ਲੋਹੜੀ ਬਾਰੇ

‘ਪੰਜਾਬ ਟਾਈਮਜ਼’ ਵੱਲੋਂ ਪੰਜਾਬੀ ਭਾਈਚਾਰੇ ਤੱਕ ਵੰਨ-ਸੁਵੰਨੇ ਵਿਚਾਰ ਪੁੱਜਦੇ ਕਰਨਾ ਬਹੁਤ ਵੱਡੀ ਗੱਲ ਹੈ। ਇਸ ਕਾਰਜ ਲਈ ਪੰਜਾਬ ਟਾਈਮਜ਼ ਵਧਾਈ ਦਾ ਹੱਕਦਾਰ ਹੈ। ਪਰਚੇ ਦੇ 13 ਜਨਵਰੀ 2018 ਦੇ ਅੰਕ ਵਿਚ ਬੀਬੀ ਗੁਰਜੀਤ ਕੌਰ ਦਾ ਲੋਹੜੀ ਬਾਰੇ ਲਿਖਿਆ ਲੇਖ ਪੜ੍ਹਿਆ। ਮੈਂ ਉਨ੍ਹਾਂ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਠੀਕ ਹੀ ਤਿਉਹਾਰਾਂ ਬਾਰੇ ਬਹੁ-ਗਿਣਤੀ ਲੋਕਾਂ ਦੀ ਪਹੁੰਚ ਭੇਡ ਚਾਲ ਵਾਲੀ ਹੀ ਹੁੰਦੀ ਹੈ।

ਇਹ ਲੋਕ ਬਿਨਾ ਸੋਚੇ-ਸਮਝੇ ਇਨ੍ਹਾਂ ਤਿਉਹਾਰਾਂ ਦੀ ਗੁਲਾਮੀ ਹੰਢਾ ਰਹੇ ਹਨ। ਉਂਜ, ਕਿਤੇ ਕਿਤੇ ਇਨ੍ਹਾਂ ਦੇ ਬੜੇ ਡੂੰਘੇ ਅਰਥ ਵੀ ਛੁਪੇ ਹੁੰਦੇ ਹਨ ਜੋ ਥੋੜ੍ਹੀ ਕੀਤੇ ਨਜ਼ਰੀਂ ਨਹੀਂ ਪੈਂਦੇ। ਇਸ ਮਸਲੇ ਨੂੰ ਸਮਝਣ ਲਈ, ਆਓ ਰਤਾ ਕੁ ਇਤਿਹਾਸ ਉਤੇ ਝਾਤੀ ਮਾਰੀਏ।
ਜਦੋਂ ਮੁਸਲਿਮ ਹਮਲਾਵਰ 1100-1700 ਈਸਵੀ ਦੌਰਾਨ ਅਫਗਾਨਿਸਤਾਨ ਅਤੇ ਇਰਾਨ ਤੋਂ ਆਏ, ਉਨ੍ਹਾਂ ਦਾ ਮਕਸਦ ਪੰਜਾਬ, ਦਿੱਲੀ ਅਤੇ ਉਤਰੀ ਭਾਰਤ ਦੇ ਹੋਰ ਖਿੱਤੇ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਆਪਣੇ ਗੁਲਾਮ ਬਣਾਉਣਾ ਸੀ। ਜਿਵੇਂ ਗੁਰਜੀਤ ਕੌਰ ਨੇ ਜ਼ਿਕਰ ਕੀਤਾ ਹੈ, “18ਵੀਂ ਸ਼ਤਾਬਦੀ ਵਿਚ ਸਾਡੀ ਪਛਾਣ ਬਣੀ ਸੀ:
ਗਈ ਰੰਨ ਬਸਰੇ ਨੂੰ,
ਮੋੜੀਂ ਬਾਬਾ ਕੱਛ ਵਾਲਿਆ।
ਮੋੜੀਂ ਬਾਬਾ ਡਾਂਗ ਵਾਲਿਆ।
ਇਥੋਂ ਹੀ ਇਹ ਸੰਕਲਪ ਉਠ ਖੜ੍ਹਾ ਹੋਇਆ ਕਿ ਹਰ ਟੱਬਰ ਦੀ ਰਾਖੀ ਲਈ ਕੋਈ ਮਰਦ ਚਾਹੀਦਾ ਹੈ, ਪਰ ਇਸ ਨਾਲ ਇਹ ਤੱਥ ਅਣਗੌਲਿਆ ਰਹਿ ਗਿਆ ਕਿ ਕੁੜੀਆਂ ਉਹ ਜਿਊੜੇ ਹਨ ਜਿਨ੍ਹਾਂ ਨਾਲ ਘਰ, ਮੁਕੰਮਲ ਘਰ ਬਣਦਾ ਹੈ, ਜਿਵੇਂ ਨੰਨ੍ਹੀਆਂ ਚਿੜੀਆਂ ਚਹਿਕਦੀਆਂ ਸਭ ਦਾ ਧਿਆਨ ਖਿੱਚਦੀਆਂ ਹਨ।
ਇਸ ਤੋਂ ਇਲਾਵਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਨੇ ਫੁਰਮਾਇਆ ਹੈ ਕਿ ਪੁੱਤ ਤੋਂ ਬਗੈਰ ਸਾਂਝ ਨਹੀਂ ਪੈਂਦੀ। ਇਸ ਦਾ ਮਤਲਬ ਹੈ ਕਿ ਪੁੱਤਰ ਤੁਹਾਨੂੰ ਸੁਰੱਖਿਆ ਦੇਵੇਗਾ। ਇਸ ਲਈ ਆਪਣੇ ਇਤਿਹਾਸ ਨੂੰ ਮੁੜ ਪੜ੍ਹਨਾ ਤੇ ਗੁੜਨਾ, ਗਿਆਨ ਵਿਚ ਵਾਧਾ ਕਰਦਾ ਹੈ। ਆਓ ਅਸੀਂ ਸਾਰੇ ਇੰਨੇ ਮਜ਼ਬੂਤ ਰਿਸ਼ਤੇ ਬਣਾਈਏ ਕਿ ਕੁੜੀਆਂ ਅਤੇ ਮੁੰਡਿਆਂ ਵਿਚਕਾਰ ਕੋਈ ਫਰਕ ਹੀ ਨਾ ਰਹੇ। ਮੈਂ ਖੁਦ ਅਜੇ ਤੱਕ ਇਹ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਲੋਹੜੀ ਕਿਵੇਂ ਮਨਾਈ ਜਾਵੇ, ਕਿਉਂਕਿ ਮੇਰੇ ਘਰ ਬੜੇ ਪਿਆਰੇ ਪੋਤੀ ਤੇ ਪੋਤਾ ਹਨ।
-ਐਚæ ਐਸ਼ ਦਿਓਲ