ਅਸਿਨ ਦੀ ਮਾਂ ਬੋਲੀ ਭਾਵੇਂ ਮਲਿਆਲਮ (ਕੇਰਲ) ਹੈ, ਪਰ ਉਹ ਮਲਿਆਲਮ ਸਮੇਤ ਸੱਤ ਭਾਸ਼ਾਵਾਂ ਜਾਣਦੀ ਹੈ। ਇਨ੍ਹਾਂ ਵਿਚ ਹਿੰਦੀ, ਅੰਗਰੇਜ਼ੀ, ਤਮਿਲ, ਤੈਲਗੂ, ਸੰਸਕ੍ਰਿਤ ਅਤੇ ਫਰਾਂਸੀਸੀ ਸ਼ਾਮਲ ਹੈ। ਆਪਣੇ ਨਾਂ ਅਸਿਨ ਦੀ ਵਿਆਖਿਆ ਉਹ ਬਹੁਤ ਹੁੱਬ ਕੇ ਅਤੇ ਚਾਅ ਨਾਲ ਕਰਦੀ ਹੈ। ਇਹ ਵਿਆਖਿਆ ਉਹਨੇ ਅੱਧੀ ਤਾਂ ਆਪ ਹੀ ਘੜੀ ਹੋਈ ਹੈ। ਉਸ ਮੁਤਾਬਕ ਉਹਦੇ ਨਾਂ ਦਾ ਪਹਿਲਾ ਅੱਖਰ ‘ਅ’ ਸੰਸਕ੍ਰਿਤ ਵਾਲਾ ਹੈ ਜਿਸ ਦਾ ਮਤਲਬ ਬਗੈਰ ਜਾਂ ਬਿਨਾਂ ਬਣਦਾ ਹੈ ਅਤੇ ਅਗਲੇ ਅੱਖਰ ‘ਸਿਨ’ (ਗੁਨਾਹ) ਅੰਗਰੇਜ਼ੀ ਵਾਲੇ ਹਨ; ਭਾਵ ਨਾਂ ਦਾ ਪੂਰਾ ਮਤਲਬ ਨਿਰਮਲ, ਪਾਕ-ਪਵਿੱਤਰ ਹੈ। ਉਹਨੇ ਆਪਣੇ ਇਸ ਨਾਂ ਦੀ ਸਦਾ ਲਾਜ ਵੀ ਰੱਖੀ ਹੈ। ਕੁੜੀਆਂ ਦੀ ਭਲਾਈ ਲਈ ਉਹ ਸਰਗਰਮ ਹੀ ਰਹਿੰਦੀ ਹੈ। ਸ੍ਰੀ ਲੰਕਾ ਵਿਚ ਜੰਗ ਕਾਰਨ ਮਧੋਲੇ ਗਏ ਤਮਿਲਾਂ ਦੀ ਉਸ ਨੇ ਪੁੱਜ ਕੇ ਮੱਦਦ ਕੀਤੀ। ਅਸਿਨ ਉਦੋਂ 15 ਸਾਲਾਂ ਦੀ ਸੀ ਜਦੋਂ ਉਸ ਦੀ ਪਹਿਲੀ ਫਿਲਮ ‘ਨਰੇਂਦਰ ਮਾਕਨ ਜਯਾਕਾਂਤ ਵਾਕਾ’ (2001) ਰਿਲੀਜ਼ ਹੋਈ ਸੀ। ਇਹ ਫਿਲਮ ਮਲਿਆਲਮ ਵਿਚ ਬਣੀ ਸੀ। ਇਸ ਤੋਂ ਪਹਿਲਾਂ ਉਸ ਨੇ ਟੈਲੀਵਿਜ਼ਨ ਲਈ ਇਕ ਇਸ਼ਤਿਹਾਰ ਲਈ ਕੰਮ ਕੀਤਾ ਸੀ। ਫਿਲਮ ‘ਨਰੇਂਦਰ ਮਾਕਨ ਜਯਾਕਾਂਤ ਵਾਕਾ’ ਵਿਚ ਉਸ ਦੇ ਸੁਹੱਪਣ ਦੀ ਸਭ ਨੇ ਤਾਰੀਫ ਕੀਤੀ। ਦੋ ਸਾਲ ਬਾਅਦ 2003 ਵਿਚ ਜਦੋਂ ਉਸ ਦੀ ਤੈਲਗੂ ਫਿਲਮ ‘ਅੰਮਾ ਨੰਨਾ ਓ ਤਮਿਲ ਅੰਮਾਈ’ ਆਈ ਤਾਂ ਉਹਦੀ ਬੱਲੇ-ਬੱਲੇ ਹੋ ਗਈ। ਇਸ ਫਿਲਮ ਲਈ ਉਸ ਨੂੰ ਸਰਵੋਤਮ ਅਦਾਕਾਰਾ (ਤੈਲਗੂ) ਦਾ ਫਿਲਮਫੇਅਰ ਐਵਾਰਡ ਮਿਲਿਆ। ਉਸੇ ਸਾਲ ਦੂਜੀ ਤੈਲਗੂ ਫਿਲਮ ‘ਸ਼ਿਵਮਣੀ’ ਲਈ ਵੀ ਉਹਨੇ ਸੰਤੋਸ਼ਮ ਸਰਵੋਤਮ ਅਦਾਕਾਰਾ ਦਾ ਇਨਾਮ ਫੁੰਡ ਲਿਆ। ਹਿੰਦੀ ਫਿਲਮਾਂ ਵਿਚ ਉਹ ‘ਗਜਨੀ’ ਲੈ ਕੇ ਆਈ। ਇਹ ਹਿੰਦੀ ਫਿਲਮ 2008 ਵਿਚ ਬਣੀ ਸੀ ਅਤੇ ਇਸ ਫਿਲਮ ਦਾ ਹੀਰੋ ਆਮਿਰ ਖਾਨ ਸੀ। ਅਸਿਨ ਦੀ ਇਸੇ ਨਾਂ ਵਾਲੀ ਤਮਿਲ ਫਿਲਮ 2005 ਵਿਚ ਬਣ ਚੁੱਕੀ ਸੀ ਅਤੇ ਵਾਹਵਾ ਹਿੱਟ ਹੋਈ ਸੀ। ਹਿੰਦੀ ਫਿਲਮ ਵੀ ਹਿੱਟ ਹੋਈ ਅਤੇ ਉਹਦੇ ਲਈ ਬਾਲੀਵੁੱਡ ਦੇ ਰਾਹ ਖੋਲ੍ਹ ਦਿੱਤੇ। ‘ਗਜਨੀ’ ਤੋਂ ਬਾਅਦ ਅਸਿਨ ਦੀਆਂ ‘ਲੰਡਨ ਡ੍ਰੀਮਜ਼’ (2009), ‘ਰੈੱਡੀ’ (2011), ‘ਹਾਊਸ ਫੁੱਲ 2’ (2012), ‘ਬੋਲ ਬੱਚਨ’ (2012) ਅਤੇ ‘ਖਿਲਾੜੀ 786’ (2012) ਵਰਗੀਆਂ ਹਿੰਦੀ ਫਿਲਮਾਂ ਆਈਆਂ। ਇਨ੍ਹਾਂ ਫਿਲਮਾਂ ਵਿਚ ਉਹ ਭਾਵੇਂ ‘ਗਜਨੀ’ ਵਾਲਾ ਰੰਗ ਤਾਂ ਨਹੀਂ ਜਮਾ ਸਕੀ, ਪਰ ਦਰਸ਼ਕਾਂ ਨੂੰ ਉਸ ਨੇ ਨਿਰਾਸ਼ ਨਹੀਂ ਕੀਤਾ ਅਤੇ ਪੈਸੇ ਪੱਖੋਂ ਉਸ ਦੀਆਂ ਸਾਰੀਆਂ ਫਿਲਮਾਂ ਕਾਮਯਾਬ ਰਹੀਆਂ। ਜਦੋਂ ਉਸ ਦੀ ਪਹਿਲੀ ਹਿੰਦੀ ਫਿਲਮ ‘ਗਜਨੀ’ ਹਿੱਟ ਹੋਈ ਸੀ ਤਾਂ ਉਸ ਬਾਰੇ ਇਹ ਮਸ਼ਹੂਰ ਹੋ ਗਿਆ ਕਿ ਉਹ ਵੱਡੇ ਸਟਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ। ਇਸ ਅਫਵਾਹ ਦਾ ਉਸ ਨੇ ਬੜੇ ਜ਼ੋਰ ਨਾਲ ਖੰਡਨ ਕੀਤਾ। ਉਸ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਗੋਂ ਉਲਟਾ ਸਵਾਲ ਕੀਤਾ ਕਿ ਉਹ ਤਾਂ ਆਪ ਸਿਰਫ 15 ਸਾਲ ਦੀ ਉਮਰ ਵਿਚ ਹੀਰੋਇਨ ਬਣ ਗਈ ਸੀ; ਉਦੋਂ ਵੀ ਤਾਂ ਹੋਰ ਐਕਟਰਾਂ ਨਾਲ ਉਸ ਵਰਗੀ ਨਵੀਂ ਐਕਟਰੈੱਸ ਨਾਲ ਕੰਮ ਕੀਤਾ ਸੀ। ਉਹ ਝੱਟ ਆਪਣਾ ਯੂਨਾਨ (ਗਰੀਸ) ਯਾਤਰਾ ਦਾ ਕਿੱਸਾ ਸੁਣਾ ਦਿੰਦੀ ਹੈ। ਗਰੀਸ ਉਹ ਆਪਣੇ ਟੱਬਰ ਨਾਲ ਛੁੱਟੀਆਂ ਮਨਾਉਣ ਗਈ ਸੀ। ਉਥੇ ਸੈਂਤੋਰਿਨੀ ਸ਼ਹਿਰ ਵਿਚ ਜਦੋਂ ਉਹ ਇਕ ਸੈਲਾਨੀ ਕੇਂਦਰ ‘ਤੇ ਘੁੰਮ ਰਹੇ ਸਨ ਤਾਂ ਉਥੋਂ ਦਾ ਇਕ ਫੋਟੋਗ੍ਰਾਫਰ ਉਸ ਦੀ ਤਾਰੀਫ ਕਰਦਾ ਬੋਲਿਆ-‘ਤੁਸੀਂ ਸੋਹਣੇ ਬਹੁਤ ਲਗਦੇ ਹੋ ਅਤੇ ਤੁਹਾਡੀਆਂ ਫੋਟੋਆਂ ਵੀ ਬਹੁਤ ਸੁੰਦਰ ਆਉਣਗੀਆਂ।’ ਅਸਿਨ ਨੇ ਉਸ ਨੂੰ ਦੱਸਿਆ ਨਹੀਂ ਕਿ ਉਹ ਜਿਸ ਸੋਹਣੇ ਚਿਹਰੇ ਦੀਆ ਤਸਵੀਰਾਂ ਲਾਹ ਰਿਹਾ ਹੈ, ਉਹ ਤਾਂ ਭਾਰਤ ਦੀ ਨਾਮੀ ਐਕਟਰ ਹੈ। ਉਸ ਫੋਟੋਗ੍ਰਾਫਰ ਨੇ ਖੁਸ਼ੀ-ਖੁਸ਼ੀ ਫੋਟੋਆਂ ਖਿੱਚੀਆਂ ਅਤੇ ਚਲਾ ਗਿਆ। ਅਸਲ ਵਿਚ ਅਸਿਨ ਜਿੰਨੀ ਮਿਲਣਸਾਰ ਫਿਲਮ ‘ਗਜਨੀ’ ਵਿਚ ਹੈ, ਉਸ ਤੋਂ ਕਿਤੇ ਵੱਧ ਮਿਲਣਸਾਰ ਉਹ ਆਪਣੀ ਅਸਲੀ ਜ਼ਿੰਦਗੀ ਵਿਚ ਹੈ।
ਅਨਪੜ੍ਹ ਲੇਖਕ ਦੀ ਦਾਸਤਾਨ
ਮਾਲਵੇ ਵਿਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਕਾ ਕਲਾਂ ਦਾ ਦਰਸ਼ਨ ਸਿੰਘ ਕੋਰਾ ਅਨਪੜ੍ਹ ਹੈ, ਪਰ ਲੇਖਕ ਹੈ। ਉਸ ਨੇ ਵੱਖ-ਵੱਖ ਵਿਸ਼ਿਆਂ ਬਾਰੇ 29 ਕਿਤਾਬਾਂ ਲਿਖੀਆਂ ਹਨ ਅਤੇ 5-7 ਕਿਤਾਬਾਂ ਹੋਰ ਤਿਆਰ ਹਨ। ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਪੱਤਰਕਾਰ ਰਾਖੀ ਜੱਗਾ ਨੇ ਇਸ ਲੇਖਕ ਨੂੰ ਉਹਦੇ ਪਿੰਡ ਜਾ ਲੱਭਿਆ ਅਤੇ ਉਹਦੇ ਨਾਲ ਗੱਲਾਂ ਕੀਤੀਆਂ। ਇਨ੍ਹਾਂ ਗੱਲਾਂ ਦੌਰਾਨ ਦਰਸ਼ਨ ਸਿੰਘ ਨੇ ਲੇਖਕ ਬਣਨ ਦਾ ਸਫਰ ਬਿਆਨ ਕੀਤਾ ਹੈ। ਇਹ ਬਿਆਨ ਦਿਲਚਸਪ ਤਾਂ ਹੈ ਹੀ, ਮਨੁੱਖ ਦੀ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦੀ ਰੀਝ ਬਾਰੇ ਸੂਹ ਵੀ ਦਿੰਦਾ ਹੈ।
75 ਵਰ੍ਹਿਆਂ ਦਾ ਪਤਲਾ ਪਤੰਗ ਜਿਹਾ ਬਜ਼ੁਰਗ ਦਰਸ਼ਨ ਸਿੰਘ। ਪਿੰਡ ਪੱਕਾ ਕਲਾਂ। ਜ਼ਿਲ੍ਹਾ ਫਰੀਦਕੋਟ। ਇਹ ਉਸ ਲੇਖਕ ਦਾ ਸਿਰਨਾਵਾਂ ਹੈ ਜਿਹੜਾ ਐਨ ਅਨਪੜ੍ਹ ਹੈ, ਪਰ ਹੁਣ ਤੱਕ 29 ਕਿਤਾਬਾਂ ਲਿਖ ਚੁੱਕਾ ਹੈ। ਇਨ੍ਹਾਂ ਵਿਚ ਹੀਰ ਦੇ ਰਾਂਝਾ, ਬਾਬਾ ਫਰੀਦ ਜੀ ਦੀ ਜੀਵਨੀ, ਭਾਰਤ ਦੀ ਸ਼ਾਨ: ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਹੋਰ ਕਿਤਾਬਾਂ ਸ਼ਾਮਿਲ ਹਨ। ਬਹੁਤੀਆਂ ਕਿਤਾਬਾਂ ਜੀਵਨੀਆਂ ਹਨ ਜਾਂ ਪ੍ਰੇਮ ਕਹਾਣੀਆਂ। ਉਹਨੇ ਕਈ ਕਵਿਤਾਵਾਂ ਵੀ ਲਿਖੀਆਂ ਹਨ ਅਤੇ ਇਨ੍ਹਾਂ ਕਵਿਤਾਵਾਂ ਵਿਚ ਭਰੂਣ ਹੱਤਿਆ ਅਤੇ ਨਸ਼ਿਆਂ ਵਰਗੀਆਂ ਸਮਾਜਕ ਬੁਰਾਈਆਂ ਦਾ ਜ਼ਿਕਰ ਹੈ ਜੋ ਅੱਜ ਪੰਜਾਬ ਦੀਆਂ ਜੜ੍ਹਾਂ ਵਿਚ ਬੈਠ ਗਈਆਂ ਹਨ। ਅਨਪੜ੍ਹ ਲੇਖਕ ਇਨ੍ਹਾਂ ਬੁਰਾਈਆਂ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ।
ਬਾਬਾ ਦਰਸ਼ਨ ਸਿੰਘ ਆਪਣੇ ਘਰੇ ਮੰਜੇ ਉਤੇ ਬੈਠਾ ਆਪਣੀਆਂ ਇਨ੍ਹਾਂ ਕਿਤਾਬਾਂ ਬਾਰੇ ਹੁੱਬ-ਹੁੱਬ ਕੇ ਦੱਸ ਰਿਹਾ ਹੈ। ਉਸ ਦੇ ਇਉਂ ਹੁੱਬਣ ਦਾ ਕਰਨ ਵੀ ਹੈ। ਉਹ ਕਦੇ ਸਕੂਲ ਨਹੀਂ ਗਿਆ। ਕਿਸੇ ਨਾ ਕਿਸੇ ਕਾਰਨ ਉਸ ਨੂੰ ਅੱਖਰ ਉਠਾਉਣ ਦੀ ਦਾਤ ਨਹੀਂ ਮਿਲੀ, ਪਰ ਉਹਦੇ ਅੰਦਰ ਜਿਹੜਾ ਲੇਖਕ ਰਮਿਆ ਹੋਇਆ ਸੀ, ਉਸ ਨੇ ਇਕ ਦਿਨ ਉਸ ਨੂੰ ਮੋਢੇ ਤੋਂ ਆਣ ਹਲੂਣਿਆ ਅਤੇ ਉਸ ਨੇ 29 ਕਿਤਾਬਾਂ ਦੀ ਰਚਨਾ ਕਰ ਲਈ। ਇਹ ਕਿਤਾਬਾਂ ਹੁਣ ਵੱਖ-ਵੱਖ ਲਾਇਬਰੇਰੀਆਂ ਵਿਚ ਸਾਂਭੀਆਂ ਪਈਆਂ ਹਨ।
ਦਰਸ਼ਨ ਸਿੰਘ ਨੇ ਕਦੇ ਦਸਤਖ਼ਤ ਵੀ ਨਹੀਂ ਕੀਤੇ। ਲੋੜ ਵੇਲੇ ਕਾਗਜ਼-ਪੱਤਰਾਂ ਉਤੇ ਉਹ ਆਪਣਾ ਅਗੂੰਠਾ ਹੀ ਲਾਉਂਦਾ ਹੈ। ਹੁਣ ਸਵਾਲ ਹੈ ਕਿ ਉਸ ਨੇ ਜਿਹੜੀਆਂ ਇਤਿਹਾਸਕ ਕਿਤਾਬਾਂ ਲਿਖੀਆਂ ਹਨ, ਉਨ੍ਹਾਂ ਲਈ ਤੱਥ ਉਸ ਨੇ ਕਿਥੋਂ ਹਾਸਿਲ ਕੀਤੇ, ਕਿਉਂਕਿ ਅਜਿਹੇ ਤੱਥ ਤਾਂ ਪੜ੍ਹੇ ਵਗੈਰ ਜਾਣਨੇ ਮੁਸ਼ਕਿਲ ਹਨ। ਇਸ ਸਵਾਲ ਦਾ ਜਵਾਬ ਉਹ ਆਪ ਹੀ ਦਿੰਦਾ ਹੈ। ਉਹ ਦੱਸਦਾ ਹੈ- “ਮੇਰਾ ਬਾਬਾ ਗੋਪਾਲ ਸਿੰਘ ਅੰਗਰੇਜ਼ਾਂ ਦੀ ਫੌਜ ਵਿਚ ਨੌਕਰ ਸੀ, ਉਸ ਨੇ ਪਹਿਲੀ ਵੱਡੀ ਜੰਗ ਵਿਚ ਹਿੱਸਾ ਲਿਆ ਸੀ। ਉਹ ਜਿੰਨੀਆਂ ਅਹਿਮ ਥਾਵਾਂ ਉਤੇ ਗਿਆ ਜਾਂ ਜਿਨ੍ਹਾਂ ਧਾਰਮਿਕ ਤੇ ਹੋਰ ਸ਼ਖ਼ਸੀਅਤਾਂ ਨੂੰ ਮਿਲਿਆ, ਉਨ੍ਹਾਂ ਦੀਆਂ ਬਾਤਾਂ ਮੈਨੂੰ ਸੁਣਾਉਂਦਾ ਰਹਿੰਦਾ ਸੀ। ਅਸੀਂ ਨਾਲੋ-ਨਾਲ ਖੇਤਾਂ ਵਿਚ ਕੰਮ ਲੱਗੇ ਰਹਿੰਦੇ ਤੇ ਨਾਲੋ-ਨਾਲ ਬਾਬੇ ਦੀਆਂ ਬਾਤਾਂ ਦਾ ਇਹ ਸਿਲਸਿਲਾ ਚਲਦਾ ਰਹਿੰਦਾ। ਇਉਂ ਮੇਰੀਆਂ ਇਨ੍ਹਾਂ ਕਹਾਣੀਆਂ ਦਾ ਪਹਿਲਾ ਸਬਕ ਮੇਰੇ ਬਾਬੇ ਦੀਆਂ ਸੁਣਾਈਆਂ ਇਹ ਬਾਤਾਂ ਹੀ ਸਨ।
