ਕੈਨੇਡਾ ਵਾਸੀ ਨਰਿੰਦਰ ਸਿੰਘ ਢਿੱਲੋਂ ਨੇ ਆਪਣੇ ਇਸ ਲੇਖ ਵਿਚ ਵਿਸ਼ਵ ਭਰ ਵਿਚ ਫੈਲੇ ਅਤਿਵਾਦ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦੇ ਵਿਚਾਰਾਂ ਨਾਲ ਭਾਵੇਂ ਪੂਰਨ ਸਹਿਮਤੀ ਨਾ ਵੀ ਹੋਵੇ, ਤਾਂ ਵੀ ਇਕ ਗੱਲ ਸੱਚ ਹੈ ਕਿ ਅਤਿਵਾਦ ਦੀ ਸਭ ਤੋਂ ਵੱਧ ਮਾਰ ਆਮ ਬੰਦੇ ਨੂੰ ਹੀ ਪੈਂਦੀ ਰਹੀ ਹੈ।
ਇਸ ਲੇਖ ਵਿਚ ਉਨ੍ਹਾਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਅਤੇ ਅਤਿਵਾਦ ਦੀ ਪੈਦਾਇਸ਼ ਬਾਰੇ ਖੁੱਲ੍ਹ ਕੇ ਲਿਖਿਆ ਹੈ। -ਸੰਪਾਦਕ
ਨਰਿੰਦਰ ਸਿੰਘ ਢਿੱਲੋਂ
ਫੋਨ : 403-616-4032
ਅਤਿਵਾਦ ਦੀ ਸਮੱਸਿਆ ਅੱਜ ਦੁਨੀਆਂ ਵਿਚ ਮੁੱਖ ਮਸਲਾ ਬਣੀ ਹੋਈ ਹੈ। ਬਹੁਤੇ ਦੇਸ਼ ਕੋਈ ਘੱਟ ਅਤੇ ਕੋਈ ਵੱਧ ਅਤਿਵਾਦ ਤੋਂ ਪੀੜਤ ਹਨ। ਇਸ ਨਾਲ ਵੱਧ ਪੀੜਤ ਆਮ ਅਤੇ ਨਿਰਦੋਸ਼ ਲੋਕ ਹੀ ਹੁੰਦੇ ਹਨ। ਇਹ ਅਜਿਹੀ ਸਮੱਸਿਆ ਹੈ ਜਿਸ ਵਿਚ ਲੋਕਾਂ ਨੂੰ ਆਪਣੇ ਲੋਕਾਂ ਦਾ ਜਬਰ ਹੰਢਾਉਣਾ ਪੈਂਦਾ ਹੈ। ਨਿਰਦੋਸ਼ ਅਤੇ ਜਨ-ਸਾਧਾਰਨ ਨੂੰ ਧਮਕੀਆਂ ਤੋਂ ਲੈ ਕੇ ਕਤਲ ਤੱਕ ਦੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਘਰ ਉਜਾੜੇ ਤੇ ਸਾੜੇ ਜਾਂਦੇ ਹਨ, ਔਰਤਾਂ ਦੀ ਇੱਜਤ ਨਾਲ ਖਿਲਵਾੜ ਕੀਤਾ ਜਾਂਦਾ ਹੈ, ਘਰ ਲੁੱਟ-ਪੁੱਟ ਲਏ ਜਾਂਦੇ ਹਨ ਅਤੇ ਜੇ ਕੋਈ ਵਿਰੋਧ ਕਰਦਾ ਹੈ ਤਾਂ ਪਰਿਵਾਰਾਂ ਦੇ ਪਰਿਵਾਰ ਤੱਕ ਕਤਲ ਵੀ ਕੀਤੇ ਜਾਂਦੇ ਹਨ ਜਿਸ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਅਤਿਵਾਦ ਦਾ ਕਾਲਾ ਦੌਰ ਵੇਖਿਆ ਹੈ।
ਅਤਿਵਾਦ, ਦਹਿਸ਼ਤਵਾਦ ਦੀ ਅਗਲੀ ਸਟੇਜ ਹੈ। ਦਹਿਸ਼ਤਵਾਦ ਅੰਗਰੇਜ਼ੀ ਦੇ ਟੈਰਰਿਜ਼ਮ ਦਾ ਪੰਜਾਬੀ ਰੂਪ ਹੈ। ਟੈਰਰਿਜ਼ਮ ਲਤੀਨੀ ਭਾਸ਼ਾ ਦੇ ਟੈਰੀਆ ਸ਼ਬਦ ਤੋਂ ਬਣਿਆ ਹੈ। ਮੇਰੀ ਜਾਣਕਾਰੀ ਮੁਤਾਬਕ ਇਸ ਦੀ ਸਭ ਤੋਂ ਪਹਿਲਾਂ 1789 ਵਿਚ ਫਰਾਂਸ ਵਿਚ ਵਰਤੋਂ ਕੀਤੀ ਗਈ। ਅਤਿਵਾਦ ਤੋਂ ਭਾਵ ਉਹ ਵਰਤਾਰਾ ਹੈ ਜੋ ਧੱਕੇ ਨਾਲ ਆਪਣੀ ਗੱਲ ਮੰਨਵਾਉਣੀ ਚਾਹੁੰਦਾ ਹੈ ਤੇ ਇਸ ਮੰਤਵ ਲਈ ਉਹ ਧਮਕੀ ਧਾੜੇ ਤੋਂ ਲੈ ਕੇ ਹਰ ਜਾਬਰ ਤੋਂ ਜਾਬਰ ਹਥਿਆਰ ਵਰਤਦਾ ਹੈ। ਇਹ ਮੂਲ ਰੂਪ ਵਿਚ ਲੋਕਾਂ ਦੇ ਲਟਕਦੇ ਮਸਲਿਆਂ ਜਾਂ ਆਪਣੇ ਆਪ ਨੂੰ ਕਿਸੇ ਦੇਸ਼ ਨਾਲੋਂ ਅਲੱਗ ਕਰਨ ਜਾਂ ਕਿਸੇ ਵਿਸ਼ੇਸ਼ ਕਿਸਮ ਦੀ ਸਰਕਾਰ ਹੇਠੋਂ ਨਿਕਲਣ ਦੇ ਯਤਨਾਂ ਤੋਂ ਪੈਦਾ ਹੁੰਦਾ ਹੈ, ਪਰ ਅੰਤ ਨੂੰ ਇਹ ਜਨ-ਸਾਧਾਰਨ ਅਤੇ ਨਿਰਦੋਸ਼ ਲੋਕਾਂ ਵਿਰੁਧ ਹਮਲਾਵਰ ਰੁਖ ਅਖਤਿਆਰ ਕਰ ਕੇ ਆਮ ਲੋਕਾਂ ਵਿਚੋਂ ਨਿਖੜ ਜਾਂਦਾ ਹੈ ਤੇ ਇਸ ਦੇ ਸਰਗਰਮ ਕਾਰਕੁਨ ਆਪਣੀ ਕਬਰ ਆਪ ਹੀ ਪੁੱਟੀ ਜਾਂਦੇ ਹਨ। ਅਤਿਵਾਦੀ ਕਾਰਵਾਈਆਂ ਨੂੰ ਗੈਰ ਸੈਨਿਕ ਯੁੱਧ ਅਪਰਾਧ ਵੀ ਕਿਹਾ ਜਾਂਦਾ ਹੈ।
