ਐਸ ਅਸ਼ੋਕ ਭੌਰਾ
ਜਿਨ੍ਹਾਂ ਘਰਾਂ ਵਿਚ ਸੰਗੀਤ ਦਾ ਸਵਰਗ ਹੁੰਦਾ ਹੈ, ਉਥੇ ਕੁਦਰਤ ਦਾ ਗੈਰ ਹਾਜ਼ਰ ਹੋਣਾ ਸਵੀਕਾਰਿਆ ਹੀਂ ਨਹੀਂ ਜਾ ਸਕਦਾ। ਜਿਹੜਾ ਬੰਦਾ ਕਹੇ ਕਿ ਮੇਰਾ ਸੰਗੀਤ ਨਾਲ ਕੋਈ ਵਾਹ ਨਹੀਂ, ਉਹਦੇ ਕੰਨ ਵਿਚ ਫੂਕ ਮਾਰ ਕੇ ਪੁੱਛਿਓ ਕਿ ਮਿੱਤਰਾ ਦਿਲ ਦੀ ਧੜਕਣ, ਨਬਜ਼ ਦੀ ਟਿਕ ਟਿਕ ਤੇ ਸਾਹਾਂ ਦੀ ਤਾਲ ਏਸੇ ਦਾ ਹੀ ਹਿੱਸਾ ਨਹੀਂ ਹੈ! ਤੇ ਜਿਸ ਦਿਨ ਉਪਰ ਵਾਲੇ ਨੇ ਇਨ੍ਹਾਂ ਨੂੰ ਬੇਸੁਰੇ ਜਾਂ ਬੇ-ਤਾਲੇ ਕੀਤਾ ਤਾਂ ਬੰਸਰੀ ਵਰਗੀ ਜ਼ਿੰਦਗੀ ਬਾਂਸ ਵਰਗੀ ਹੋ ਜਾਵੇਗੀ।
ਸੰਤ, ਫਕੀਰ ਜਾਂ ਗੁਰੂ ਜਿਸ ਧੁਨ ਦੀ ਆਵਾਜ਼ ਅੰਦਰੋਂ ਸੁਣਨ ਨੂੰ ਕਹਿੰਦੇ ਨੇ, ਉਹੀ ਤਾਂ ਵੱਡਾ ਸੰਗੀਤ ਹੈ ਤੇ ਇਹ ‘ਅਨਹਦ’ ਵਾਦਨ ਹਰ ਹਿਰਦੇ ਵਿਚ ਵਜਦੈ। ਢਾਡੀਆਂ ਨੇ ਦੱਸਿਆ ਹੈ ਕਿ ਢੱਡ-ਸਾਰੰਗੀ ‘ਤੇ ਖੂਨ ਕਿਵੇਂ ਖੌਲਣ ਲਾਈਦਾ ਤੇ ਸਿੱਖ ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਰਿਹਾ ਹੈ ਕਿ ਕਵੀਸ਼ਰੀ ਨਾਲ ਧੁਰ ਅੰਦਰ ਵੱਜਦੀਆਂ ਉਨ੍ਹਾਂ ਧੁਨਾਂ ਦੀ ਸਿਰਜਣਾ ਵੀ ਹੋ ਸਕਦੀ ਹੈ, ਜਿਥੇ ਵਸਤੂ ਸਾਜ਼ ਸ਼ਰਮਿੰਦਾ ਹੋ ਜਾਵੇ ਜਾਂ ਇਉਂ ਕਿ ਜੇ ਸੁਰਾਂ ਪੋਟਿਆਂ ਦੇ ਕਬਜ਼ੇ ਵਿਚ ਨਾ ਵੀ ਹੋਣ ਤਦ ਵੀ ਬਿਨਾ ਬੀਨ ਦੇ ਨਾਗ ਕੀਲਿਆ ਜਾ ਸਕਦਾ ਹੈ। ਕਵੀਸ਼ਰੀ ਦੀ ਗੱਲ ਇਸੇ ਲਈ ਬਲਵੰਤ ਸਿੰਘ ਪਮਾਲ ਤੋਂ ਸ਼ੁਰੂ ਕਰਨ ਲੱਗਾ ਹਾਂ।