ਦਰਸ਼ਨ ਸਿੰਘ ਦਾ ਬਾਬਾ 1964 ਵਿਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ, ਪਰ ਦਰਸ਼ਨ ਸਿੰਘ ਦੇ ਜ਼ਿਹਨ ਵਿਚ ਹੁੰਦੀ ਉਥਲ-ਪੁਥਲ ਰੁਕੀ ਨਹੀਂ। ਕੁਝ ਸਾਲਾਂ ਬਾਅਦ ਉਹ ਦੇ ਮਨ ਵਿਚ ਹੋ ਰਹੀ ਉਥਲ-ਪੁਥਲ ਬੁੱਲ੍ਹਾਂ ਉਤੇ ਆ ਗਈ ਅਤੇ ਉਸ ਦੇ ਅੰਦਰਲਾ ਲੇਖਕ ਬਾਹਰ ਆ ਗਿਆ। ਉਹ ਆਪਣੀ ਇਹ ਕਹਾਣੀ ਇਉਂ ਬਿਆਨ ਕਰਦਾ ਹੈ- “ਮੇਰੀ ਵਹੁਟੀ ਅਮਰਜੀਤ ਕੌਰ ਵੀ ਭਾਵੇਂ ਅਨਪੜ੍ਹ ਸੀ, ਪਰ ਉਹਨੇ ਪੰਜਾਬੀ ਲਿਖਣੀ-ਪੜ੍ਹਨੀ ਸਿੱਖ ਲਈ ਸੀ। ਅਸਲ ਵਿਚ ਉਹ ਕੁੜੀਆਂ ਨੂੰ ਸਿਉਣਾ-ਪਰੋਣਾ ਸਿਖਾਉਂਦੀ ਸੀ ਅਤੇ ਹੌਲੀ ਹੌਲੀ ਉਸ ਨੇ ਕੁੜੀਆਂ ਤੋਂ ਪਹਿਲਾਂ ਪੰਜਾਬੀ ਪੜ੍ਹਨੀ, ਤੇ ਫਿਰ ਲਿਖਣੀ ਸਿੱਖ ਲਈ ਸੀ। ਮੇਰੀ ਵਹੁਟੀ ਤੇ ਮੇਰੇ ਪਿਓ ਨੇ ਮੈਨੂੰ ਪੜ੍ਹਨ ਅਤੇ ਲਿਖਣਾ ਸਿਖਾਉਣ ਲਈ ਬੜਾ ਹੀ ਤਰੱਦਦ ਕੀਤਾ, ਪਰ ਇਹ ਕੰਮ ਮੈਥੋਂ ਹੋ ਨਹੀਂ ਸਕਿਆ। ਮੈਂ ਅਨਪੜ੍ਹ ਹੀ ਰਹਿ ਗਿਆ।”
ਜਿਉਂ-ਜਿਉਂ ਦਰਸ਼ਨ ਸਿੰਘ ਦੇ ਮਨ ਅੰਦਰ ਬੈਠਾ ਲੇਖਕ ਬੇਤਾਬ ਹੁੰਦਾ ਗਿਆ, ਤਿਉਂ ਤਿਉਂ ਉਹ ਹੋਰ ਤੀਬਰਤਾ ਨਾਲ ਹੱਥ-ਪੈਰ ਮਾਰਨ ਲੱਗ ਪਿਆ। ਫਿਰ ਉਸ ਨੂੰ ਇਕ ਸਕੀਮ ਸੁੱਝੀ। ਉਸ ਦੇ ਪਿੰਡ ਦੇ ਸਕੂਲ ਵਿਚ ਕਿੰਨੇ ਸਾਰੇ ਨਿਆਣੇ ਪੜ੍ਹਦੇ ਸਨ, ਉਹ ਆਪਣੀ ਕਹਾਣੀ ਉਨ੍ਹਾਂ ਨੂੰ ਸੁਣਾ ਸਕਦਾ ਸੀ ਅਤੇ ਇਉਂ ਬੱਚੇ ਉਸ ਦੀ ਸੁਣਾਈ ਕਹਾਣੀ ਕਾਗ਼ਜ਼ ਉਤੇ ਉਤਾਰ ਸਕਦੇ ਸਨ। ਉਂਜ ਉਸ ਦੇ ਮਨ ਵਿਚ ਆਇਆ ਇਹ ਖਿਆਲ ਉਸ ਨੂੰ ਬਹੁਤਾ ਕਾਮਯਾਬ ਨਹੀਂ ਸੀ ਲੱਗ ਰਿਹਾ ਅਤੇ 1981 ਤੱਕ ਉਹ ਇਸ ਬਾਰੇ ਬੱਸ ਸੋਚਦਾ ਹੀ ਰਿਹਾ। ਫਿਰ ਉਸ ਦਾ ਮੇਲ ਡਾæ ਨਿਸ਼ਾਨ ਸਿੰਘ ਨਾਲ ਹੋਇਆ। ਨਿਸ਼ਾਨ ਸਿੰਘ ਕੋਲ ਉਹ ਦਵਾਈ ਲੈਣ ਗਿਆ ਸੀ ਅਤੇ ਉਸ ਨੇ ਆਪਣੀ ਮੋਟੀ-ਠੁੱਲ੍ਹੀ ਰਾਮ ਕਹਾਣੀ ਡਾਕਟਰ ਕੋਲ ਬਿਆਨ ਕਰ ਦਿੱਤੀ। ਇਸ ਪਿੱਛੋਂ ਦੋਵੇਂ ਹੌਲੀ ਹੌਲੀ ਨੇੜੇ ਹੁੰਦੇ ਗਏ ਅਤੇ ਇਸ ਤੋਂ ਬਾਅਦ ਦਰਸ਼ਨ ਸਿੰਘ ਲੇਖਕ ਬਣ ਗਿਆ। ਨਿਸ਼ਾਨ ਸਿੰਘ ਉਸ ਦੀਆਂ ਸੁਣਾਈਆਂ ਕਹਾਣੀਆਂ ਲਿਖਦਾ ਅਤੇ ਫਿਰ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ।
ਜਦੋਂ ਅਸੀਂ ਦਰਸ਼ਨ ਸਿੰਘ ਨੂੰ ਮਿਲਣ ਗਏ, ਉਦੋਂ ਵੀ ਇਹ ਜੋੜੀ ਆਪਣੇ ਕੰਮ ਲੱਗੀ ਹੋਈ ਸੀ। ਦਰਸ਼ਨ ਸਿੰਘ ਮੰਜੀ ਉਤੇ ਮਥੱਲਾ ਮਾਰ ਕੇ ਬੈਠਾ ਸੀ ਅਤੇ ਡਾæ ਨਿਸ਼ਾਨ ਸਿੰਘ ਹੱਥ ਵਿਚ ਪੈਨ ਅਤੇ ਕਾਪੀ ਫੜੀ ਕੁਰਸੀ ਉਤੇ ਸਜਿਆ ਹੋਇਆ ਸੀ। ਦਰਸ਼ਨ ਸਿੰਘ ਬੋਲ ਰਿਹਾ ਸੀ ਤੇ ਡਾæ ਨਿਸ਼ਾਨ ਸਿੰਘ ਸੁਣਨ ਅਤੇ ਲਿਖਣ ਵਿਚ ਮਸਰੂਫ਼ ਸੀ। ਦਰਸ਼ਨ ਸਿੰਘ ਦੀਆਂ ਕਿਤਾਬਾਂ ਛਪਾਉਣ ‘ਚ ਵੀ ਡਾæ ਨਿਸ਼ਾਨ ਸਿੰਘ ਨੇ ਹੀ ਮਦਦ ਕੀਤੀ। ਉਹ ਦੱਸਦਾ ਹੈ-“ਪਹਿਲਾਂ-ਪਹਿਲਾਂ ਅਗਲਿਆਂ ਨੇ ਸਾਡੇ ਕੋਲੋਂ ਇਕ ਸਫ਼ੇ ਦੇ 20 ਰੁਪਏ ਲਏ। ਹੁਣ ਸਾਨੂੰ 30 ਰੁਪਏ ਦੇਣੇ ਪੈਂਦੇ ਹਨ। ਹਰ ਕਿਤਾਬ ਉਤੇ 8-10 ਹਜ਼ਾਰ ਦਾ ਖਰਚਾ ਆ ਜਾਂਦਾ ਹੈ। ਕਿਤਾਬਾਂ ਦਾ ਮੁੱਲ 50 ਤੋਂ 100 ਰੁਪਏ ਤੱਕ ਰੱਖਿਆ ਜਾਂਦਾ ਹੈ। ਜੇ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਮੈਂ 5-7 ਕਿਤਾਬਾਂ ਹੋਰ ਛਪਵਾ ਸਕਦਾ ਸਾਂ।”
