ਹੁਣ ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ

ਹਜ਼ਾਰਾ ਸਿੰਘ
ਫੋਨ: 905-795-3428
ਪਿਛਲੇ ਦਿਨੀਂ ਪਿੰਡ ਟੌਹੜਾ ਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਹੋਈ ਕੁੱਟਮਾਰ ਅਤੇ ਦੁਰਵਿਹਾਰ ਦੀਆਂ ਖਬਰਾਂ ਆਈਆਂ। ਕਈ ਜਥੇਬੰਦੀਆਂ ਦੇ ਆਗੂਆਂ ਨੇ ਇਸ ਮਸਲੇ ਨੂੰ ਉਭਾਰਿਆ। ਪਹਿਲਾਂ ਇਸ ਮਾਮਲੇ ਬਾਰੇ ਸਰਕਾਰ ਅਤੇ ਜਥੇਬੰਦੀਆਂ ਨੇ ਬਹੁਤਾ ਕੁਝ ਨਹੀਂਂ ਕੀਤਾ ਪਰ ਜਦੋਂ ਇਹ ਖਬਰਾਂ ਸਾਰੇ ਪਾਸੇ ਫੈਲ ਗਈਆਂ ਤਾਂ ਸਰਕਾਰ ਨੇ ਸਾਰੇ ਸਟਾਫ ਦਾ ਤਬਾਦਲਾ ਕੀਤਾ ਅਤੇ ਦਲਿਤ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਗਈ।

ਵੀਰਪਾਲ ਕੌਰ ਨਾਲ ਵਧੀਕੀ ਦਾ ਇਹ ਮਾਮਲਾ ਨਾ ਤਾਂ ਪਹਿਲਾ ਹੈ ਅਤੇ ਨਾ ਆਖਰੀ। ਦਲਿਤਾਂ ਨਾਲ ਵਧੀਕੀਆਂ ਅਤੇ ਦੁਰਵਿਹਾਰ ਦੇ ਮਾਮਲੇ ਬਾਕੀ ਦੇਸ਼ ਵਾਂਗ ਪੰਜਾਬ ਵਿਚ ਵੀ ਵਾਪਰਦੇ ਰਹਿੰਦੇ ਹਨ। ਬਹੁਤੇ ਮਾਮਲਿਆਂ ਦੀ ਕੋਈ ਚਰਚਾ ਵੀ ਨਹੀਂ ਹੁੰਦੀ। ਮਾਮਲਾ ਕੇਵਲ ਦੁਰਵਿਹਾਰ ਦਾ ਹੀ ਨਹੀਂ ਹੈ, ਕਦੇ ਕਦੇ ਪੰਜਾਬ ਦੇ ਸਿੱਖ ਜ਼ਿਮੀਦਾਰਾਂ ਵੱਲੋਂ ਗਰੀਬ ਸਿੱਖਾਂ (ਖਾਸ ਕਰਕੇ ਦਲਿਤਾਂ) ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖੇ ਜਾਣ ਸੰਬੰਧੀ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦਲਿਤਾਂ ਨੂੰ ਗੁਰਦੁਆਰੇ ਦੇ ਭਾਂਡੇ ਨਾ ਦੇਣ ਜਾਂ ਪਾਠ ਲਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾ ਦੇਣ ਦੀਆਂ ਖਬਰਾਂ ਵੀ ਅਕਸਰ ਛਪਦੀਆਂ ਰਹਿੰਦੀਆਂ ਹਨ। ਪੰਜਾਬ ਵਿਚ ਦਲਿਤਾਂ ਨਾਲ ਹੋ ਰਹੇ ਇਸ ਵਤੀਰੇ ਨੂੰ ਕਈ ਹਲਕਿਆਂ ਵਲੋਂ ਸਿੱਖ ਸਿਧਾਂਤਾਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਗਈ, ਕਈਆਂ ਵਲੋਂ ਇਸ ਦੇ ਹੱਲ ਲਈ ਅਕਾਲ ਤਖਤ ਦੇ ਸਹਿਯੋਗ ਨਾਲ ਕੋਈ ਯੋਜਨਾ ਬਣਾਏ ਜਾਣ ਦੀ ਲੋੜ ਮਹਿਸੂਸ ਕੀਤੀ ਗਈ। ਸ਼੍ਰੋਮਣੀ ਕਮੇਟੀ ਵੀ ਕਦੇ ਕਦੇ ਕੋਈ ਹਲਕਾ ਫੁਲਕਾ ਬਿਆਨ ਇਸ ਮਸਲੇ ਪ੍ਰਤੀ ਦੇ ਕੇ ਹਾਜ਼ਰੀ ਲਵਾ ਛਡਦੀ ਹੈ। ਪਰ ਦਲਿਤਾਂ ਨਾਲ ਹੁੰਦੇ ਇਸ ਮਾੜੇ ਵਿਹਾਰ ਪ੍ਰਤੀ ਸਿੱਖ ਜਥੇਬੰਦੀਆਂ ਤਕਰੀਬਨ ਖਾਮੋਸ਼ ਹੀ ਰਹਿੰਦੀਆਂ ਹਨ। ਹੁਣ ਵੀਰਪਾਲ ਕੌਰ ਦੇ ਕੇਸ ਵਿਚ ਵੀ ਐਸਾ ਹੀ ਵਾਪਰਿਆ ਹੈ। ਦਲਿਤ ਸੰਘਰਸ਼ ਵਿਚ ਲਾਲ ਝੰਡੇ ਤਾਂ ਨਜ਼ਰ ਆਉਂਦੇ ਹਨ ਪਰ ਪੰਥਕ ਜਥੇਬੰਦੀਆਂ ਸਮੇਤ ਪੀਲਾ ਝੰਡਾ ਗੈਰ ਹਾਜ਼ਿਰ ਹੁੰਦਾ ਹੈ।
ਕੀ ਸਿੱਖ ਲਹਿਰ ਦੇ ਮੌਜੂਦਾ ਸਰੂਪ ਵਿਚ ਇਨ੍ਹਾਂ ਦਲਿਤਾਂ ਦੀ ਬੰਦ ਖਲਾਸੀ ਦੇ ਕੋਈ ਤੱਤ ਮੌਜੂਦ ਹਨ? ਆਓ, ਇਸ ਬਾਰੇ ਸਿੱਖ ਲਹਿਰ ਦੇ ਇਤਿਹਾਸਕ ਪ੍ਰਸੰਗ ਤੋਂ ਵਿਚਾਰ ਕਰੀਏ।
ਸਿੱਖ ਲਹਿਰ ਦਾ ਮੁਢਲਾ ਉਦੇਸ਼ ਮਨੁਖੀ ਬਰਾਬਰੀ ਕਾਇਮ ਕਰਨਾ ਸੀ। ਸ਼ੁਰੂਆਤੀ ਦੌਰ ਵਿਚ ਇਹ ਲਹਿਰ ਸਮਾਜਿਕ ਬਰਾਬਰੀ ਦੀ ਪ੍ਰਾਪਤੀ ਦੇ ਸੰਘਰਸ਼ ਵਜੋਂ ਉਭਰੀ। ਇਸ ਦੌਰ ਵਿਚ ਜਾਤ-ਪਾਤ, ਊਚ-ਨੀਚ, ਛੂਆ-ਛਾਤ ਆਦਿ ਬੁਰਾਈਆਂ ਖਿਲਾਫ ਮੁਹਿੰਮ ਚੱਲੀ। ਸਭ ਮਨੁਖਾਂ ਦੇ ਬਰਾਬਰ ਹੋਣ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਵਿਚ ਸਭ ਨੂੰ ਅਮਲੀ ਤੌਰ Ḕਤੇ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ ਜਾਣ ਲਗਾ। ਮੁਖ ਤੌਰ Ḕਤੇ ਮਨੁਖੀ ਬਰਾਬਰੀ ਬਾਰੇ ਇਸ ਧਾਰਨਾ ਨੂੰ ਪ੍ਰਫੁਲਤ ਕਰਨ ਦੇ ਯਤਨ ਕੀਤੇ ਗਏ ਕਿ ਮਨੁਖ ਆਪਣੇ ਕੀਤੇ ਚੰਗੇ-ਮਾੜੇ ਕੰਮਾਂ ਕਾਰਨ ਉਚਾ ਜਾਂ ਨੀਵਾਂ ਹੁੰਦਾ ਹੈ, ਨਾ ਕਿ ਆਪਣੀ ਜਾਤ ਕਾਰਨ। ਇਸ ਦੇ ਨਾਲ ਹੀ ਫਜ਼ੂਲ ਕਿਸਮ ਦੀਆਂ ਪਰੰਪਰਾਗਤ ਧਾਰਮਿਕ ਰਸਮਾਂ ਦੇ ਜੂੜ ਖੋਲ੍ਹਣ ਦੇ ਯਤਨ ਵੀ ਕੀਤੇ ਗਏ। ਸੰਗਠਿਤ ਧਰਮਾਂ ਦੇ ਜੂਲੇ ਹੇਠੋਂ ਮੁਕਤ ਹੋਣ ਲਈ ਸੰਘਰਸ਼ ਦੀ ਸ਼ੁਰੂਆਤ ਉਸ ਵਕਤ ਦੇ ਇਨਸਾਨਾਂ ਲਈ ਆਜ਼ਾਦੀ ਵਲ ਪੁਟਿਆ ਇਕ ਅਹਿਮ ਕਦਮ ਸੀ। ਇਸ ਦੇ ਨਾਲ ਹੀ ਸਮਾਜ ਵਿਚ ਔਰਤ ਦੇ ਯੋਗਦਾਨ ਨੂੰ ਅਹਿਮੀਅਤ ਦਿਤੇ ਜਾਣ ਦਾ ਵਿਚਾਰ ਪੁੰਗਰਿਆ। ਸਮਾਜ ਵਿਚ ਔਰਤ ਦੇ ਸਤਿਕਾਰ ਦੀ ਗੱਲ ਚੱਲੀ। ਸਮਾਜਿਕ ਰੂਪ ਵਿਚ ਸ਼ੁਰੂ ਹੋਈ ਤਬਦੀਲੀ ਦੀ ਇਸ ਲਹਿਰ ਵਿਚੋਂ ਅੱਗੇ ਜਾ ਕੇ ਇਕ ਪੂਰਨ ਇਨਕਲਾਬ ਦੇ ਨਕਸ਼ ਉਭਰਨ ਲੱਗੇ। ਇਹ ਲਹਿਰ ਸਥਾਪਿਤ ਰਾਜਾਸ਼ਾਹੀ ਅਤੇ ਜਗੀਰਦਾਰੂ ਢਾਂਚੇ ਖਿਲਾਫ ਇਕ ਲੋਕ ਲਹਿਰ ਵਜੋਂ ਉਭਰਨ ਲੱਗੀ, ਜਿਸ ਨੇ ਹਥਿਆਰਬੰਦ ਟੱਕਰਾਂ ਦੀਆਂ ਛੋਟੀਆਂ ਪਗਡੰਡੀਆਂ ਸਿਰਜੀਆਂ। ਆਖਿਰ 1710 ਈਸਵੀ ਵਿਚ, ਜਦੋਂ ਯੂਰਪ ਵਿਚ ਅਜੇ ਕਿਸੇ ਇਨਕਲਾਬ ਦੀ ਚਿਣਗ ਵੀ ਪੈਦਾ ਨਹੀਂ ਸੀ ਹੋਈ, ਪੰਜਾਬ ਦੀ ਧਰਤੀ Ḕਤੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਲੋਕ ਸ਼ਕਤੀ ਰਾਜਾਸ਼ਾਹੀ ਨਾਲ ਟਕਰਾ ਗਈ, ਜਿਸ ਨੇ ਸਥਾਪਿਤ ਰਾਜਾਸ਼ਾਹੀ ਦੇ ਖੰਡਰਾਂ ਉਪਰ ਮੂਲੋਂ ਹੀ ਨਵੀਂ ਕਿਸਮ ਦੇ ਇਨਕਲਾਬ ਦਾ ਪਰਚਮ ਲਹਿਰਾ ਦਿਤਾ। ਜਗੀਰਦਾਰੂ ਢਾਂਚਾ ਤਬਾਹ ਕਰਕੇ ਮੁਜ਼ਾਰਾਸ਼ਾਹੀ ਦਾ ਭੋਗ ਪਾ ਦਿਤਾ ਗਿਆ। ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿਤਾ ਗਿਆ। ਇਸ ਤਰ੍ਹਾਂ ਇਸ ਖਿੱਤੇ ਦੇ ਪੈਦਾਵਾਰੀ ਸਾਧਨ ਕੁਝ ਗਿਣਤੀ ਦੇ ਲੋਕਾਂ ਹੱਥੋਂ ਨਿਕਲ ਕੇ ਆਮ ਲੋਕਾਂ ਦੀ ਮਲਕੀਅਤ ਬਣ ਗਏ। ਨਵੇਂ ਰਾਜਨੀਤਕ ਪ੍ਰਬੰਧ ਵਿਚ ਲੋਕ ਰਾਜੇ ਦੀ ਪਰਜਾ ਨਾ ਰਹਿ ਕੇ ਰਾਜਨੀਤਕ ਸਤ੍ਹਾ ਵਿਚ ਭਾਈਵਾਲ ਬਣ ਗਏ। ਇਸ ਤਰ੍ਹਾਂ ਸਮਾਜਕ, ਧਾਰਮਕ ਖੇਤਰਾਂ ਵਿਚ ਦੀ ਆਪਣਾ ਪੈਂਡਾ ਤੈਅ ਕਰਦੀ ਹੋਈ ਸਿੱਖ ਲਹਿਰ ਰਾਜਨੀਤਕ ਅਤੇ ਆਰਥਿਕ ਪ੍ਰਬੰਧ ਨੂੰ ਮੁਲੋਂ ਹੀ ਬਦਲ ਦੇਣ ਵਾਲੇ ਪੂਰਨ ਇਨਕਲਾਬ ਦੇ ਨੇੜੇ ਪਹੁੰਚ ਗਈ, ਪਰ ਆਪਣੇ ਸੀਮਿਤ ਸਾਧਨਾਂ ਅਤੇ ਹਕੂਮਤੀ ਜ਼ਬਰ ਕਾਰਨ ਇਹ ਲਹਿਰ ਬਹੁਤਾ ਚਿਰ ਟਿਕ ਨਾ ਸਕੀ। ਭਾਵੇਂ ਇਸ ਥੋੜ-ਚਿਰੇ ਇਨਕਲਾਬੀ ਚਮਕਾਰੇ ਦੇ ਪ੍ਰਭਾਵ ਅਜ ਤਾਂਈ ਕਾਇਮ ਹਨ ਪਰ ਬਾਅਦ ਵਿਚ ਸਾਜ਼ਗਰ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਇਹ ਲਹਿਰ ਇਕ ਪੂਰਨ ਇਨਕਲਾਬ ਵੱਲ ਅੱਗੇ ਨਾ ਵਧ ਸਕੀ। ਇਸ ਦਾ ਮੁੱਖ ਕਾਰਨ ਇਸ ਲਹਿਰ ਵਿਚ ਪੈਦਾ ਹੋਏ ਕਈ ਐਬ ਸਨ। 1765 ਈਸਵੀ ਦੇ ਆਸ-ਪਾਸ ਜਦੋਂ ਚਿਰਾਂ ਤੋਂ ਸਥਾਪਤ ਰਾਜਾਸ਼ਾਹੀ ਮਰਨੇ ਪਈ ਹੋਈ ਸੀ, ਬਾਹਰਲੇ ਹਮਲੇ ਬੰਦ ਹੋ ਗਏ ਸਨ ਤਾਂ ਸਿੱਖ ਲਹਿਰ ਦੀਆਂ ਝੰਡਾ ਬਰਦਾਰ ਮਿਸਲਾਂ ਲੋਕ ਸ਼ਕਤੀ ਨੂੰ ਉਭਾਰ ਕੇ ਇਨਕਲਾਬ ਦੇ ਅਧੂਰੇ ਰਹਿ ਗਏ ਕਾਰਜ ਨੂੰ ਅੱਗੇ ਵਧਾਉਣ ਦੀ ਥਾਂ ਸਿਧਾਂਤਕ ਤੌਰ Ḕਤੇ ਜਗੀਰਦਾਰੀ ਰੁਚੀਆਂ ਦਾ ਸ਼ਿਕਾਰ ਹੋ ਗਈਆਂ। ਇਸ ਤਰ੍ਹਾਂ ਇਹ ਸੰਘਰਸ਼ ਜਮਾਤੀ ਸੰਘਰਸ਼ ਦਾ ਗੂੜ੍ਹਾ ਰੰਗ ਫੜ੍ਹ ਕੇ ਕੋਈ ਇਤਿਹਾਸਕ ਜਲਵਾ ਦਿਖਾਉਣ ਤੋਂ ਪਹਿਲਾਂ ਹੀ ਇਨਕਲਾਬ ਦੀ ਪਟੜੀ ਤੋਂ ਲਹਿ ਗਿਆ। ਮਿਸਲਦਾਰਾਂ ਅੰਦਰ ਜਾਤੀ ਹਉਮੈ, ਰਾਜਸਤ੍ਹਾ ਦਾ ਮਜ਼ਾ ਮਾਨਣ ਦੀ ਲਲਕ ਅਤੇ ਪੁਰਾਣੀ ਰਾਜਾਸ਼ਾਹੀ ਵਾਲੀਆਂ ਧੱਕੜ, ਹੈਂਕੜਬਾਜ਼ ਅਤੇ ਲੋਕ ਦਬਾਊ ਕਰੁਚੀਆਂ ਪ੍ਰਬਲ ਹੋ ਜਾਣ ਨਾਲ ਕੇਵਲ ਇਨਕਲਾਬ ਨੂੰ ਹੀ ਪੁਠਾ ਗੇੜਾ ਨਹੀਂ ਆਇਆ ਸਗੋਂ ਇਨਕਲਾਬੀ ਸੋਚ ਵੀ ਗ੍ਰਹਿਣੀ ਗਈ।
18ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਜਦੋਂ ਫਰਾਂਸ ਵਿਚ ਰਾਜਾਸ਼ਾਹੀ ਨੂੰ ਤਬਾਹ ਕਰਕੇ ਲੋਕਸ਼ਾਹੀ ਦਾ ਝੰਡਾ ਬੁਲੰਦ ਕਰਨ ਲਈ ਲੋਕ ਇਨਕਲਾਬ ਆਪਣੇ ਸਿਖਰ ਵਲ ਵਧ ਰਿਹਾ ਸੀ ਤਾਂ ਐਨ ਉਸੇ ਸਮੇਂ ਪੰਜਾਬ ਦੀ ਧਰਤੀ Ḕਤੇ ਜਿਥੇ 80 ਵਰ੍ਹੇ ਪਹਿਲਾਂ ਲੋਕ ਇਨਕਲਾਬ ਨੇ ਬਿਜਲੀ ਵਰਗੀ ਥੋੜ-ਚਿਰੀ ਲਿਸ਼ਕ ਮਾਰੀ ਸੀ, ਰਣਜੀਤ ਸਿੰਘ ਇਨਕਲਾਬੀ ਲੋਕ ਲਹਿਰ ਨੂੰ ਕੁਰਾਹੇ ਪਾ ਕੇ ਮਰਦੀ ਜਾ ਰਹੀ ਰਾਜਾਸ਼ਾਹੀ ਪਰੰਪਰਾ ਨੂੰ ਮੁੜ ਜੀਵਿਤ ਕਰਕੇ ਆਪ ਮਹਾਰਾਜਾ ਬਣਨ ਦੇ ਇਨਕਲਾਬ ਵਿਰੋਧੀ ਪੁਠੇ ਕੰਮਾਂ ਵਿਚ ਗਲਤਾਨ ਸੀ। ਉਸ ਦੇ ਮਹਾਰਾਜਾ ਬਣਨ ਨਾਲ ਸਿੱਖ ਲਹਿਰ ਰਾਹੀਂ ਸ਼ੁਰੂ ਹੋਏ ਲੋਕ ਸੰਘਰਸ਼ ਦਾ ਇਕ ਅਧਿਆਏ ਖਤਮ ਹੋ ਗਿਆ ਅਤੇ ਇਹ ਲੋਕ ਲਹਿਰ ਇਕ ਪ੍ਰਚੰਡ ਇਨਕਲਾਬੀ ਲਹਿਰ ਦਾ ਰੂਪ ਧਾਰਨ ਦੀ ਥਾਂ ਜਗੀਰਦਾਰੂ ਰੁਚੀਆਂ ਦੀ ਵਲਗਣ ਅੰਦਰ ਕੈਦ ਹੋ ਕੇ ਰਹਿ ਗਈ।
