ਹੁਣ ਪਿੰਡ ਨਹੀਂ ਜਾ ਹੋਣਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਅਜੋਕੇ ਸਮੇਂ ਵਿਚ ਰਿਸ਼ਤਿਆਂ ਵਿਚ ਆ ਗਈ ਖੁਸ਼ਕੀ ਦੇ ਹਵਾਲੇ ਨਾਲ ਹੰਝੂਆਂ ਦੀ ਗਾਥਾ ਬਿਆਨ ਕਰਦਿਆਂ ਹਉਕਾ ਲਿਆ ਸੀ,

“ਕਾਸ਼! ਅਸੀਂ ਹੰਝੂ ਦੀ ਤਾਸੀਰ ਨੂੰ ਪੜ੍ਹਨ ਅਤੇ ਇਸ ਦਾ ਅਕਸ ਆਪਣੇ ਮਸਤਕ ਵਿਚ ਉਤਾਰਨ ਦੇ ਕਾਬਲ ਹੋ ਸਕੀਏ।” ਹਥਲੇ ਲੇਖ ਵਿਚ ਉਨ੍ਹਾਂ ਆਪਣੇ ਬਚਪਨ ਵੇਲੇ ਦੇ ਪੁਰਾਣੇ ਪੇਂਡੂ ਸਭਿਆਚਾਰ ਪ੍ਰਤੀ ਹੇਰਵਾ ਦਰਸਾਇਆ ਹੈ ਅਤੇ ਨਾਲ ਹੀ ਇਹ ਦੁਬਿਧਾ ਵੀ ਦਰਸਾਈ ਹੈ ਕਿ ਹੁਣ ਤਾਂ ਉਹ ਪਿੰਡ ਹੀ ਨਹੀਂ ਰਹੇ, ਉਥੇ ਜਾਵਾਂ ਵੀ ਤਾਂ ਕਿਵੇਂ? ਉਹ ਕਹਿੰਦੇ ਹਨ, “ਪਿੰਡ ਦੇ ਚੌਗਿਰਦੇ ਵਿਚ ਫੈਲੀ ਆਪਾ ਮਾਰੂ ਸੋਚ ਨੇ ਪਿੰਡ ਨੂੰ ਹੀ ਦੂਸ਼ਿਤ ਕਰ ਦਿਤਾ ਏ। ਇਸ ਪਲੀਤ ਵਾਤਾਵਰਣ ਵਿਚ ਜਾ ਕੇ ਮੈਨੂੰ ਕੀ ਹਾਸਲ ਹੋਵੇਗਾ? ਇਸ ਸਦਮੇ ਵਰਗੇ ਸੱਚ ਦਾ ਸਾਹਮਣਾ ਕਰਨ ਤੋਂ ਮੈਂ ਘਾਬਰਦਾ ਹਾਂ ਅਤੇ ਪਿੰਡ ਵੰਨੀਂ ਜਾਣ ਤੋਂ ਤ੍ਰਹਿਣ ਲੱਗ ਪੈਂਦਾ ਹਾਂ।…ਮੇਰੇ ਖਿਆਲਾਂ ਵਿਚ ਵੱਸਿਆ ਪਿੰਡ ਪਤਾ ਨਹੀਂ ਕਿਥੇ ਅਲੋਪ ਹੋ ਗਿਆ? ਕਿੱਧਰ ਤੁਰ ਗਏ ਨੇ ਪੇਂਡੂਆਂ ਦੀ ਪਾਕੀਜ਼ਗੀ ਦੇ ਕਿੱਸੇ? ਕਿਸ ਨੇ ਅਗਵਾ ਕਰ ਲਈਆਂ ਨੇ ਬਜ਼ੁਰਗ ਮਾਂਵਾਂ ਦੀਆਂ ਅਸੀਸਾਂ ਭਰੀਆਂ ਠੰਢੜੀਆਂ ਛਾਂਵਾਂ? ਕਿਹਨੇ ਬਜ਼ੁਰਗਾਂ ਦੇ ਅਸ਼ੀਰਵਾਦਾਂ ਵਿਚ ਹਿੱਚਕੀਆਂ ਬੀਜੀਆਂ?…ਭਲਾ! ਢਲਦੀ ਉਮਰੇ ਮੈਂ ਆਪਣੇ ਸਾਹਾਂ ਨੂੰ ਕਾਲ ਕੋਠੜੀ ਵਿਚ ਕੈਦ ਕਿੰਜ ਕਰਾਂ?” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬੜਾ ਮਨ ਕਰਦਾ ਹੈ ਆਪਣੇ ਪਿੰਡ ਜਾਵਾਂ। ਇਸ ਦੀਆਂ ਗਲੀਆਂ ਨੂੰ ਸਿਜ਼ਦਾ ਕਰਾਂ ਜਿਨ੍ਹਾਂ ਨੇ ਮੇਰੇ ਬਚਪਨ ਦੀਆਂ ਯਾਦਾਂ ਨੂੰ ਸੰਭਾਲਿਆ ਹੋਇਆ ਏ। ਆਪਣੇ ਜਿੱਦੀ ਘਰ ਵਿਚ ਫੈਲੀ ਗੰਧ ਆਪਣੇ ਅੰਦਰ ਉਤਾਰਾਂ ਜਿਸ ਨੇ ਮੇਰੇ ਮੱਥੇ ਵਿਚ ਸੁੱਚੇ ਸੁਪਨੇ ਧਰੇ ਸਨ। ਇਸ ਦੀ ਕੋਠੜੀ ਵਿਚ ਕਦਮ ਰੱਖਾਂ ਜਿਥੇ ਕਦੇ ਬੱਚੇ ਹੁੰਦਿਆਂ ਜੇਠ-ਹਾੜ ਦੀਆਂ ਤਿੱਖੜ ਦੁਪਹਿਰਾਂ ਨੂੰ ਨੀਂਦ ਦਾ ਅਨੰਦ ਮਾਣਿਆ ਸੀ। ਇਸ ਦੀ ਲੱਕੜ ਦੀ ਪੌੜੀ ਦੀ ਯਾਦ ਤਾਜ਼ੀ ਕਰਾਂ ਜੋ ਆਪਣੀ ਹੋਂਦ ਤਾਂ ਗਵਾ ਚੁਕੀ ਹੈ ਪਰ ਮੇਰੇ ਚੇਤਿਆਂ ਵਿਚ ਸੱਜਰਾ ਹੈ, ਬਾਪ ਦਾ ਕੁਇੰਟਲ ਦੀ ਬੋਰੀ ਪਿੱਠ ‘ਤੇ ਲੈ ਕੇ ਕੋਠੇ ਤੋਂ ਉਤਰਨਾ ਅਤੇ ਪਿੰਡੋਂ ਬਾਹਰ ਖੜ੍ਹੇ ਗੱਡੇ ‘ਤੇ ਲੱਦਣਾ।
ਮਨ ਬੜਾ ਕਰਦਾ ਏ ਕਿ ਉਸ ਚੁਬਾਰੇ ਦੀਆਂ ਕੰਧਾਂ ਨੂੰ ਆਪਣੇ ਮੱਥੇ ਨਾਲ ਛੁਹਾਵਾਂ ਜਿਥੇ ਕਦੇ ਸਿਆਲ ਦੀ ਰੁੱਤੇ ਬੋਰੀਆਂ ਲਟਕਾ ਕੇ ਪੜ੍ਹਦਾ ਹੁੰਦਾ ਸਾਂ ਅਤੇ ਬਲਬ ਨਾਲ ਹੀ ਆਪਣੇ ਠਰੇ ਹੱਥਾਂ ਨੂੰ ਨਿੱਘੇ ਕਰਦਿਆਂ, ਪੜ੍ਹਦਿਆਂ-ਪੜ੍ਹਦਿਆਂ ਕੁੱਕੜ ਪਹਿਲੀ ਬਾਂਗ ਦੇ ਦਿੰਦਾ ਹੁੰਦਾ ਸੀ। ਚੁਬਾਰੇ ਦਾ ਢਾਂਚਾ ਤਾਂ ਖੜ੍ਹਾ ਹੋ ਗਿਆ ਸੀ ਪਰ ਆਰਥਕ ਮੰਦਹਾਲੀ ਨੇ ਬੂਹੇ ਤੇ ਬਾਰੀਆਂ ਲਾਉਣ ਦੀ ਗੁੰਜਾਇਸ਼ ਨਹੀਂ ਸੀ ਰਹਿਣ ਦਿੱਤੀ। ਹੁਣ ਯਾਦ ਆਉਂਦਾ ਕਿ ਕਠਿਨਾਈਆਂ ਵਿਚ ਪੜ੍ਹਨ ਦਾ ਹੀ ਕ੍ਰਿਸ਼ਮਾ ਸੀ ਕਿ ਉਸ ਸਾਲ ਯੂਨੀਵਰਸਿਟੀ ਦਾ ਵਜੀਫਾ ਮਿਲ ਗਿਆ ਸੀ। ਪਰ ਭਰਾਵਾਂ ਨੇ ਬਾਹਰ ਫਿਰਨੀ ‘ਤੇ ਕੋਠੀ ਪਾਉਂਦੇ ਸਾਰ ਹੀ ਪਿੰਡ ਵਿਚਲਾ ਘਰ ਵੇਚ ਦਿੱਤਾ ਅਤੇ ਇਸ ਦੇ ਨਾਲ ਹੀ ਉਸ ਘਰ ਨਾਲ ਜੁੜੀਆਂ ਯਾਦਾਂ ਨੇ ਸੁੰਨ ਵੱਟ ਲਈ ਸੀ। ਸੋਚਦਾ ਹਾਂ, ਜੇ ਪਿੰਡ ਜਾ ਕੇ ਵੀ ਆਪਣੇ ਪੁਰਾਣੇ ਘਰ ਦੀਆਂ ਸਰਦਲਾਂ ਨੂੰ ਨਤਮਸਤਕ ਨਾ ਹੋ ਸਕਿਆ, ਚੁਬਾਰੇ ਦੇ ਬੂਹੇ-ਬਾਰੀਆਂ ਨੂੰ ਗਲੇ ਮਿਲ ਨਾ ਸਕਿਆ ਜਾਂ ਲੱਕੜ ਦੀ ਪੌੜੀ ਦੀ ਅਚੇਤ ਵਿਚ ਵੱਸੀ ਯਾਦ ਨੂੰ ਨਵਿਆ ਨਾ ਸਕਿਆ ਤਾਂ ਪਿੰਡ ਜਾਣ ਦੇ ਕੀ ਅਰਥ ਰਹਿ ਜਾਂਦੇ ਨੇ?