ਅਤਿਵਾਦੀ ਕਿਸੇ ਵੀ ਦੇਸ਼ ਦਾ ਹੋਵੇ, ਉਹ ਆਪਣੇ ਆਪ ਨੂੰ ਇਨਕਲਾਬੀ, ਵਿਦਰੋਹੀ, ਖਾੜਕੂ, ਗੁਰੀਲਾ, ਯੋਧਾ ਆਦਿ ਆਖਦਾ ਹੈ। ਇਹ ਕਿਸੇ ਵੀ ਸੁਰੱਖਿਆ ਸ਼ਕਤੀ ਨਾਲ ਸਾਹਮਣੇ ਹੋ ਕੇ ਨਹੀਂ ਲੜ ਸਕਦਾ, ਲੁਕ-ਛਿਪ ਕੇ ਹਮਲੇ ਕਰਦਾ ਹੈ।
ਵੱਖ ਵੱਖ ਤਰ੍ਹਾਂ ਦੇ ਅਪਰਾਧੀ, ਭ੍ਰਿਸ਼ਟ ਸਿਆਸੀ ਲੀਡਰ, ਸਮਗਲਰ ਅਤੇ ਮਾਫੀਆ ਗੈਂਗ ਆਦਿ ਤੋਂ ਅਤਿਵਾਦੀ ਪਹਿਲਾਂ ਤਾਂ ਡਰਾ ਧਮਕਾ ਕੇ ਪੈਸੇ ਲੈਂਦੇ ਹਨ, ਪਰ ਜਦ ਇਨ੍ਹਾਂ ਦੀ ਦਹਿਸ਼ਤ ਫੈਲ ਜਾਵੇ ਤਾਂ ਇਹੋ ਲੋਕ ਆਪ ਹੀ ਪੈਸਿਆਂ ਨਾਲ ਇਨ੍ਹਾਂ ਨੂੰ ਮਾਲਾ-ਮਾਲ ਕਰ ਦਿੰਦੇ ਹਨ ਤੇ ਅਤਿਵਾਦੀਆਂ ਦੀ ਮਦਦ ਨਾਲ ਬੇਖੌਫ ਹੋ ਕੇ ਆਪਣਾ ਧੰਦਾ ਚਲਾਉਂਦੇ ਹਨ।
ਰਾਜਸੀ ਸ਼ਹਿ ਤੋਂ ਬਿਨਾ ਅਤਿਵਾਦ ਦਾ ਉਠਣਾ ਅਸੰਭਵ ਹੁੰਦਾ ਹੈ, ਪਰ ਜਦ ਇਨ੍ਹਾਂ ਦੀ ਸ਼ਕਤੀ ਵਧ ਜਾਂਦੀ ਹੈ ਤਾਂ ਇਹ ਸ਼ਹਿ ਦੇਣ ਵਾਲੀ ਰਾਜਸੀ ਸ਼ਕਤੀ ਨੂੰ ਵੀ ਅੱਖਾਂ ਵਿਖਾਉਣ ਲੱਗ ਪੈਂਦੇ ਹਨ। ਇਤਿਹਾਸ ਗਵਾਹ ਹੈ ਕਿ 1983 ਵਿਚ ਅਮਰੀਕਾ ਦੇ ਪ੍ਰਧਾਨ ਰੋਨਾਲਡ ਰੀਗਨ ਨੇ ਅਮਰੀਕਾ ਵਿਚ ਮੁਜਾਹਿਦੀਨ ਦੇ ਵਫਦ ਨਾਲ ਮੀਟਿੰਗ ਕੀਤੀ। ਮੀਡੀਆ ਮੁਤਾਬਕ ਉਸ ਨੇ ਮੁਜਾਹਿਦੀਨ ਨੂੰ ਕੁਝ ਦੇਸ਼ਾਂ ਖਿਲਾਫ ਆਪਣੀਆਂ ਸਰਗਰਮੀਆਂ ਤੇਜ਼ ਕਰਨ ਲਈ ਹੱਲਾਸ਼ੇਰੀ ਦਿਤੀ। ਹੌਲੀ ਹੌਲੀ ਇਸਲਾਮ ਨਾਲ ਸਬੰਧਤ ਹੋਰ ਵੀ ਅਤਿਵਾਦੀ ਜਥੇਬੰਦੀਆਂ ਪੈਦਾ ਹੋ ਗਈਆਂ, ਜਿਨ੍ਹਾਂ ਨੇ ਹੁਣ ਅਮਰੀਕਾ ਨੂੰ ਆਪਣੀ ਹਿੱਟ ਲਿਸਟ ‘ਤੇ ਰੱਖਿਆ ਹੋਇਆ ਹੈ। ਅਮਰੀਕਾ ਹੁਣ ਆਪਣੀ ਕੀਤੀ ਕਮਾਈ ਦਾ ਫਲ ਖਾ ਰਿਹਾ ਹੈ। ਦੁਨੀਆਂ ਦਾ ਮੁਖ ਅਤਿਵਾਦੀ ਹਮਲਾ ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ ਹੋਇਆ ਜੋ ਤਬਾਹ ਹੋ ਗਿਆ ਤੇ ਸੈਂਕੜੇ ਲੋਕ ਮਾਰੇ ਗਏ। ਹੁਣ ਵੀ ਅਮਰੀਕਾ ਅਤਿਵਾਦੀਆਂ ਨੂੰ ਪਾਲਣ ਵਾਲਿਆਂ ਤੋਂ ਕਿਨਾਰਾਕਸ਼ੀ ਨਹੀਂ ਕਰ ਰਿਹਾ।
ਅਤਿਵਾਦ ਦੇ ਰਸਤੇ ਤੁਰੇ ਵਿਅਕਤੀ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ, ਉਹ ਭਾਵੇਂ ਬਿਨ ਲਾਦਿਨ ਹੀ ਕਿਉਂ ਨਾ ਹੋਵੇ। ਅਤਿਵਾਦੀ ਕਿਸੇ ਵੀ ਦੇਸ਼ ਦਾ ਹੋਵੇ, ਉਹ ਸਮਝਦਾ ਹੈ ਕਿ ਉਸ ਨੂੰ ਬਹੁਤ ਸਨਮਾਨਯੋਗ ਮੌਤ ਮਿਲੇਗੀ। ਹਕੀਕਤ ਇਹ ਹੈ ਕਿ ਉਹ ਬਹੁਤ ਭਿਆਨਕ ਮੌਤ ਦਾ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਲੋਕ ਦਹਿਸ਼ਤ ਮੁਕਤ ਹੋ ਕੇ ਰਾਹਤ ਮਹਿਸੂਸ ਕਰਦੇ ਹਨ। ਇਸਲਾਮਿਕ ਅਤਿਵਾਦੀਆਂ ਨੂੰ ਤਾਂ ਤਿਆਰ ਹੀ ਇਹ ਕਹਿ ਕੇ ਕੀਤਾ ਜਾਂਦਾ ਹੈ ਕਿ ਮੌਤ ਪਾ ਕੇ ਉਹ ਜੰਨਤ (ਸਵਰਗ) ਵਿਚ ਜਾਣਗੇ ਤੇ ਇਸੇ ਚਾਅ ਵਿਚ ਉਹ ਮੌਤ ਦੇ ਮੂੰਹ ਤੁਰ ਜਾਂਦੇ ਹਨ।