ਨਾ ਵਹਿਮ ਹੈ, ਨਾ ਭਰਮ ਹੈ, ਸਗੋਂ ਸੱਚ ਹੈ ਕਿ ਜਦੋਂ ਮਾਲਵੇ ਦੇ ਵੀਹਵੀਂ ਸਦੀ ਦੇ ਕਵੀਸ਼ਰੀ ਇਤਿਹਾਸ ਤੋਂ ਪਰਦਾ ਉਠਿਆ ਤਾਂ ਬਲਵੰਤ ਸਿੰਘ ਪਮਾਲ ਕਵੀਸ਼ਰ ਦਾ ਨਾਂ ਹਰਫਾਂ ਨੂੰ ਸੋਨੇ ਦਾ ਗੁਲੂਬੰਦ ਚੜ੍ਹਾ ਦੇਵੇਗਾ। ਗੁੱਸਾ ਨਾ ਲੱਗੇ ਤਾਂ ਕਈ ਵਾਰ ਇਉਂ ਵੀ ਹੁੰਦਾ ਹੈ ਕਿ ਵਿਖਾਵੇ ਜਾਂ ਲੋਕ-ਲੱਜ ਨੂੰ ਸਿਰ ਤੇ ਸਰੀਰ ਭਾਵੇਂ ਕਈਆਂ ਅੱਗੇ ਝੁਕ ਜਾਂਦਾ ਹੋਵੇ ਪਰ ਇਨ੍ਹਾਂ ਦੋਹਾਂ ਦੇ ਨਾਲ ਜੇ ਕਿਸੇ ਸੰਗੀਤ ਪ੍ਰੇਮੀ ਦੀ ਆਤਮਾ ਤੇ ਮਨ ਵੀ ਨਾਲ ਹੀ ਨੀਵੇਂ ਹੋ ਜਾਣ ਤਾਂ ਸਹਿਜੇ ਹੀ ਉਹ ਨਾਂ ਕਵੀਸ਼ਰੀ ਦੀ ਮੁਕੰਮਲ ਮੂਰਤ ‘ਪਮਾਲ’ ਦਾ ਹੀ ਹੋ ਸਕਦਾ ਹੈ।
ਦਿੱਲੀ ਨੂੰ ਜਿੰਨਾ ਮਰਜ਼ੀ ਭੰਡੀ ਜਾਈਏ ਪਰ ਇਸ ਦੀ ਆਬੋ-ਹਵਾ ਵਿਚ ਜਦੋਂ ਗਾਲਿਬ ਦੀ ਮਹਿਕ ਉਠਦੀ ਹੈ ਤਾਂ ਦਿੱਲੀ ਨਾਲ ਘੁੱਟ ਕੇ ਗਲਵੱਕੜੀ ਪਾ ਲੈਣ ਨੂੰ ਜੀ ਕਰਦੈ। ਉਹ ਇਸ ਕਰਕੇ ਕਿ ਉਹ ਆਪ ਹੀ ਇਸ ਗੱਲ ਨੂੰ ਤਸਦੀਕ ਕਰਦਾ ਰਿਹੈ:
ਯੂੰ ਤੋ ਹੈ ਦੁਨੀਆਂ ਮੇ ਸੁਖਨਵਰ ਬਹੁਤ ਅੱਛੇ
ਕਹਿਤੇ ਹੈਂ ਗਾਲਿਬ ਕਾ ਅੰਦਾਜ਼ੇ ਬਿਆਂ ਔਰ ਹੈ।
ਇਸੇ ਲਈ ਜਿਥੇ ਸਿੱਖ ਜਗਤ ਵਿਚ ਕਈ ਥਾਂ ਕਵੀਸ਼ਰੀ ਬਲਵੰਤ ਸਿੰਘ ਪਮਾਲ ਦੇ ਨਾਂ ਨਾਲ ਦੁਪਹਿਰ ਖਿੜੀ ਵਾਂਗ ਹੱਸੇਗੀ, ਉਥੇ ਕਿਤੇ ਕਿਤੇ ਗਾਲਿਬ ਵਾਲੀ ਥਾਂ ਵੀ ਉਹਨੂੰ ਸਤਿਕਾਰ ਨਾਲ ਦਿੱਤੀ ਜਾਂਦੀ ਰਹੇਗੀ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਮ੍ਰਿਗ ਤਾਂ ਬਹੁਤ ਹੁੰਦੇ ਹਨ ਪਰ ਕਸਤੂਰੀ ਮ੍ਰਿਗ ਇਕ ਹੁੰਦਾ ਹੈ, ਮਣੀ ਵਾਲਾ ਸੱਪ ਵੀ ਇਕ ਹੀ, ਲੱਕੜੀਆਂ ਵਿਚੋਂ ਚੰਦਨ ਵੀ ਇਕ ਹੀ, ਧਰੂ ਤਾਰਾ ਵੀ ਇਕ ਹੀ, ਝੀਲਾਂ ‘ਚੋਂ ਮਾਨਸਰੋਵਰ ਵੀ ਇਕ ਹੀ ਤੇ ਇਵੇਂ ਹੀ ਫੁੱਲ ਤਾਂ ਬੜੇ ਹੋਣਗੇ ਪਰ ਗੁਲਾਬ ਦੀ ਰੀਸ ਨਹੀਂ ਹੋ ਸਕੇਗੀ। ਜਦੋਂ ਕਵੀਸ਼ਰੀ ਵਿਚ ‘ਪਮਾਲ’ ਦੀ ਬਾਤ ਪਵੇਗੀ ਤਾਂ ਹੁੰਗਾਰਾ ਸਾਰੇ ‘ਕੱਠੇ ਹੀ ਭਰਨਗੇ।
ਦਿਮਾਗ ਦੀਆਂ ਫਿਰਕੀਆਂ ਤੇ ਅਰਥਾਂ ਦਾ ਧਾਗਾ ਸਹਿਜ ਸੁਭਾ ਜ਼ਰਾ ਲਪੇਟ ਕੇ ਦੇਖੋ ਤਾਂ ਹਾਲਾਤ ਮੂੰਹੋਂ ਬੋਲਣਗੇ ਜਾਂ ਇਸ ਮੁਹਾਵਰੇ ਨੂੰ ਅਰਥ ਹੋਰ ਡੂੰਘੇ ਮਿਲ ਜਾਣਗੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਪਿੱਛੋਂ ਤੇ ਦੇਰੀ ਨਾਲ ਸੁਆਦ ਕਿੰਨਾ ਦਿੰਦੇ ਹਨ ਜਾਂ ਸਿਆਲ ਦੀਆਂ ਲੱਗੀਆਂ ਪਿੜਾਂ ‘ਚ ਕਿਵੇਂ ਟੁੱਟਦੀਆਂ ਹਨ? ਧਿਆਨ ਨਾਲ ਇਕਾਗਰ ਚਿਤ ਹੋ ਕੇ ਹੇਠਲੀਆਂ ਸਤਰਾਂ ਦੀ ਵਿਆਖਿਆ ਕਰਕੇ ਵੇਖੋ, ਕਿਹਾ ਤਾਂ ਕਿਸੇ ਵਕਤ ਪਮਾਲ ਨੇ ਸਹਿਜ ਸੁਭਾ ਹੀ ਹੋਣੈ:
ਜਿਹੜਾ ਦੁੱਖਾਂ ਦੇ ਵਿਚ ਨਾ ਕੰਮ ਆਵੇ,
ਐਸੇ ਮਤਲਬੀ ਯਾਰ ਦੀ ਲੋੜ ਕੀ ਏ।
ਵਿਹਲਾ ਜੇ ਗਰੀਬ ਦਾ ਖੂਨ ਪੀਵੇ,
ਖੁਦਗਰਜ਼ ਸਰਦਾਰ ਦੀ ਲੋੜ ਕੀ ਏ।
ਦੇਸ਼ ਕੌਮ ਦਾ ਕਰੇ ਨੁਕਸਾਨ ਜਿਹੜਾ,
ਬੇਈਮਾਨ ਸਰਕਾਰ ਦੀ ਲੋੜ ਕੀ ਏ।
ਜਿਹੜਾ ਝੂਠਿਆਂ ਦੀ ਕਰੇ ਤਰਜ਼ਮਾਨੀ,
ਝੋਲੀ ਚੁੱਕ ਅਖਬਾਰ ਦੀ ਲੋੜ ਕੀ ਏ।
ਸੁਣ ਕੇ ਬੰਦਾ ਜੇ ਬੰਦੇ ਦਾ ਬਣੇ ਵੈਰੀ,
ਝੂਠੇ ਗਲਤ ਪ੍ਰਚਾਰ ਦੀ ਲੋੜ ਕੀ ਏ।
ਤੇ ਜਿਹਦੇ ਕੋਲ ਬਲਵੰਤ ਇਨਸਾਫ ਹੀ ਨਹੀਂ,
ਐਡੀ ਭੈੜੀ ਸਰਕਾਰ ਦੀ ਲੋੜ ਕੀ ਏ।
ਸ਼ਾਇਦ ਪਮਾਲ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਦੀਆਂ ਨਸਲਾਂ ਨੂੰ ਇਸ ਹਾਲਾਤ ਨਾਲ ਜੂਝਣਾ ਹੀ ਪਵੇਗਾ। ਕਿਤੇ ਮੌਕਾ ਮਿਲੇ ਤਾਂ ਪਮਾਲ ਦੀਆਂ ਪੁਸਤਕਾਂ ‘ਆਜ਼ਾਦੀ ਦੇ ਨਜ਼ਾਰੇ’, ‘ਸੰਮਣ-ਮੂਸਣ’ ਤੇ ‘ਜੀਵਨ ਅਤੇ ਰਚਨਾ ਕਵੀਸ਼ਰ ਬਲਵੰਤ ਸਿੰਘ ਪਮਾਲ’ ਤੇ ਓਪਰੀ ਜਿਹੀ ਨਿਗ੍ਹਾ ਹੀ ਮਾਰ ਕੇ ਵੇਖਿਓ ਕਿ ਉਹ ਦਿਲ ਦੀਆਂ ਰਮਜ਼ਾਂ ਨੂੰ ਕਹਿ ਕਿਵੇਂ ਗਿਆ ਹੈ?
ਮਰਹੂਮ ਬਲਵੰਤ ਸਿੰਘ ਪਮਾਲ ਦੀ ਜੀਵਨ ਵਿਥਿਆ ‘ਤੇ ਨਜ਼ਰਸਾਨੀ ਕਰਕੇ ਵੇਖੋ ਤਾਂ ਇਹ ਗੱਲ ਵੀ ਆਪਣੇ ਆਪ ਮੂੰਹੋ ਨਿਕਲ ਆਵੇਗੀ ਕਿ ਸਾਧਾਰਨ ਮਨੁੱਖਾਂ ਨੇ ਕਲਾ ਦੇ ਆਸਰੇ ਕਿੰਨੀਆਂ ਮਹਾਨ ਗੱਲਾਂ ਕੀਤੀਆਂ ਹਨ। ਪੁਰਾਣੀਆਂ ਪੰਜ ਜਮਾਤਾਂ ਪਾਸ ਇਸ ਮਹਾਨ ਕਵੀਸ਼ਰ ਦਾ ਜਨਮ ਜਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਵਿਚ 30 ਜੁਲਾਈ 1930 ਨੂੰ ਹੋਇਆ। ਉਹਦੀ ਮਾਤਾ ਦਾ ਨਾਂ ਸੰਤ ਕੌਰ ਤੇ ਪਿਤਾ ਦਾ ਨਾ ਬਚਨ ਸਿੰਘ ਸੀ, ਉਹ ਚਾਰ ਭਰਾਵਾਂ ‘ਚੋਂ ਸਭ ਤੋਂ ਹੇਠਲੇ ਨੰਬਰ ‘ਤੇ ਸੀ ਪਰ ਕੱਦ ਬਾਕੀਆਂ ਨਾਲੋਂ ਉਚਾ ਕੱਢ ਗਿਆ, ਏਨਾ ਕਿ ਸਿੱਖ ਜਗਤ ਇਸ ਗੱਲ ‘ਤੇ ਮਾਣ ਕਰਦਾ ਰਹੇਗਾ ਕਿ ਪਮਾਲ ਦੀਆਂ ਲੀਹਾਂ ਦੀ ਪੈੜ ਕਦੇ ਵੀ ਫਿੱਕੀ ਨਹੀਂ ਪਵੇਗੀ।
ਇਸ ਮਹਾਨ ਕਵੀਸ਼ਰ ਦੀ ਗੱਲ ਅੱਗੇ ਤੋਰਦਿਆਂ ਇਕ ਜ਼ਖਮ ਆਪਣੇ ਆਪ ਹੱਥ ਨਾਲ ਕਈ ਵਾਰ ਛਿੱਲ ਹੋ ਜਾਂਦਾ ਹੈ। ਸਾਲ 1988 ਵਿਚ ਪ੍ਰੋ. ਮੋਹਨ ਸਿੰਘ ਮੇਲੇ ਤੋਂ ਅਗਲੇ ਦਿਨ ਯਾਨਿ ਇੱਕੀ ਅਕਤੂਬਰ ਨੂੰ ਜਗਦੇਵ ਸਿੰਘ ਜੱਸੋਵਾਲ ਕਹਿਣ ਲੱਗਾ, “ਚੱਲ ਅਸ਼ੋਕ ਸਾਰਾ ਦਿਨ ਕਵੀਸ਼ਰ ਪਮਾਲ ਕੋਲ ਕੱਟ ਕੇ ਆਉਂਦੇ ਆਂ, ਨਹੀਂ ਤਾਂ ਵਿਆਹ ਮੁੱਕਣ ਤੋਂ ਬਾਅਦ ਵਧਾਈਆਂ ਲੈਣ ਵਾਲੇ ਤੰਗ ਕਰੀ ਰੱਖਣਗੇ।” ਬਦਕਿਸਮਤੀ ਕਿ ਅਸੀਂ ਗਿਆਰਾਂ ਕੁ ਵਜੇ ਤੁਰਨ ਹੀ ਲੱਗੇ ਸਾਂ ਕਿ ਸਪੇਰਿਆਂ ਦੀਆਂ ਬੀਨਾਂ ਜੱਸੋਵਾਲ ਦੇ ਘਰ ਮੂਹਰੇ ਵੱਜਣ ਲੱਗ ਪਈਆਂ ਤੇ ਪਮਾਲ ਜਾਣ ਦਾ ਪ੍ਰੋਗਰਾਮ ਤਿਆਗ ਕੇ ਉਹ ਭੜਕ ਪਿਆ, “ਮੋਹਨ ਸਿੰਘ ਤਾਂ ਏਨਾ ਵਿਆਹ ਨੂੰ ਲਾਗੀਆਂ ਹੱਥੋਂ ਤੰਗ ਨ੍ਹੀਂ ਹੋਇਆ ਹੋਣਾ ਜਿੰਨਾ ਮੇਲੇ ਤੋਂ ਬਾਅਦ ਮੈਂ ਤੰਗ ਹੋ ਜਾਨਾਂ।” ਤੇ ਫਿਰ ਤੇਰ੍ਹਾਂ ਦਸੰਬਰ ਨੂੰ ਖਬਰ ਆ ਗਈ ਕਿ ਪਮਾਲ ਛੱਡ ਗਿਐ ਰੰਗਲੀ ਦੁਨੀਆਂ। ਘੜੀ ਦੀ ਗੱਲ ਸਿਆਣਿਆਂ ਦੇ ਕਹਿਣ ਵਾਂਗ ਕੋਹਾਂ ਦੂਰ ਚਲੀ ਗਈ ਤੇ ਫਿਰ ਇਸ ਮਹਾਨ ਸੁਰ ਨਾਲ ਮਿਲਣਾ ਸੁਪਨਾ ਬਣ ਕੇ ਰਹਿ ਗਿਆ।
ਨਵੇਂ ਯੁੱਗ ਵਿਚ ਨਵੇਂ ਸ਼ਾਇਰਾਂ ਨੂੰ ਕਿਥੇ ਯਾਦ ਨੇ ਕਿ ਕਦੇ ਛੰਦ, ਕਬਿੱਤ ਵੀ ਹੁੰਦੇ ਸਨ? ਫਿਰ ਆਉਣ ਵਾਲੀਆਂ ਨਸਲਾਂ ਕਾਵਿ ਜਗਤ ਦੀਆਂ ਨਵੀਂਆਂ ਫਸਲਾਂ ਉਗਣ ਦੀ ਕਲਪਨਾ ਵੀ ਕਿਥੇ ਕਰ ਸਕਦੀਆਂ ਹਨ? ਸਵਾਇਆ ਛੰਦ ਅੰਦਰ ਪਮਾਲ ਲਿਖਦਾ ਹੀ ਖੂਬ ਨਹੀਂ ਸਗੋਂ ਨਿਭਾਉਂਦਾ ਵੀ ਬਾ-ਕਮਾਲ ਸੀ। ਘੱਟੋ- ਘੱਟ ਏਦਾਂ ਦੀਆਂ ਰਚਨਾਵਾਂ ਦਾ ਦੌਰ ਕਿਥੇ ਪਰਤ ਆਉਣ ਦੀ ਆਸ ਹੈ:
ਜਾਤੀ ਝੇੜਿਆਂ ਦੀ ਰਹੇ ਲੋਕਾਂ ‘ਚ ਲੜਾਈ ਨਾ
ਇਕ ਦੂਸਰੇ ਦਾ ਬੁਰਾ ਸੋਚੇ ਭਾਈ ਭਾਈ ਨਾ
ਸਾਰੇ ਪਿਆਰ ਦੇ ਪੁਜਾਰੀ ਹੋਣ ਧਰਮਾਤਮਾ
ਹੱਥ ਬੰਨ੍ਹ ਕੇ ਅਰਜ਼ ਸਾਡੀ ਪਰਮਾਤਮਾ।…
ਬਲਵੰਤ ਦੇ ਛੰਦਾਂ ‘ਚ ਭਰ ਦੇ ਵਿਸ਼ਾਲਤਾ
ਪ੍ਰਚਾਰ ਦਾ ਨਿਸ਼ਾਨਾ ਹੋਵੇ ਸਾਂਝੀਵਾਲਤਾ
ਭਲਾ ਸਾਰਿਆਂ ਦਾ ਲੋੜੇ ਖੁਸ਼ ਰਹੇ ਆਤਮਾ
ਹੱਥ ਬੰਨ੍ਹ ਕੇ ਅਰਜ਼ ਸਾਡੀ ਪਰਮਾਤਮਾ।
ਅਸਲ ਵਿਚ ਬਲਵੰਤ ਸਿੰਘ ਦਾ ਦਾਦਾ ਵੀ ਗਵੱਈਆ ਸੀ, ਇਸੇ ਕਰਕੇ ਗਾਉਣ ਦੀ ਲੋਰ ਨੇ ਉਹਨੂੰ ਉਛਲ ਉਛਲ ਕੇ ਘੇਰਿਆ। ਬੱਦੋਵਾਲ ਦੇ ਕਵੀਸ਼ਰ ਅਜੈਬ ਸਿੰਘ ਚੰਦਨ ਦੀ ਚੜ੍ਹਾਈ ਤੇ ਕਵੀਸ਼ਰੀ ਰੰਗ ਤੋਂ ਪ੍ਰਭਾਵਿਤ ਹੋ ਕੇ ਫਿਰ ਉਸੇ ਨੂੰ ਨਾ ਸਿਰਫ ਆਪਣਾ ਉਸਤਾਦ ਧਾਰਿਆ ਸਗੋਂ ਪਹਿਲਾਂ ਉਹਦੇ ਹੀ ਜਥੇ ਵਿਚ ਕਵੀਸ਼ਰੀ ਕੀਤੀ। ਪਮਾਲ ਕੋਲ ਜਿਹੜਾ ਹੋਰ ਵੱਡਾ ਗੁਣ ਸੀ, ਉਹ ਸੀ ਲਿਖਣ ਕਲਾ ਦਾ। ਪਰ ਇਥੇ ਇਹ ਗੱਲ ਕਰਕੇ ਕਈ ਵਾਰ ਏਦਾਂ ਲੱਗੇਗਾ ਕਿ ਜਿਵੇਂ ਗੱਡੀ ਦਾ ਗੇਅਰ ਤਾਂ ਪਿਛਲਾ ਪਾਇਆ ਹੋਵੇ ਪਰ ਗੱਡੀ ਅੱਗੇ ਪਿੱਛੇ ਦੌੜਨ ਦੀ ਥਾਂ ਸਾਇਡਾਂ ਵੱਲ ਦੌੜ ਪਈ ਹੋਵੇ। ਹੈਰਾਨੀ ਦੀ ਗੱਲ ਇਹ ਸੀ ਕਿ ਉਹਨੇ ਪੰਦਰਾਂ ਸਾਲ ਦੀ ਉਮਰ ਵਿਚ ਸਭ ਤੋਂ ਪਹਿਲਾਂ ਜਿਹੜੀ ਕਾਵਿ-ਰਚਨਾ ਲਿਖੀ, ਉਹ ਸੀ ਕਵੀਸ਼ਰੀ ਵਿਚ ਰਮਾਇਣ। ਉਸਤਾਦ ਮਾਰੇ ਮੱਥੇ ‘ਤੇ ਹੱਥ ਕਿ ਅੰਗੂਰਾਂ ਦੀ ਵੇਲ ਨੂੰ ਖਰਬੂਜਾ ਕਿਵੇਂ ਲੱਗ ਗਿਆ?
