ਬੁੱਲ੍ਹੇ ਸ਼ਾਹ ਦੀ ਨਵੀਓਂ ਨਵੀਂ ਬਹਾਰ ਵਾਲਾ 2018

ਗੁਲਜ਼ਾਰ ਸਿੰਘ ਸੰਧੂ
ਮੇਰੇ ਲਈ ਨਵਾਂ ਵਰ੍ਹਾ ਨਵੀਓਂ ਨਵੀਂ ਬਹਾਰ ਲੈ ਕੇ ਆਇਆ ਹੈ, ਬਾਬਾ ਬੁੱਲ੍ਹੇ ਸ਼ਾਹ ਦੇ ਇਸ਼ਕ ਵਰਗੀ, ‘ਨਾ ਰੱਬ ਤੀਰਥਾਂ, ਨਾ ਰੱਬ ਮੱਕੇ’ ਵਾਲੀ, ਸ਼ੁੱਧ ਸੈਕੂਲਰ। ਸਜਦੇ ਭੁਲਾਵਣ ਵਾਲੀ ਧਾਰਨਾ ਵਿਚ ਭਿੱਜੀ ਤੇ ਨਾਬਰ ਹੋ ਕੇ ਚੱਲਣ ਦੀਆਂ ‘ਵਾਜਾਂ ਮਾਰਦੀ, ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਦੀ ਦਰਦ ਭਰੀ ਆਵਾਜ਼ ਵਿਚ ਨਵੀਂ ਸੰਗੀਤ ਐਲਬਮ ਦੇ ਰੂਪ ਵਿਚ। ਪਹਿਲਾਂ ਵਾਂਗ ਹੀ ਪਾਕ ਪਵਿਤਰ ਨਾਂ ‘ਕਸੁੰਭੜਾ।’ ਜਿਸ ਵਿਚ ਜਜ਼ਬਾਤ ਵੀ ਹਨ ਤੇ ਆਹਟ ਵੀ:

ਅਮਲਾਂ ਵਾਲੀਆਂ ਸਭ ਲੰਘ ਗਈਆਂ
ਰਹਿ ਗਈ ਔਗੁਣ ਹਾਰੀ।
ਸਾਰੀ ਉਮਰਾ ਖੇਡ ਗੁਆਈ
ਓੜਕ ਬਾਜ਼ੀ ਹਾਰੀ।
‘ਦੋ ਨੈਣਾਂ ਦਾ ਤੀਰ ਚਲਾ ਕੇ, ਮੈਂ ਆਜਿਜ਼ ਦੇ ਸੀਨੇ ਲਾ ਕੇ’ ਉਸ ਤੋਂ ਪਿਛੋਂ ਕਦੀ ਵੀ ਸਾਰ ਨਾ ਲੈਣ ਵਾਲੀ ਹੇਕ ਵਿਚ ਬਾਬਾ ਬੁੱਲ੍ਹੇ ਸ਼ਾਹ ਦੇ ਸ਼ਬਦ:
ਵੇਖੋ ਨੀ ਕੀ ਕਰ ਗਿਆ ਮਾਹੀ
ਲੈਂਦਾ ਹੀ ਦਿਲ, ਹੋ ਗਿਆ ਰਾਹੀ।
ਮੇਰੇ ਮਿੱਤਰ ਦੀ ਇਹ ਸੀ. ਡੀ. ਲੰਮੀਆਂ ਉਡੀਕਾਂ ਨਾਲ ਸ਼ੁਰੂ ਹੁੰਦੀ ਹੈ ਜਿਸ ਵਿਚ ਗਾਇਕ ਉਡੀਕਾਂ ਸ਼ਬਦ ਨੂੰ ਵਾਰ ਵਾਰ ਦੁਹਰਾ ਕੇ ਇਹਦੇ ਵਿਚਲਾ ਸੁਨੇਹਾ ਸਰੋਤਿਆਂ ਤੱਕ ਪਹੁੰਚਦਾ ਕਰਦਾ ਹੈ। ਖੂਬੀ ਇਹ ਕਿ ਇਸ ਮਾਰਗ ਵਿਚ ਆਉਣ ਵਾਲੀਆਂ ਔਕੜਾਂ ਦਾ ਮੂੜ੍ਹਾ ਬੰਨ੍ਹਣ ਲਈ ਗਾਇਕ ਬੁੱਲ੍ਹੇ ਸ਼ਾਹ ਦੇ ਹੇਠ ਲਿਖੇ ਬੋਲ ਚੁਣਦਾ ਹੈ:
