ਬਾਲੀਵੁੱਡ ਵਿਚ ਕੁਝ ਖਲਨਾਇਕਾਂ ਨੇ ਨਾਇਕਾਂ ਤੋਂ ਵੀ ਵਧੇਰੇ ਨਾਂ ਕਮਾਇਆ ਹੈ ਜਿਨ੍ਹਾਂ ਵਿਚ ਪ੍ਰਾਣ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਆਪਣੀ ਸ਼ਾਨਦਾਰ ਤੇ ਦਮਦਾਰ ਅਦਾਕਾਰੀ ਨਾਲ ਨਕਾਰਾਤਮਕ ਭੂਮਿਕਾ ਵਿਚ ਵੀ ਰੂਹ ਫੂਕਣ ਵਾਲੇ ਅਦਾਕਾਰ ਪ੍ਰਾਣ ਦੀ ਸ਼ਖ਼ਸੀਅਤ ਅੱਜ ਵੀ ਦਰਸ਼ਕਾਂ ਦੇ ਮਨਾਂ ਵਿਚ ਤਾਜ਼ਾ ਹੈ। 12 ਫਰਵਰੀ, 1920 ਨੂੰ ਪੁਰਾਣੀ ਦਿੱਲੀ ਦੇ ਬੱਲੀਮਾਰਾਨ ਇਲਾਕੇ ਵਿਚ ਪੈਦਾ ਹੋਏ ਪ੍ਰਾਣ ਦਾ ਬਚਪਨ ਵਿਚ ਨਾਂ ਪ੍ਰਾਣ ਕ੍ਰਿਸ਼ਨ ਸਿਕੰਦ ਸੀ।
ਜਵਾਨੀ ਵਿਚ ਫੋਟੋਗ੍ਰਾਫੀ ਵਿਚ ਉਨ੍ਹਾਂ ਦੀ ਕਾਫੀ ਦਿਲਚਸਪੀ ਸੀ। ਇਸੇ ਕਾਰਨ ਦਿੱਲੀ ਦੇ ਸਟੂਡੀਓ ਵਿਚ ਨੌਕਰੀ ਵੀ ਕਰ ਲਈ। ਪਿੱਛੋਂ ਉਹ ਲਾਹੌਰ ਚਲੇ ਗਏ। ਉਥੇ ਉਨ੍ਹਾਂ ਨੂੰ ਉਸ ਸਮੇਂ ਦੇ ਮਸ਼ਹੂਰ ਸਕ੍ਰਿਪਟ ਰਾਈਟਰ, ਸੰਵਾਦ ਲੇਖਕ ਤੇ ਗੀਤਕਾਰ ਵਲੀ ਮੁਹੰਮਦ ਵਲੀ ਮਿਲੇ। ਉਨ੍ਹਾਂ ਨੂੰ ਦੇਖਦਿਆਂ ਹੀ ਵਲੀ ਨੂੰ ਪ੍ਰਾਣ ਦੀ ਸ਼ਖਸੀਅਤ ਵਿਚ ਆਪਣੀ ਕਹਾਣੀ ਦਾ ਕਿਰਦਾਰ ਮਿਲ ਗਿਆ ਜਿਸ ‘ਤੇ Ḕਯਮਲਾ ਜੱਟ’ ਫ਼ਿਲਮ ਬਣੀ ਸੀ ਪਰ ਵਲੀ ਮੁਹੰਮਦ ਦੀ ਪੇਸ਼ਕਸ਼ ਨੂੰ ਪ੍ਰਾਣ ਸਾਹਬ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ। ਜਦੋਂ ਵਲੀ ਮੁਹੰਮਦ ਉਨ੍ਹਾਂ ਨੂੰ ਫਿਰ ਮਿਲੇ ਤਾਂ ਉਨ੍ਹਾਂ ਨੇ ਪ੍ਰਾਣ ਨੂੰ ਯਾਦ ਦਿਵਾਇਆ ਤੇ ਕਾਫੀ ਮਿਹਨਤ ਤੋਂ ਬਾਅਦ ਉਹ ਪ੍ਰਾਣ ਨੂੰ ਮਨਾ ਸਕੇ। ਇਸ ਤਰ੍ਹਾਂ ਪ੍ਰਾਣ ਪੰਜਾਬੀ ਵਿਚ ਬਣੀ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ Ḕਯਮਲਾ ਜੱਟ’ ਵਿਚ ਆਏ। ਇਸੇ ਕਾਰਨ ਵਲੀ ਮੁਹੰਮਦ ਵਲੀ ਨੂੰ ਪ੍ਰਾਣ ਆਪਣਾ ਗੁਰੂ ਤੇ ਮਾਰਗਦਰਸ਼ਕ ਮੰਨਦੇ ਸਨ।