ਕੌਮਾਂਤਰੀ ਪੱਧਰ ‘ਤੇ ਅੱਜ ਕਲ੍ਹ ਇਸਲਾਮਿਕ ਅਤਿਵਾਦੀ ਜਥੇਬੰਦੀਆਂ ਮੁੱਖ ਚਰਚਾ ਵਿਚ ਹਨ, ਭਾਵੇਂ ਜਨ-ਸਧਾਰਨ ਮੁਸਲਮਾਨ ਅਤਿਵਾਦ ਦੇ ਵਿਰੋਧੀ ਹਨ। ਇਨ੍ਹਾਂ ਦਾ ਮੁਜਾਹਿਦੀਨ ਗਰੁਪ 1983 ਵਿਚ ਹੋਂਦ ‘ਚ ਆਇਆ ਸੀ। ਇਹ ਆਪਣੇ ਆਪ ਨੂੰ ਗੁਰੀਲਾ ਮਿਲਟਰੀ ਲੜਾਕੇ ਅਖਵਾ ਕੇ ਇਸਲਾਮ ਦੀ ਸੇਵਾ ਕਰ ਰਹੇ ਦੱਸਦੇ ਹਨ। ਮੁਜਾਹਿਦੀਨ ਜਥੇਬੰਦੀ ਔਰਤਾਂ ਦੀ ਸਿੱਖਿਆ ਦੇ ਵਿਰੁਧ ਹੈ। ਉਹ ਸਮਝਦੇ ਹਨ ਕਿ ਇਸ ਤਰ੍ਹਾਂ ਔਰਤਾਂ ਆਜ਼ਾਦ ਹੋ ਜਾਣਗੀਆਂ। ਮੁਸਲਮਾਨ ਔਰਤਾਂ ਨੂੰ ਮੁਜਾਹਿਦੀਨ ਦੇ ਤਸ਼ੱਦਦ ਦਾ ਵੱਡੀ ਪੱਧਰ ‘ਤੇ ਸ਼ਿਕਾਰ ਹੋਣਾ ਪਿਆ। ਮੁਜਾਹਿਦੀਨ ਵਿਚ ਜਦੋਂ ਆਪਸੀ ਮਤਭੇਦ ਆ ਗਏ ਤਾਂ ਅਲ-ਕਾਇਦਾ ਜਥੇਬੰਦੀ ਹੋਂਦ ਵਿਚ ਆਈ। ਅਲ-ਕਾਇਦਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ, ‘ਆਧਾਰ।’ ਇਸ ਦਾ ਪਹਿਲਾ ਮੁਖੀ ਲਾਦਿਨ ਸੀ ਤੇ ਇਸ ਦਾ ਮੁੱਖ ਕੇਂਦਰ ਸਾਊਦੀ ਅਰਬ ਸੀ। 1994-95 ਵਿਚ ਤਾਲਿਬਾਨ ਹੋਂਦ ਵਿਚ ਆਏ। ਤਾਲਿਬਾਨ ਪਸ਼ਤੋ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ‘ਵਿਦਿਆਰਥੀ’ ਹੈ। ਇਨ੍ਹਾਂ ਸ਼ੱਰਾ ਕਾਨੂੰਨ ਲਾਗੂ ਕਰਵਾਉਣ ਲਈ ਆਪਣੀਆਂ ਸਰਗਰਮੀਆਂ ਅਫਗਾਨਿਸਤਾਨ ਤੋਂ ਸ਼ੁਰੂ ਕੀਤੀਆਂ।
ਇਸ ਤੋਂ ਬਾਅਦ ਆਈ.ਐਸ਼ਆਈ.ਐਸ਼ ਯਾਨਿ ‘ਇਰਾਕ ਅਤੇ ਸੀਰੀਆ ਦਾ ਇਸਲਾਮੀ ਰਾਜ’ ਹੋਂਦ ਵਿਚ ਆਈ। ਇਹ ਜਥੇਬੰਦੀ ਵੀ ਸਾਊਦੀ ਅਰਬ ਵਿਚੋਂ ਪੈਦਾ ਹੋਈ। ਸਾਊਦੀ ਅਰਬ ਵਿਚ ਚੁਣੀ ਹੋਈ ਸਰਕਾਰ ਨਹੀਂ ਹੈ। ਉਥੇ ਅਲ ਸਾਊਦ ਪਰਿਵਾਰ ਦੇ ਲਗਭਗ ਨੌ ਹਜ਼ਾਰ ਮੈਂਬਰ ਰਾਜ ਚਲਾ ਰਹੇ ਹਨ। ਆਈ.ਐਸ਼ਆਈ.ਐਸ਼ ਵਾਲੇ ਅਲ ਸਾਊਦ ਦੀ ਥਾਂ ਆਪਣੇ ਆਪ ਨੂੰ ਰਾਜਾ ਐਲਾਨ ਰਹੇ ਹਨ। ਸੀਰੀਆ ਅਤੇ ਇਰਾਕ ਵਿਚ ਇਨ੍ਹਾਂ ਦਾ ਤਕੜਾ ਆਧਾਰ ਹੈ ਅਤੇ ਇਨ੍ਹਾਂ ਦੇ ਜ਼ੁਲਮ ਤੋਂ ਡਰਦਿਆਂ ਬਹੁਤ ਸਾਰੇ ਲੋਕ ਦੂਜੇ ਦੇਸ਼ਾਂ ਵਿਚ ਹਿਜ਼ਰਤ ਕਰ ਗਏ ਹਨ। ਇਸ ਦਾ ਪਹਿਲਾ ਮੁਖੀ ਅਬੂ ਬਕਰ ਅਲ ਬਗਦਾਦੀ ਨੂੰ ਬਣਾਇਆ ਗਿਆ ਸੀ। ਅਲ-ਕਾਇਦਾ ਅਤੇ ਆਈ.ਐਸ਼ ਆਪਣੀਆਂ ਜਥੇਬੰਦੀਆਂ ਵਿਚ ਲੜਕੇ ਅਤੇ ਲੜਕੀਆਂ ਨੂੰ ਭਰਤੀ ਕਰਨ ‘ਤੇ ਬਹੁਤ ਜ਼ੋਰ ਦਿੰਦੇ ਹਨ। ਇਸ ਨਾਲ ਲੜਕੇ ਅਤੇ ਲੜਕੀਆਂ ਆਪਸ ਵਿਚ ਰਿਸ਼ਤਾ ਬਣਾ ਲੈਂਦੇ ਹਨ ਤੇ ਜਥੇਬੰਦੀ ਤੋਂ ਬਾਹਰ ਨਹੀਂ ਜਾਂਦੇ। ਉਂਜ ਕੋਈ ਵੀ ਅਤਿਵਾਦੀ ਜਥੇਬੰਦੀ ਹੋਵੇ, ਉਸ ਵਿਚੋਂ ਬਾਹਰ ਜਾਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੁੰਦਾ ਹੈ।
1995 ਵਿਚ ਜਾਪਾਨ ਵਿਚ ਔਮ ਸ਼ਿਨਰਕੀਓ ਜਥੇਬੰਦੀ ਸਰਗਰਮ ਹੋਈ ਜਿਸ ਨੇ ਜਾਪਾਨ ਵਿਚ ਨਵੇਂ ਧਰਮ ਨੂੰ ਆਧਾਰ ਬਣਾ ਕੇ ਅੰਦੋਲਨ ਚਲਾਇਆ ਸੀ। ਉਨ੍ਹਾਂ ਜਾਪਾਨ ਵਿਚ ਇਕ ਜ਼ਹਿਰੀਲੀ ਗੈਸ ਛੱਡ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾਇਆ ਸੀ। ਇਸ ਜਥੇਬੰਦੀ ਦੇ ਸਾਰੇ ਕਾਰਕੁਨ ਖਤਮ ਕਰ ਦਿੱਤੇ ਗਏ ਸਨ।
ਨਾਈਜੀਰੀਆ ਵਿਚ ਬੋਕੋ ਹਰਾਮ ਨਾਂ ਦੀ ਜਥੇਬੰਦੀ ਹੈ। ਉਹ ਕਹਿੰਦੇ ਹਨ ਕਿ ਪੱਛਮੀ ਧਰਮ ਨਿਰਪੱਖ ਵਿਦਿਆ ਹਰਾਮ (ਬੁਰੀ) ਹੈ। ਜੋ ਇਹ ਸਿਖਿਆ ਲਵੇਗਾ, ਉਸ ਨੂੰ ਨਹੀਂ ਛੱਡਾਂਗੇ। ਉਨ੍ਹਾਂ ਮੁਤਾਬਕ ਇਹ ਸਿਖਿਆ ਇਸਲਾਮ ਦੇ ਵਿਰੁਧ ਹੈ। ਇਹ ਜਥੇਬੰਦੀ ਹੁਣ ਆਪਣੇ ਆਪ ਨੂੰ ਆਈ.ਐਸ਼ ਨਾਲ ਸਬੰਧਤ ਦੱਸ ਰਹੀ ਹੈ। ਇਕ ਵਾਰ ਇਨ੍ਹਾਂ ਨੇ ਇਕ ਸਕੂਲ ‘ਤੇ ਹਮਲਾ ਕਰ ਕੇ ਨਾਈਜੀਰੀਅਨ ਕੁੜੀਆਂ ਅਗਵਾ ਕੀਤੀਆਂ ਸਨ ਤੇ ਉਨ੍ਹਾਂ ਦੇ ਨਿਕਾਹ ਜ਼ਬਰਦਸਤੀ ਕਰਵਾ ਦਿੱਤੇ ਸਨ। ਉਨ੍ਹਾਂ ਕੁੜੀਆਂ ਨੂੰ ਛੁਡਾਉਣ ਲਈ ਮਿਸ਼ੈਲ ਓਬਾਮਾ ਨੇ ਮੁਹਿੰਮ ਚਲਾਈ ਸੀ।
ਕੋਈ ਵੀ ਅਤਿਵਾਦੀ ਜਥੇਬੰਦੀ ਭਾਵੇਂ ਧਰਮ ਦਾ ਬੁਰਕਾ ਪਾ ਕੇ ਸਾਹਮਣੇ ਆਵੇ, ਭਾਵੇਂ ਲੋਕਾਂ ਦੇ ਲਟਕਦੇ ਮਸਲਿਆਂ ਨੂੰ ਲੈ ਕੇ ਹੋਂਦ ਵਿਚ ਆਵੇ, ਆਪਣੀ ਦਹਿਸ਼ਤ ਫੈਲਾਉਣ ਤੋਂ ਬਾਅਦ ਨਾ ਇਹ ਧਾਰਮਿਕ ਅਸੂਲਾਂ ‘ਤੇ ਰਹਿੰਦੇ ਹਨ ਤੇ ਨਾ ਹੀ ਲੋਕਾਂ ਦੇ ਮਸਲਿਆਂ ‘ਤੇ ਕਾਇਮ ਰਹਿੰਦੇ ਹਨ। ਇਹ ਹੌਲੀ ਹੌਲੀ ਸਭ ਤੋਂ ਵੱਧ ਅਧਰਮੀ ਸਾਬਤ ਹੁੰਦੇ ਹੋਏ ਉਸ ਦੇਸ਼ ਜਾਂ ਖਿੱਤੇ ਦੇ ਲੋਕਾਂ ਲਈ ਨਵੇਂ ਮਸਲੇ ਖੜ੍ਹੇ ਕਰ ਦਿੰਦੇ ਹਨ। ਮੇਰੀ ਜਾਣਕਾਰੀ ਅਨੁਸਾਰ ਇਸਲਾਮੀ ਮਦਰੱਸਿਆਂ ਵਿਚ ਜਿਥੇ ਅਤਿਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਵਿਚ ਚਾਰ ਗੱਲਾਂ ਸਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਇਸਲਾਮਿਕ ਬੁੱਧੀਜੀਵੀ ਮੁਕੰਮਲ ਤੌਰ ‘ਤੇ ਰੱਦ ਕਰਦੇ ਹਨ। ਪਹਿਲੀ ਇਹ ਕਿ ਜਿਥੇ ਕੁਫਰ (ਇਸਲਾਮ ਜਾਂ ਖੁਦਾ ਨੂੰ ਨਾ ਮੰਨਣਾ) ਹੋਵੇਗਾ ਜਾਂ ਕੋਈ ਇਸਲਾਮ ਨੂੰ ਛੱਡ ਜਾਵੇਗਾ, ਉਸ ਦੀ ਸਜ਼ਾ ਮੌਤ ਹੈ ਤੇ ਇਹ ਸਜ਼ਾ ਦੇਣ ਦਾ ਅਧਿਕਾਰ ਸਾਡੇ ਕੋਲ ਹੈ। ਦੂਜੀ, ਦੁਨੀਆਂ ‘ਤੇ ਰਾਜ ਕਰਨ ਦਾ ਅਧਿਕਾਰ ਕੇਵਲ ਮੁਸਲਮਾਨਾਂ ਨੂੰ ਹੈ। ਗੈਰ ਮੁਸਲਮਾਨਾਂ ਦੀਆਂ ਸਰਕਾਰਾਂ ਨਾਜਾਇਜ਼ ਹਨ। ਤੀਜੀ, ਦੁਨੀਆਂ ਵਿਚ ਕੇਵਲ ਇਕ ਹੀ ਹਕੂਮਤ ਹੋਣੀ ਚਾਹੀਦੀ ਹੈ, ਅਲੱਗ ਅਲੱਗ ਹਕੂਮਤਾਂ ਗਲਤ ਹਨ। ਚੌਥੀ, ਕੌਮੀ ਹਕੂਮਤ ਇਸਲਾਮ ਵਿਰੋਧੀ ਹੈ ਤੇ ਇਸ ਨੂੰ ਖਤਮ ਕਰਨ ਦੀ ਲੋੜ ਹੈ।
