ਸ਼ੁਕਰਾਨੇ ਅਤੇ ਵਧਾਈਆਂ ਦੇ ਨੁਸਖੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਮਾਜ ‘ਚ ਵਿਚਰਦਿਆਂ ਕਿਸੇ ਦਾ ਸ਼ੁਕਰਾਨਾ ਕਰਨ ਜਾਂ ਮੁਬਾਰਕਬਾਦ ਦੇਣ ਦੇ ਵਿਸ਼ੇ ‘ਤੇ ਕੁਝ ਸਤਰਾਂ ਲਿਖਣ ਦੀ ਸ਼ੁਰੂਆਤ ਵਿਵੇਕ ਦੇ ਭੰਡਾਰ ਸਵਾਮੀ ਵਿਵੇਕਾਨੰਦ ਜੀ ਤੋਂ ਹੀ ਕਰਦੇ ਹਾਂ। ਕਹਿੰਦੇ ਨੇ, ਆਪਣੇ ਅਮਰੀਕਾ ਭ੍ਰਮਣ ਮੌਕੇ ਸਵਾਮੀ ਜੀ ਕਿਤੇ ਰੇਲ ਗੱਡੀ ਵਿਚ ਸਫਰ ਕਰ ਰਹੇ ਸਨ। ਸੀਟ ‘ਤੇ ਬੈਠੇ ਬੈਠੇ ਉਹ ਆਪਣੇ ਝੋਲੇ ਵਿਚੋਂ ਸੰਤਰਾ ਕੱਢ ਕੇ ਛਿਲਣ ਲੱਗ ਪਏ। ਸਾਹਮਣੇ ਬੈਠੀ ਗੋਰੀ ਮੈਡਮ ਦਾ ਬੱਚਾ ਉਨ੍ਹਾਂ ਵੱਲ ਗਹੁ ਨਾਲ ਦੇਖਣ ਲੱਗਾ। ਸਵਾਮੀ ਜੀ ਨੇ ਲਾਡ ਪਿਆਰ ਨਾਲ ਉਸ ਬੱਚੇ ਨੂੰ ਕੋਲ ਸੱਦ ਕੇ ਉਸ ਨੂੰ ਸੰਤਰੇ ਦੀਆਂ ਕੁਝ ਫਾੜੀਆਂ ਫੜਾ ਦਿਤੀਆਂ। ਜਦ ਉਹ ਬੱਚਾ ਸੰਤਰੇ ਦੀਆਂ ਫਾੜੀਆਂ ਲੈ ਕੇ ਵਾਪਸ ਆਪਣੀ ਮਾਂ ਕੋਲ ਆਇਆ ਤਾਂ ਅੱਗਿਉਂ ਉਹਦੀ ਮਾਂ ਉਸ ਨੂੰ ਕੁਝ ਗੁੱਸੇ ਨਾਲ ਘੂਰਨ ਲੱਗ ਪਈ।

ਇਹ ਵੇਖ ਕੇ ਸਵਾਮੀ ਜੀ ਨੇ ਬੜੀ ਨਿਮਰਤਾ ਨਾਲ ਗੋਰੀ ਨੂੰ ਕਿਹਾ, ਮੈਡਮ ਇਸ ਪਿਆਰੇ ਬੱਚੇ ਨੇ ਮੈਥੋਂ ਸੰਤਰਾ ਮੰਗਿਆ ਨਹੀਂ ਸੀ, ਸਗੋਂ ਮੈਂ ਹੀ ਮੋਹ ਨਾਲ ਇਸ ਨੂੰ ਦੋ ਕੁ ਫਾੜੀਆਂ ਦਿਤੀਆਂ ਹਨ, ਪਰ ਤੁਸੀ ਇਸ ਨੂੰ ਗੁੱਸੇ ਕਿਉਂ ਹੋ ਰਹੇ ਹੋ? ਮੈਡਮ ਕਹਿੰਦੀ, ਸ੍ਰੀਮਾਨ ਜੀ, ਮੈਂ ਇਸ ਨੂੰ ਗੁੱਸੇ ਇਸ ਕਰ ਕੇ ਹੋ ਰਹੀ ਹਾਂ, ਕਿਉਂਕਿ ਇਹ ਸੰਤਰਾ ਲੈ ਕੇ ਤੁਹਾਨੂੰ ‘ਥੈਂਕ ਯੂ’ ਕਹੇ ਬਗ਼ੈਰ ਹੀ ਮੇਰੇ ਕੋਲ ਆ ਗਿਆ। ਇਹ ਭਵਿਖ ਵਿਚ ਅਜਿਹੀ ਗਲਤੀ ਨਾ ਕਰੇ, ਇਸ ਲਈ ਇਹਨੂੰ ਸਬਕ ਦੇਣਾ ਜ਼ਰੂਰੀ ਸੀ।

ਹੁਣ ਜ਼ਮਾਨਾ ਭਾਵੇਂ ਬਹੁਤ ਤਰੱਕੀ ਕਰ ਗਿਆ ਹੈ ਅਤੇ ਤਾਲੀਮ ਦੇ ਪਸਾਰ ਸਦਕਾ ਥੈਂਕ ਯੂ, ਸ਼ੁਕਰੀਆ ਜਾਂ ਮੁਬਾਰਕਾਂ-ਜਿਹੇ ਤੇਹ-ਮੋਹ ਵਾਲੇ ਲਫਜ਼ ਅਕਸਰ ਸਾਡੇ ਕੰਨੀਂ ਪੈਂਦੇ ਰਹਿੰਦੇ ਹਨ, ਪਰ ਮੇਰੀ ਇਕ ਦਿਲਚਸਪ ਹੱਡਬੀਤੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਕੀਤੇ ਜਾਂ ਕਰਵਾਏ ਗਏ ਕੰਮਾਂ ਲਈ ਧੰਨਵਾਦ ਕਰਨ ਦਾ ਪੇਂਡੂਆਂ ਤੇ ਸ਼ਹਿਰੀਆਂ ਵਿਚ ਫਰਕ ਸਮਝਿਆ ਜਾਂਦਾ ਰਿਹਾ ਹੈ।
ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਸਰਕਾਰ ਵਿਚ ਮੰਤਰੀ ਹੁੰਦੇ ਸਨ। ਉਨ੍ਹਾਂ ਦੇ ਮਹਿਕਮੇ ਵਿਚ ਕੰਮ ਕਰਦੇ ਮੇਰੇ ਰਿਸ਼ਤੇਦਾਰ ਦੀ ਦੂਰ-ਦੁਰਾਡੇ ਬਦਲੀ ਹੋ ਗਈ। ਅਸੀਂ ਬਦਲੀ ਰੁਕਵਾਉਣ ਲਈ ਅਜਿਹਾ ਅਕਾਲੀ ਜਥੇਦਾਰ ਲਭਿਆ, ਜਿਸ ਨੇ ਦਾਅਵਾ ਕੀਤਾ ਕਿ ਮੰਤਰੀ ਬੀਬੀ ਨਾਲ ਉਹਦੀ ਚਿਰੋਕਣੀ ਨੇੜਤਾ ਹੋਣ ਕਰ ਕੇ ਉਹ ਸਾਡਾ ਕੰਮ ਕਰਵਾ ਦੇਵੇਗਾ।