ਕਦੇ ਯਾਦ ਕਰਦਾ ਹਾਂ ਕਿ ਘਰਦਿਆਂ ਨੇ ਪੁਰਾਣਾ ਰੇਡੀਓ ਵੇਚ ਕੇ ਪੁਰਾਣਾ ਸਾਈਕਲ ਲੈ ਦਿੱਤਾ ਸੀ ਤਾਂ ਕਿ ਦੂਸਰੇ ਪਿੰਡ ਪੜ੍ਹਨ ਜਾਣ ਸਮੇਂ ਤੁਰਨ ਦੀ ਥਾਂ ਸਾਈਕਲ ‘ਤੇ ਜਾਣਾ ਅਸਾਨ ਰਹੇ। ਬਾਪ ਦਾ ਵਾਹੀ ਦੇ ਨਾਲ-ਨਾਲ ਗੱਡਾ ਵਾਹੁਣਾ ਅਤੇ ਆਪਣੇ ਬੱਚਿਆਂ ਦੀ ਸੋਚ ਵਿਚ ਮਿਹਨਤ ਅਤੇ ਸੁਹਿਰਦਤਾ ਦਾ ਜਾਗ ਲਾਉਣਾ, ਸਾਡੀਆਂ ਕਿਸਮਤ ਰੇਖਾਵਾਂ ਹੀ ਤਾਂ ਬਣ ਗਿਆ ਸੀ। ਹੁਣ ਇਹ ਇਕ ਸੁਪਨਾ ਜਾਪਦਾ ਏ ਜਦ ਮੈਂ ਪਿੰਡ ਦੇ ਹਰ ਜੁਆਕ ਦੇ ਕੰਨ ਵਿਚ ਕੋਕੇ, ਹੱਥਾਂ ਵਿਚ ਮੋਬਾਇਲ ਅਤੇ ਹੇਠਾਂ ਮੋਟਰਸਾਈਕਲ ਦੇਖਦਾ ਹਾਂ। ਪਿੰਡ ਦੇ ਗੱਭਰੂਆਂ ਨੂੰ ਉਡੀਕਦੇ ਖੇਤ ਆਖਰ ਨੂੰ ਵਿਕਾਊ ਹੋ ਗਏ ਨੇ ਅਤੇ ਤੜਫ ਕੇ ਰਹਿ ਗਈ ਏ ਜਮੀਨ ਨੂੰ ਸੰਭਾਲ ਕੇ ਰੱਖਣ ਵਾਲੀ ਪੁਰਖਿਆਂ ਦੀ ਦਿਲੀ ਹਸਰਤ। ਖੇਤਾਂ ‘ਚ ਜਦ ਕਾਲੋਨੀ ਉਗ ਆਵੇ, ਇਸ ਦੀਆਂ ਬਰੂਹਾਂ ਤੱਕ ਪੱਥਰਾਂ ਦਾ ਜੰਗਲ ਫੈਲ ਜਾਵੇ ਅਤੇ ਇਸ ਦੀ ਅਮੀਰ ਵਿਰਾਸਤ ਨੂੰ ਸ਼ਹਿਰੀਕਰਨ ਖਾ ਜਾਵੇ ਤਾਂ ਪਿੰਡ ਆ ਕੇ ਕਿਹੜੇ ਖੇਤਾਂ ਨੂੰ ਗੇੜੇ ਮਾਰਨ ਦਾ ਸੋਚ ਸਕਦਾ ਹਾਂ। ਖੇਤ ‘ਚ ਹੁਣ ਕਿਹੜਾ ਸ਼ਰੀਕਾਂ ਨੇ ਵੜ੍ਹਨ ਦੇਣਾ ਹੈ। ਤੁਸੀਂ ਪਿੰਡ ‘ਤੋਂ ਬਾਹਰ ਪੈਰ ਪੁੱਟੋ ਸਹੀ, ਪਿੰਡ ਨਾਲ ਤੁਹਾਡੀ ਹਰ ਸਾਂਝ ਅਤੇ ਅਮਾਨਤ ਨੂੰ ਕਬਰ ਵਿਚ ਡੂੰਘਾ ਦਬਾ ਦਿੱਤਾ ਜਾਂਦਾ ਹੈ। ਫਿਰ ਸੋਚਦਾਂ, ਚਲੋ ਭਰਮ ਬਣਿਆ ਹੀ ਰਹੇ ਤਾਂ ਚੰਗਾ ਹੈ।
ਬਰਸਾਤਾਂ ਦੇ ਦਿਨੀਂ ਝੜੀਆਂ ਲੱਗਦੀਆਂ ਤਾਂ ਪਿੰਡਾਂ ਦੀਆਂ ਕੱਚੀਆਂ ਗਲੀਆਂ ‘ਚ ਹਰ ਪਾਸੇ ਪਾਣੀ ਹੀ ਪਾਣੀ ਤੇ ਚਿੱਕੜ ਹੁੰਦਾ ਸੀ। ਰੱਬ ਦੀ ਰਜ਼ਾ ਵਿਚ ਰਹਿੰਦੇ ਮਾਲਕਾਂ ਦੇ ਫਾਕਿਆਂ ਦੇ ਨਾਲ ਨਾਲ, ਡੰਗਰ ਵੀ ਫਾਕਾ ਕੱਟਦੇ ਸਨ। ਕਦੇ ਕਦਾਈਂ ਮੀਂਹ ‘ਚ ਡਿਗੇ ਢਾਰੇ ਕਿਸੇ ਗਰੀਬ ਲਈ ਨਵੀਂ ਮੁਸੀਬਤ ਲੈ ਕੇ ਆਉਂਦੇ। ਖੂਹਾਂ ਦੇ ਪਾਣੀ ਧਰਤੀ ਤੋਂ ਹੱਥ ਕੁ ਹੀ ਨੀਂਵੇਂ ਰਹਿ ਜਾਂਦੇ, ਪਰ ਹੁਣ ਤਾਂ ਮੀਂਹ ਵੀ ਪੰਜਾਬ ਤੋਂ ਦੁਖੀ ਹੋ ਕੇ ਦੂਰ ਤੁਰ ਗਏ ਹਨ ਅਤੇ ਅਸੀਂ ਇਸ ਦੇ ਪਾਣੀ ਨੂੰ ਪਤਾਲ ਤੱਕ ਹੜੱਪ ਕਰ ਚੁਕੇ ਹਾਂ। ਪਾਣੀ ਵਿਹੂਣੇ ਪਿੰਡ ਬਾਰੇ ਤਾਂ ਮੈਂ ਕਦੇ ਕਿਆਸ ਵੀ ਨਹੀਂ ਸੀ ਕੀਤਾ ਅਤੇ ਨਾ ਹੀ ਸੋਚਿਆ ਸੀ ਕਿ ਪਿੰਡ ਦੀਆਂ ਖੂਹੀਆਂ, ਟਿਊਬਵੈਲ ਅਤੇ ਨਲਕੇ ਖਾਰੇ ਤੇ ਜ਼ਹਿਰੀਲੇ ਹੋਣ ਦਾ ਸੰਤਾਪ ਹੰਢਾਉਣਗੇ। ਮਨ ‘ਚ ਆਉਂਦਾ ਏ ਅੰਮ੍ਰਿਤ ਦੇ ਇਨ੍ਹਾਂ ਸੁੱਕੇ ਸੋਮਿਆਂ ਲਈ ਹਾਅ ਦਾ ਨਾਹਰਾ ਮਾਰਾਂ। ਪਰ ਕੌਣ ਸੁਣਦਾ ਏ ਸੰਵੇਦਨਾ ਭਰੀ ਹਾਕ, ਜਦੋਂ ਹਰ ਬੰਦਾ ਨਿਜੀ ਮੁਫਾਦ ਨੂੰ ਪਹਿਲ ਦੇਣ ਲੱਗ ਪਵੇ। ਲਾਲਚ ਕਾਰਨ ਮਾਨਵਤਾ ਦੇ ਸਰੋਕਾਰ ਖੁਦਕੁਸ਼ੀ ਕਰ ਲੈਂਦੇ ਨੇ। ਅਜਿਹਾ ਹੀ ਮੇਰੇ ਪਿੰਡ ਦੀ ਪਾਕ ਫਿਜ਼ਾ ਵਿਚ ਹੋ ਰਿਹਾ ਏ।
ਚੇਤਿਆਂ ‘ਚ ਵੱਸੇ ਪਿੰਡ ਵਿਚ ਹਰ ਬੱਚਾ ਸਭ ਦਾ ਸਾਂਝਾ ਹੁੰਦਾ ਸੀ ਅਤੇ ਕੋਈ ਵੀ ਵਡੇਰਾ ਤੁਹਾਡੀ ਗਲਤੀ ‘ਤੇ ਕੰਨ ਮਰੋੜ ਸਕਦਾ ਸੀ, ਤੁਹਾਡੇ ਮੌਰਾਂ ਵਿਚ ਮੁੱਕੇ ਧਰ ਸਕਦਾ ਸੀ, ਪੇਪਰ ਵਾਲੇ ਦਿਨ ਦਹੀਂ ਖਾ ਕੇ ਜਾਣ ਦੀ ਨਸੀਹਤ ਦੇ ਸਕਦਾ ਸੀ ਜਾਂ ਉਚੇਰੀ ਸਿਖਿਆ ਲੈਣ ਲਈ ਸੇਧ ਦੇ ਸਕਦਾ ਸੀ, ਜਿਸ ਦਾ ਹਰ ਕੋਈ ਸਤਿਕਾਰ ਕਰਦਾ ਸੀ। ਇਕ ਬੱਚੇ ਦੀ ਪ੍ਰਾਪਤੀ, ਸਾਰੇ ਪਿੰਡ ਲਈ ਮਾਣ ਹੁੰਦੀ ਸੀ। ਉਹ ਇਕ ਦੂਜੇ ਨਾਲ ਖੁਸ਼ੀ ਸਾਂਝੀ ਕਰਨਾ ਪਰਮ ਧਰਮ ਸਮਝਦੇ ਸਨ। ਪਿੰਡ ਵਿਚ ਹਰ ਧੀ ਪਿੰਡ ਦੀ ਧੀ ਹੁੰਦੀ ਸੀ। ਗਰੀਬ-ਗੁਰਬੇ ਦੀ ਮਦਦ ਕਰਨਾ ਸਭ ਦਾ ਫਰਜ ਹੁੰਦਾ ਸੀ। ਵਿਆਹ, ਪਾਠ, ਕੁੜਮਾਈ ਸਮੇਤ ਹਰ ਸਮਾਗਮ ਸਭ ਦਾ ਸਾਂਝਾ ਹੁੰਦਾ ਸੀ ਅਤੇ ਇਸ ਦੀ ਸਫਲਤਾ ਲਈ ਸਾਰੇ ਇਕਠੇ ਹੁੰਦੇ ਸਨ।