ਅਠਵੰਜਾ ਸਾਲਾਂ ਦੀ ਉਮਰ ਵਿਚ ਆਮ ਬੰਦਾ ਸਰਕਾਰੀ ਨੌਕਰੀ ਤੋਂ ਮੁਕਤ ਹੁੰਦਾ ਹੈ ਪਰ ਦੁੱਖ ਕਿ ਸਾਡਾ ਇਹ ਸਭ ਤੋਂ ਪਿਆਰਾ ਕਵੀਸ਼ਰ ਏਨੀ ਉਮਰ ਵਿਚ ਹੋਣੀ ਨੇ ਜ਼ਿੰਦਗੀ ਤੋਂ ਹੀ ਸੇਵਾ ਮੁਕਤ ਕਰ ਦਿੱਤਾ। ਪਰ ਊਂ ਉਸ ਨੇ ਆਪਣਾ ਏਨਾ ਕੁ ਛੋਟਾ ਜੀਵਨ ਕਲਾ ਦੇ ਮੋਢਿਆਂ ‘ਤੇ ਬਿਠਾ ਕੇ ਰੱਖਿਆ ਤੇ ਕਵੀਸ਼ਰੀ ਵਰਗੀ ਮਹਾਨ ਸੰਗੀਤ ਕਲਾ ਨੂੰ ਜਿਉਂਦਿਆਂ ਰੱਖਣ ਲਈ ਆਪਣੀ ਉਮਰ ਦਾ ਸਾਰਾ ਸਮਾਂ ਪੰਥ ਦੇ ਲੇਖੇ ਹੀ ਲਾਇਆ। ਇਤਫਾਕ, ਮੁਹੱਬਤ ਹੀ ਨਹੀਂ ਬਲਕਿ ਗਿਲੇ ਸ਼ਿਕਵਿਆਂ ਤੋਂ ਬਿਨਾ ਵੀ ਜ਼ਿੰਦਗੀ ਕਿਵੇਂ ਕੱਟੀਦੀ ਹੈ, ਇਸ ਦੀ ਮਿਸਾਲ ਉਸ ਨੇ ਸਭ ਤੋਂ ਵੱਡੀ ਇਹ ਪੇਸ਼ ਕੀਤੀ ਕਿ ਆਪਣੇ ਪਿੰਡ ਦੇ ਜਿਨ੍ਹਾਂ ਦੋ ਸਾਥੀਆਂ-ਸਾਧੂ ਸਿੰਘ ਅਤੇ ਗੁਰਦੇਵ ਸਿੰਘ ਨਾਲ ਮਿਲ ਕੇ ਕਵੀਸ਼ਰੀ ਜਥਾ ਬਣਾਇਆ ਤੇ ਜਿਥੇ ਲਾਈ ਸੀ, ਉਥੇ ਹੀ ਚਾਲੀ ਸਾਲਾਂ ਤੱਕ ਤੋੜ ਨਿਭਾ ਦਿੱਤੀ। ਆਮ ਤੌਰ ‘ਤੇ ਕਵੀਸ਼ਰੀ ਅਤੇ ਢਾਡੀ ਜਥਿਆਂ ਵਿਚ ਤਾਂ ਕਈ ਵਾਰ ‘ਸਾਈ’ ਦੇ ਪੈਸੇ ਦੀ ਵੰਡ ਨੂੰ ਲੈ ਕੇ ਵੀ ‘ਤੜੱਕ-ਤੜੱਕ’ ਹੁੰਦੀ ਰਹੀ ਹੈ।
ਸੱਚ ਇਹ ਵੀ ਹੈ ਕਿ ਅਰਬੀ, ਫਾਰਸੀ ਤੇ ਉਰਦੂ ਜ਼ੁਬਾਨ ਦਾ ਡੂੰਘਾ ਗਿਆਨ ਹੋਣ ਕਰਕੇ ਉਹ ਸਾਰੇ ਦਾ ਸਾਰਾ ਹੀ ਆਪਣੀ ਕਲਾ ਵਿਚ ਏਨਾ ਹੇਠਾਂ ਉਤਰ ਗਿਆ ਤੇ ਆਪਣੇ ਦੈਵੀ ਤੇ ਮੀਰੀ ਗੁਣਾਂ ਰਾਹੀਂ ਇਤਿਹਾਸ ਅਤੇ ਗੁਰਬਾਣੀ ਵਾਲਾ ਸ਼ਰਧਾ ਦਾ ਫੁੱਲ ਗੁੰਦ ਕੇ ਉਹਨੇ ਸਿੱਖ ਜਗਤ ਦੀ ਝੋਲੀ ਵਿਚ ਦੋਵੇਂ ਹੱਥੀਂ ਪਾ ਦਿੱਤਾ। ਕਮਾਲ ਇਹ ਸੀ ਕਿ ਉਹਦੇ ਰੌਸ਼ਨ ਦਿਮਾਗ ਅੰਦਰ ਸ਼ਬਦਾਂ ਦਾ ਜੋ ਜ਼ਖੀਰਾ ਪੂਰੇ ਦਾ ਪੂਰਾ ਭਰਿਆ ਪਿਆ ਸੀ, ਉਸ ਦਾ ਕੋਈ ਬਦਲਵਾਂ ਰੂਪ ਬਣ ਸਕਣਾ ਔਖਾ ਹੀ ਨਹੀਂ, ਅਤਿ ਕਠਿਨ ਸੀ। ਉਹਨੂੰ ਜਾਣਨ, ਸੁਣਨ ਵਾਲੇ ਤੇ ਸਿੱਖ ਫਿਲਾਸਫਰ ਕਹਿ ਹੀ ਗਏ ਨੇ ਕਿ ਭਾਸ਼ਣ ਕਲਾ ਦਾ ਬਲਵੰਤ ਸਿੰਘ ਪਮਾਲ ਇਕ ਤਰ੍ਹਾਂ ਨਾਲ ਬਾਦਸ਼ਾਹ ਹੀ ਸੀ। ਦੀਵਾਨਾਂ ‘ਤੇ ਸੱਦੇ ਉਤੇ ਜਾਣਾ, ਮੇਲਿਆਂ-ਜੋੜ ਮੇਲਿਆਂ ‘ਤੇ ਸਾਈ ਲੈ ਕੇ ਜਾਣਾ, ਮੜ੍ਹਕ ਨਾਲ ਜਾਣਾ ਬਲਵੰਤ ਸਿੰਘ ਨੂੰ ਹੀ ਆਉਂਦਾ ਸੀ।
ਲਿਖਣ ਕਲਾ ਵਿਚ ਉਹ ਨਿਪੁੰਨ ਸੀ, ਕਾਵਿ ਜਗਤ ਵਿਚ ਲਿਖਣ ਦੀ ਸਾਇੰਸ ਕੀ ਹੁੰਦੀ ਹੈ, ਉਹ ਇਹ ਵੀ ਜਾਣਦਾ ਸੀ। ਉਹ ਪਿੰਗਲ ਦੇ ਸਿਰ ਤੋਂ ਆਪਣੇ ਸ਼ਬਦਾਂ ਦੇ ਨੋਟ ਵਾਰ ਕੇ ਸੁੱਟਦਾ ਰਿਹਾ ਹੈ। ਉਹਨੇ ਛੰਦ ਬੰਦੀ ਵਿਚ ਠੇਠ ਪੰਜਾਬੀ ਗੁਰਮੁਖੀ ਲਿਪੀ ਇਸ ਕਰਕੇ ਵਰਤੀ ਹੈ ਕਿ ਆਪਣਿਆਂ ਵਿਚ ਆਪਣੀ ਗੱਲ ਕਹਿਣ ਦਾ ਅੰਦਾਜ਼ ਆਪਣਾ ਹੀ ਹੋਣਾ ਚਾਹੀਦਾ ਹੈ। ਸ਼ਬਦਾਂ ਦੇ ਭੰਡਾਰ ਦਾ ਸੁਰੱਖਿਆ ਗਾਰਡ ਹੋਣ ਕਰਕੇ ਉਹਨੇ ਲੰਬੇ ਲੰਬੇ ਛੰਦ ਰਚੇ ਤੇ ਸੈਂਕੜੇ ਪ੍ਰਸੰਗਾਂ ਅੰਦਰ ਇਕ ਹਜ਼ਾਰ ਕਵੀਸ਼ਰੀ ਦੇ ਛੰਦਾਂ ਤੋਂ ਵਧ ਦੀ ਕਮਾਲ ਦੀ ਰਚਨਾ ਦਾ ਨਿਭਾ ਪੂਰਾ ਕਰਕੇ ਵਿਖਾਇਆ। ਲਿਖਣ ਦੀ ਹੁਨਰਮੰਦੀ ਵਿਚ ਜੇ ਕਿਸੇ ਕਵੀਸ਼ਰ ਦਾ ਕਾਫੀਆ ਤੰਗ ਨਹੀਂ ਸੀ ਤਾਂ ਉਹ ਕੇਵਲ ਬਲਵੰਤ ਸਿੰਘ ਪਮਾਲ ਹੀ ਸੀ।
ਕਵੀਸ਼ਰਾਂ ਵਿਚੋਂ ਪਹਿਲੇ ਸਮਿਆਂ ‘ਚ ਰਿਕਾਰਡ ਹੋਣ ਵਾਲੇ ਪਮਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਤੇ ਪੁੱਤਰ ਵਾਰ ਕੇ, ਸਰਬੰਸ ਲੁਟਾ ਕੇ, ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰਹਿਣ ਵਾਲੀ ਗੁੜ੍ਹਤੀ ਨੂੰ ਕਵੀਸ਼ਰੀ ਵਿਚ ਬੰਨ੍ਹਿਆਂ। ਉਂਜ ਉਸ ਨੇ ਪੂਰਨ ਭਗਤ, ਸੱਸੀ ਪੁੰਨੂ, ਸੋਹਣੀ ਮਹੀਂਵਾਲ ਤੇ ਮਿਰਜ਼ਾ ਸਾਹਿਬਾਂ ਦੇ ਪ੍ਰਸੰਗ ਵੀ ਕਵੀਸ਼ਰੀ ਦੇ ਹੁਨਰ ਹੇਠ ਰਿਕਾਰਡ ਕਰਵਾਏ। ਦਿੱਲੀ ਦੂਰਦਰਸ਼ਨ ਨੇ ਉਹਦੀ ਸ਼ਹੀਦ ਭਗਤ ਸਿੰਘ ਬਾਰੇ ਕਵੀਸ਼ਰੀ ਨੂੰ ਅਨੇਕਾਂ ਵਾਰ ਪ੍ਰਸਾਰਿਤ ਕੀਤਾ। ਬੋਲ ਸਨ:
ਭਾਰਤ ਦੇ ਸ਼ੇਰ ਦੁਲਾਰੇ
ਲਾ ‘ਗੇ ਕੌਮ ਦੇ ਨਾਅਰੇ
ਚਮਕਣਗੇ ਹਿੰਦ ਸਿਤਾਰੇ
ਛਿਪ ਜਾਣਾ ਦੇਸ਼ ਧਰੋਹਾਂ ਨੇ
ਬੰਬ ਅਸੀਂ ਮਾਰਿਆ ਦੋਹਾਂ ਨੇ…।
ਬਾਅਦ ਵਿਚ ਉਸ ਨੇ ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰਾਂ ਤੋਂ ਅਨੇਕਾਂ ਵਾਰ ਆਪਣੇ ਜਥੇ ਨਾਲ ਕਵੀਸ਼ਰੀ ਦੇ ਰੰਗਾਂ ਦੀ ਸਿੱਖ ਕੌਮ ਦੀ ਕੁਰਬਾਨੀ ਭਰੀ ਹੋਲੀ ਖੇਡੀ।
ਚਲੋ ਸਰਕਾਰੀ ਸਨਮਾਨ ਤਾਂ ਨਾ ਸਹੀ ਪਰ ਉਸ ਨੂੰ ਪ੍ਰੋ. ਮੋਹਨ ਸਿੰਘ ਮੇਲੇ ‘ਤੇ ਸਨਮਾਨ ਮਿਲਿਆ। ਉਹਦੇ ਸ਼ਾਗਿਰਦਾਂ ਵਿਚ ਢਾਡੀ ਚਰਨ ਸਿੰਘ ਆਲਮਗੀਰ, ਜੀਤ ਸਿੰਘ, ਗੁਰਨਾਮ ਸਿੰਘ ਲੁਹਾਰਾ, ਗੁਰਪਾਲ ਸਿੰਘ, ਕਮਲ ਸਿੰਘ ਬੱਦੋਵਾਲ, ਭਗਵੰਤ ਸਿੰਘ ਦੀਵਾਨਾ ਤੇ ਬਲਵੀਰ ਸਿੰਘ ਰਹਿਪਾ ਸ਼ਾਮਲ ਹਨ। ਗਿਆਨੀ ਬਲਵੰਤ ਸਿੰਘ ਪਮਾਲ ਦਾ ਇਕਲੌਤਾ ਪੁੱਤਰ ਰਛਪਾਲ ਸਿੰਘ ਪਮਾਲ ਢਾਡੀ ਰੰਗ ਵਿਚ ਪੂਰੇ ਦਾ ਪੂਰਾ ਵਿਰਾਸਤੀ ਰੂਪ ਵਿਚ ਰੰਗਿਆ ਹੋਇਆ ਹੈ। ਉਂਜ ਉਹਦੀਆਂ ਤਿੰਨ ਧੀਆਂ-ਪਰਮਜੀਤ ਕੌਰ, ਸਵਰਜੀਤ ਕੌਰ ਤੇ ਇੰਦਰਜੀਤ ਕੌਰ ਹਨ ਅਤੇ ਪਤਨੀ ਮਹਿੰਦਰ ਕੌਰ ਪਰਿਵਾਰਕ ਸੁੱਖ ਤੇ ਮਾਣ ਹੰਢਾ ਰਹੀ ਹੈ।
ਕੁਝ ਲੋਕ ਬਲਵੰਤ ਸਿੰਘ ਪਮਾਲ ਵਾਂਗ ਛੇਤੀ ਚਲੇ ਤਾਂ ਜਾਂਦੇ ਹਨ ਪਰ ਉਨ੍ਹਾਂ ਦੀਆਂ ਪੈੜਾਂ ਨੇ ਛੇਤੀ ਨਹੀਂ ਮਿਟਣਾ ਹੁੰਦਾ।