ਇਸਲਾਮਿਕ ਸਟੇਟ ਹੱਥੋਂ ਖੁਆਰ ਹੋਈਆਂ ਯਜ਼ੀਦੀ ਕੁੜੀਆਂ ਦੀ ਮਾਰਮਿਕ ਕਹਾਣੀ: ਦਿ ਲਾਸਟ ਗਰਲ
ਜਗਜੀਤ ਸਿੰਘ ਸੇਖੋਂ
ਅੱਜ ਕੱਲ੍ਹ ਚਰਚਾ ਵਿਚ ਆਈ ਕਿਤਾਬ Ḕਦਿ ਲਾਸਟ ਗਰਲ’ ਇਸਲਾਮਿਕ ਸਟੇਟ ਵਲੋਂ ਅਗਵਾ ਕੀਤੀਆਂ ਯਜ਼ੀਦੀ ਕੁੜੀਆਂ ਦੀ ਬੜੀ ਮਾਰਮਿਕ ਕਹਾਣੀ ਪੇਸ਼ ਕਰਦੀ ਹੈ ਅਤੇ ਇਹ ਕਹਾਣੀ ਯਜ਼ੀਦੀ ਮੁਟਿਆਰ ਨਾਦੀਆ ਮੁਰਾਦ ਨੇ ਸੁਣਾਈ ਹੈ। ਇਸ ਕਹਾਣੀ ਵਿਚ ਦਰਦ ਦਾ ਦਰਿਆ ਵਹਿੰਦਾ ਦਿਸਦਾ ਹੈ, ਪਰ ਕਿਤਾਬ ਦੇ ਅਖ਼ੀਰ ਵਿਚ ਇਹ ਕਹਾਣੀ ਪ੍ਰੇਰਣਾਮਈ ਹੋ ਨਿਬੜਦੀ ਹੈ: ਰਾਤ ਦੇ ਗੂੜ੍ਹੇ ਅਤੇ ਗਾੜ੍ਹੇ ਹਨੇਰੇ ਤੋਂ ਬਾਅਦ ਪਹੁ-ਫੁਟਾਲਾ ਜ਼ਰੂਰ ਆਉਂਦਾ ਹੈ।
ਨਾਦੀਆ ਮੁਰਾਦ ਜਿਸ ਦਾ ਪੂਰਾ ਨਾਂ ਨਾਦੀਆ ਮੁਰਾਦ ਬਸੀ ਤਹਾ ਹੈ, ਦਾ ਜਨਮ ਇਰਾਕ ਦੇ ਨਿਨਵਿਹ ਸੂਬੇ ਦੇ ਜ਼ਿਲ੍ਹੇ ਸ਼ਿੰਗਲ ਵਿਚ ਪੈਂਦੇ ਨਿੱਕੇ ਜਿਹੇ ਪਿੰਡ ਕੋਚੋ ਵਿਚ 1993 ਨੂੰ ਹੋਇਆ। ਇਹ ਪਿੰਡ ਕਸਬਾ ਸ਼ਿੰਜਰ (ਜਿਸ ਨੂੰ ਬਹੁਤੀ ਵਾਰ ਸ਼ਿੰਗਲ ਵੀ ਕਹਿ ਲਿਆ ਜਾਂਦਾ ਹੈ) ਨੇੜੇ ਵਸਿਆ ਹੋਇਆ ਹੈ। ਅਗਸਤ 2014 ਵਿਚ ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਇਰਾਕ ਦੇ ਇਸ ਪਿੰਡ ਉਪਰ ਕਬਜ਼ਾ ਕਰ ਲਿਆ। ਉਸ ਵੇਲੇ ਮੁਰਾਦ ਦੀ ਉਮਰ 21 ਸਾਲ ਸੀ, ਉਦੋਂ ਜਹਾਦੀਆਂ ਨੇ ਪਿੰਡ ਦੇ 600 ਯਜ਼ੀਦੀ ਲੋਕਾਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚ ਨਾਦੀਆ ਦੇ ਛੇ ਭਰਾ ਵੀ ਸ਼ਾਮਿਲ ਸਨ। ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਗੁਲਾਮ ਬਣਾ ਲਿਆ ਗਿਆ। ਉਸ ਸਾਲ ਇਨ੍ਹਾਂ ਜਹਾਦੀਆਂ ਨੇ ਵੱਖ ਵੱਖ ਪਿੰਡਾਂ, ਕਸਬਿਆਂ ਤੋਂ 7000 ਦੇ ਕਰੀਬ ਯਜ਼ੀਦੀ ਔਰਤਾਂ ਨੂੰ ਕੈਦੀ ਬਣਾਇਆ। ਹੋਰ ਕੁੜੀਆਂ ਵਾਂਗ ਜਹਾਦੀਆਂ ਵੱਲੋਂ ਨਾਦੀਆ ਮੁਰਾਦ ਨੂੰ ਵੀ ਆਪਣੇ ਕਬਜ਼ੇ ਵਾਲੇ ਸ਼ਹਿਰ ਮੌਸੂਲ ਲਿਜਾਇਆ ਗਿਆ ਅਤੇ ਉਥੇ ਗੁਲਾਮ ਬਣਾ ਕੇ ਰੱਖਿਆ ਗਿਆ। ਇਨ੍ਹਾਂ ਕੁੜੀਆਂ ਨੂੰ ਸਿਗਰਟਾਂ ਨਾਲ ਦਾਗਿਆ ਜਾਂਦਾ ਰਿਹਾ ਅਤੇ ਵਿਰੋਧ ਕਰਨ Ḕਤੇ ਲਗਾਤਾਰ ਜਬਰ-ਜਨਾਹ ਕੀਤਾ ਗਿਆ। ਇਕ ਦਿਨ ਜਦੋਂ ਨਾਦੀਆ ਨੂੰ ਬੰਦੀ ਬਣਾਉਣ ਵਾਲਾ ਸ਼ਖ਼ਸ ਤਾਲਾ ਲਾਉਣਾ ਭੁੱਲ ਗਿਆ ਤਾਂ ਉਹ ਉਥੋਂ ਬਚ ਨਿਕਲੀ ਅਤੇ ਇਸ ਤੋਂ ਬਾਅਦ ਉਸ ਨੇ ਆਪਣੀ ਕਹਾਣੀ Ḕਦਿ ਲਾਸਟ ਗਰਲ’ ਦੇ ਰੂਪ ਵਿਚ ਸਭ ਨੂੰ ਸੁਣਾਈ ਹੈ।
Ḕਦਿ ਲਾਸਟ ਗਰਲḔ ਅਸਲ ਵਿਚ ਧਾਰਮਿਕ ਕੱਟੜਪੰਥੀਆਂ ਦੀ ਸੋਚ ਅਤੇ ਸਿਆਸਤ ਨੂੰ ਪੇਸ਼ ਕਰਦੀ ਹੈ। ਕੁੜੀਆਂ ਨੂੰ ਗੁਲਾਮ ਬਣਾ ਕੇ ਜਿਸ ਤਰ੍ਹਾਂ ਦਾ ਵਿਹਾਰ ਇਨ੍ਹਾਂ Ḕਧਾਰਮਿਕ ਲੜਾਕਿਆਂḔ ਨੇ ਕੀਤਾ, ਉਹ ਕਈ ਕਿਸਮ ਦੇ ਸਵਾਲ ਪੈਦਾ ਕਰਦਾ ਹੈ; ਕਿ ਇਹ ਲੋਕ ਆਖਰ ਕਿਸ ਤਰ੍ਹਾਂ ਦੀ ਸਰਕਾਰ ਤੇ ਸਮਾਜ ਬਣਾਉਣਾ ਚਾਹੁੰਦੇ ਹਨ; ਕਿ ਇਨ੍ਹਾਂ ਲਈ ਮਨੁੱਖਤਾ ਲਈ ਕੋਈ ਦਰਦ ਵੀ ਹੈ ਜਾਂ ਨਹੀਂ; ਕਿ ਬਦਲਾ ਲੈਣ ਲਈ ਸਿਰਫ ਔਰਤਾਂ ਨੂੰ ਹੀ ਸ਼ਿਕਾਰ ਕਿਉਂ ਬਣਾਇਆ ਗਿਆ? ਇਨ੍ਹਾਂ ਜਹਾਦੀਆਂ ਦਾ ਮਕਸਦ ਆਖਰਕਾਰ ਹੈ ਕੀ? ਕਿਉਂ ਇਹ ਇੰਨੇ ਬੇਕਿਰਕ ਅਤੇ ਬੇਦਰਦ ਹੋ ਕੇ ਮਾਸੂਮ ਕੁੜੀਆਂ ਉਤੇ ਇਉਂ ਜ਼ੁਲਮ ਕਰਦੇ ਹਨ? ਨਾਦੀਆ ਨੇ ਆਪਣੀ ਕਿਤਾਬ ਵਿਚ ਅਜਿਹੇ ਸਵਾਲ ਤਾਂ ਭਾਵੇਂ ਨਹੀਂ ਕੀਤੇ, ਪਰ ਜਿਉਂ ਜਿਉਂ ਪਾਠਕ ਇਸ ਕਿਤਾਬ ਦੇ ਪੰਨੇ ਪਲਟਦਾ ਜਾਂਦਾ ਹੈ, ਅਜਿਹੇ ਸੈਆਂ ਸਵਾਲ ਖੁਦ-ਬ-ਖੁਦ ਉਸ ਦੇ ਜ਼ਿਹਨ ਵਿਚ ਤੂਫਾਨ ਵਾਂਗ ਉਠਣੇ ਸ਼ੁਰੂ ਹੋ ਜਾਂਦੇ ਹਨ। ਇਸ ਕਿਤਾਬ ਦੀ ਕਾਮਯਾਬੀ ਇਸੇ ਤੱਥ ਵਿਚ ਹੈ ਕਿ ਇਹ ਪਾਠਕ ਮਨ ਨੂੰ ਤਕੜਾ ਹਲੂਣਾ ਮਾਰਦੀ ਹੈ, ਝੰਜੋੜਦੀ ਹੈ। ਨਾਦੀਆ ਦੀ ਇਹ ਕਹਾਣੀ ਚਿਰਾਂ ਤੱਕ ਯਾਦ ਰੱਖੀ ਜਾਵੇਗੀ।
_______________________________
ਇਹ ਦਰਦ ਦਾ ਦਰਿਆ ਹੈæææ
ਤਿੰਨ ਵਰ੍ਹਿਆਂ ਬਾਅਦ ਜਦੋਂ ਨਾਦੀਆ ਮੁਰਾਦ ਆਪਣੇ ਪਿੰਡ ਪਰਤੀ ਤਾਂ ਉਥੋਂ ਇਸਲਾਮਿਕ ਸਟੇਟ ਦੇ ਜਹਾਦੀਆਂ ਦਾ ਕਬਜ਼ਾ ਮੁੱਕ ਚੁੱਕਾ ਸੀ। ਪਿੰਡ ਪੁੱਜਦਿਆਂ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਸ ਨੂੰ ਇਸਲਾਮਿਕ ਸਟੇਟ ਦੇ ਇਨ੍ਹਾਂ ਮਾਰਖੋਰੇ ਜਹਾਦੀਆਂ ਵਲੋਂ ਕੀਤੇ ਜ਼ੁਲਮ ਯਾਦ ਆਉਂਦੇ ਰਹੇ। ਉਸ ਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਹ ਐਨੇ ਤਸ਼ੱਦਦ ਅਤੇ ਖੌਫਨਾਕ ਵਕਤਾਂ ਵਿਚੋਂ ਲੰਘ ਕੇ ਮੁੜ ਆਪਣੇ ਪਿੰਡ ਪਹੁੰਚ ਗਈ ਹੈ। ਉਸ ਨੇ ਆਪਣੀ ਇਹ ਕਹਾਣੀ ਇਸ ਕਿਤਾਬ ਵਿਚ ਸੁਣਾਈ ਹੈ ਜੋ ਪਾਠਕ ਦੇ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਇਹ ਕਿਤਾਬ ਕਰਾਊਨ ਪਬਲਿਸ਼ਿੰਗ ਗਰੁੱਪ ਜੋ ਪੈਂਗੂਇਨ ਰੈਂਡਮ ਹਾਊਸ ਦਾ ਹੀ ਹਿੱਸਾ ਹੈ, ਨੇ ਛਾਪੀ ਹੈ। ਇਹ ਕਿਤਾਬ ਪਿਛਲੇ ਸਾਲ 7 ਨਵੰਬਰ 2017 ਨੂੰ ਹੀ ਰਿਲੀਜ਼ ਕੀਤੀ ਗਈ ਹੈ ਅਤੇ ਇਸ ਦੇ ਛਪਦਿਆਂ ਸਾe ਇਹ ਚਰਚਾ ਵਿਚ ਆ ਗਈ। ਇਸ ਕਿਤਾਬ ਦੇ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਦਾ ਕਾਰਜ ਵੱਡੀ ਪਧਰ ‘ਤੇ ਚੱਲ ਰਿਹਾ ਹੈ।