ਚਾਰਾ ਘੁਟਾਲਾ ਮਾਮਲੇ ਵਿਚ ਲਾਲੂ ਨੂੰ ਸਾਢੇ ਤਿੰਨ ਸਾਲ ਕੈਦ

ਰਾਂਚੀ: ਵਿਸ਼ੇਸ਼ ਸੀæਬੀæਆਈæ ਅਦਾਲਤ ਨੇ ਆਰæਜੇæਡੀæ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਵਿਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖਜ਼ਾਨੇ ਵਿਚੋਂ ਫਰੇਬੀ ਢੰਗ ਨਾਲ 89æ27 ਲੱਖ ਰੁਪਏ ਕਢਵਾਉਣ ਦੇ ਦੋਸ਼ ‘ਚ ਹੋਈ ਹੈ। 23 ਦਸੰਬਰ ਨੂੰ ਦੋਸ਼ੀ ਕਰਾਰ ਦਿੱਤਾ 69 ਸਾਲਾ ਲਾਲੂ ਪ੍ਰਸਾਦ ਇਸ ਸਮੇਂ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿਚ ਬੰਦ ਹੈ।

ਦੱਸਣਯੋਗ ਹੈ ਕਿ ਆਰæਜੇæਡੀæ ਮੁਖੀ ਨੂੰ ਚਾਰਾ ਘੁਟਾਲੇ ਦੇ ਇਕ ਹੋਰ ਕੇਸ ‘ਚ 30 ਸਤੰਬਰ, 2013 ਨੂੰ ਪੰਜ ਸਾਲ ਕੈਦ ਹੋਈ ਸੀ। ਢਾਈ ਮਹੀਨਿਆਂ ਤੋਂ ਵੱਧ ਸਮਾਂ ਜੇਲ੍ਹ ਰਹਿਣ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ।
ਸੀæਬੀæਆਈæ ਦੇ ਵਕੀਲ ਰਾਕੇਸ਼ ਪ੍ਰਸਾਦ ਨੇ ਦੱਸਿਆ ਕਿ ਚਾਰਾ ਘੁਟਾਲੇ ‘ਚ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਆਈæਪੀæਸੀæ ਦੀਆਂ ਹੋਰ ਧਾਰਾਵਾਂ ਤਹਿਤ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਲੂ ਨੂੰ ਇਸ ਕੇਸ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀæਸੀæਏæ) ਤਹਿਤ ਵੀ ਤਿੰਨ ਸਾਲ ਛੇ ਮਹੀਨੇ ਕੈਦ ਹੋਈ ਹੈ। ਉਸ ਨੂੰ ਆਈæਪੀæਸੀæ ਤੇ ਪੀæਸੀæਏæ ਤਹਿਤ ਪੰਜ ਪੰਜ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੇਕਰ ਜੁਰਮਾਨਾ ਨਾ ਭਰਿਆ ਤਾਂ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਵਿਸ਼ੇਸ਼ ਸੀæਬੀæਆਈæ ਅਦਾਲਤ ਨੇ 23 ਦਸੰਬਰ ਨੂੰ ਇਸ ਕੇਸ ਵਿਚੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਸੀ।
_____________________________________________
ਜੇਲ੍ਹ ਵਿਚ ਮਿਲਿਆ ਮਾਲੀ ਦਾ ਕੰਮ
ਹਜਾਰੀਬਾਗ: ਲਾਲੂ ਪ੍ਰਸਾਦ ਯਾਦਵ ਜੇਲ੍ਹ ‘ਚ ਮਾਲੀ ਦਾ ਕੰਮ ਕਰੇਗਾ ਤੇ ਉਸ ਨੂੰ ਰੋਜ਼ਾਨਾ 93 ਰੁਪਏ ਮਜ਼ਦੂਰੀ ਮਿਲੇਗੀ। ਉਧਰ, ਲਾਲੂ ਦੇ ਵੱਡੇ ਬੇਟੇ ਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਦਾ ਕਹਿਣਾ ਹੈ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ ਤੇ ਹਾਈ ਕੋਰਟ ‘ਚ ਜ਼ਮਾਨਤ ਲਈ ਅਪੀਲ ਕਰਾਂਗੇ।
____________________________________________
ਲਾਲੂ ਯਾਦਵ ਨੂੰ ਸਜ਼ਾ ਪਿੱਛੋਂ ਸਦਮੇ ‘ਚ ਭੈਣ ਦੀ ਮੌਤ
ਪਟਨਾ: ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਪਿੱਛੋਂ ਸਦਮੇ ‘ਚ ਉਨ੍ਹਾਂ ਦੀ ਵੱਡੀ ਭੈਣ ਗੰਗੋਤਰੀ ਦੇਵੀ ਦੀ ਮੌਤ ਹੋ ਗਈ। ਗੰਗੋਤਰੀ ਦੇਵੀ (75) ਨੇ ਲਾਲੂ ਪ੍ਰਸਾਦ ਨੂੰ ਘੱਟੋ-ਘੱਟ ਸਜ਼ਾ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਿਆਂ ਵਰਤ ਰੱਖਿਆ ਹੋਇਆ ਸੀ, ਪਰ ਲਾਲੂ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਹੋਣ ਦੀ ਖਬਰ ਮਿਲਣ ‘ਤੇ ਉਸ ਦੀ ਤਬੀਅਤ ਹੋਰ ਵਿਗੜ ਗਈ। ਉਹ ਲਾਲੂ ਸਮੇਤ ਆਪਣੇ 6 ਭਰਾਵਾਂ ਦੀ ਇਕੱਲੀ ਭੈਣ ਸੀ ਤੇ ਉਸ ਦਾ ਲਾਲੂ ਨਾਲ ਬਹੁਤ ਲਗਾਅ ਸੀ।