ਅਸੀਂ ਉਸ ਨੂੰ ਨਾਲ ਲੈ ਕੇ ਚੰਡੀਗੜ੍ਹ ਗਏ। ਬੀਬੀ ਨੇ ਬਹੁਤ ਆਉ-ਭਗਤ ਕੀਤੀ ਅਤੇ ਆਪਣੇ ਪੀ.ਏ. ਨੂੰ ਕਹਿ ਕੇ ਸਬੰਧਿਤ ਅਫਸਰ ਨੂੰ ਫੋਨ ਮਿਲਾਇਆ। ਸਾਡੇ ਸਾਹਮਣੇ ਹੀ ਉਸ ਨੂੰ ਸਾਡੇ ਰਿਸ਼ਤੇਦਾਰ ਕਰਮਚਾਰੀ ਦਾ ਨਾਂ ਤੇ ਪਤਾ ਦੱਸ ਕੇ ਬਦਲੀ ਰੱਦ ਕਰਨ ਲਈ ਆਖ ਦਿੱਤਾ।
ਅੱਠ-ਦਸ ਕੁ ਦਿਨ ਉਡੀਕਣ ਤੋਂ ਬਾਅਦ ਜਦ ਕੰਮ ਦੀ ਕੋਈ ਉਘ-ਸੁਘ ਨਾ ਨਿਕਲੀ ਤਾਂ ਅਸੀਂ ਉਸੇ ਜਥੇਦਾਰ ਨੂੰ ਨਾਲ ਲੈ ਕੇ ਫਿਰ ਚੰਡੀਗੜ੍ਹ ਚਾਲੇ ਪਾ ਦਿਤੇ। ਦਫਤਰ ਬੈਠੇ ਬੀਬੀ ਭੱਠਲ ਸਾਡੇ ਵਾਲੇ ਜਥੇਦਾਰ ਨੂੰ ਵੇਖ ਕੇ ਹੈਰਾਨੀ ਨਾਲ ਕਹਿੰਦੇ ਕਿ ਤੁਹਾਡਾ ਕੰਮ ਹੋਇਆ ਈ ਨਹੀਂ ਹਾਲੇ ਤੱਕ?
“ਓ ਬੀਬੀ ਜੀ, ਗੱਲ ਸੁਣੋ ਮੇਰੀ…!” ਸ਼ੁੱਧ ਪੇਂਡੂ ਜਥੇਦਾਰ ਠੇਠ ਪੰਜਾਬੀ ‘ਚ ਕਹਿੰਦਾ, “ਮੰਤਰੀਆਂ-ਸੰਤਰੀਆਂ ਕੋਲੋਂ ਕੰਮ ਕਰਵਾਉਣ ਤੋਂ ਬਾਅਦ ਦੁਬਾਰਾ ਸ਼ਹਿਰੀਏ ਆਉਂਦੇ ਹੁੰਦੇ ਆ ‘ਡੱਬਾ’ ਲੈ ਕੇ। ਪੇਂਡੂ ਤਾਂ ਦੁਬਾਰਾ ਆਉਂਦੇ ਹੀ ਨਹੀਂ ਹੁੰਦੇ ਸ਼ੁਕਰਾਨਾ-ਸ਼ਕਰੂਨਾ ਕਰਨ! ਜੇ ਉਹ ਮੁੜ ਕੇ ਆ ਜਾਣ ਤਾਂ ਸਮਝ ਲਉ ਕਿ ਉਨ੍ਹਾਂ ਦਾ ਕੰਮ ਹੋਇਆ ਨਹੀਂ ਹੋਵੇਗਾ।”
ਜਥੇਦਾਰ ਨੇ ਤਨਜ਼ ਨਾਲ ਦੱਸ ਦਿਤਾ ਬੀਬੀ ਨੂੰ ਕਿ ਬਦਲੀ ਕੈਂਸਲ ਨਹੀਂ ਹੋਈ।