ਸੋਚਦਾਂ, ਇਹ ਕੇਹੇ ਵਕਤ ਆ ਗਏ ਨੇ ਕਿ ਪਿੰਡ ਦੀ ਧੀ ਨੂੰ ਮਾਸ਼ੂਕ/ਪਤਨੀ ਬਣਾਉਣ ਲੱਗਿਆਂ, ਪਿੰਡ ਦੇ ਗਭਰੀਟ ਦੇਰ ਨਹੀਂ ਲਾਉਂਦੇ। ਕਿਸੇ ਦੇ ਜੁਆਕ ਨੂੰ ਨਸ਼ਿਆਂ ‘ਚ ਲਾ ਕੇ ਸ਼ਰੀਕ ਦੀ ਜਮੀਨ ਵਿਕਾਉਣ ਅਤੇ ਉਸ ਨੂੰ ਕੰਗਾਲ ਕਰਨ ਦੀ ਬਿਰਤੀ ਹਰ ਸ਼ਖਸ ਵਿਚ ਭਾਰੂ ਏ। ਪਿੰਡ ਦੇ ਲਾਗੀ ਦਰਾਂ ‘ਚੋਂ ਹੀ ਦੁਰਕਾਰੇ ਜਾਂਦੇ ਨੇ। ਬੜਾ ਚੇਤਾ ਆਉਂਦਾ ਏ ਗੋਹਾ-ਕੂੜਾ ਕਰਨ ਵਾਲੀ ਤਾਈ ਚਿੰਤੀ ਦੇ ਘਰ ਜਾਣਾ, ਕੰਬਦੇ ਹੱਥਾਂ ਦੀ ਅਸੀਸ ਲੈਣਾ ਅਤੇ ਪਿੱਤਲ ਦੇ ਗਲਾਸ ਵਿਚ ਸੁੜਾਕਿਆਂ ਨਾਲ ਚਾਹ ਪੀਣਾ। ਮਾਂ ਵਰਗਾ ਪਿਆਰ ਕਰਨ ਵਾਲੀਆਂ ਚਿੰਤੀਆਂ ਹੁਣ ਕਿਥੇ ਰਹਿ ਗਈਆਂ ਨੇ! ਹੁਣ ਤਾਂ ਜੁਆਕ ਘਰ ਵਿਚ ਕੰਮ ਕਰਨ ਵਾਲੀਆਂ ਨਾਲ ਮੋਹ ਅਤੇ ਸਤਿਕਾਰ ਨਾਲ ਪੇਸ਼ ਹੀ ਨਹੀਂ ਆਉਂਦੇ। ਉਨ੍ਹਾਂ ਲਈ ਵੱਡਿਆਂ ਸੰਗ ਯਾਰੀ ਹੀ ਸਮਾਜਕ ਰੁਤਬੇ ਦਾ ਬਿੰਬ ਏ। ਪਿੰਡ ਦੇ ਚੌਗਿਰਦੇ ਵਿਚ ਫੈਲੀ ਆਪਾ ਮਾਰੂ ਸੋਚ ਨੇ ਪਿੰਡ ਨੂੰ ਹੀ ਦੂਸ਼ਿਤ ਕਰ ਦਿਤਾ ਏ। ਇਸ ਪਲੀਤ ਵਾਤਾਵਰਣ ਵਿਚ ਜਾ ਕੇ ਮੈਨੂੰ ਕੀ ਹਾਸਲ ਹੋਵੇਗਾ? ਇਸ ਸਦਮੇ ਵਰਗੇ ਸੱਚ ਦਾ ਸਾਹਮਣਾ ਕਰਨ ਤੋਂ ਮੈਂ ਘਾਬਰਦਾ ਹਾਂ ਅਤੇ ਪਿੰਡ ਵੰਨੀਂ ਜਾਣ ਤੋਂ ਤ੍ਰਹਿਣ ਲੱਗ ਪੈਂਦਾ ਹਾਂ।
ਪਿੰਡ ਵਿਚ ਦਿਨ-ਦਿਹਾਰ ‘ਤੇ ਘਰ ਦੀ ਕੱਢੀ ਦਾਰੂ ਪੀ ਕੇ ਲਲਕਾਰੇ ਮਾਰਨਾ, ਸਿਰ ਪਾੜ੍ਹਨਾ ਜਾਂ ਕਤਲ ਕਰਨਾ, ਇਕ ਨਾਂਹ-ਪੱਖੀ ਵਰਤਾਰਾ ਹੁੰਦਾ ਸੀ। ਹਰ ਦੀਵਾਲੀ ਜਾਂ ਤਿਓਹਾਰ ‘ਤੇ ਗਲੀਆਂ ‘ਚ ਖੜਕਦੀਆਂ ਡਾਂਗਾਂ ਅਤੇ ਵੱਜਦੇ ਲਲਕਾਰੇ ਪਿੰਡ ਦੇ ਸਭਿਆਚਾਰ ਦਾ ਹਿੱਸਾ ਤਾਂ ਹੁੰਦੇ ਸਨ ਪਰ ਕਿਸੇ ਸਾਂਝੇ ਕਾਰਜ ਲਈ ਕੋਈ ਕਦੇ ਵੀ ਰੁਕਾਵਟ ਨਹੀਂ ਸੀ ਬਣਦਾ। ਬਿਗਾਨੇ ਵਿਹੜੇ ‘ਚੋਂ ਜਾਮਣਾਂ ਤੋੜਨਾ, ਅੰਬਰ ਜੇਡ ਉਚੀਆਂ ਖਜੂਰਾਂ ‘ਤੇ ਚੜ੍ਹ ਕੇ ਖਜੂਰਾਂ ਤੋੜਨਾ ਜਾਂ ਕਿਸੇ ਦੇ ਕੱਚੇ ਅਮਰੂਦ ਤੋੜਨਾ-ਬਚਪਨੀ ਸ਼ਰਾਰਤਾਂ ਦਾ ਆਧਾਰ ਸੀ। ਪਰ ਕੋਈ ਗੁੱਸਾ ਨਹੀਂ ਸੀ ਕਰਦਾ ਸਿਰਫ ਰੋਅਬਦਾਰ ਝਿੜਕਾਂ ਜਰੂਰ ਪੈਂਦੀਆਂ ਸਨ ਜਿਸ ਦਾ ਅਲਬੇਲਾ ਬਚਪਨਾ ਬਹੁਤ ਲੁਤਫ ਉਠਾਉਂਦਾ ਸੀ। ਹੁਣ ਤਾਂ ਪਿੰਡ ਨਿੱਕੇ ਦਾਇਰਿਆਂ ਵਿਚ ਸੁੰਗੜ ਗਿਆ ਏ।
ਸਮਾਜਕ ਵੰਡ ਤਾਂ ਕਦੇ ਪਿੰਡਾਂ ਵਿਚ ਹੁੰਦੀ ਸੀ ਪਰ ਹੁਣ ਰਾਜਨੀਤਕ ਅਤੇ ਧਾਰਮਿਕ ਵੰਡ ਨੇ ਪਿੰਡ ਦੀ ਪਾਕੀਜ਼ਗੀ ਨੂੰ ਲੀਰੋ-ਲੀਰ ਕਰ ਦਿੱਤਾ ਏ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰ ਦਿੱਤਾ ਏ। ਮੇਰੇ ਕੋਲੋਂ ਦੇਖ ਨਹੀਂ ਹੋਣਾ ਆਪਣਿਆਂ ਹੱਥੋਂ ਆਪਣਿਆਂ ਦਾ ਚੀਰ ਹਰਨ, ਆਪਣਿਆਂ ਦੀ ਰੁਲਦੀ ਪੱਗ ਦੇ ਲੰਗਾਰ ਅਤੇ ਆਪਣੀ ਧਾਰਮਿਕ ਆਸਥਾ ਨੂੰ ਉਚਾ ਦੱਸਣ ਲਈ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ। ਵੱਖ-ਵੱਖ ਅਕੀਦਿਆਂ ਨੂੰ ਸਰਬ-ਸੁਖਨ ਦੀ ਕਾਮਨਾ ਕਰਨ ਵਾਲੇ ਬਜ਼ੁਰਗ ਕਬਰਾਂ ‘ਚ ਸਮਾ ਗਏ ਨੇ ਅਤੇ ਉਨ੍ਹਾਂ ਨਾਲ ਹੀ ਸੂਲੀ ‘ਤੇ ਚੜ੍ਹ ਗਈ ਏ ਸਰਬੱਤ ਦੇ ਭਲੇ ਦੀ ਲੋਚਾ।
ਹਰ ਦਮ ਕੁਦਰਤ ਦੀ ਸੰਗਤ ਮਾਣਨ ਵਾਲੇ ਪਿੰਡ ਦੇ ਭੋਲੇ-ਭਾਲੇ ਲੋਕ, ਕੁਦਰਤ ‘ਚੋਂ ਹੀ ਆਪਣਾ ਜੀਵਨ ਕਿਆਸਦੇ ਸਨ। ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਦਾ ਸ਼ੁਕਰ ਮਨਾਉਂਦੇ ਤੇ ਬੇਫਿਕਰੀ ਦੇ ਆਲਮ ਵਿਚ ਢੋਲੇ ਦੀਆਂ ਲਾਉਂਦੇ ਸਨ। ਮੇਰੇ ਪਿੰਡ ਵਿਚ ਇਹ ਕੇਹੀ ਵਾਅ ਵੱਗੀ ਏ ਕਿ ਅਸੀਂ ਕੁਦਰਤ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਖੁਰਦ-ਬੁਰਦ ਕਰਨ ਦੇ ਆਹਰ ਵਿਚ ਰੁੱਖਾਂ ਅਤੇ ਕੁੱਖਾਂ ਦਾ ਮਲੀਆ-ਮੇਟ ਕਰਨ ਦੇ ਰਾਹ ਤੁਰ ਪਏ ਹਾਂ। ਖੇਤਾਂ ਵਿਚ ਅੱਜ ਕੱਲ ਫਸਲ-ਰੂਪੀ ਖੁਸ਼ਹਾਲੀ ਨਹੀਂ ਸਗੋਂ ਖੁਦਕੁਸ਼ੀਆਂ ਉਗਦੀਆਂ ਨੇ।
ਜੀਵਨ ਬਖਸ਼ਣ ਵਾਲੀਆਂ ਨਿਆਮਤਾਂ-ਧਰਤ, ਪਾਣੀ ਅਤੇ ਹਵਾ ਹੁਣ ਜੀਵ ਸੰਸਾਰ ਦੀ ਤਲੀ ‘ਤੇ ਮੌਤ ਖੁਣ ਰਹੀਆਂ ਨੇ। ਪਰਿੰਦੇ ਅੱਜ ਕੱਲ ਭਗਵਾਨ ਦੇ ਗੁਣ ਨਹੀਂ ਗਾਉਂਦੇ ਸਗੋਂ ਉਨ੍ਹਾਂ ਦੇ ਬੋਲਾਂ ਵਿਚ ਮਰਸੀਆ ਪਨਪਦਾ ਏ। ਦਰਿਆਵਾਂ ਦੀ ਰਵਾਨੀ, ਨਿਸ਼ਾਰ ‘ਚੋਂ ਡੁੱਲ੍ਹਦੇ ਪਾਣੀ ਦੇ ਸੰਗੀਤ ਅਤੇ ਹਲੀਂ ਵੱਗਦੇ ਬਲਦਾਂ ਦੀਆਂ ਟੱਲੀਆਂ ਨਾਲ ਕੁਦਰਤ ਸੰਗ ਇਕਸੁਰਤਾ ਅਲੋਪ ਹੋ ਚੁਕੀ ਹੈ। ਮੇਰੇ ਪਿੰਡ ਦੇ ਵਾਸੀ ਅਹਿਸਾਸ ਵਿਹੂਣੇ ਹੋ ਜਾਣਗੇ, ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਹੁਣ ਮੈਂ ਕਿਵੇਂ ਦੇਖਾਂਗਾ ਆਪਣੇ ਹੀ ਸਾਹਾਂ ‘ਤੇ ਕਤਲਗਾਹਾਂ ਉਸਾਰ ਰਹੇ ਹਮ-ਗਰਾਈਆਂ ਨੂੰ!
ਮੇਰੇ ਖਿਆਲਾਂ ਵਿਚ ਵੱਸਿਆ ਪਿੰਡ ਪਤਾ ਨਹੀਂ ਕਿਥੇ ਅਲੋਪ ਹੋ ਗਿਆ? ਕਿੱਧਰ ਤੁਰ ਗਏ ਨੇ ਪੇਂਡੂਆਂ ਦੀ ਪਾਕੀਜ਼ਗੀ ਦੇ ਕਿੱਸੇ? ਕਿਸ ਨੇ ਅਗਵਾ ਕਰ ਲਈਆਂ ਨੇ ਬਜ਼ੁਰਗ ਮਾਂਵਾਂ ਦੀਆਂ ਅਸੀਸਾਂ ਭਰੀਆਂ ਠੰਢੜੀਆਂ ਛਾਂਵਾਂ? ਕਿਹਨੇ ਬਜ਼ੁਰਗਾਂ ਦੇ ਅਸ਼ੀਰਵਾਦਾਂ ਵਿਚ ਹਿੱਚਕੀਆਂ ਬੀਜੀਆਂ? ਕਿਸ ਨੇ ਪਿੰਡ ਦੀ ਅਸੀਮ ਆਸਥਾ ਨੂੰ ਖੇਰੂੰ-ਖੇਰੂੰ ਕੀਤਾ ਏ? ਆਰਤੀ, ਅਜ਼ਾਨ ਅਤੇ ਅਰਦਾਸ ਸੰਗ ਰੂਹ ‘ਚੋਂ ਅਕੀਦਤ ਭੇਟ ਕਰਨ ਵਾਲੇ ਬਜ਼ੁਰਗ ਜਦ ਪਿੰਡ ‘ਚੋਂ ਰੁਖਸਤ ਕਰ ਜਾਣ ਤਾਂ ਵਲਗਣਾਂ ਵਿਚ ਸਾਹ ਘੁੱਟਦਾ ਏ। ਭਲਾ! ਢਲਦੀ ਉਮਰੇ ਮੈਂ ਆਪਣੇ ਸਾਹਾਂ ਨੂੰ ਕਾਲ ਕੋਠੜੀ ਵਿਚ ਕੈਦ ਕਿੰਜ ਕਰਾਂ?
