰ ਜਾਣ ਦਾ ਭਾਵ ਹੈ। ਤਰਨਾ ਜਾਂ ਤੈਰਨਾ ਸ਼ਬਦ ਇਸੇ ਤੋਂ ਬਣੇ ਹਨ। ਅਸੀਂ ਇਸ ਨੂੰ ਤਰੁਣ ਸ਼ਬਦ ਤੋਂ ਸਮਝਣ ਦੀ ਕੋਸਿਸ਼ ਕਰਦੇ ਹਾਂ। ਤਰੁਣ ਦੇ ਸੰਸਕ੍ਰਿਤ ਵਿਚ ਅਰਥ ਹਨ-ਅਗਾਂਹਵਧੂ, ਪ੍ਰਗਤੀਸ਼ੀਲ; ਜਵਾਨ, ਮਲੂਕ, ਯੁਵਾ; ਤਾਜ਼ਾ, ਨਵਾਂ; ਹੁਣੇ ਚੜ੍ਹਿਆ ਸੂਰਜ ਜਾਂ ਹੋਈ ਗਰਮੀ। ਇਨ੍ਹਾਂ ਤੋਂ ਇਲਾਵਾ ਕੁਆਰ ਤੇ ਕੁਝ ਹੋਰ ਬਨਸਪਤੀਆਂ ਲਈ ਵੀ ਤਰੁਣ ਸ਼ਬਦ ਦੀ ਵਰਤੋਂ ਮਿਲਦੀ ਹੈ। ਤਰੁਣ ਜਿਹਾ ਸ਼ਬਦ ਪੁਰਾਣੀ ਫਾਰਸੀ ਵਿਚ ਵੀ ਮਿਲਦਾ ਹੈ ਜਿਸ ਦਾ ਅਰਥ ਨੌਜਵਾਨ ਹੈ। ਅਸੀਂ ਲੱਖਣ ਲਾ ਸਕਦੇ ਹਾਂ ਕਿ ਪਾਰ ਕਰਨ ਵਿਚ ਅੱਗੇ ਵਧਣ ਦੇ ਭਾਵ ਹਨ ਜਿਸ ਤੋਂ ਜਵਾਨੀ ਦੇ ਅਰਥ ਵਿਕਸਿਤ ਹੁੰਦੇ ਹਨ ਜੋ ਅੱਗੇ ਵਧਣ ਲਈ ਤਤਪਰ ਹੁੰਦੀ ਹੈ। ਤਰੁਣ ਦਾ ਇਕ ਅਰਥ ਲਗਰ ਵੀ ਹੈ। ਇਸ ਤੋਂ ਫਿਰ ਨਵਾਂ, ਤਾਜ਼ਾ, ਹਰਾ, ਰਸੀਲਾ, ਮਲੂਕ, ਆਦਿ ਵੱਲ ਗੱਲ ਵਧਦੀ ਹੈ।
ਚਲਦੇ-ਚਲਦੇ ਤਰੀ ਸ਼ਬਦ ਬਾਰੇ ਟਰਨਰ ਦੀ ਵਿਆਖਿਆ ਵੀ ਜਾਣ ਲਈਏ। ਉਸ ਨੇ ਤਰੀ ਦਾ ਅਰਥ ‘ਤਰਦੀ ਪਰਤ’ ਦਰਸਾਇਆ ਹੈ। ਉਸ ਅਨੁਸਾਰ ਤਰਿਕਾ ਸ਼ਬਦ ਦਾ ਅਰਥ ਮਲਾਈ ਹੈ (ਜੋ ਦੁਧ ਉਤੇ ਤਰਦੀ ਹੈ)। ਪ੍ਰਾਕ੍ਰਿਤ ਵਿਚ ਮਲਾਈ ਲਈ ਸ਼ਬਦ ਤਰਿਯਾ ਹੈ। ਟਰਨਰ ਅਨੁਸਾਰ ਸਬਜ਼ੀ ਆਦਿ ਵਿਚਲੇ ਤਰਲ ਪਦਾਰਥ ਲਈ ਪੰਜਾਬੀ ਸ਼ਬਦ ਤਰੀ ਦਰਅਸਲ ਸੂਪ ਜਾਂ ਹੋਰ ਤਰਲ ਪਦਾਰਥਾਂ ਵਿਚ ਤਰਦੇ ਤੇਲ ਜਾਂ ਘਿਉ ਵੱਲ ਸੰਕੇਤ ਕਰਦਾ ਹੈ। ਇਸ ਤੋਂ ਤਰ ਮਾਲ ਜਾਂ ਤਰਦਾ ਮਾਲ ਸਮਾਸਾਂ ਤੋਂ ਮੁਰਾਦ ਮਲਾਈ ਹੀ ਹੈ ਜੋ ਸਾਡੇ ਸਮਾਜ ਵਿਚ ਦੁਰਲਭ, ਪ੍ਰਲੋਭਕ ਅਤੇ ਮੁੱਲਵਾਨ ਚੀਜ਼ ਹੈ, ਇਸ ਲਈ ਇਨ੍ਹਾਂ ਸ਼ਬਦਾਂ ਦੇ ਲਾਖਣਿਕ ਅਰਥ ‘ਬਹੁਤੀ ਮਾਇਆ’ ਵਿਚ ਵਿਕਸਿਤ ਹੁੰਦੇ ਹਨ।