ਡਾ. ਗੁਰਨਾਮ ਕੌਰ ਕੈਨੇਡਾ
ਪੰਜਵੀਂ ਵਾਰ ਦੀਆਂ ਪਹਿਲੀਆਂ 14 ਪਉੜੀਆਂ ਵਿਚ ਭਾਈ ਗੁਰਦਾਸ ਨੇ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਕਿ ਗੁਰਮੁਖਿ ਦਾ ਮਾਰਗ ਕਿਹੋ ਜਿਹਾ ਹੈ ਅਤੇ ਹੋਰ ਦੁਨਿਆਵੀ ਮਾਰਗਾਂ ਨਾਲੋਂ ਉਹ ਕਿਸ ਤਰ੍ਹਾਂ ਵੱਖਰਾ ਹੈ? ਇਸ ਪੰਦਰ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰਮਖਿ ਦਾ ਮਨਮੁਖ ਨਾਲੋਂ ਫਰਕ ਕੀ ਅਤੇ ਕਿਉਂ ਹੈ? ਇਹ ਜ਼ਿਕਰ ਕਈ ਵਾਰ ਹੋ ਚੁਕਾ ਹੈ ਕਿ ਗੁਰਮੁਖਿ ਉਹ ਹੈ ਜੋ ਗੁਰੂ ਦੇ ਦੱਸੇ ਮਾਰਗ ‘ਤੇ ਚੱਲਦਾ ਹੈ ਅਤੇ ਮਨਮੁਖ ਉਹ ਹੈ ਜੋ ਆਪਣੇ ਮਨ ਦੀ ਮਤਿ ਦੇ ਪਿੱਛੇ ਲੱਗ ਕੇ ਮਨ ਦੀਆਂ ਬਿਰਤੀਆਂ ਅਨੁਸਾਰ ਕੰਮ ਕਰਦਾ ਹੈ ਅਤੇ ਮਨੁੱਖੀ ਮਨ ਕਈ ਵਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਦੇ ਵੱਸ ਵਿਚ ਹੋ ਕੇ ਉਲਾਰ ਹੋ ਜਾਂਦਾ ਹੈ ਤੇ ਸਹੀ ਰਸਤੇ ਤੋਂ ਭਟਕ ਜਾਂਦਾ ਹੈ|
ਭਾਈ ਗੁਰਦਾਸ ਨੇ ਦੱਸਿਆ ਹੈ ਕਿ ਗੁਰੂ ਦਾ ਦੱਸਿਆ ਮਾਰਗ, ਜਿਸ ‘ਤੇ ਗੁਰਮੁਖਿ ਚੱਲਦਾ ਹੈ, ਬਿਲਕੁਲ ਸਾਫ, ਸਿੱਧਾ ਅਤੇ ਸਪੱਸ਼ਟ ਹੈ ਜਦ ਕਿ ਮਨਮੁਖ ਬਾਰਾਂ ਪੰਥਾਂ ਅਰਥਾਤ ਜੋਗੀਆਂ ਦੇ ਬਾਰਾਂ ਫਿਰਕਿਆਂ ਵਿਚ ਉਲਝਿਆ ਰਹਿੰਦਾ ਹੈ| ਗੁਰਮੁਖਿ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਿਆਂ ਇਸ ਸੰਸਾਰ ਸਾਗਰ ਤੋਂ ਪਾਰ ਲੰੰਘ ਜਾਂਦਾ ਹੈ ਅਤੇ ਮਨਮੁਖ ਇਸ ਸੰਸਾਰ ਦੀਆਂ ਮਨ ਨੂੰ ਵਿਚਲਿਤ ਕਰਨ ਵਾਲੀਆਂ ਰੁਚੀਆਂ ਵਿਚ ਉਲਝ ਕੇ ਇਸ ਭਵ-ਸਾਗਰ ਵਿਚ ਡੁੱਬ ਜਾਂਦਾ ਹੈ| ਗੁਰਮੁਖਿ ਇਸ ਸੰਸਾਰ ਵਿਚ ਰਹਿੰਦਿਆਂ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਅਰਥਾਤ ਇਸ ਸੰਸਾਰ ਤੋਂ ਉਤੇ ਉਠ ਜਾਂਦਾ ਹੈ ਕਿਉਂਕਿ ਉਸ ਦਾ ਮਨ ਉਸ ਦੇ ਕਾਬੂ ਵਿਚ ਹੁੰਦਾ ਹੈ ਪਰ ਮਨਮੁਖ ਵਾਰ ਵਾਰ ਜਨਮ ਲੈਂਦਾ ਅਤੇ ਮਰਦਾ ਹੈ| ਮਨ ਨੂੰ ਕਾਬੂ ਵਿਚ ਰੱਖਣ ਕਰਕੇ ਗੁਰਮੁਖਿ ਨੂੰ ਸਦੀਵੀ ਅਨੰਦ ਦਾ ਫਲ ਪ੍ਰਾਪਤ ਹੁੰਦਾ ਹੈ ਜਦ ਕਿ ਮਨਮੁਖ ਆਪਣੇ ਮਨ ਦੇ ਪਿੱਛੇ ਲੱਗ ਕੇ ਸਦੀਵੀ ਦੁੱਖ ਭੋਗਦਾ ਹੈ| ਇਸ ਤਰ੍ਹਾਂ ਗੁਰਮੁਖਿ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਸੁਰਖਰੂ ਹੋ ਕੇ ਜਾਂਦਾ ਹੈ ਅਰਥਾਤ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਜਦ ਕਿ ਮਨਮੁਖ ਨੂੰ ਵਾਰ ਵਾਰ ਜਨਮ-ਮਰਨ ਵਿਚ ਪੈਣ ਕਰਕੇ ਜਮਾਂ ਦਾ ਦੰਡ ਸਹਿਣਾ ਪੈਂਦਾ ਹੈ, ਮੌਤ ਦਾ ਦੁੱਖ ਵਾਰ ਵਾਰ ਸਹਿਣਾ ਪੈਂਦਾ ਹੈ|
ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦਾ ਹੈ ਪਰ ਇਸ ਦੇ ਉਲਟ ਆਪਣੇ ਮਨ ਦੀ ਮਤਿ ਅਨੁਸਾਰ ਚੱਲਣ ਵਾਲਾ ਮਨੁੱਖ ਸਦੀਵੀ ਹਉਮੈ ਦੀ ਅੱਗ ਵਿਚ ਸੜਦਾ ਰਹਿੰਦਾ ਹੈ| ਭਾਈ ਗੁਰਦਾਸ ਨਤੀਜਾ ਕੱਢਦੇ ਹਨ ਕਿ ਇਸ ਸੰਸਾਰ ਵਿਚ ਵਿਰਲੇ ਮਨੁੱਖ ਹੀ ਦੁਨਿਆਵੀ ਬੰਧਨਾਂ ਵਿਚ ਰਹਿੰਦੇ ਹੋਏ ਵੀ ਇਸ ਦੇ ਬੰਧਨਾਂ ਤੋਂ ਉਤੇ ਉਠ ਜਾਂਦੇ ਹਨ ਅਤੇ ਗੁਰਮੁਖਾਂ ਵਾਲਾ ਜੀਵਨ ਬਸਰ ਕਰਦੇ ਹਨ:
ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ|
ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ|
ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮਿ ਮਰੰਦੇ|
ਗੁਰਮੁਖਿ ਸੁਖ ਫਲੁ ਪਾਇਦੇ ਮਨਮੁਖਿ ਦੁਖ ਫਲੁ ਦੁਖ ਲਹੰਦੇ|
ਗੁਰਮੁਖਿ ਦਰਗਹ ਸੁਰਖਰੂ ਮਨਮੁਖਿ ਜਮੁ ਪੁਰਿ ਡੰਡੁ ਸਹੰਦੇ|
ਗੁਰਮੁਖਿ ਆਪੁ ਗਵਾਇਆ ਮਨਮੁਖਿ ਹਉਮੈ ਅਗਨਿ ਜਲੰਦੇ|
ਬੰਦੀ ਅੰਦਰਿ ਵਿਰਲੇ ਬੰਦੇ॥15॥
ਸੋਲਵੀਂ ਅਤੇ ਸਤਾਰਵੀਂ ਪਉੜੀ ਵਿਚ ਭਾਈ ਗੁਰਦਾਸ ਨੇ ਗੁਰਮੁਖਿ ਅਤੇ ਮਨਮੁਖ ਦੀ ਰਹਿਣੀ ਜਾਂ ਜੀਵਨ ਸ਼ੈਲੀ ਨੂੰ ਦੱਸਣ ਲਈ ਸੁਹਾਗਣ ਅਤੇ ਦੁਹਾਗਣ ਦਾ ਦ੍ਰਿਸ਼ਟਾਂਤ ਵਰਤਿਆ ਹੈ| ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਇਸ ਦ੍ਰਿਸ਼ਟਾਂਤ ਦੀ ਚਰਚਾ ਸਾਨੂੰ ਦ੍ਰਿਸ਼ਟੀਗੋਚਰ ਹੁੰਦੀ ਹੈ| ਭਾਈ ਗੁਰਦਾਸ ਗੁਰਮੁਖਿ ਦਾ ਸੁਹਾਗਣ ਦੇ ਰੂਪ ਵਿਚ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਸੁਹਾਗਣ ਇਸਤਰੀ ਆਪਣੇ ਪੇਕਿਆਂ ਅਰਥਾਤ ਮਾਂ-ਬਾਪ ਦੇ ਘਰ ਵਿਚ ਬਹੁਤ ਲਾਡਲੀ ਹੁੰਦੀ ਹੈ ਜਿਸ ਨੂੰ ਮਾਂ-ਬਾਪ ਬੇਹੱਦ ਪਿਆਰ ਕਰਦੇ ਹਨ| ਆਪਣੇ ਭਰਾਵਾਂ ਦੀ ਉਹ ਬਹੁਤ ਪਿਆਰੀ ਭੈਣ ਹੁੰਦੀ ਹੈ ਅਤੇ ਨਾਨਕਿਆਂ-ਦਾਦਕਿਆਂ ਦੇ ਭਰੇ-ਪੂਰੇ ਪਰਿਵਾਰਾਂ ਵਿਚ ਉਹ ਸਤਿਕਾਰ ਤੇ ਪਿਆਰ ਪ੍ਰਾਪਤ ਕਰਦੀ ਹੈ| ਫਿਰ ਜਦੋਂ ਉਸ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਲੱਖਾਂ ਰੁਪਏ ਖਰਚ ਕਰਕੇ ਉਸ ਲਈ ਗਹਿਣੇ, ਕੱਪੜੇ ਤੇ ਹੋਰ ਸਾਜ-ਸਮਾਨ ਬਣਾ ਕੇ ਉਸ ਦਾ ਦਾਜ ਤਿਆਰ ਕੀਤਾ ਜਾਂਦਾ ਹੈ| ਜਦੋਂ ਉਹ ਸਹੁਰੇ ਜਾਂਦੀ ਹੈ ਤਾਂ ਉਥੇ ਵੀ ਉਸ ਨੂੰ ਮਾਨਤਾ ਮਿਲਦੀ ਹੈ, ਚੰਗੇ ਪਰਿਵਾਰ ਵਿਚੋਂ ਆਈ ਹੋਈ ਅਤੇ ਚੰਗੇ ਸੁਘੜ ਗੁਣਾਂ ਵਾਲੀ ਮੰਨਿਆ ਜਾਂਦਾ ਹੈ| ਆਪਣੇ ਸਹੁਰੇ ਘਰ ਵਿਚ ਉਹ ਪਤੀ ਦਾ ਸੁੱਖ ਮਾਣਦੀ ਹੈ, ਵਿਆਹੁਤਾ ਜੀਵਨ ਦਾ ਅਨੰਦ ਮਾਣਦੀ ਹੈ, ਚੰਗੇ ਭੋਜਨ ਖਾਂਦੀ ਹੈ ਅਤੇ ਸਜ-ਸੰਵਰ ਕੇ ਰਹਿੰਦੀ ਹੈ| ਦੁਨਿਆਵੀ ਅਤੇ ਅਧਿਆਤਮਕ-ਦੋਵਾਂ ਤਰ੍ਹਾਂ ਨਾਲ ਹੀ ਉਸ ਨੂੰ ਪੁਰਸ਼ ਦੀ ਅਰਧ-ਸਰੀਰੀ ਭਾਵ ਪਤੀ ਦਾ ਅੱਧਾ ਸਰੀਰ ਮੰਨਿਆ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਨ ਵਿਚ ਉਹ ਪਤੀ ਦੀ ਮਦਦ ਕਰਦੀ ਹੈ|
ਇਸ ਤਰ੍ਹਾਂ ਗੁਰਮੁਖਿ ਇਸਤਰੀ ਪੱਕੇ ਤੌਰ ‘ਤੇ ਸੁੱਖ ਫਲ ਦੀ ਪ੍ਰਾਪਤੀ ਕਰਦੀ ਹੈ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਇਸ ਸੰਸਾਰ ਵਿਚ ਵੀ ਆਪਣੇ ਗੁਣਾਂ ਕਾਰਨ ਹਰ ਤਰ੍ਹਾਂ ਨਾਲ ਪਿਆਰ ਤੇ ਸਤਿਕਾਰ ਪ੍ਰਾਪਤ ਕਰਦਾ ਹੈ ਅਤੇ ਚੰਗੇ ਗੁਣਾਂ ਦਾ ਧਾਰਨੀ ਹੋਣ ਕਰਕੇ ਉਹ ਹਰ ਇੱਕ ਕੋਲੋਂ ਇੱਜਤ ਤੇ ਮਾਣ ਲੈਂਦਾ ਹੈ| ਆਪਣੇ ਚੰਗੇ ਗੁਣਾਂ ਕਰਕੇ ਉਹ ਆਪ ਵੀ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਦੂਸਰਿਆਂ ਦੀ ਵੀ ਅਧਿਆਤਮਕਤਾ ਦੇ ਰਸਤੇ ‘ਤੇ ਚੱਲਣ ਵਿਚ ਮਦਦ ਕਰਕੇ ਮੁਕਤ ਕਰਾਉਂਦਾ ਹੈ| ਆਪਣੇ ਅਧਿਆਤਮਕ ਅਤੇ ਰੱਬੀ ਗੁਣਾਂ ਦਾ ਦਾਜ ਲੈ ਕੇ ਜਦੋਂ ਉਹ ਅਗਲੇ ਘਰ ਅਰਥਾਤ ਪਰਮੇਸ਼ਰ-ਰੂਪੀ ਪਤੀ ਦੇ ਘਰ ਜਾਂਦਾ ਹੈ ਤਾਂ ਉਥੇ ਵੀ ਉਸ ਨੂੰ ਸਤਿਕਾਰ ਮਿਲਦਾ ਹੈ, ਰੱਬੀ ਪ੍ਰੇਮ ਮਿਲਦਾ ਹੈ ਅਤੇ ਉਹ ਸਦੀਵੀ ਅਨੰਦ ਦੀ ਪ੍ਰਾਪਤੀ ਕਰਦਾ ਹੈ| ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਇਸਤਰੀ ਦੇ ਰੂਪਕ ਰਾਹੀਂ ਇਸ ਸੰਸਾਰ ਨੂੰ ਮਨੁੱਖ ਦਾ ਪੇਕਾ ਘਰ ਕਿਹਾ ਗਿਆ ਹੈ ਜਿੱਥੇ ਉਸ ਨੇ ਥੋੜਾ ਸਮਾਂ ਗੁਜ਼ਾਰਨਾ ਹੈ ਅਤੇ ਅਗਲੇ ਸੰਸਾਰ ਨੂੰ ਉਸ ਦਾ ਸਹੁਰਾ ਘਰ ਕਿਹਾ ਗਿਆ ਹੈ ਜਿੱਥੇ ਉਸ ਨੇ ਸਦੀਵੀ ਤੌਰ ‘ਤੇ ਵੱਸਣਾ ਹੈ| ਇਸੇ ਲਈ ਗੁਰਮੁਖਿ ਲਈ ਸੁਹਾਗਣ ਇਸਤਰੀ ਅਤੇ ਮਨਮੁਖ ਲਈ ਦੁਹਾਗਣ ਇਸਤਰੀ ਦਾ ਪ੍ਰਤੀਕ ਵਰਤਿਆ ਗਿਆ ਹੈ:
ਪੇਵਕੜੈ ਘਰਿ ਲਾਡੁਲੀ ਮਾਊ ਪੀਊ ਖਰੀ ਪਿਆਰੀ|
ਵਿਚਿ ਭਿਰਾਵਾਂ ਭੈਨੜੀ ਨਾਨਕ ਦਾਦਕ ਸਪਰਵਾਰੀ|
ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ|
ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ|
ਸੁਖ ਮਾਣੈ ਪਿਰੁ ਸੇਜੜੀ ਛਤੀਹ ਭੋਜਨ ਸਦਾ ਸੀਗਾਰੀ|
ਲੋਕ ਵੇਦ ਗੁਣੁ ਗਿਆਨੁ ਵਿਚਿ ਅਰਧ ਸਰੀਰੀ ਮੋਖੁ ਦੁਆਰੀ|
ਗੁਰਮੁਖਿ ਸੁਖ ਫਲ ਨਿਹਚਉ ਨਾਰੀ॥16॥
ਜਿਸ ਤਰ੍ਹਾਂ ਗੁਰਮੁਖਿ ਦੇ ਗੁਣਾਂ ਨੂੰ ਸੁਹਾਗਣ ਅਤੇ ਸੁਘੜ ਇਸਤਰੀ ਦੇ ਪ੍ਰਤੀਕ ਰਾਹੀਂ ਪਰਗਟ ਕੀਤਾ ਗਿਆ ਹੈ; ਇਸੇ ਤਰ੍ਹਾਂ ਮਨਮੁਖ ਦੇ ਔਗੁਣਾਂ ਨੂੰ ਦੁਹਾਗਣ ਜਾਂ ਵੇਸਵਾ ਦੇ ਪ੍ਰਤੀਕ ਰਾਹੀਂ ਦੱਸਿਆ ਗਿਆ ਹੈ| ਭਾਈ ਗੁਰਦਾਸ ਦੱਸਦੇ ਹਨ ਕਿ ਇੱਕ ਵੇਸਵਾ ਇਸਤਰੀ ਦੇ ਮਿੱਤਰ ਅਰਥਾਤ ਉਸ ਨਾਲ ਸਬੰਧ ਬਣਾਉਣ ਵਾਲੇ, ਬਹੁਤ ਸਾਰੇ ਚਾਹੁਣ ਵਾਲੇ ਹੁੰਦੇ ਹਨ ਅਤੇ ਉਹ ਹਰ ਤਰ੍ਹਾਂ ਦੇ ਕੁਕਰਮ ਕਰਦੀ ਹੈ, ਪਾਪ ਕਮਾਉਂਦੀ ਹੈ, ਜਿਸ ਕਰਕੇ ਉਸ ਨੂੰ ਕੁਲੱਛਣੀ ਭਾਵ ਬੁਰੇ ਲੱਛਣਾਂ ਵਾਲੀ ਮੰਨਿਆ ਜਾਂਦਾ ਹੈ| ਆਪਣੇ ਲੋਕਾਂ ਵੱਲੋਂ ਭਾਵ ਰਿਸ਼ਤੇਦਾਰਾਂ ਵੱਲੋਂ ਉਹ ਛੇਕੀ ਹੋਈ ਹੁੰਦੀ ਹੈ, ਉਸ ਦਾ ਕੋਈ ਥਾਂ ਜਾਂ ਮੁਲਕ ਨਹੀਂ ਹੁੰਦਾ; ਉਹ ਤਿੰਨ ਧਿਰਾਂ ਲਈ ਨਮੋਸ਼ੀ ਖੱਟਦੀ ਹੈ ਅਰਥਾਤ ਆਪਣੇ ਪਿਤਾ ਦੇ ਪਰਿਵਾਰ, ਮਾਤਾ ਦੇ ਪਰਿਵਾਰ ਅਤੇ ਸਹੁਰੇ ਪਰਿਵਾਰ ਦੀ ਬਦਨਾਮੀ ਦਾ ਕਾਰਨ ਬਣਦੀ ਹੈ (ਜਿੱਥੇ ਗੁਰਮੁਖਿ ਜਾਂ ਸੁਘੜ ਇਸਤਰੀ ਇਨ੍ਹਾਂ ਤਿੰਨਾਂ ਥਾਂਵਾਂ ਜਾਂ ਪਰਿਵਾਰਾਂ ਤੋਂ ਸਤਿਕਾਰ ਤੇ ਪਿਆਰ ਲੈਂਦੀ ਹੈ, ਉਥੇ ਮਨਮੁਖ ਜਾਂ ਕੁਲੱਛਣੀ ਤ੍ਰਿਸਕਾਰ ਦੁਰ ਲਾਹਨਤ ਲੈਂਦੀ ਹੈ ਅਤੇ ਬਦਨਾਮੀ ਦਾ ਕਾਰਨ ਬਣਦੀ ਹੈ)|
ਅਜਿਹੀ ਇਸਤਰੀ ਆਪ ਵੀ ਡੁੱਬਦੀ ਹੈ ਅਤੇ ਦੂਸਰਿਆਂ ਨੂੰ ਵੀ ਡੋਬ ਲੈਂਦੀ ਹੈ, ਸਭ ਦੀ ਬਰਬਾਦੀ ਦਾ ਕਾਰਨ ਬਣਦੀ ਹੈ ਪਰ ਫਿਰ ਵੀ ਇਸ ਜ਼ਹਿਰ ਨੂੰ ਮਿੱਠੀ ਕਰਕੇ ਖਾਂਦੀ ਰਹਿੰਦੀ ਹੈ| ਜਿਸ ਤਰ੍ਹਾਂ ਹਿਰਨ ਘੰਡੇ-ਹੇੜੇ ਦੀ ਆਵਾਜ਼ ਸੁਣ ਕੇ ਉਸ ਵੱਲ ਦੌੜਦਾ ਹੈ ਅਤੇ ਫਸ ਜਾਂਦਾ ਹੈ, ਭੰਵਟ ਦੀਪਕ ਦੀ ਰੌਸ਼ਨੀ ਵੱਲ ਖਿੱਚਿਆ ਆਉਂਦਾ ਹੈ ਅਤੇ ਸੜ ਜਾਂਦਾ ਹੈ| ਆਪਣੇ ਕੀਤੇ ਬੁਰੇ ਕੰਮਾਂ ਕਾਰਨ ਉਸ (ਵੇਸਵਾ) ਦਾ ਮੂੰਹ ਦੋਵਾਂ ਜਹਾਨਾਂ (ਇਸ ਸੰਸਾਰ ਵਿਚ ਵੀ ਤੇ ਅਗਲੇ ਸੰਸਾਰ ਵਿਚ ਵੀ) ਵਿਚ ਪੀਲਾ ਪੈ ਜਾਂਦਾ ਹੈ ਭਾਵ ਉਹ ਕਿਧਰੇ ਮੂੰਹ ਦਿਖਾਉਣ ਜੋਗੀ ਨਹੀਂ ਰਹਿੰਦੀ ਤੇ ਉਸ ਦਾ ਹਾਲ ਪੱਥਰ ਦੀ ਬੇੜੀ ਵਰਗਾ ਹੁੰਦਾ ਹੈ ਜੋ ਸਭ ਨੂੰ ਲੈ ਕੇ ਡੁੱਬ ਜਾਂਦੀ ਹੈ| ਇਸੇ ਤਰ੍ਹਾਂ ਮਨਮੁਖ ਦਾ ਮਨ ਹੁੰਦਾ ਹੈ ਜੋ ਦੁਸ਼ਟਾਂ ਦੀ ਸੰਗਤਿ ਵਿਚ ਪੈ ਕੇ ਭਰਮਾਂ ਵਿਚ ਫਸ ਜਾਂਦਾ ਹੈ ਅਤੇ ਅੱਠੋ-ਖੰਡ ਹੋਇਆ ਰਹਿੰਦਾ ਹੈ ਅਰਥਾਤ ਏਧਰ-ਉਧਰ ਭਟਕਦਾ ਰਹਿੰਦਾ ਹੈ, ਟਿਕਾਉ ਵਿਚ ਨਹੀਂ ਆਉਂਦਾ| ਵੇਸਵਾ ਦੇ ਪੁੱਤਰ ਦੇ ਪਿਤਾ ਦਾ ਕੋਈ ਨਾਮ ਨਹੀਂ ਹੁੰਦਾ, ਵੇਸਵਾ ਨੂੰ ਕੋਈ ਨਹੀਂ ਅਪਨਾਉਂਦਾ। ਇਸ ਲਈ ਉਸ ਦੇ ਪੁੱਤਰ ਦਾ ਬਾਪ ਕੌਣ ਹੈ? ਕੋਈ ਪਤਾ ਨਹੀਂ ਹੁੰਦਾ| ਉਹ ਪਿਉ ਦੇ ਨਾਮ ਤੋਂ ਵਿਹੂਣਾ ਹੁੰਦਾ ਹੈ| ਇਸੇ ਤਰ੍ਹਾਂ ਮਨਮੁਖ ਆਪ ਵੀ ਡੁੱਬਦਾ ਹੈ ਅਤੇ ਆਪਣੇ ਨਾਲ ਬਾਕੀਆਂ ਨੂੰ ਵੀ ਡੋਬਦਾ ਹੈ:
ਜਿਉ ਬਹੁ ਮਿਤੀ ਵੇਸੁਆ ਸਭਿ ਕੁਲਖਣ ਪਾਪ ਕਮਾਵੈ|
