ਪਰਜਾ ਮੰਡਲ ਦਾ ਉਘਾ ਘੁਲਾਟੀਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ

ਸੁਰਜੀਤ ਜੱਸਲ
ਫੋਨ: 91-98146-07737
ਅਨੇਕਾਂ ਸੂਰਬੀਰ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਵਿਚ ਕੁਰਬਾਨੀਆਂ ਦੇ ਕੇ ਸ਼ਹੀਦਾਂ ‘ਚ ਆਪਣਾ ਨਾਂ ਦਰਜ ਕਰਵਾਇਆ। ਮਾਲਵੇ ਵਿਚੋਂ ਅਕਾਲੀ ਲਹਿਰ ਅਤੇ ਰਿਆਸਤੀ ਪਰਜਾ ਮੰਡਲ ਲਹਿਰ ਦੇ ਉਘੇ ਸੰਗਰਾਮੀਏ ਅਮਰ ਸ਼ਹੀਦ ਸ਼ ਸੇਵਾ ਸਿੰਘ ਦਾ ਜਨਮ 24 ਅਗਸਤ 1886 ਈਸਵੀ ਨੂੰ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇਕ ਅਮੀਰ ਪਰਿਵਾਰ ‘ਚ ਸ਼ ਦੇਵਾ ਸਿੰਘ ਧਾਲੀਵਾਲ ਦੇ ਘਰ ਮਾਤਾ ਹਰ ਕੌਰ ਦੀ ਕੁੱਖੋਂ ਹੋਇਆ।

ਸੇਵਾ ਸਿੰਘ ਦੇ ਪਿਤਾ ਉਸ ਸਮੇਂ ਰਿਆਸਤ ਪਟਿਆਲਾ ਦੇ ਮਹਾਰਾਜਾ ਦੇ ਇੱਕ ਨਜ਼ਦੀਕੀ ਅਹਿਲਕਾਰ (ਉਚ ਅਧਿਕਾਰੀ) ਸਨ, ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਪਟਿਆਲਾ ਵਿਖੇ ਹੀ ਹੋਈ। ਸੇਵਾ ਸਿੰਘ ਉਦੋਂ 18 ਸਾਲ ਦੇ ਸਨ, ਜਦੋਂ ਉਨ੍ਹਾਂ ਦੇ ਪਿਤਾ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਚਲਾਣਾ ਕਰ ਗਏ। ਉਹ ਸਿਹਤ ਵਿਭਾਗ ਵਿਚ ਅਫਸਰ ਰਹੇ ਤੇ ਪਲੇਗ ਅਫਸਰ ਬਣ ਕੇ ਬਰਨਾਲਾ ਆ ਲੱਗੇ, ਜਿੱਥੇ ਪਲੇਗ ਦੀ ਬਿਮਾਰੀ ਪੀੜਤ ਅਨੇਕਾਂ ਰੋਗੀਆਂ ਦੀਆਂ ਜਾਨਾਂ ਬਚਾਈਆਂ। ਕੁਝ ਸਮਾਂ ਨੌਕਰੀ ਕਰਨ ਉਪਰੰਤ ਉਹ ਪਿੰਡ ਠੀਕਰੀਵਾਲਾ ਆ ਗਏ ਤੇ ਲੋਕ ਭਲਾਈ ਦੇ ਕੰਮਾਂ ਵਿਚ ਜੁਟ ਗਏ। ਉਨ੍ਹਾਂ ਦੋ ਵਿਆਹ ਕਰਵਾਏ।
1912 ਈਸਵੀ ਵਿਚ ਉਨ੍ਹਾਂ ਨੂੰ ਸਿੱਖੀ ਲਗਨ ਜਾਗੀ ਤੇ ਆਪਣੇ ਪਿੰਡ ਅੰਦਰ ਸਿੰਘ ਸਭਾ ਦਾ ਮੁੱਢ ਬੰਨ੍ਹਿਆ। ਸਿੰਘ ਸਭਾ ਬਰਨਾਲਾ ਦੇ ਸਹਿਯੋਗ ਨਾਲ ਪਿੰਡ ਵਿਚ ਪਹਿਲਾ ਦੀਵਾਨ ਕਰਵਾਇਆ, ਜਿਸ ਵਿਚ ਪਟਿਆਲਾ ਸਭਾ ਦੇ ਮੁਖੀ ਅਤੇ ਉਚ ਕੋਟੀ ਦੇ ਵਿਦਵਾਨ ਮੰਗਵਾਏ। ਦੀਵਾਨ ਦੀ ਸਮਾਪਤੀ ਪਿਛੋਂ ਪਿੰਡ ਦੇ ਕਰੀਬ ਸੌ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਭਾ ‘ਚ ਸ਼ਾਮਿਲ ਕੀਤਾ ਗਿਆ।