ਕਦੇ ਪਿੰਡ ਵਿਚ ਕੁਝ ਘਰ ਪਾੜ੍ਹਿਆਂ ਦੇ ਘਰ ਨਾਲ ਜਾਣੇ ਜਾਂਦੇ ਸਨ। ਜੁਆਕਾਂ ਦੇ ਮਨਾਂ ਵਿਚ ਆਪਣੇ ਘਰ ਨੂੰ ਵੀ ਪਾੜ੍ਹਿਆਂ ਦਾ ਘਰ ਬਣਾਉਣ ਦਾ ਸੁਪਨਾ ਹੁੰਦਾ ਸੀ। ਪਰ ਹੁਣ ਤਾਂ ਜੁਆਕਾਂ ਨੂੰ ਪੜ੍ਹਾਈ ਭੁੱਲ ਚੁਕੀ ਹੈ। ਹੁਣ ਉਨ੍ਹਾਂ ਨੇ ਨੇਕ-ਨੀਤੀ ਨਾਲ ਘਰ ਦੀਆਂ ਸੰਗਮਰਮਰੀ ਕੰਧਾਂ ਸਿਰਜਣ ਦੀ ਥਾਂ ਨਸ਼ਿਆਂ ਦੀ ਤਸਕਰੀ, ਲੁੱਟਾਂ-ਖੋਹਾਂ ਜਾਂ ਬੇਈਮਾਨੀ ਨੂੰ ਆਪਣਾ ਇਮਾਨ ਬਣਾ ਲਿਆ ਏ। ਪਾੜ੍ਹਿਆਂ ਦੇ ਘਰ ਇਕ ਨੁੱਕਰ ਵਿਚ ਸੁੰਘੜ ਕੇ ਦਿਸਣੋਂ ਹੱਟ ਗਏ ਨੇ ਅਤੇ ਸਿਰਫ ਬਹੁ-ਮੰਜ਼ਲੀ ਕੋਠੀਆਂ ਹੀ ਨਜ਼ਰ ਆਉਂਦੀਆਂ ਜਿਨ੍ਹਾਂ ਵਿਚੋਂ ਕੁਝ ਤਾਂ ਵਿਦੇਸ਼ਾਂ ਵਿਚ ਵੱਸਿਆਂ ਨੇ ਪਿੱਤਰੀ ਮੋਹ ਦੀ ਪੂਰਨਤਾ ਲਈ ਪਾਈਆਂ ਨੇ ਅਤੇ ਬਾਕੀਆਂ ਨੇ ਜਮੀਨਾਂ ਵੇਚ ਕੇ ਜਾਂ ਬਲੈਕ/ਭ੍ਰਿਸ਼ਟਾਚਾਰ ਦੀ ਮੋਟੀ ਕਮਾਈ ਨਾਲ। ਜੀ ਤਾਂ ਬੜਾ ਕਰਦਾ ਏ ਕਿ ਪਾੜ੍ਹਿਆਂ ਦੇ ਘਰ ਨੂੰ ਆਖਰੀ ਸਿਜ਼ਦਾ ਹੀ ਕਰ ਆਵਾਂ ਪਰ ਮੈਨੂੰ ਅਜਿਹੇ ਘਰਾਂ ਦੇ ਖੰਡਰਾਂ ਦੀ ਵੀ ਸੂਹ ਨਹੀਂ ਮਿਲਦੀ।
ਬੜੀਆਂ ਦੁਆਵਾਂ ਕੀਤੀਆਂ, ਲਿਲਕੜੀਆਂ ਲਈਆਂ ਪਰ ਪਿੰਡ ਤਾਂ ਸੁਣਦਾ ਹੀ ਨਹੀਂ। ਜਦ ਕਦੇ ਪਿੰਡ ਨੇ ਕਰਵਟ ਲਈ ਤਾਂ ਪਿੰਡ ਜਰੂਰ ਜਾਵਾਂਗਾ। ਪਰ ਹਾਲੇ ਪਿੰਡ ਜਾਣ ਨੂੰ ਜੀਅ ਨਹੀਂ ਕਰਦਾ। ਤੁਸੀਂ ਦੱਸਣਾ, ਕਿੰਜ ਮੈਂ ਪਿੰਡ ਨੂੰ ਜਾਵਾਂ?