Ḕਯਮਲਾ ਜੱਟ’ ਸਫਲ ਰਹੀ ਤੇ ਉਨ੍ਹਾਂ ਨੇ ਮੁੜ ਕੇ ਪਿਛਾਂਹ ਨਹੀਂ ਦੇਖਿਆ। ਉਦੋਂ ਨਾਲ ਹੀ ਉਹ ਫੋਟੋਗ੍ਰਾਫੀ ਦਾ ਕੰਮ ਵੀ ਕਰਦੇ ਰਹੇ। ਫਿਰ ਉਹ ਫ਼ਿਲਮ Ḕਖਾਨਦਾਨ’ ਨਾਲ ਮਸ਼ਹੂਰ ਗਾਇਕਾ ਨੂਰਜਹਾਂ ਦੇ ਹੀਰੋ ਬਣ ਕੇ ਆਏ। ਇਹ ਫ਼ਿਲਮ ਸੁਪਰਹਿੱਟ ਹੋਈ ਪਰ ਨਾਇਕ ਦੇ ਰੋਲ ਵਿਚ ਪ੍ਰਾਣ ਬਹੁਤ ਝਿਜਕਦੇ ਸਨ। ਉਹ ਕਹਿੰਦੇ ਸਨ ਕਿ ਰੁੱਖਾਂ ਪਿੱਛੇ ਚੱਕਰ ਲਾਉਣਾ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। 1947 ਤੱਕ ਉਹ 20 ਤੋਂ ਵਧੇਰੇ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਸਨ ਤੇ ਇਕ ਹੀਰੋ ਦੀ ਇਮੇਜ ਨਾਲ ਇੰਡਸਟਰੀ ਵਿਚ ਕੰਮ ਕਰ ਰਹੇ ਸਨ। ਵੰਡ ਤੋਂ ਬਾਅਦ ਉਨ੍ਹਾਂ ਨੇ ਸਆਦਤ ਹਸਨ ਮੰਟੋ ਦੀ ਇਕ ਫ਼ਿਲਮ ਵਿਚ ਕੰਮ ਕੀਤਾ, ਜਿਸ ਵਿਚ ਦੇਵ ਆਨੰਦ ਵੀ ਸਨ। ਫ਼ਿਲਮ ਦੀ ਸਫਲਤਾ ਦਾ ਕ੍ਰੈਡਿਟ ਦੇਵ ਜੀ ਦੇ ਖਾਤੇ ਵਿਚ ਗਿਆ ਪਰ ਪ੍ਰਾਣ ‘ਤੇ ਲੋਕ ਦੁਬਾਰਾ ਦਾਅ ਲਾਉਣ ਲੱਗੇ। 1960 ਵਿਚ ਆਈ ਮਨੋਜ ਕੁਮਾਰ ਦੀ Ḕਪੁਕਾਰ’ ਨੇ ਉਨ੍ਹਾਂ ਦੇ ਨੈਗੇਟਿਵ ਕਿਰਦਾਰ ਨੂੰ ਨਵਾਂ ਰੂਪ ਦਿੱਤਾ। ਪ੍ਰਾਣ ਸਿਗਰਟ ਦੇ ਧੂੰਏਂ ਦੇ ਗੋਲ-ਗੋਲ ਛੱਲੇ ਬਣਾਉਣ ਵਿਚ ਮਾਹਿਰ ਸਨ। ਫ਼ਿਲਮ ਨਿਰਦੇਸ਼ਕਾਂ ਨੇ ਉਨ੍ਹਾਂ ਦੇ ਇਸ ਹੁਨਰ ਦੀ ਖੂਬ ਵਰਤੋਂ ਕੀਤੀ। ਉਨ੍ਹਾਂ ਨੇ Ḕਬੜੀ ਬਹਿਨ’, Ḕਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’, Ḕਪੂਰਬ ਔਰ ਪਛਚਿਮ’, Ḕਹਾਫ ਟਿਕਟ’, Ḕਜੰਜ਼ੀਰ’, Ḕਡੌਨ’ ਸਮੇਤ ਤਕਰੀਬਨ 350 ਫ਼ਿਲਮਾਂ ਵਿਚ ਕੰਮ ਕੀਤਾ। ਅਸਲ ਜੀਵਨ ਵਿਚ ਪ੍ਰਾਣ ਪਰਦੇ ਵਾਲੇ ਪ੍ਰਾਣ ਤੋਂ ਬਿਲਕੁਲ ਉਲਟ ਹਨ। ਸਮਾਜ ਸੇਵਾ ਤੇ ਸਭ ਨਾਲ ਚੰਗਾ ਵਤੀਰਾ ਕਰਨਾ ਉਨ੍ਹਾਂ ਦਾ ਗੁਣ ਹੈ। ਉਨ੍ਹਾਂ ਨੂੰ ਤਿੰਨ ਵਾਰ ਫ਼ਿਲਮ ਫੇਅਰ ਦਾ ਬੈਸਟ ਸੁਪੋਰਟਿੰਗ ਐਕਟਰ ਦਾ ਅਵਾਰਡ ਮਿਲਿਆ ਤੇ 1997 ਵਿਚ ਉਨ੍ਹਾਂ ਨੂੰ ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਖਿਤਾਬ ਨਾਲ ਨਿਵਾਜਿਆ ਗਿਆ। 2001 ਵਿਚ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਤ ਕੀਤਾ ਸੀ।
Leave a Reply