ਲੋਕਹੁ ਦੇਸੁ ਬਾਹਰੀ ਤਿਹੁ ਪਖਾਂ ਨੋ ਅਉਲੰਗੁ ਲਾਵੈ|
ਡੁਬੀ ਡੋਬੈ ਹੋਰਨਾਂ ਮਹੁਰਾ ਮਿਠਾ ਹੋਇ ਪਚਾਵੈ|
ਘੰਡਾ ਹੇੜਾ ਮਿਰਗ ਜਿਉ ਦੀਪਕ ਹੋਇ ਪਤੰਗ ਜਲਾਵੈ|
ਦੁਹੀ ਸਰਾਈ ਜਰਦਰੂ ਪਥਰ ਬੇੜੀ ਪੂਰ ਡੁਬਾਵੈ|
ਮਨਮੁਖ ਮਨੁ ਅਠ ਖੰਡ ਹੋਇ ਦੁਸਟਾ ਸੰਗਤਿ ਭਰਮਿ ਭੁਲਾਵੈ|
ਵੇਸੁਆ ਪੁਤੁ ਨਿਨਾਉ ਸਦਾਵੈ॥17॥
ਭਾਈ ਗੁਰਦਾਸ ਨੇ ਮਨੁੱਖ ਦੇ ਜੀਵਨ ਦੀਆਂ ਤਿੰਨ ਅਵਸਥਾਵਾਂ-ਬਚਪਨ, ਜੁਆਨੀ ਅਤੇ ਬੁਢਾਪੇ ਦਾ ਬਿਆਨ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਤਿਸੰਗਤਿ ਵਿਚ ਜਾ ਕੇ ਨਾਮ ਸਿਮਰਨ ਕਰਨ ਨਾਲ ਹੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੀਦਾ ਹੈ| ਉਹ ਦੱਸਦੇ ਹਨ ਕਿ ਬਚਪਨ ਵਿਚ ਮਨੁੱਖ ਨੂੰ ਚੰਗੇ-ਬੁਰੇ ਦੀ ਕੋਈ ਸੋਝੀ ਨਹੀਂ ਹੁੰਦੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ? ਇਹ ਸਾਰੀ ਅਵਸਥਾ ਉਸ ਦੀ ਖੇਡ-ਕੁੱਦ ਵਿਚ, ਬਾਲ-ਲੀਲਾ ਕਰਦਿਆਂ ਬੇਫਿਕਰੀ ਵਿਚ ਨਿਕਲ ਜਾਂਦੀ ਹੈ ਕਿਉਂਕਿ ਉਸ ਨੂੰ ਕਿਸੇ ਕਿਸਮ ਦਾ ਅਹਿਸਾਸ ਹੀ ਨਹੀਂ ਹੁੰਦਾ| ਇਸ ਤੋਂ ਪਿੱਛੋਂ ਜੁਆਨੀ ਆਉਂਦੀ ਹੈ, ਬੱਚਾ ਜੁਆਨ ਹੋ ਜਾਂਦਾ ਹੈ ਤਾਂ ਉਸ ਨੂੰ ਭਰਮਾਉਣ ਵਾਲਾ ਕਈ ਕੁਝ ਤਿਆਰ ਹੋ ਜਾਂਦਾ ਹੈ| ਉਹ ਬਹੁਤ ਸਾਰੀਆਂ ਚੀਜ਼ਾਂ ਵੱਲ ਖਿੱਚਿਆ ਜਾਂਦਾ ਹੈ ਜਿਵੇਂ ਉਸ ਨੂੰ ਪਰਾਇਆ ਤਨ ਅਰਥਾਤ ਇਸਤਰੀ ਚੰਗੀ ਲੱਗਦੀ ਹੈ, ਉਸ ਨੂੰ ਦੂਸਰਿਆਂ ਦੀ ਦੌਲਤ ਆਪਣੇ ਵੱਲ ਖਿੱਚਦੀ ਹੈ, ਉਸ ਨੂੰ ਦੂਸਰਿਆਂ ਦੀ ਬੁਰਾਈ ਕਰਨੀ, ਨਿੰਦਾ-ਚੁਗਲੀ ਕਰਨੀ ਚੰਗੀ ਲੱਗਦੀ ਹੈ| ਇਸ ਤਰ੍ਹਾਂ ਅਜਿਹੇ ਬੇਕਾਰ ਦੇ ਕੰਮਾਂ ਵਿਚ ਉਸ ਦੀ ਇਹ ਅਵਸਥਾ ਵੀ ਗੁਜ਼ਰ ਜਾਂਦੀ ਹੈ|
ਜੁਆਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਹੈ ਅਤੇ ਉਹ ਕਬੀਲਦਾਰੀ ਵਿਚ, ਪਰਿਵਾਰ ਦੇ ਝੰਜਟਾਂ ਵਿਚ ਫਸ ਜਾਂਦਾ ਹੈ, ਕਈ ਤਰ੍ਹਾਂ ਦੇ ਪਰਿਵਾਰਕ ਖਲਜਗਣ ਉਸ ਦੇ ਗਲ ਪੈ ਜਾਂਦੇ ਹਨ| ਬੁੱਢਾ ਹੋਣ ਕਰਕੇ ਉਸ ਦੇ ਅੰਗ-ਪੈਰ ਵੀ ਕਮਜ਼ੋਰ ਪੈ ਜਾਂਦੇ ਹਨ, ਸਰੀਰ ਦੀ ਤਾਕਤ ਘਟ ਜਾਂਦੀ ਹੈ ਅਤੇ ਤਾਕਤ ਘਟਣ ਨਾਲ ਉਸ ਦੀ ਬੁੱਧੀ ਅਰਥਾਤ ਸੋਚਣ-ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ, ਮਤਿ-ਹੀਣ ਹੋ ਜਾਂਦਾ ਹੈ| ਇਨ੍ਹਾਂ ਸਾਰੀਆਂ ਕਮਜ਼ੋਰੀਆਂ ਕਰਕੇ ਉਸ ਦਾ ਪਰਿਵਾਰ ਤੇ ਆਲੇ-ਦੁਆਲੇ ਵਾਲੇ ਸੱਤਰਿਆ-ਬਹੱਤਰਿਆ ਕਹਿਣ ਲੱਗ ਪੈਂਦੇ ਹਨ ਅਤੇ ਸਮਝਦੇ ਹਨ ਕਿ ਉਹ ਹੁਣ ਬੇਕਾਰ ਹੋ ਗਿਆ ਹੈ ਤੇ ਉਹ ਸੁੱਤਾ ਹੋਇਆ ਵੀ ਬੁੜਬੁੜਾਉਂਦਾ ਰਹਿੰਦਾ ਹੈ| ਉਸ ਦੀ ਦੇਖਣ-ਸ਼ਕਤੀ ਖਤਮ ਹੋ ਜਾਂਦੀ ਹੈ, ਕੰਨਾਂ ਤੋਂ ਬੋਲਾ ਹੋ ਜਾਂਦਾ ਹੈ, ਚੰਗੀ ਤਰ੍ਹਾਂ ਤੁਰ-ਫਿਰ ਨਹੀਂ ਸਕਦਾ, ਹੱਥ-ਪੈਰ ਕੰਮ ਕਰਨੋਂ ਹਟ ਜਾਂਦੇ ਹਨ, ਸਰੀਰ ਥੱਕ ਜਾਂਦਾ ਹੈ ਪਰ ਮਨ ਉਸ ਦਾ ਦਸ ਦਿਸ਼ਾਵਾਂ ਵਿਚ ਚੱਕਰ ਕੱਟਦਾ ਰਹਿੰਦਾ ਹੈ ਭਾਵ ਮਨ ਨੂੰ ਟਿਕਾਉ ਨਹੀਂ ਆਉਂਦਾ, ਮਨ ਏਧਰ-ਓਧਰ ਭਟਕਦਾ ਹੈ|
ਭਾਈ ਗੁਰਦਾਸ ਕਹਿੰਦੇ ਹਨ ਕਿ ਸਤਿਸੰਗਤਿ ਵਿਚ ਜਾ ਕੇ ਗੁਰੂ ਦਾ ਉਪਦੇਸ਼ ਸੁਣਨ ਤੋਂ ਬਿਨਾ, ਗੁਰੂ ਦਾ ਸ਼ਬਦ ਸੁਣਨ ਤੋਂ ਬਿਨਾ ਮਨੁੱਖ ਜੀਵਨ-ਮੁਕਤਿ ਨਹੀਂ ਹੁੰਦਾ; ਉਹ ਜਨਮ ਲੈਂਦਾ ਅਤੇ ਮਰਦਾ ਰਹਿੰਦਾ ਹੈ। ਚੁਰਾਸੀ ਲੱਖ ਜੂਨਾਂ ਵਿਚ ਘੁੰਮਦਾ ਰਹਿੰਦਾ ਹੈ| ਮਨੁੱਖ ਦਾ ਇਹ ਕੀਮਤੀ ਜਨਮ ਉਸ ਅਕਾਲ ਪੁਰਖ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸੰਵਾਰਨ ਲਈ ਮਿਲਿਆ ਹੋਇਆ ਇੱਕ ਸ਼ੁਭ ਮੌਕਾ ਹੈ| ਜੇ ਇਸ ਨੂੰ ਉਪਰ ਦੱਸੇ ਅਨੁਸਾਰ ਵਿਅਰਥ ਗੁਆ ਲਿਆ, ਫਿਰ ਇਹ ਦੁਬਾਰਾ ਨਹੀਂ ਮਿਲਣਾ| ਇਸ ਜਨਮ ਦਾ ਖੁੰਝਿਆ ਸਮਾਂ ਦੁਬਾਰਾ ਹੱਥ ਨਹੀਂ ਆਉਣਾ:
ਸੁਧਿ ਨ ਹੋਵੈ ਬਾਲ ਬੁਧਿ ਬਾਲਕ ਲੀਲਾ ਵਿਚਿ ਵਿਹਾਵੈ|
ਭਰ ਜੋਬਨਿ ਭਰਮਾਈਐ ਪਰ ਤਨ ਧਨ ਪਰ ਨਿੰਦ ਲੁਭਾਵੈ|
ਬਿਰਧਿ ਹੋਆ ਜੰਜਾਲ ਵਿਚਿ ਮਹਾ ਜਾਲੁ ਪਰਵਾਰੁ ਫਹਾਵੈ|
ਬਲ ਹੀਣਾ ਮਤਿ ਹੀਣੁ ਹੋਇ ਨਾਉ ਬਹਤਰਿਆ ਬਰੜਾਵੈ|
ਅੰਨ੍ਹਾ ਬੋਲਾ ਪਿੰਗਲਾ ਤਨੁ ਥਕਾ ਮਨੁ ਦਹ ਦਿਸੁ ਧਾਵੈ|
ਸਾਧਸੰਗਤਿ ਗੁਰ ਸਬਦ ਵਿਣੁ ਲਖ ਚਉਰਾਸੀਹ ਜੂਨਿ ਭਵਾਵੈ|