ਦਰਸ਼ਨ ਸਿੰਘ ਦੀਆਂ ਕਿਤਾਬਾਂ ਉਹਦੇ ਬਾਬੇ ਵੱਲੋਂ ਸੁਣਾਈਆਂ ਕਹਾਣੀਆਂ ਦਾ ਹੀ ਸੰਗ੍ਰਿਹ ਨਹੀਂ ਹਨ, ਉਸ ਨੇ ਆਪ ਵੀ ਬੜਾ ਕੁਝ ਇਨ੍ਹਾਂ ਵਿਚ ਜੋੜਿਆ ਹੈ। ਗੁਰੂ ਨਾਨਕ ਦੇਵ ਨਾਲ ਸਬੰਧਤ ਬਾਬਾ ਸ਼ਾਲੂ ਰਾਮ ਬਾਰੇ ਲਿਖਣ ਵੇਲੇ ਉਹ ਬਾਬਾ ਸ਼ਾਲੂ ਰਾਮ ਦੇ ਪਿੰਡ ਗਿਆ ਸੀ ਅਤੇ ਉਥੇ ਉਸ ਦੀ ਯਾਦਗਾਰ ਬਾਰੇ ਜਾਣਕਾਰੀ ਹਾਸਿਲ ਕੀਤੀ। ਫਿਰ ਬਾਬਾ ਸੈਦੂ ਸ਼ਾਹ ਬਾਰੇ ਲਿਖਣ ਬੈਠਿਆ ਤਾਂ ਜਲੰਧਰ ਤੇ ਹੁਸ਼ਿਆਰਪੁਰ ਵਿਚ ਉਸ ਬਾਰੇ ਸਬੰਧਤ ਮਜ਼ਾਰਾਂ ਉਤੇ ਹੋ ਆਇਆ। ਉਹ ਦੱਸਦਾ ਹੈ- “ਮੈਂ ਤਾਂ ਉਨ੍ਹਾਂ ਸਕੂਲਾਂ ਤੇ ਕਾਲਜਾਂ ਵਿਚ ਜਾ ਆਇਆ ਹਾਂ ਜਿਥੇ ਮੇਰੀਆਂ ਕਿਤਾਬਾਂ ਪਈਆਂ ਹਨ। ਨਾਲ ਦੀ ਨਾਲ ਮੈਂ ਲੇਖਕਾਂ-ਵਿਦਵਾਨਾਂ ਨਾਲ ਵੀ ਗੱਲਾਂ ਕਰਦਾ ਰਹਿੰਦਾ ਹਾਂ। ਪਹਿਲਾਂ-ਪਹਿਲਾਂ ਤਾਂ ਇਹ ਮੈਨੂੰ ਬਹੁਤਾ ਵਜ਼ਨ ਨਹੀਂ ਸੀ ਦਿੰਦੇ, ਪਰ ਹੁਣ ਗੱਲ ਬਣ ਗਈ ਹੈ। ਹੁਣ ਉਹ ਮੇਰੇ ਗੱਲ ਸੁਣਦੇ ਹਨ।” ਬਜ਼ੁਰਗ ਦਰਸ਼ਨ ਸਿੰਘ ਫਰੀਦਕੋਟ ਦੇ ਪਿੰਡਾਂ ਵੱਲ ਅਨਪੜ੍ਹ ਲੇਖਕ ਵਜੋਂ ਬੜਾ ਮਸ਼ਹੂਰ ਹੈ। ਆਪਣੀ ਇਸੇ ਮਸ਼ਹੂਰੀ ਕਰ ਕੇ ਕਈ ਟੈਲੀਵਿਜ਼ਨ ਸ਼ੋਆਂ ਵਿਚ ਹਿੱਸਾ ਲੈ ਚੁੱਕਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਮਾਣ ਪੱਤਰ ਵੀ ਦਿੱਤਾ ਹੈ।
Leave a Reply