ਅਮਰੀਕਾ ਵਿਚ ਵੀ ਚਿੱਟੀ ਚਮੜੀ ਵਾਲਿਆਂ ਦੀ ਅਤਿਵਾਦੀ ਜਥੇਬੰਦੀ ‘ਕੂ ਕਲੈਕਸ ਕਲਾਨ’ ਕੰਮ ਕਰ ਰਹੀ ਹੈ। ਇਹ 18ਵੀਂ ਸਦੀ ਵਿਚ ਹੋਂਦ ਵਿਚ ਆਈ ਸੀ ਅਤੇ ਦੋ ਵਾਰ ਖਤਮ ਹੋ ਗਈ ਸੀ। ਹੁਣ 1946 ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਕਾਰਕੁਨ ਦੱਖਣੀ ਅਮਰੀਕਾ ਵਿਚ ਪੈਦਾ ਹੋਏ ਸਨ ਤੇ ਇਨ੍ਹਾਂ ਦਾ ਨਾਹਰਾ ਹੈ ਕਿ ਚਿੱਟੀ ਚਮੜੀ ਵਾਲੇ ਹੀ ਸੁਪਰੀਮ ਹਨ ਤੇ ਬਾਕੀਆਂ ਨੂੰ ਮਾਰ ਦੇਣਾ ਚਾਹੀਦਾ ਹੈ। ਇਹ ਇਮੀਗਰੇਸ਼ਨ ਦੇ ਵੀ ਵਿਰੁਧ ਹਨ।
ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਦੁਨੀਆਂ ਨੂੰ ਅਤਿਵਾਦ ਦੀ ਭੱਠੀ ਵਿਚ ਝੋਕਣ ਵਾਲਾ ਮੁੱਖ ਦੋਸ਼ੀ ਅਮਰੀਕਾ ਹੈ ਅਤੇ ਉਸ ਨੇ ਜੋ ਬੀਜਿਆ ਹੈ, ਉਸ ਨੂੰ ਕੱਟਣਾ ਵੀ ਪੈ ਰਿਹਾ ਹੈ, ਪਰ ਇਹ ਅਜੇ ਵੀ ਸਾਊਦੀ ਅਰਬ ਦੀ ਅਤਿਵਾਦੀ ਜਥੇਬੰਦੀ ‘ਵਹਾਬੀ’ ਅਤੇ ਮੁਜਾਹਿਦੀਨ ਨੂੰ ਉਂਗਲ ਲਾ ਰਿਹਾ ਹੈ। ਅਤਿਵਾਦੀ ਕਾਰਵਾਈਆਂ ਕਰ ਕੇ ਹੀ ਅਮਰੀਕਾ ਨੂੰ ਪਾਕਿਸਤਾਨ, ਇਰਾਕ, ਅਫਗਾਨਿਸਤਾਨ ਆਦਿ ਦੇਸ਼ਾਂ ਵਿਚ ਹਮਲੇ ਕਰ ਕੇ ਤਬਾਹੀ ਕਰਨ ਅਤੇ ਆਪਣੇ ਅੱਡੇ ਬਣਾਉਣ ਦਾ ਮੌਕਾ ਮਿਲਿਆ। ਇਸ ਨਾਲ ਇਹ ਦੇਸ਼ ਤਬਾਹੀ ਤੱਕ ਪੁੱਜੇ ਗਏ ਹਨ ਤੇ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ। ਇਹ ਅਮਰੀਕਾ ਹੀ ਹੈ ਜਿਸ ਨੇ ਪਹਿਲਾਂ ਇਰਾਕ ਵਿਚ ਖਤਰਨਾਕ ਹਥਿਆਰ ਹੋਣ ਦੇ ਬਹਾਨੇ ਤਲਾਸ਼ੀ ਮੁਹਿੰਮ ਚਲਾਈ। ਜਦ ਕੋਈ ਹਥਿਆਰ ਨਾ ਮਿਲਿਆ ਤਾਂ ਸੱਦਾਮ ਹੁਸੈਨ ਨੂੰ ਫੜ੍ਹਨ ਅਤੇ ਮਾਰ ਦੇਣ ਦੀ ਜਮੀਨ ਤਿਆਰ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ। ਪੰਜਾਬ ਦੇ ਅਤਿਵਾਦੀਆਂ ਪਿਛੇ ਵੀ ਪਾਕਿਸਤਾਨ ਅਤੇ ਅਮਰੀਕਾ ਦਾ ਹੱਥ ਸਾਬਤ ਹੋ ਚੁਕਾ ਸੀ। ਅਮਰੀਕਾ ਵਲੋਂ ਚੀਨ ਅਤੇ ਰੂਸ ਵਿਰੁਧ ਸਰਗਰਮ ਹੋਣ ਦੀ ਹੱਲਾਸ਼ੇਰੀ ਦੇਣ ਦੀਆਂ ਖਬਰਾਂ ਵੀ ਚਰਚਾ ਵਿਚ ਰਹਿੰਦੀਆਂ ਹਨ।