ਅਉਸਰ ਚੁਕਾ ਹਥਿ ਨ ਆਵੈ॥18॥
ਗੁਰੂ ਅਰਜਨ ਦੇਵ ਮਨੁੱਖ ਦੀ ਇਸ ਹੋਣੀ ਦੀ ਵਿਆਖਿਆ ਕਰਦੇ ਹਨ ਕਿ ਬਾਲ ਅਵਸਥਾ ਵਿਚ ਬਾਲਕ ਇੱਕ ਤਰ੍ਹਾਂ ਨਾਲ ਬੁੱਧੀ ਪੱਖੋਂ ਬੇਸਮਝ ਹੁੰਦਾ ਹੈ, ਉਸ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ? ਇਸ ਦੀ ਕੋਈ ਸੋਝੀ ਨਹੀਂ ਹੁੰਦੀ| ਜਦੋਂ ਮਨੁੱਖ ਦੀ ਅਵਸਥਾ ਭਰ-ਜੁਆਨੀ ਦੀ ਹੁੰਦੀ ਹੈ ਤਾਂ ਉਹ ਵਿਸ਼ੇ-ਵਿਕਾਰਾਂ ਵਿਚ ਪੈ ਜਾਂਦਾ ਹੈ ਅਤੇ ਮੰਦੇ ਕੰਮ ਕਰਨ ਲੱਗ ਜਾਂਦਾ ਹੈ| ਤੀਸਰੀ ਅਵਸਥਾ ਵਿਚ ਪਹੁੰਚ ਕੇ ਉਸ ਨੂੰ ਲਾਲਚ ਪੈ ਜਾਂਦਾ ਹੈ, ਮਾਇਆ ਇਕੱਠੀ ਕਰਨ ਦਾ; ਇਸ ਲਈ ਮਾਇਆ ਇਕੱਤਰ ਕਰਨ ਲੱਗ ਜਾਂਦਾ ਹੈ| ਜਦੋਂ ਬੁੱਢਾ ਹੋ ਜਾਂਦਾ ਹੈ ਤਾਂ ਇਸ ਇਕੱਠੀ ਕੀਤੀ ਮਾਇਆ ਇੱਥੇ ਹੀ ਛੱਡ ਕੇ ਤੁਰਨਾ ਪੈਂਦਾ ਹੈ ਤੇ ਫਿਰ ਪਛਤਾਉਂਦਾ ਹੈ|
ਗੁਰੂ ਅਰਜਨ ਦੇਵ ਅੱਗੇ ਫੁਰਮਾਉਂਦੇ ਹਨ ਕਿ ਬੜੀ ਦੇਰ ਬਾਅਦ ਇਹ ਮਨੁੱਖਾ ਸਰੀਰ ਮਿਲਿਆ ਹੈ ਜੋ ਨਾਮ ਸਿਮਰਨ ਤੋਂ ਬਿਨਾ ਮਿੱਟੀ ਹੋ ਜਾਂਦਾ ਹੈ| ਨਾਮ ਤੋਂ ਵਿਹੂਣਾ ਇਹ ਮਨੁੱਖਾ ਸਰੀਰ ਪਸੂਆਂ ਅਤੇ ਪ੍ਰੇਤਾਂ ਨਾਲੋਂ ਵੀ ਭੈੜਾ ਹੈ| ਜਿਸ ਅਕਾਲ ਪੁਰਖ ਨੇ ਇਸ ਸਰੀਰ ਨੂੰ ਸਿਰਜਿਆ ਹੈ, ਬਣਾਇਆ ਹੈ, ਉਸ ਨੂੰ ਮਨੁੱਖ ਕਦੇ ਚੇਤੇ ਨਹੀਂ ਕਰਦਾ:
ਬਾਲ ਬਿਵਸਥਾ ਬਾਰਿਕੁ ਅੰਧੁ॥
ਭਰਿ ਜੋਬਨਿ ਲਾਗਾ ਦੁਰਗੰਧ॥
ਤ੍ਰਿਤੀਅ ਬਿਵਸਥਾ ਸਿੰਚੇ ਮਾਇਆ॥
ਬਿਰਧਿ ਭਇਆ ਛੋਡਿ ਚਲਿਓ ਪਛਤਾਇ॥2॥
ਚਿਰੰਕਾਲ ਪਾਈ ਦ੍ਰੁਲਭ ਦੇਹ॥
ਨਾਮ ਬਿਹੂਣੀ ਹੋਈ ਖੇਹ॥
ਪਸੂ ਪਰੇਤ ਮੁਗਧ ਤੇ ਬੁਰੀ॥
ਤਿਸਹਿ ਨ ਬੂਝੈ ਜਿਨਿ ਏਹ ਸਿਰੀ॥3॥ (ਪੰਨਾ 890)
ਗੁਰੂ ਤੇਗ ਬਹਾਦਰ ਇਸੇ ਖਿਆਲ ਦਾ ਪ੍ਰਗਟਾਵਾ ਕਰਦੇ ਹਨ ਕਿ ਮਨੁੱਖ ਦੀਆਂ ਤਿੰਨ ਅਵਸਥਾ ਹਨ: ਬਚਪਨ, ਜੁਆਨੀ ਅਤੇ ਬੁਢਾਪਾ ਪਰ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾ ਇਹ ਸਭ ਹੀ ਵਿਅਰਥ ਚਲੀਆਂ ਜਾਂਦੀਆਂ ਹਨ:
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ॥35॥ (ਪੰਨਾ 1428)