ਹੁਣ ਤਕ ਦੀ ਜ਼ਿੰਦਗੀ ਵਿਚ ਮੈਂ ਖੁਦ ਉਮੀਦਵਾਰ ਹੁੰਦਿਆਂ ਦੋ ਚੋਣਾਂ ਲੜੀਆਂ। ਸੌ ਤੋਂ ਵੱਧ ਪਿੰਡਾਂ ਅਤੇ ਕਸਬਿਆਂ, ਸ਼ਹਿਰਾਂ ‘ਤੇ ਆਧਾਰਤ ਸ਼੍ਰੋਮਣੀ ਕਮੇਟੀ ਦੇ ਲੰਬੇ ਚੌੜੇ ਚੋਣ ਹਲਕੇ ਤੋਂ ਪਹਿਲਾਂ ਤੇ ਆਪਣੇ ਪਿੰਡ ਦੀ ਸਰਪੰਚੀ ਵਾਲੀ ਚੋਣ ਲੜਨ ਦਾ ਮਗਰੋਂ ਸਬੱਬ ਬਣਿਆ। ਸਾਡੇ ਪਿੰਡ ਦੇ ਸਿਆਸੀ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਿਫ ਮੇਰੇ ਪ੍ਰੋਫੈਸਰ ਮਿੱਤਰ ਨੇ ਮੈਨੂੰ ਖਬਰਦਾਰ ਕਰਦਿਆਂ ਸ਼ੰਕਾ ਜ਼ਾਹਰ ਕੀਤਾ ਕਿ ਸਾਰੀਆਂ ਚੋਣਾਂ ਨਾਲੋਂ ਪਿੰਡ ਦੀ ਸਰਪੰਚੀ ਵਾਲੀ ਚੋਣ ਕਈ ਪੱਖਾਂ ਤੋਂ ਸੰਵੇਦਨਸ਼ੀਲ ਤੇ ਕਿਸੇ ਹੱਦ ਤਕ ‘ਖਤਰਨਾਕ’ ਵੀ ਹੋ ਸਕਦੀ ਹੈ। ਉਸ ਦਾ ਫਿਕਰ ਇਹੀ ਸੀ ਕਿ ਖੁਦਾ ਨਾ ਖਾਸਤਾ, ਹਾਰ ਜਾਣ ਦੀ ਸੂਰਤ ਵਿਚ ਮੈਂ ਬੇਇਜ਼ਤੀ ਨਾ ਕਰਵਾ ਬੈਠਾਂ।
ਉਹੀ ਗੱਲ ਹੋਈ! ਅਤਿ ਦੀ ਅਕਾਊ ਤੇ ਥਕਾਊ ਇਸ ਚੋਣ ਵਿਚ ਭਾਵੇਂ ਮੇਰੇ ਹਮਾਇਤੀਆਂ ਨੇ ਅੱਸੀ ਤੋਂ ਨੱਬੇ ਵੋਟਾਂ ਦੇ ਫਰਕ ਨਾਲ ਜਿੱਤਣ ਦੇ ਅੰਦਾਜ਼ੇ ਲਾਏ ਹੋਏ ਸਨ, ਪਰ ਹੋਈ ਸਾਡੇ ਨਾਲ ‘ਆਮ ਆਦਮੀ ਪਾਰਟੀ’ ਵਾਲੀ ਹੀ। ਮਹਿਜ਼ ਦਸ ਬਾਰਾਂ ਵੋਟਾਂ ਨਾਲ ਮੈਨੂੰ ਜਿੱਤ ਨਸੀਬ ਹੋਈ।