ਆਪ ਇਸ਼ਾਰਾ ਅੱਖ ਦਾ ਕੀਤਾ
ਤਾਂ ਮਦੁਰਾ ਮਨਸੂਰ ਨੇ ਪੀਤਾ
ਸੂਲੀ ਚੜ੍ਹ ਕੇ ਦਰਸ਼ਨ ਕੀਤਾ
ਇਸ ਨਿਹੁੰ ਦੀ ਉਲਟੀ ਚਾਲ।
ਇਥੇ ਹੀ ਬਸ ਨਹੀਂ, ਇਸ ਵਿਚ ‘ਨਾ ਕਰ ਐਡੀ ਦਲੇਰੀ’ ਵਾਲੀ ਮੱਤ ਵੀ ਸ਼ਾਮਲ ਹੈ, ਤੇ ਘੁੰਡ ਚੁਕਾ ਦੇਣ ਦੀ ਦਲੀਲ ਵੀ। ਸਾਫ ਤੇ ਸਪਸ਼ਟ, ‘ਹੁਣ ਸ਼ਰਮਾਂ ਕਾਹਨੂੰ ਰੱਖੀਆਂ?’
ਸੀ. ਡੀ. ਦੇ ਅੰਤਲੇ ਬੋਲ ਹੋਰ ਵੀ ਭਾਵ ਪੂਰਤ ਹਨ:
ਬਹੁੜੀਂ ਵੇ ਤਬੀਬਾ, ਮੈਂਡੀ ਜਿੰਦ ਗਈਆ
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।
ਝਬਕੇ ਆਉਣ ਦਾ ਵਾਸਤਾ ਪਾ ਕੇ ਇਹ ਵੀ ਦੱਸਣ ਦੀ ਕਸਰ ਨਹੀਂ ਛੱਡੀ ਕਿ ਮਾਸ਼ੂਕ/ਮਾਸ਼ੂਕਾ ਪੂਰੀ ਤਰ੍ਹਾਂ ਘਾਇਲ ਹੋ ਚੁਕਿਆ/ਚੁਕੀ ਹੈ। ਇਹ ਜਖਮ ਏਨਾ ਅੱਲਾ ਹੈ ਕਿ ਮੇਰੇ ਸ਼ਬਦਾਂ ਦੀ ਪਕੜ ਵਿਚ ਨਹੀਂ ਆਉਂਦਾ। ਇਸ ਨੂੰ ਬਰਜਿੰਦਰ ਸਿੰਘ ਦੀ ਆਵਾਜ਼ ਹੀ ਫੜ੍ਹ ਸਕਦੀ ਸੀ, ਤੇ ਫੜ੍ਹਿਆ ਵੀ ਹੈ। ਸੁਣੋ ਤੋ ਮਾਣੋ।
ਜਿਥੋਂ ਤੱਕ ਬਾਬਾ ਬੁੱਲ੍ਹੇ ਸ਼ਾਹ ਨੂੰ ਚੇਤੇ ਕਰਨ ਦੀ ਗੱਲ ਹੈ, ਮੇਰੇ ‘ਨਵਾਂ ਜ਼ਮਾਨਾ’ ਵਾਲੇ ਮਿੱਤਰਾਂ ਨੇ 2018 ਦਾ ਸਾਰਾ ਵਰ੍ਹਾ ਆਪਣੇ ਕੈਲੰਡਰ ਰਾਹੀਂ ਬੁੱਲ੍ਹੇ ਸ਼ਾਹ ਨੂੰ ਸਮਰਪਿਤ ਕੀਤਾ ਹੈ। ਬੁੱਲ੍ਹੇ ਸ਼ਾਹ ਜ਼ਿੰਦਾਬਾਦ!
ਇਹ ਸਬੱਬ ਦੀ ਗੱਲ ਹੈ ਕਿ ਮੇਰੇ ਵਿਹੜੇ ਬੁੱਲ੍ਹੇ ਸ਼ਾਹ ਦੇ ਬੋਲਾਂ ਵਾਲੀ ਸੀ. ਡੀ. ਅਤੇ ਨਵਾਂ ਜ਼ਮਾਨਾ ਵਾਲਾ ਕੈਲੰਡਰ ਉਸ ਵੇਲੇ ਪਹੁੰਚੇ ਜਦੋਂ ਮੇਰੀ ਰੇਖਾ ਚਿਤਰਾਂ ਦੀ ਪੁਸਤਕ Ḕਸਰਗੋਸ਼ੀਆਂ-2Ḕ (ਯੂਨੀਸਟਾਰ ਬੁਕਸ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ, ਪੰਨੇ 476, ਮੁੱਲ 450 ਰੁਪਏ) ਛਪ ਕੇ ਪਹੁੰਚੀ। ਇਸ ਵਿਚ ਬਲਰਾਜ ਸਾਹਨੀ, ਇੰਦਰ ਕੁਮਾਰ ਗੁਜਰਾਲ, ਦਾਰਾ ਸਿੰਘ ਪਹਿਲਵਾਨ, ਸਆਦਤ ਹਸਨ ਮੰਟੋ ਤੇ ਐਮ. ਐਸ਼ ਰੰਧਾਵਾ ਹੀ ਨਹੀਂ, ਬਰਜਿੰਦਰ ਸਿੰਘ ਹਮਦਰਦ ਸਮੇਤ ਮੇਰੇ 40 ਸਮਕਾਲੀਆਂ ਦੇ ਰੇਖਾ ਚਿੱਤਰ ਸ਼ਾਮਲ ਹਨ।
2018 ਦੀ ਨਵੀਓਂ ਨਵੀਂ ਬਹਾਰ ਜ਼ਿੰਦਾਬਾਦ!
2017 ਦੀਆਂ ਦੂਰ ਰਸ ਲੱਭਤਾਂ: ਵਿਕਾਸ ਤੇ ਵਿਨਾਸ਼ ਦੇ ਚੁਰਸਤੇ ਵਿਚ ਖੜ੍ਹਾ ਮਨੁੱਖ ਮਾਰੂ ਤੋਂ ਮਾਰੂ ਬੰਬ ਬਣਾਉਣ ਵਿਚ ਵੀ ਅੱਗਾ-ਪਿੱਛਾ ਨਹੀਂ ਵੇਖਦਾ ਤੇ ਨਵੇਂ ਜੀਵਨ ਤੇ ਨਵੀਆਂ ਧਰਤੀਆਂ ਦੀ ਖੋਜ ਕਰਨ ਵਿਚ ਵੀ ਪਿੱਛੇ ਨਹੀਂ ਹਟਦਾ। 2017 ਦਾ ਵਰ੍ਹਾ ਇਸ ਧਾਰਨਾ ਉਤੇ ਮੋਹਰ ਲਾਉਣ ਵਾਲਾ ਰਿਹਾ। ਜਾਣੇ-ਪਛਾਣੇ ਸੋਲਰ ਸਿਸਟਮ ਤੋਂ ਵਿਗਿਆਨੀਆਂ ਨੇ ਸੱਤ ਗ੍ਰਹਿ ਹੋਰ ਲੱਭ ਲਏ ਹਨ, ਜਿਨ੍ਹਾਂ ਵਿਚੋਂ ਤਿੰਨ ਧਰਤੀ ਮਾਤਾ ਵਰਗੇ ਹਨ। ਉਨ੍ਹਾਂ ਦਾ ਮੱਤ ਹੈ ਕਿ ਇਨ੍ਹਾਂ ਉਤੇ ਪੌਣ, ਪਾਣੀ, ਸੇਕ ਤੇ ਜੀਵ ਜੰਤ ਦੀ ਪੂਰੀ ਸੰਭਾਵਨਾ ਹੈ। ਇਵੇਂ ਪੱਛਮੀ ਪ੍ਰਸ਼ਾਂਤ ਮਹਾਸਾਗਾਰ ਵਿਚ ਅੱਠਵਾਂ ਮਹਾਂਦੀਪ ਲੱਭ ਗਿਆ ਹੈ, ਜਿਸ ਦਾ 94 ਫੀਸਦੀ ਹਿੱਸਾ ਪਾਣੀ ਵਿਚ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਵਿਚ ਰੁਝੇ ਵਿਗਿਆਨੀਆਂ ਦੇ ਰੋਬੋਟ ਹੁਣ ਮਨੁੱਖੀ ਭਾਵਨਾਵਾਂ ਨੂੰ ਪੜ੍ਹਨ ਤੇ ਦਰਦ ਦੀ ਤੀਬਰਤਾ ਜਾਣਨ ਦੇ ਯੋਗ ਹੋ ਗਏ ਹਨ। ਉਨ੍ਹਾਂ ਨੇ ਮਨੁੱਖੀ ਕਲਾਕ ਦੀ ਮਿਊਟੇਸ਼ਨ ਵਾਲਾ ਕ੍ਰਿਪਟੋਕ੍ਰੋਮ-1 ਨਾਂ ਦਾ ਅਜਿਹਾ ਜੀਨ ਵੀ ਖੋਜ ਲਿਆ ਹੈ ਜੋ ਜੀਵ ਦਾ ਸਾਧਾਰਨ ਵਰਤਾਰਾ ਇਸ ਹੱਦ ਤੱਕ ਵਿਕ੍ਰਿਤ ਕਰ ਦਿੰਦਾ ਹੈ ਕਿ ਮਨੁੱਖ ਨੂੰ ਅੱਧੀ ਰਾਤ ਤੋਂ ਪਿਛੋਂ ਹੀ ਨੀਂਦ ਆਉਂਦੀ ਹੈ। ਮੌਸਮ ਦੇ ਖੋਜੀਆਂ ਨੇ ਮੌਸਮੀ ਪਰਿਵਰਤਨ ਤੋਂ ਪੈਦਾ ਹੋਣ ਵਾਲੇ ਡਿਪਰੈਸ਼ਨ ਦੇ ਜੀਨ ਵੀ ਲੱਭ ਲਏ ਹਨ ਜੋ ਕੱਲ੍ਹ ਨੂੰ ਡਿਪਰੈਸ਼ਨ ਦਾ ਠੀਕ ਇਲਾਜ ਕਰਨ ਵਿਚ ਸਹਾਈ ਹੋ ਸਕਦੇ ਹਨ। ਸਾਡੇ ਆਪਣੇ ਦੇਸ਼ ਦੇ ਵਿਗਿਆਨੀਆਂ ਨੇ ਖੂਨ ਦੀ ਇੱਕ ਬੂੰਦ ਤੋਂ ਕੈਂਸਰ ਦੇ ਰੋਗ ਦੀ ਜੜ੍ਹ ਲੱਭਣ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ।
ਪੰਜਾਬੀ ਨਾਵਲਕਾਰ ਨਛੱਤਰ ਦਾ ਸਨਮਾਨ: ਨਾਵਲ ‘ਕੈਂਸਰ ਟਰੇਨ’ ਨਾਲ ਪ੍ਰਸਿੱਧ ਹੋਏ ਪੰਜਾਬੀ ਲੇਖਕ ਨਛੱਤਰ ਨੇ ਇੱਕ ਵੱਡੀ ਮੱਲ ਮਾਰ ਲਈ ਹੈ। ਭਾਰਤੀ ਸਾਹਿਤ ਅਕਾਡਮੀ ਨੇ ਉਸ ਦੇ ਨਵੇਂ ਨਾਵਲ ‘ਸਲੋਅ ਡਾਊਨ’ ਨੂੰ ਸਾਹਿਤ ਦਾ ਉਚਤਮ ਪੁਰਸਕਾਰ ਦੇਣ ਲਈ ਚੁਣ ਲਿਆ ਹੈ। ਨਿਸ਼ਚੇ ਹੀ ਇਸ ਚੋਣ ਵਿਚ ਪੰਜਾਬੀ ਦੇ ਕਨਵੀਨਰ ਰਵੇਲ ਸਿੰਘ ਦਾ ਵੀ ਹੱਥ ਹੈ। ਦੋਨਾਂ ਨੂੰ ਲੱਖ ਲੱਖ ਵਧਾਈ।
ਅੰਤਿਕਾ: ਸਈਅਦ ਵਾਰਿਸ ਸ਼ਾਹ
ਅਖੀਂ ਵੇਖਿਆਂ ਬਾਝ ਪ੍ਰੀਤ ਨਾਹੀਂ
ਜਿਵੇਂ ਬਿਨਾ ਯਕੀਨ ਇਤਬਾਰ ਨਾਹੀਂ।
ਬਾਝੋਂ ਦੁੱਖ ਦੇ ਸੁੱਖ ਨਸੀਬ ਨਾਹੀਂ
ਲਗਨ ਬਾਝ ਖੁਆਰ ਸੰਸਾਰ ਨਾਹੀਂ।
ਬਾਝੋਂ ਇਸ਼ਕ ਦੇ ਜ਼ੌਕ ਤੇ ਸ਼ੌਕ ਨਾਹੀਂ
ਬਾਝੋਂ ਵਸਲ ਦੇ ਮੌਜ ਬਹਾਰ ਨਾਹੀਂ।
ਵਾਰਿਸ ਰੰਨ, ਫਕੀਰ, ਤਲਵਾਰ, ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।

(ਆਰ. ਐਸ਼ ਟੇਰਕਿਆਨਾ ਦੇ ਸ਼ਬਦਾਂ ‘ਚ 2017)
ਇਕ ਚਿੱਠੀ ਨੇ ਕਰ ਦਿੱਤਾ
ਰਾਮ ਰਹੀਮ ਬਰਬਾਦ
ਵਕਤ ਕਿਸੇ ਨੂੰ ਮੁਆਫ ਨਹੀਂ ਕਰਦਾ
ਇਹ ਗੱਲ ਰੱਖੋ ਯਾਦ।
ਕਿਹੜੀ ਉਮਰੇ ਆ ਕੇ ਕੀਤਾ
ਉਸ ਨੇ ਜਬਰ-ਜਨਾਹ
ਜੇਲ੍ਹਾਂ ਵਿਚ ਹੁਣ ਧੱਕੇ ਖਾਂਦਾ
ਸੁੱਚਾ ਸਿੰਘ ਲੰਗਾਹ।
ਆਖਰੀ ਉਮਰੇ ਰਾਜਨੀਤੀ ਵਿਚ
ਮੁੱਲ ਨਹੀਂ ਪਿਆ ਦੁਆਨੀ
ਬੀ. ਜੇ. ਪੀ. ਨੇ ਖੂੰਜੇ ਲਾਇਆ
ਲਾਲ ਕ੍ਰਿਸ਼ਨ ਅਡਵਾਨੀ।
ਆਰ. ਐਸ਼ ਐਸ਼ ਹੀ ਚੁੱਕੀ ਫਿਰਦੀ
ਬੀ. ਜੇ. ਪੀ. ਨੂੰ ਗੋਦੀ
ਸੰਘ ਪਰਿਵਾਰ ਦੇ ਸਿਰ ‘ਤੇ
ਛਾਲਾਂ ਮਾਰ ਰਿਹਾ ਹੈ ਮੋਦੀ।
ਨੋਟ-ਬੰਦੀ ਤੇ ਜੀ. ਐਸ਼ ਟੀ. ਨੂੰ
ਕਿੱਡੀ ਛੇਤੀ ਭੁੱਲ ਗਏ
ਗੁਜਰਾਤ ਅਤੇ ਹਿਮਾਚਲ ਅੰਦਰ
ਮੋਦੀ ਦੇ ਝੰਡੇ ਝੁੱਲ ਗਏ।