ਰਣਜੀਤ ਸਿੰਘ ਤੋਂ ਬਾਅਦ 1870 ਈਸਵੀ ਦੇ ਆਸ ਪਾਸ ਸ਼ੁਰੂ ਹੋਈ ਸਿੱਖ ਜਾਗ੍ਰਿਤੀ ਲਹਿਰ ਦੇ ਆਗੂਆਂ ਨੇ ਇਸ ਨੂੰ ਇਕ ਸੰਗਠਿਤ ਧਰਮ ਦਾ ਰੂਪ ਦੇਣ ਲਈ ਜ਼ੋਰ ਲਾ ਦਿਤਾ। ਜਿਵੇਂ ਜਿਵੇਂ ਸੰਗਠਨ ਮਜ਼ਬੂਤ ਹੁੰਦਾ ਗਿਆ, ਇਸ ਲਹਿਰ ਵਿਚੋਂ ਇਕ ਨਵੀਂ-ਨਰੋਈ ਲਹਿਰ ਵਾਲੀ ਤਾਜ਼ਗੀ ਅਤੇ ਖੁਸ਼ਬੂ ਖਤਮ ਹੋਣੀ ਸ਼ੁਰੂ ਹੋ ਗਈ। ਇਸ ਦੇ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਵਾਲੇ ਖਾਸੇ ਦਾ ਖਾਤਮਾ ਹੋ ਗਿਆ। ਇਸ ਵਿਚ ਇਕ ਸੰਗਠਿਤ ਧਰਮ ਵਾਲੇ ਸਾਰੇ ਐਬਾਂ, ਜਿਵੇਂ ਕਬਜ਼ੇ ਦੀ ਭਾਵਨਾ, ਧਰਮ ਸੱਤ੍ਹਾ ਨੂੰ ਰਾਜਨੀਤਕ ਤਾਕਤ ਲਈ ਪੌੜੀ ਵਜੋਂ ਵਰਤਣਾ, ਲੋਕਾਂ ਦੀ ਸੋਚ ਅਤੇ ਰੋਹ ਨੂੰ ਲੋਕ ਹਿਤੈਸ਼ੀ ਦਿਸ਼ਾ ਤੋਂ ਭਟਕਾਉਣਾ, ਲੋਕ ਸ਼ਕਤੀ ਨੂੰ ਫਿਰਕਿਆਂ ਵਿਚ ਵੰਡ ਕੇ ਕਮਜ਼ੋਰ ਕਰਨਾ ਆਦਿ ਦਾ ਪਸਾਰਾ ਹੋ ਗਿਆ। ਇਨ੍ਹਾਂ ਐਬਾਂ ਦੀ ਮਾਰ ਹੇਠ ਆਈ ਸਿੱਖ ਲਹਿਰ ਜਮਾਤੀ ਸੰਘਰਸ਼ ਨੂੰ ਤਿਖਿਆਂ ਕਰਨ ਵਿਚ ਕੋਈ ਯੋਗਦਾਨ ਪਾਉਣ ਦੀ ਥਾਂ ਸਥਾਪਤੀ ਦੇ ਹੱਕ ਵਿਚ ਭੁਗਤਣ ਲਗ ਪਈ।
ਪਿਛਲੇ ਸੱਠ ਸਾਲਾਂ ਦੌਰਾਨ ਸਿੱਖ ਧਰਮ ਦੇ ਢਾਂਚੇ ਉਪਰ ਕਾਬਿਜ਼ ਲੋਕਾਂ ਨੇ ਇਸ ਧਰਮ ਦੀ ਕਲਾ ਉਸੇ ਤਰ੍ਹਾਂ ਹੀ ਮਰੋੜ ਕੇ ਰੱਖੀ ਹੈ ਜਿਸ ਤਰ੍ਹਾਂ ਉਨ੍ਹਾਂ ਦੇ (ਜਗੀਰਦਾਰੂ) ਹਿਤਾਂ ਨੂੰ ਮਾਫਕ ਬੈਠਦਾ ਹੋਏ। ਪਿਛਲੀ ਸਦੀ ਦੇ 80ਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿਚ ਚੱਲੀ ਲਹਿਰ ਦੌਰਾਨ ਜੇ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਕੁਝ ਤਰੰਗਾਂ ਪੈਦਾ ਵੀ ਹੋਈਆਂ, ਤਾਂ ਉਹ ਫਿਰਕੂ ਬਿਰਤੀਆਂ ਅਤੇ ਕੱਟੜਤਾ ਦੀਆਂ ਜ਼ੋਰਦਾਰ ਗੂੜ੍ਹੀਆਂ ਤਰੰਗਾਂ ਹੇਠ ਮਸਲੀਆਂ ਗਈਆਂ। ਅਜ ਦੇ ਆਗੂ ਜਗੀਰਦਾਰੂ ਰੁਚੀਆਂ ਦੇ ਨਾਲ ਨਾਲ ਸਰਮਾਏਦਾਰੀ ਜਮਾਤ ਦੇ ਭਿਆਲ ਵੀ ਬਣ ਗਏ ਹਨ ਜਿਨ੍ਹਾਂ ਦੇ ਜਾਤੀ ਅਤੇ ਜਮਾਤੀ ਹਿਤ ਆਮ ਲੋਕਾਂ (ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਣ) ਨਾਲੋਂ ਵਖਰੇ ਹਨ। ਇਹੋ ਕਾਰਨ ਹੈ ਕਿ ਅਜ ਦੇ ਜਮਾਤੀ ਸੰਘਰਸ਼ ਵਿਚੋਂ ਸਿੱਖ ਲਹਿਰ ਗਾਇਬ ਹੈ। ਅਜ ਹੀ ਗਾਇਬ ਨਹੀਂ ਹੈ, ਅਸਲ ਵਿਚ ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਦੇ ਰਾਹੋਂ ਭਟਕ ਗਈ ਸੀ। ਐਵੇਂ ਨਹੀਂ ਸੀ ਗਿਆਨੀ ਗਿਆਨ ਸਿੰਘ ਨੂੰ ਲਿਖਣਾ ਪਿਆ:
ਇਸ ਦੇਸ ਤੇ ਸਿੱਖੀ ਉਠ ਗਈ, ਦੂਰਿ ਜਾਇ ਲੀਤੀ ਵਾਸਿ।
ਸੋ, ਜੇ ਸਿੱਖ ਜਿਮੀਂਦਾਰ ਗਰੀਬ ਸਿੱਖਾਂ ਦਾ ਬੰਧੂਆਂ ਮਜਦੂਰਾਂ ਵਾਂਗ ਸ਼ੋਸ਼ਣ ਕਰ ਰਹੇ ਹਨ ਜਾਂ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਮਾਮਲਿਆਂ ਪ੍ਰਤੀ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਖਾਮੋਸ਼ ਰਹਿੰਦੀਆਂ ਹਨ ਤਾਂ ਇਹ ਮਸਲਾ ਨਿਰੋਲ ਮਲਿਕ ਭਾਗੋ ਅਤੇ ਭਾਈ ਲਾਲੋ ਦੇ ਚਲਦੇ ਆ ਰਹੇ ਜਮਾਤੀ ਸੰਘਰਸ਼ ਦਾ ਹੈ ਨਾ ਕਿ ਧਾਰਮਕ। ਇਨ੍ਹਾਂ ਮਜ਼ਦੂਰਾਂ ਅਤੇ ਦਲਿਤਾਂ ਦੀ ਮੁਕਤੀ ਦਾ ਰਾਹ ਸਿੱਖ ਲਹਿਰ ਵਿਚੋਂ ਤਲਾਸ਼ਣਾ ਵੀ ਵਾਜਿਬ ਨਹੀਂ ਹੋਏਗਾ, ਕਿਉਂਕਿ ਮਨੁਖੀ ਸੰਘਰਸ਼ ਦੇ ਇਸ ਪੜਾਅ ਤੇ ਮੌਜੂਦਾ ਸਿੱਖ ਲਹਿਰ ਦਾ ਖਾਸਾ ਮਲਿਕ ਭਾਗੋ ਵਰਗੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਪੁਸ਼ਤਪਨਾਹੀ ਕਰਦਾ ਹੈ ਨਾ ਕਿ ਭਾਈ ਲਾਲੋ ਵਰਗੇ ਕਿਰਤੀਆਂ ਦੀ।