ਖੈਰ ਮੈਂ ਜਿੱਤਣ ਸਾਰ ਸਭ ਤੋਂ ਪਹਿਲਾਂ ਖੁਸ਼ੀ ‘ਚ ਖੀਵੇ ਹੁੰਦਿਆਂ ਉਸ ਪ੍ਰੋਫੈਸਰ ਮਿੱਤਰ ਨੂੰ ਖੁਸ਼ਖਬਰੀ ਸੁਣਾਈ। ਬਾਗੋ-ਬਾਗ ਹੁੰਦਿਆਂ ਉਸ ਨੇ ਮੈਨੂੰ ਵਧਾਈਆਂ ਦਿੱਤੀਆਂ। ਛੇਤੀ ਹੀ ਪਿੰਡ ਆ ਕੇ ਲੱਡੂ ਖਾਣ ਦੀ ਗੱਲ ਕਰਦਿਆਂ ਫੋਨ ਬੰਦ ਕਰ ਦਿਤਾ। ਹਮਾਇਤੀਆਂ ਦੇ ਘੜਮੱਸ ਵਿਚ ਬੈਠੇ ਨੂੰ ਪੰਜ-ਦਸ ਕੁ ਮਿੰਟ ਬਾਅਦ ਉਹਦਾ ਫਿਰ ਫੋਨ ਆ ਗਿਆ, ਪਰ ਉਹਦੇ ਮੂੰਹੋਂ ਉਹੀ ‘ਵਧਾਈਆਂ ਹੋਣ’ ਵਾਲੀ ਮੁਹਾਰਨੀ ਸੁਣ ਕੇ, ਮੈਂ ਨਿਮਰ ਭਾਵ ਨਾਲ ਪੁੱਛਿਆ ਕਿ ਪ੍ਰੋਫੈਸਰ ਸਾਹਿਬ, ਵਧਾਈਆਂ ਹੋ ਨਹੀਂ ਗਈਆਂ ਪਹਿਲੋਂ ਆਪਣੀਆਂ? ਉਸ ਬਾਰੀਕਬੀਨ ਬੁੱਧੀਵਾਨ ਦੋਸਤ ਨੇ ਜਵਾਬ ਵਜੋਂ ਜਿਹੜੇ ਸ਼ਬਦ ਕਹੇ, ਉਨ੍ਹਾਂ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਖੁਦ ਅਮਲ ਵਿਚ ਲਿਆਉਂਦਾ ਆ ਰਿਹਾ ਹਾਂ, ਜਦੋਂ ਵੀ ਕਿਤੇ ਅਜਿਹਾ ਮੌਕਾ-ਮੇਲ ਬਣੇ। ਪਤਾ ਉਸ ਨੇ ਬੜੇ ਮੋਹ ਭਿੱਜੇ ਸ਼ਬਦਾਂ ਵਿਚ ਕੀ ਕਿਹਾ?
ਕਹਿੰਦਾ, “ਸੱਜਣਾਂ, ਤੂੰ ਮੈਨੂੰ ਫੋਨ ਕਰ ਕੇ ਜਿੱਤਣ ਦੀ ਖ਼ੁਸ਼ਖਬਰੀ ਦਿੱਤੀ। ਉਸ ਦੇ ਜਵਾਬ ਵਿਚ ਮੈਂ ਵੀ ਖੁਸ਼ੀ ਦਾ ਇਜ਼ਹਾਰ ਕਰ ਦਿਤਾ। ਚਿੱਠੀ ਆਉਣ ਵਾਂਗ ਉਹ ਤੇਰਾ ਫੋਨ ਮੈਨੂੰ ਆਇਆ ਸੀ। ਮੇਰੇ ਵਲੋਂ ਤੈਨੂੰ ਵਧਾਈਆਂ ਤਾਂ ਹੁਣ ਦਿੱਤੀਆਂ ਜਾ ਰਹੀਆਂ ਨੇ।” ਹੈ ਕਿ ਨਹੀਂ, ਇਹ ਮੋਹ-ਮੁਹੱਬਤ ਤੇ ਅਪਣੱਤ ਨਾਲ ਲਬਾਲਬ ਭਰਿਆ ਅਨੋਖਾ ਨੁਸਖਾ?

