ਪਰਦੀਪ ਕੁਮਾਰ
ਫੋਨ: 408-540-4547
ਫੁਟਬਾਲ ਮੈਚ ਵੇਖਦਿਆਂ ਕਈ ਖਿਡਾਰੀ ਗੋਲ ਕਰਨ ਪਿਛੋਂ ਕਾਰਨਰ ਫਲੈਗ ਕੋਲ ਜਾ ਕੇ ਡਾਂਸ ਕਰਦੇ ਹਨ। ਅਸਲ ਵਿਚ ਉਹ ਕਿਸੇ ਮਹਾਨ ਫੁਟਬਾਲਰ ਨੂੰ ਸਲਾਮ ਕਰਦੇ ਹਨ। ਇਹ ਫੁਟਬਾਲਰ ਕੋਈ ਹੋਰ ਨਹੀਂ, ਕੈਮਰੂਨ ਦਾ ਮਹਾਨ ਰੌਜ਼ਰ ਮਿਲਾ ਹੈ। 1990 ਦਾ ਫੁਟਬਾਲ ਵਰਲਡ ਕੱਪ ਇਟਲੀ ਵਿਚ ਹੋਇਆ ਸੀ। ਇਸ ਟੂਰਨਾਮੈਂਟ ਵਿਚ ਰੌਜ਼ਰ ਨੇ ਚਾਰ ਗੋਲ ਕਰਕੇ ਨਾਮਣਾ ਖੱਟਿਆ। ਹਰ ਗੋਲ ਕਰਨ ਪਿਛੋਂ ਰੌਜ਼ਰ ਖੁਸ਼ੀ ‘ਚ ਕਾਰਨਰ ਫਲੈਗ ਕੋਲ ਜਾ ਕੇ ਡਾਂਸ ਕਰਦਾ ਸੀ। ਇਸ ਡਾਂਸ ਨੇ ਉਸ ਨੂੰ ਵਰਲਡ ਕੱਪ ਦਾ ਹੀਰੋ ਬਣਾ ਦਿੱਤਾ। ਇਸ ਕਰਕੇ 2010 ਦੇ ਵਰਲਡ ਕੱਪ ਵਿਚ ਕੋਕਾ ਕੋਲਾ ਨੇ ਰੌਜ਼ਰ ਦੇ ਇਸ ਜਸ਼ਨ ਨੂੰ ਆਪਣੀ ਮਸ਼ਹੂਰੀ ਲਈ ਇਸਤੇਮਾਲ ਕੀਤਾ।
ਰੌਜ਼ਰ ਮਿਲਾ ਦਾ ਜਨਮ 20 ਮਈ 1952 ਨੂੰ ਹੋਇਆ। ਬਚਪਨ ਵਿਚ ਹੀ ਉਸ ਨੇ ਫੁਟਬਾਲ ਖੇਡਣਾ ਸ਼ੁਰ ਕਰ ਦਿੱਤਾ। 1965-1970 ਤਕ ਉਹ ਜੂਨੀਅਰ ਟੀਮ ਲਈ ਖੇਡਿਆ ਅਤੇ 1970 ਵਿਚ ਉਸ ਨੇ ਸੀਨੀਅਰ ਟੀਮ ਲਈ ਖੇਡਣਾ ਸ਼ੁਰੂ ਕੀਤਾ। 1977 ਵਿਚ ਰੌਜ਼ਰ ਯੂਰਪ ਨੂੰ ਆਪਣੀ ਕਿਸਮਤ ਅਜ਼ਮਾਉਣ ਲਈ ਚਲਾ ਗਿਆ। ਉਸ ਨੇ ਜ਼ਿਆਦਾ ਸਮਾਂ ਫਰਾਂਸ ਵਿਚ ਗੁਜਾਰਿਆ ਅਤੇ ਉਥੋਂ ਦੀਆਂ ਕਈ ਕਲੱਬਾਂ ਲਈ ਖੇਡਿਆ। ਪਰ ਰੌਜ਼ਰ ਮਿਲਾ ਨੂੰ ਅਸਲੀ ਕਾਮਯਾਬੀ ਅੰਤਰਰਾਸ਼ਟਰੀ ਮੈਚਾਂ ਵਿਚ ਮਿਲੀ। ਉਹ ਕੈਮਰੂਨ ਲਈ ਤਿੰਨ ਵਰਲਡ ਕੱਪ-1982, 1990, 1994 ਖੇਡਿਆ। ਇਟਲੀ ਵਿਚ ਹੋਏ 1990 ਦੇ ਟੂਰਨਾਮੈਂਟ ਨੇ ਉਸ ਨੂੰ ਮਹਾਨ ਬਣਾ ਦਿੱਤਾ। ਅਸਲ ਵਿਚ ਉਹ ਅੰਤਰਰਾਸ਼ਟਰੀ ਫੁਟਬਾਲ ਤੋਂ ਰਿਟਾਇਰ ਹੋ ਗਿਆ ਸੀ ਪਰ ਕੈਮਰੂਨ ਦੇ ਰਾਸ਼ਟਰਪਤੀ ਪਾਲ ਬਾਈਆ ਨੇ ਉਸ ਨੂੰ ਫੋਨ ਕਰਕੇ ਫਿਰ ਖੇਡਣ ਲਈ ਰਾਜ਼ੀ ਕਰ ਲਿਆ। ਇਸ ਵਰਲਡ ਕੱਪ ਵਿਚ ਕੈਮਰੂਨ ਗਰੁਪ ḔਬੀḔ ਵਿਚ ਅਰਜਨਟਾਈਨਾ, ਰੋਮਾਨੀਆ ਅਤੇ ਰੂਸ ਨਾਲ ਸੀ। ਕੈਮਰੂਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਮਾਰਾਡੋਨਾ ਦੀ ਟੀਮ ਅਰਜਨਟਾਈਨਾ ਨੂੰ ਹਰਾ ਕੇ ਕੀਤੀ। ਰੋਮਾਨੀਆ ਦੀ ਟੀਮ ‘ਤੇ ਵੀ ਜਿੱਤ ਪ੍ਰਾਪਤ ਕੀਤੀ ਅਤੇ ਰੂਸ ਨੂੰ ਹਰਾ ਕੇ ਗਰੁਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰੋਮਾਨੀਆ ਨਾਲ ਖੇਡਦਿਆਂ ਰੌਜ਼ਰ ਨੇ ਦੋ ਗੋਲ ਕਰਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਅਗਲੇ ਗਰੁਪ ਵਿਚ ਕੈਮਰੂਨ ਦਾ ਮੁਕਾਬਲਾ ਕੋਲੰਬੀਆ ਨਾਲ ਸੀ। ਰੌਜ਼ਰ ਮਿਲਾ ਵਲੋਂ ਕੀਤੇ ਗਏ ਦੋ ਗੋਲਾਂ ਸਦਕਾ ਕੈਮਰੂਨ ਜਿੱਤ ਕੇ ਕੁਆਟਰ ਫਾਈਨਲ ਵਿਚ ਪਹੁੰਚ ਗਿਆ। ਇਹ ਪਹਿਲੀ ਵਾਰੀ ਸੀ ਕਿ ਕੋਈ ਅਫਰੀਕੀ ਦੇਸ਼ ਵਰਲਡ ਕੱਪ ਦੇ ਕੁਆਟਰ ਫਾਈਨਲ ਤੱਕ ਗਿਆ ਹੋਵੇ। ਪਰ ਇਹ ਸਫਰ ਬਹੁਤਾ ਲੰਮਾ ਨਹੀਂ ਜਾ ਸਕਿਆ। ਅਗਲੇ ਮੈਚ ਵਿਚ ਕੈਮਰੂਨ ਇੰਗਲੈਂਡ ਦੀ ਟੀਮ ਤੋਂ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਇਸ ਹਾਰ ਨਾਲ ਨਿਰਾਸ਼ਾ ਤਾਂ ਹੋਈ ਪਰ ਰੌਜ਼ਰ ਮਿਲਾ ਇਤਿਹਾਸ ਦਾ ਨਾਇਕ ਬਣ ਗਿਆ।