1914 ਵਿਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਲੋਕ ਸੁਧਾਰ ਸਰਗਰਮੀਆਂ ਸ਼ੁਰੂ ਹੋਈਆਂ। ਨਾਚ, ਮੁਜਰਾ, ਗੌਣ, ਜੂਆ, ਸ਼ਰਾਬ ਆਦਿ ਭੈੜੀਆਂ ਕੁਰੀਤੀਆਂ ਖਿਲਾਫ ਆਵਾਜ਼ ਉਠਣ ਲੱਗੀ। ਸੇਵਾ ਸਿੰਘ ਨੇ ਇਸ ਲਹਿਰ ਦਾ ਹਿੱਸਾ ਬਣ ਕੇ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਆਜ਼ਾਦੀ ਲਈ ਸੰਘਰਸ਼ ਨੂੰ ਹੀ ਆਪਣਾ ਜੀਵਨ ਮਨੋਰਥ ਬਣਾ ਲਿਆ। ਉਨ੍ਹਾਂ ਆਪਣੇ ਪਿੰਡ ਠੀਕਰੀਵਾਲਾ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਪਣੀ ਨਿਗਰਾਨੀ ਹੇਠ ਉਸ ਥਾਂ ਮੁਕੰਮਲ ਕਰਵਾਇਆ, ਜਿੱਥੇ ਅਠ੍ਹਾਰਵੀਂ ਸਦੀ ਦੇ ਉਘੇ ਸਿੱਖ ਆਗੂ ਨਵਾਬ ਕਪੂਰ ਸਿੰਘ ਨੇ ਆਪਣੇ ਬੁੱਢੇ ਜਥੇ ਸਮੇਤ ਠਹਿਰਾਓ ਕੀਤਾ ਸੀ।
ਪਟਿਆਲਾ ਰਿਆਸਤ ਅੰਦਰ ਪਿੰਡ ਹੀਰੋਂ ਵਿਚ ਸਿੱਖਾਂ ਉਤੇ ਭਾਰੀ ਤਸ਼ੱਦਦ ਅਤੇ ਗੁਰਦੁਆਰਾ ਧੂਰੀ ਦੇ ਸੁਧਾਰ ਬਦਲੇ ਜਬਰ ਸ਼ੁਰੂ ਹੋਇਆ। 21 ਫਰਵਰੀ 1921 ਨੂੰ ਸ੍ਰੀ ਨਨਕਣਾ ਸਾਹਿਬ ਦਾ ਸ਼ਹੀਦੀ ਸਾਕਾ ਵਰਤਿਆ, ਜਿੱਥੇ ਉਹ ਪੰਜ ਪਿਆਰਿਆਂ ਦੇ ਜਥੇ ਨਾਲ ਨਨਕਾਣਾ ਸਾਹਿਬ ਗਏ। ਉਹ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਹਰ ਵੇਲੇ ਮੋਹਰੀ ਰਹਿੰਦੇ। ਮੁਕਤਸਰ ਦੇ ਗੁਰਦੁਆਰੇ ਨੂੰ ਮੁਕਤ ਕਰਵਾਉਣ ਲਈ 500 ਸਿੰਘਾਂ ਦਾ ਜਥਾ ਲੈ ਕੇ ਗਏ। ਧਰਮ ਪ੍ਰਤੀ ਲੋਕਾਂ ਨੂੰ ਇਕਜੁਟ ਕਰਨ ਲਈ ਉਨ੍ਹਾਂ ਇੱਕ ਰੋਜ਼ਾਨਾ ਅਖਬਾਰ Ḕਕੌਮੀ ਦਰਦḔ ਵੀ ਸ਼ੁਰੂ ਕੀਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਦਿਨੋ-ਦਿਨ ਵਧ ਰਹੀ ਲੋਕਪ੍ਰਿਅਤਾ ਨੂੰ ਵੇਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਦਸੰਬਰ 1923 ਵਿਚ ਕਾਲੀ ਪੱਗ ਬੰਨ੍ਹਣ ਅਤੇ ਕਿਰਪਾਨ ਪਹਿਨਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਪਟਿਆਲਾ ਲਿਜਾ ਕੇ ਇਸ ਦੋਸ਼ ਨੂੰ ਬਗਾਵਤ ਦਾ ਨਾਂ ਦੇ ਕੇ ਮੁਕੱਦਮਾ ਚਲਾ ਦਿੱਤਾ। ਉਹ ਅਜੇ ਜੇਲ੍ਹ ਵਿਚ ਹੀ ਸਨ ਕਿ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਪਰਜਾ ਮੰਡਲ ਕਾਇਮ ਕੀਤਾ ਗਿਆ, ਜਿਸ ਦਾ ਉਨ੍ਹਾਂ ਨੂੰ ਪ੍ਰਧਾਨ ਥਾਪਿਆ ਗਿਆ।
1925 ਈਸਵੀ ਵਿਚ ਗੁਰਦੁਆਰਾ ਐਕਟ ਬਣਨ ਪਿਛੋਂ ਜਦੋਂ ਸਾਰੇ ਅਕਾਲੀ ਆਗੂ ਰਿਹਾ ਕੀਤੇ ਗਏ ਤਾਂ ਸ਼ ਸੇਵਾ ਸਿੰਘ ਨੂੰ ਰਿਆਸਤ ਪਟਿਆਲਾ ਦੀ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਅਤੇ ਡੇਰਾ ਗਾਂਧਾ ਸਿੰਘ ਬਰਨਾਲਾ ਦੀ ਇੱਕ ਗੜਵੀ ਚੋਰੀ ਕਰਨ ਦਾ ਝੂਠਾ ਦੋਸ਼ ਲਾ ਕੇ ਨਾਜ਼ਮ ਬਰਨਾਲਾ ਦੀ ਅਦਾਲਤ ਵਿਚ ਉਨ੍ਹਾਂ ਵਿਰੁਧ ਮਕੁੱਦਮਾ ਚਲਾਇਆ। ਜਦੋਂ ਡੇਰੇ ਦੇ ਮਹੰਤ ਨੇ ਬਿਆਨ ਦਿੱਤਾ ਕਿ ਉਸ ਦੇ ਡੇਰੇ ਦੀ ਕੋਈ ਗੜਵੀ ਚੋਰੀ ਨਹੀਂ ਹੋਈ ਤਾਂ ਮਕੁੱਦਮਾ ਤਾਂ ਖਤਮ ਕਰ ਦਿੱਤਾ ਪਰ ਸੇਵਾ ਸਿੰਘ ਨੂੰ ਜੇਲ੍ਹ ‘ਚੋਂ ਰਿਹਾ ਨਾ ਕੀਤਾ ਗਿਆ ਅਤੇ ਬਿਨਾ ਮੁਕੱਦਮੇ ਲਗਾਤਾਰ ਤਿੰਨ ਸਾਲ ਪਟਿਆਲਾ ਜੇਲ੍ਹ ‘ਚ ਨਜ਼ਰਬੰਦ ਰੱਖਿਆ। ਕਈ ਮਹੀਨਿਆਂ ਦੀ ਭੁੱਖ ਹੜਤਾਲ ਅਤੇ ਤਿੰਨ ਸਾਲ ਦੀ ਨਜ਼ਰਬੰਦੀ ਪਿਛੋਂ ਉਨ੍ਹਾਂ ਨੂੰ ਅਗਸਤ 1929 ਵਿਚ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ।