ਸ਼ੁਕਰਾਨੇ ਬਾਰੇ ਇਕ ਹੋਰ ਦਿਲਚਸਪ ਘਟਨਾ ਮੇਰੇ ਨਾਲ ਅਮਰੀਕਾ ਵਿਚ ਵਾਪਰੀ। ਸਾਡੇ ਇਕ ਸੱਜਣ ਅਮਰੀਕਾ ਵਿਚ ਨਵੇਂ-ਨਵੇਂ ਆਏ ਸਨ। ਇਕ ਦਿਨ ਕਾਰ ਭਜਾਈ ਹਾਈਵੇ ‘ਤੇ ਜਾ ਰਹੇ ਸਨ। ਡਰਾਈਵਿੰਗ ਦਾ ਬਹੁਤਾ ਤਜਰਬਾ ਨਾ ਹੋਣ ਕਰ ਕੇ ਤੇਲ ਦੱਸਣ ਵਾਲੀ ਸੂਈ ਵੱਲ ਧਿਆਨ ਹੀ ਨਾ ਮਾਰਿਆ। ਰੁਕਦੀ ਰੁਕਦੀ ਕਾਰ ਰੁਕ ਗਈ। ਇੰਨਾ ਸ਼ੁਕਰ ਕਿ ਬਾਹਰ ਵਾਲੀ ਲੇਨ ਵਿਚ ਹੋਣ ਕਰ ਕੇ ਕਾਰ ਛੇਤੀ ਪਾਸੇ ਕੱਢ ਲਈ। ਉਹ ਬਾਹਰ ਨਿਕਲ ਕੇ ਆਲਾ-ਦੁਆਲਾ ਵੇਖਣ ਲੱਗ ਪਏ। ਮੋਬਾਈਲ ਫੋਨ ਉਦੋਂ ਨਹੀਂ ਹੁੰਦੇ ਸਨ। ਕੀ ਕਰਨ? ਕੀਹਦੀ ਮਾਂ ਨੂੰ ਮਾਸੀ ਕਹਿਣ ਵਾਲੀ ਸਥਿਤੀ ਵਿਚ ਫਸ ਗਏ ਵਿਚਾਰੇ। ਰੱਬ ਆਸਰੇ ਡੋਰੀਆਂ ਸੁੱਟ ਕੇ ਕੀੜਿਆਂ ਦੇ ਭੌਣ ਵਾਂਗ ਆਉਂਦੀਆਂ-ਜਾਂਦੀਆਂ ਕਾਰਾਂ ਵੱਲ ਵੇਖੀ ਗਏ।
ਇੰਨੇ ਨੂੰ ਇਕ ਗੋਰੇ ਨੇ ਉਨ੍ਹਾਂ ਦੀ ਕਾਰ ਅੱਗੇ ਆਪਣੀ ਗੱਡੀ ਖੜ੍ਹਾ ਦਿਤੀ। ਤੇਲ ਮੁੱਕ ਜਾਣ ਦੀ ਗੱਲ ਸੁਣ ਕੇ ਉਸ ਨੇ ਆਪਣੀ ਗੱਡੀ ਵਿਚ ਐਮਰਜੈਂਸੀ ਲਈ ਰੱਖੇ ਹੋਏ ਜੁਗਾੜ ਨਾਲ ਇਨ੍ਹਾਂ ਦੀ ਕਾਰ ਵਿਚ ਗੁਜ਼ਾਰੇ ਜੋਗਾ ਤੇਲ ਪਾ ਦਿੱਤਾ। ਸੱਜਣ ਜੀ ਨੇ ਜਦੋਂ ਬੜੀ ਨਿਮਰਤਾ ਨਾਲ ਗੋਰੇ ਨੂੰ ‘ਥੈਂਕ ਯੂ’ ਕਿਹਾ ਤਾਂ ਉਸ ਨੇ ਇਨ੍ਹਾਂ ਨੂੰ ਥੈਂਕਸ ਕਰਨ ਦੇ ਨਾਲ-ਨਾਲ ਇਕ ਹੋਰ ਪ੍ਰਣ ਕਰਨ ਲਈ ਬੇਨਤੀ ਕੀਤੀ। ਕਹਿਣ ਲੱਗਾ, ਮਾਈ ਡੀਅਰ, ਜਦੋਂ ਵੀ ਤੁਹਾਨੂੰ ਕਿਤੇ ਕੋਈ ਸੜਕ ਕਿਨਾਰੇ ਤੁਹਾਡੇ ਵਾਂਗ ਖੜ੍ਹਾ ਹੋਇਆ ਬੰਦਾ ਵਿਖਾਈ ਦੇਵੇ, ਤਦ ਉਸ ਕੋਲੋਂ ਚੁੱਪ ਕਰ ਕੇ ਨਹੀਂ ਲੰਘਣਾ। ਉਸ ਦੀ ਯਥਾ-ਸ਼ਕਤਿ ਮਦਦ ਜ਼ਰੂਰ ਕਰਨਾ। ਇਹੋ ਜਿਹੇ ਮੌਕੇ ਹਮੇਸ਼ਾ ਅੱਜ ਵਾਲੇ ਵਾਕਿਆ ਨੂੰ ਯਾਦ ਰੱਖਿਉ!