1994 ਦਾ ਵਰਲਡ ਕੱਪ ਅਮਰੀਕਾ ਵਿਚ ਸੀ। ਰੌਜ਼ਰ ਮਿਲਾ ਇਕ ਵਾਰ ਫਿਰ 42 ਸਾਲ ਦੀ ਉਮਰ ਵਿਚ ਮੈਦਾਨ ਵਿਚ ਉਤਰਿਆ। ਸਾਰੇ ਫੁਟਬਾਲ ਚਾਹਵਾਨਾਂ ਨੂੰ ਆਸ ਸੀ ਕਿ ਇਸ ਵਾਰ ਫਿਰ ਕੈਮਰੂਨ ਆਪਣੇ ਜੌਹਰ ਵਿਖਾਵੇਗਾ। ਪਰ ਕੈਮਰੂਨ ਆਪਣੇ ਗਰੁਪ ਵਿਚ ਆਖਰੀ ਸਥਾਨ ‘ਤੇ ਰਿਹਾ ਅਤੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਕੈਮਰੂਨ ਅਤੇ ਇਸ ਦੇ ਸਮਰਥਕਾਂ ਲਈ ਬਹੁਤ ਨਿਰਾਸ਼ਾ ਵਾਲਾ ਵਰਲਡ ਕੱਪ ਰਿਹਾ, ਪਰ ਮੇਰੇ ਲਈ ਸਾਰੀ ਜ਼ਿੰਦਗੀ ਨਾ ਭੁੱਲਣ ਵਾਲਾ ਟੂਰਨਾਮੈਂਟ ਸੀ। ਆਪਣੇ ਨਜ਼ਦੀਕ ਹੀ ਪੈਂਦੇ ਸਟੈਨਫੋਰਡ ਸਟੇਡੀਅਮ ਵਿਚ ਮੈਂ ਕਈ ਮੈਚ ਵੇਖੇ। ਮੈਂ ਕੈਮਰੂਨ ਅਤੇ ਰੂਸ ਦਾ ਮੈਚ ਵੀ ਵੇਖਿਆ। ਇਸ ਮੈਚ ਵਿਚ ਰੌਜ਼ਰ ਮਿਲਾ ਨੂੰ ਗੋਲ ਕਰਦਿਆਂ ਵੀ ਵੇਖਿਆ ਅਤੇ ਡਾਂਸ ਕਰਕੇ ਜਸ਼ਨ ਮਨਾਉਦਿਆਂ ਵੀ।
ਰੌਜ਼ਰ ਮਿਲਾ ਨੇ ਪੇਸ਼ੇਵਰ ਫੁੱਟਬਾਲ ਖੇਡਦਿਆਂ 747 ਮੈਚਾਂ ਵਿਚ 413 ਗੋਲ ਕੀਤੇ। ਆਪਣੇ ਦੇਸ਼ ਕੈਮਰੂਨ ਲਈ 63 ਮੈਚਾਂ ਵਿਚ 37 ਗੋਲ ਕੀਤੇ। ਉਸ ਨੂੰ ਦੋ ਵਾਰ ਅਫਰੀਕਾ ਦਾ ਸੁਪਰੀਮ ਫੁਟਬਾਲਰ ਐਲਾਨਿਆ ਗਿਆ। 1990 ਵਿਚ ਉਹ ਫੀਫਾ ਆਲ ਸਟਾਰ ਗਿਆਰਾਂ ਲਈ ਚੁਣਿਆ ਗਿਆ। ਫੀਫਾ ਦੀ 100 ਮਹਾਨ ਫੁਟਬਾਲਰਾਂ ਦੀ ਸੂਚੀ ਵਿਚ ਉਸ ਦਾ ਨਾਂ ਸ਼ਾਮਲ ਹੈ। ਉਹ ਸਦੀ ਦਾ ਅਫਰੀਕਾ ਦਾ ਉਤਮ ਫੁਟਬਾਲਰ ਹੈ। ਜਦ ਕਦੀ ਵੀ ਫੁਟਬਾਲ ਦੇ ਵਰਲਡ ਕੱਪ ਦੀ ਗੱਲ ਹੋਵੇਗੀ ਤਾਂ ਰੌਜ਼ਰ ਮਿਲਾ ਦੇ ਨਾਂ ਦਾ ਜ਼ਿਕਰ ਵੀ ਜਰੂਰ ਹੋਵੇਗਾ। ਸਲਾਮ ਇਸ ਮਹਾਨ ਫੁਟਬਾਲਰ ਨੂੰ ਅਤੇ ਉਸ ਦੇ ਖੂਬਸੂਰਤ ਡਾਂਸ ਨੂੰ।