ਭਾਰਤ ਵਿਚ ਵੀ ਅਤਿਵਾਦੀ ਜਥੇਬੰਦੀਆਂ ਜਥੇਬੰਦ ਹੋਣ ਦਾ ਯਤਨ ਕਰ ਰਹੀਆਂ ਹਨ। ਇਨ੍ਹਾਂ ਵਲੋਂ ਜਨਤਕ ਥਾਂਵਾਂ ‘ਤੇ ਬੰਬ ਚਲਾਉਣ, ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰਨ ਅਤੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨ ਕਰ ਕੇ ਇਹ ਪ੍ਰਭਾਵ ਬਣ ਰਿਹਾ ਹੈ ਕਿ ਕੋਈ ਥਾਂ ਵੀ ਸੁਰੱਖਿਅਤ ਨਹੀਂ ਹੈ। ਇਹ ਪ੍ਰਭਾਵ ਹਰ ਉਸ ਦੇਸ਼ ਵਿਚ ਹੈ ਜਿਥੇ ਅਤਿਵਾਦੀ ਕੰਮ ਕਰਦੇ ਹਨ। ਅਤਿਵਾਦੀਆਂ ਵਿਰੁਧ ਕਾਰਵਾਈ ਕਰਦਿਆਂ ਕਈ ਵਾਰ ਨਿਰਦੋਸ਼ ਲੋਕ ਵੀ ਸੁਰੱਖਿਆ ਬਲਾਂ ਦੀ ਕਾਰਵਾਈ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਰ ਕੇ ਲੋਕਾਂ ਵਿਚ ਸੁਰੱਖਿਆ ਬਲਾਂ ਵਿਰੁਧ ਵੀ ਰੋਸ ਪੈਦਾ ਹੋ ਜਾਂਦਾ ਹੈ, ਇਸ ਨੂੰ ਅਤਿਵਾਦੀ ਆਪਣੇ ਹੱਕ ਵਿਚ ਵਰਤਣ ਦਾ ਯਤਨ ਕਰਦੇ ਹਨ।
ਭਾਰਤ ਵਿਚ ਹਿਜ਼ਬੁਲ ਮੁਜਾਹਿਦੀਨ, ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ, ਹਰਕਤ-ਉਲ-ਮੁਜਾਹਿਦੀਨ ਅਤੇ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿੰਮੀ), ਜਮਾਤ-ਉਦ-ਦਾਵਾ, ਉਲਫਾ (ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ) ਆਦਿ ਜਥੇਬੰਦੀਆਂ ਪੈਰ ਪਸਾਰ ਰਹੀਆਂ ਹਨ। ਇਸੇ ਤਰ੍ਹਾਂ ਮਾਓਵਾਦੀਆਂ ਦੇ ਵੀ ਕੁਝ ਗਰੁਪ ਅਤਿਵਾਦੀ ਘਟਨਾਵਾਂ ਵਿਚ ਸਰਗਰਮ ਹਨ। ਜੰਮੂ ਕਸ਼ਮੀਰ ਵਿਚ ਪਾਕਿਸਤਾਨ ਦੀ ਦਖਲਅੰਦਾਜ਼ੀ ਵੀ ਅਤਿਵਾਦੀ ਗਰੁਪਾਂ ਲਈ ਜਰਖੇਜ਼ ਭੂਮੀ ਸਾਬਤ ਹੋ ਰਹੀ ਹੈ। ਗਊ ਰੱਖਿਆ ਦੇ ਨਾਂ ‘ਤੇ ਹਜੂਮ ਵਲੋਂ ਘੱਟ ਗਿਣਤੀ ਲੋਕਾਂ ‘ਤੇ ਹਮਲੇ ਅਤੇ ਆਰ.ਐਸ਼ਐਸ਼ ਵਲੋਂ ਘੱਟ ਗਿਣਤੀਆਂ ਵਿਰੁਧ ਘਿਨਾਉਣਾ ਪ੍ਰਚਾਰ ਦੇਸ਼ ਲਈ ਮਾੜੇ ਦਿਨਾਂ ਦੀ ਨਿਸ਼ਾਨੀ ਹੈ।
ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਵਿਚ ਦਿੱਲੀ ਅਤੇ ਦੇਸ਼ ਦੇ ਕਈ ਹੋਰ ਭਾਗਾਂ ਵਿਚ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਅਤਿਵਾਦ ਦਾ ਹੀ ਰੂਪ ਸੀ। 2001 ਵਿਚ ਭਾਰਤ ਦੀ ਸੰਸਦ ‘ਤੇ ਹਮਲਾ, 1993 ਅਤੇ 2008 ਵਿਚ ਮੁੰਬਈ ਘਟਨਾਵਾਂ ਤਾਂ ਭਾਰਤ ਵਿਚ ਖਤਰੇ ਦੀ ਘੰਟੀ ਪਹਿਲਾਂ ਹੀ ਵਜਾ ਚੁਕੀਆਂ ਹਨ ਤੇ ਭਾਰਤ ਦੀਆਂ ਸੂਹੀਆ ਏਜੰਸੀਆਂ ਦੀ ਕਾਰਜਪ੍ਰਣਾਲੀ ‘ਤੇ ਪ੍ਰਸ਼ਨ ਚਿੰਨ੍ਹ ਲਾ ਚੁਕੀਆਂ ਹਨ।
ਜਿਥੋਂ ਤੱਕ ਪੰਜਾਬ ਵਿਚ ਅਤਿਵਾਦੀ ਦੌਰ ਦਾ ਸਬੰਧ ਹੈ, ਇਸ ਬਾਰੇ ਬਹੁਤ ਕੁਝ ਲਿਖਿਆ-ਪੜ੍ਹਿਆ ਜਾ ਚੁਕਾ ਹੈ। ਇਥੇ ਅਤਿਵਾਦ ਨੂੰ ਅਕਾਲੀ ਅਤੇ ਕਾਂਗਰਸੀ-ਦੋਹਾਂ ਨੇ ਹੀ ਸ਼ਹਿ ਦਿੱਤੀ ਅਤੇ ਇਸ ਅੱਗ ਨੂੰ ਤੇਜ਼ ਕਰਨ ਲਈ ਭਾਜਪਾ ਨੇ ਵੀ ਤੇਲ ਪਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਵਿਚ ਅਤਿਵਾਦੀਆਂ ਨੇ ਵੀ ਆਪਣੇ ਘਿਨਾਉਣੇ ਕਾਰਨਾਮੇ ਧਰਮ ਦੀ ਸੇਵਾ ਦੇ ਨਾਂ ‘ਤੇ ਸ਼ੁਰੂ ਕੀਤੇ।
ਪੰਜਾਬ ਦੇ ਲਟਕਦੇ ਮਸਲਿਆਂ ਲਈ ਜੋ ਮੋਰਚਾ ਲਾਇਆ ਗਿਆ ਸੀ, ਉਹ ਆਪ ਹੀ ਦਮ ਤੋੜ ਗਿਆ ਤੇ ਅਤਿਵਾਦ ਦਾ ਦੌਰ ਸ਼ੁਰੂ ਹੋ ਗਿਆ। ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਲੋਕ ਸ਼ਹਿਰਾਂ ਵਿਚ ਹਿਜ਼ਰਤ ਕਰ ਗਏ। ਸ਼ਾਮ 3-4 ਵਜੇ ਤੋਂ ਪੰਜਾਬ ਵਿਚ ਕਰਫਿਊ ਵਰਗੀ ਹਾਲਤ ਹੋ ਜਾਂਦੀ ਸੀ। ਕਤਲ, ਲੁੱਟ-ਖੋਹ, ਮਾਰਕੁਟ ਦੀਆਂ ਵਾਰਦਾਤਾਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਾਂਗਰਸ ਸਰਕਾਰ ਦੀ ਨਾਲਾਇਕੀ ਅਤੇ ਅਕਾਲੀਆਂ ਦੀ ਦੋਗਲੀ ਨੀਤੀ ਕਰ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਵੱਡੀ ਮਾਤਰਾ ਵਿਚ ਨਾਜਾਇਜ਼ ਅਸਲਾ ਪਹੁੰਚ ਗਿਆ ਤੇ ਸਿੱਟਾ ਅਪਰੇਸ਼ਨ ਬਲਿਊ ਸਟਾਰ ਵਿਚ ਨਿਕਲਿਆ। ਇਸ ਅਪਰੇਸ਼ਨ ਲਈ ਜਿਥੇ ਕਾਂਗਰਸ, ਅਕਾਲੀ, ਭਾਜਪਾ ਆਦਿ ਜ਼ਿੰਮੇਵਾਰ ਸਨ, ਉਥੇ ਉਹ ਲੋਕ ਵੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਜਿਨ੍ਹਾਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਨਾਜਾਇਜ਼ ਅਸਲੇ, ਅਨੈਤਿਕ ਕਾਰਵਾਈਆਂ ਦਾ ਅੱਡਾ ਅਤੇ ਕਾਤਲਾਂ ਦੀ ਪਨਾਹਗਾਹ ਆਦਿ ਬਣਾ ਦਿੱਤਾ। ਇਸ ਦੌਰ ਵਿਚ ਕਈ ਨਿਰਦੋਸ਼ ਵੀ ਪੈਰਾ-ਮਿਲਟਰੀ ਫੋਰਸ ਜਾਂ ਪੁਲਿਸ ਹੱਥੋਂ ਤਸ਼ੱਦਦ ਦਾ ਸ਼ਿਕਾਰ ਹੋਏ, ਜੋ ਨਿਖੇਧੀਯੋਗ ਹੈ।
ਅਤਿਵਾਦੀ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਉਸ ਧਰਮ ਦੇ ਸਾਰੇ ਲੋਕ ਅਤਿਵਾਦੀ ਨਹੀਂ ਹੁੰਦੇ। ਪੰਜਾਬ ਦੇ ਕਾਲੇ ਦੌਰ ਨੇ ਇਕ ਫਿਰਕੇ ਦੇ ਲੋਕਾਂ ਦੇ ਕਤਲ ਤੇ ਉਨ੍ਹਾਂ ਵਿਰੁਧ ਜ਼ਹਿਰੀਲੀ ਭਾਸ਼ਾ ਨੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਅਕਸ ਨੂੰ ਢਾਹ ਲਾ ਦਿੱਤੀ ਜਿਸ ਬਾਰੇ ਪ੍ਰਸਿਧ ਲੇਖਕ ਖੁਸ਼ਵੰਤ ਸਿੰਘ ਲਿਖਦੇ ਹਨ, “ਇਹ ਅਕਾਲੀ ਹੀ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਭਾਰਤ ਦੇ ਪਹਿਲੇ ਦਰਜੇ ਦੇ ਨਾਗਰਿਕਾਂ ਨਾਲੋਂ ਵੀ ਹੇਠਲੇ ਦਰਜੇ ਤਕ ਘਟਾ ਦਿੱਤਾ।” ਇਸ ਸਮੇਂ ਮੁੱਖ ਸੂਤਰਧਾਰ ਖੁਦ ਹਉਮੈ ਦੇ ਸ਼ਿਕਾਰ ਸਨ, ਇਸ ਕਰ ਕੇ ਉਹ ਨਿਘਾਰ ਦੇ ਰਸਤੇ ‘ਤੇ ਪੁੱਜ ਗਏ, ਭਾਵੇਂ ਉਨ੍ਹਾਂ ਦੇ ਕਾਰਨਾਮਿਆਂ ਤੇ ਬੋਲਾਂ ਨੇ ਹਿੰਦੂ-ਸਿੱਖ ਦੇ ਰਿਸ਼ਤਿਆਂ ਵਿਚ ਡੂੰਘਾ ਪਾੜਾ ਪਾ ਦਿੱਤਾ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਜਾਂ ਪੰਜਾਬੀ ਮੂਲ ਦੇ ਲੋਕਾਂ, ਜਿਨ੍ਹਾਂ ਨੇ ਪੰਜਾਬ ਦਾ ਦੌਰ ਹੱਡੀਂ ਹੰਢਾਇਆ ਨਹੀਂ, ਬੜੇ ਭੁਲੇਖੇ ਦਾ ਸ਼ਿਕਾਰ ਹਨ ਅਤੇ ਉਹ ਐਵੇਂ ਹੀ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਚੁੱਕੀ ਫਿਰਦੇ ਹਨ ਜਿਨ੍ਹਾਂ ਦਾ ਪੰਜਾਬ ਦੇ ਲੋਕ ਨਾਂ ਨਹੀਂ ਸੁਣਨਾ ਚਾਹੁੰਦੇ।
ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਤਿਵਾਦ ਜਿਥੇ ਵੀ ਹੈ, ਉਸ ਦੀ ਦਿਸ਼ਾ ਲੋਕ ਵਿਰੋਧੀ ਹੁੰਦੀ ਹੈ। ਜੇ ਕਿਸੇ ਦੇਸ਼, ਰਾਜ, ਕੌਮੀ ਜਾਂ ਕੌਮਾਂਤਰੀ ਮਸਲੇ ਜਾਂ ਮੰਗਾਂ ਹਨ ਤਾਂ ਉਹ ਮੰਨਵਾਉਣ ਦੀਆਂ ਵੱਖ ਵੱਖ ਕਾਨੂੰਨੀ ਪ੍ਰਕ੍ਰਿਆਵਾਂ ਹਨ। ਸਥਾਨਕ, ਰਾਜ ਜਾਂ ਕੌਮੀ ਮਸਲੇ ਲੋਕਾਂ ਨੂੰ ਜਥੇਬੰਦ ਕਰ ਕੇ ਹਾਕਮਾਂ ਉਪਰ ਜਨਤਕ ਦਬਾਅ ਬਣਾ ਕੇ ਹੀ ਹੱਲ ਕਰਵਾਏ ਜਾ ਸਕਦੇ ਹਨ। ਕੋਈ ਵੀ ਦੇਸ਼ ਹੋਵੇ, ਜੇ ਲੋਕ ਤਿਆਰ ਨਹੀਂ ਤਾਂ ਹਥਿਆਰ ਚੁੱਕ ਕੇ ਹਾਕਮ ਜਮਾਤਾਂ ਨੂੰ ਤਸ਼ੱਦਦ ਕਰਨ ਦਾ ਮੌਕਾ ਦੇਣ ਦੇ ਤੁਲ ਹੈ। ਪੰਜਾਬ ਅੰਦਰ ਹਜ਼ਾਰਾਂ ਨਿਰਦੋਸ਼ ਲੋਕ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਮੁਲਾਜ਼ਮ ਕਤਲ ਕੀਤੇ ਗਏ। ਕੀ ਇਸ ਨਾਲ ਪੰਜਾਬ ਨੂੰ ਕੋਈ ਲਾਭ ਹੋਇਆ? ਨਹੀਂ, ਸਗੋਂ ਨੁਕਸਾਨ ਹੋਇਆ; ਸਿੱਖਾਂ ਦਾ ਅਕਸ ਦੁਨੀਆਂ ਭਰ ਵਿਚ ਖਰਾਬ ਹੋਇਆ ਅਤੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਪੰਜਾਬ ਤੋਂ ਬਾਹਰ ਇਹ ਪ੍ਰਭਾਵ ਗਿਆ ਕਿ ਪੰਜਾਬ ਵਿਚ ਸਿੱਖ ਹਿੰਦੂਆਂ ਦਾ ਕਤਲ ਕਰ ਰਹੇ ਹਨ।
ਕਾਂਗਰਸ ਨੇ ਵੀ ਸਿੱਖ ਵਿਰੋਧੀ ਪੱਤਾ ਵਰਤਿਆ ਅਤੇ ਅਕਾਲੀ-ਭਾਜਪਾ ਨੇ ਦੋਗਲੀ ਨੀਤੀ ਅਪਨਾਈ ਜਿਸ ਦਾ ਸਿੱਟਾ ਪੰਜਾਬ ਨੂੰ ਸੰਤਾਪ ਦੀ ਭੱਠੀ ਵਿਚ ਝੋਕਣ ਵਿਚ ਨਿਕਲਿਆ। ਅੱਜ ਭਾਜਪਾ ਹਿੰਦੂ ਅਤਿਵਾਦ ਨੂੰ ਸ਼ਹਿ ਦੇ ਕੇ ਦੇਸ਼ ਦਾ ਮਾਹੌਲ ਵਿਗਾੜ ਰਹੀ ਹੈ ਅਤੇ ਘੱਟ ਗਿਣਤੀ ਲੋਕਾਂ ‘ਤੇ ਹਮਲੇ ਕਰਵਾ ਰਹੀ ਹੈ। ਅੱਜ ਇਹ ਚਿੰਤਾ ਦਾ ਵੱਡਾ ਵਿਸ਼ਾ ਹੈ।
ਮੇਰਾ ਵਿਚਾਰ ਹੈ ਕਿ ਅਤਿਵਾਦ ਦੀ ਦੁਨੀਆਂ ਭਰ ਵਿਚ ਦਿਸ਼ਾ ਹਮੇਸ਼ਾ ਨਿਰਦੋਸ਼ ਅਤੇ ਭੋਲੇ ਭਾਲੇ ਲੋਕਾਂ ਵਿਰੁਧ ਰਹੀ ਹੈ। ਇਸ ਨਾਲ ਕਿਰਤੀ ਲੋਕਾਂ ਦੇ ਕੰਮਕਾਰ ਨੂੰ ਸੱਟ ਵਜਦੀ ਹੈ ਤੇ ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ। ਇਸ ਅਵਸਥਾ ਵਿਚ ਸਮੇਂ ਦੀ ਲੋੜ ਹੈ ਕਿ ਧਰਮ, ਜਾਤ, ਬੋਲੀ ਅਤੇ ਇਲਾਕਾਈ ਵਖਰੇਵੇਂ ਤੋਂ ਉਪਰ ਉਠ ਕੇ ਮਨੁੱਖੀ ਏਕਤਾ ਪੱਕੀ ਕੀਤੀ ਜਾਵੇ ਅਤੇ ਫਿਰਕੂ ਜ਼ਹਿਰ ਫੈਲਾਉਣ ਵਾਲਿਆਂ ਤੋਂ ਦੂਰ ਰਿਹਾ ਜਾਵੇ।