ਅਕਤੂਬਰ 1930 ਵਿਚ ਲੁਧਿਆਣਾ ਰਿਆਸਤੀ ਪਰਜਾ ਮੰਡਲ ਕਾਨਫਰੰਸ ਮੌਕੇ ਸੇਵਾ ਸਿੰਘ ਵਲੋਂ ਕੀਤੇ ਪ੍ਰਚਾਰ ਅਤੇ ਉਨ੍ਹਾਂ ਦੀਆਂ ਵਧਦੀਆਂ ਸਰਗਰਮੀਆਂ ਕਰਕੇ ਰਿਆਸਤ ਪਟਿਆਲਾ ਦੀ ਪੁਲਿਸ ਨੇ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਵਿਰੁਧ ਨਾਜ਼ਮ ਬਰਨਾਲਾ ਦੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ ਪੰਜ ਸਾਲ ਕੈਦ ਅਤੇ ਇੱਕ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਪ੍ਰੰਤੂ ਰਿਆਸਤੀ ਪਰਜਾ ਮੰਡਲ ਲਹਿਰ ਦੇ ਪ੍ਰਭਾਵ ਕਾਰਨ ਚਾਰ ਮਹੀਨੇ ਬਾਅਦ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ।
ਅਪਰੈਲ 1933 ਵਿਚ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਅਤੇ ਪਿੰਡ ਖਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ ‘ਚ ਭਾਗ ਲੈਣ ਦੇ ਦੋਸ਼ ‘ਚ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਤੇ ਨਾਜ਼ਮ ਬਰਨਾਲਾ ਦੀ ਅਦਾਲਤ ‘ਚ ਚਲਾਏ ਮੁਕੱਦਮਿਆਂ ਪਿਛੋਂ ਕੁੱਲ ਮਿਲਾ ਕੇ ਦਸ ਸਾਲ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਪਟਿਆਲਾ ਜੇਲ੍ਹ ਦੇ ਕੁਰਖਤ ਅਧਿਕਾਰੀਆਂ ਦੇ ਅਣਮਨੁੱਖੀ ਵਰਤਾਓ ਵਿਰੁਧ ਆਪਣੇ ਅਪਰੈਲ 1934 ਈਸਵੀ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਿਸ ਦੇ ਫਲਸਰੂਪ 19 ਅਤੇ 20 ਜਨਵਰੀ (1935 ਈਸਵੀ) ਦੀ ਵਿਚਕਾਰਲੀ ਰਾਤ ਨੂੰ ਨੌਂ ਮਹੀਨਿਆਂ ਦੀ ਲੰਬੀ ਭੁੱਖ ਹੜਤਾਲ ਉਪਰੰਤ ਬੜੀ ਹੀ ਦਰਦਨਾਕ ਹਾਲਤ ਵਿਚ ਉਹ ਸ਼ਹੀਦੀ ਪਾ ਗਏ।
ਸ਼ਹੀਦੀ ਸੇਵਾ ਸਿੰਘ ਦੀ ਸ਼ਹੀਦੀ ਬਰਸੀ ਹਰ ਸਾਲ 18, 19 ਅਤੇ 20 ਜਨਵਰੀ ਨੂੰ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਮਨਾਈ ਜਾਂਦੀ ਹੈ। ਜਿੱਥੇ ਰਾਗੀ, ਢਾਡੀ, ਕਵੀਸ਼ਰ ਵਿਦਵਾਨ ਪ੍ਰਚਾਰਕ ਤੇ ਸਿਆਸੀ ਪਾਰਟੀਆਂ ਦੇ ਨੇਤਾ ਸ਼ ਸੇਵਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।