ਵਿਤੀ ਬਾਈਕਾਟ: ਅਮਰੀਕਾ ਨੇ ਹੋਰ ਕੱਸੀਆਂ ਪਾਕਿਸਤਾਨ ਦੀਆਂ ਵਾਗਾਂ

ਵਾਸ਼ਿੰਗਟਨ: ਪਾਕਿਸਤਾਨ ਦੇ ਅਤਿਵਾਦੀ ਜਥੇਬੰਦੀਆਂ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਠਾਹਰਾਂ ਨੂੰ ਢਹਿ-ਢੇਰੀ ਕਰਨ ਵਿਚ ਨਾਕਾਮ ਰਹਿਣ ਤੋਂ ਖਫਾ ਅਮਰੀਕਾ ਨੇ ਇਸ ਮੁਲਕ ਨੂੰ 1æ15 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਰੋਕ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਪਾਕਿਸਤਾਨ ਵੱਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਖਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਵਰ੍ਹੇ ਮੌਕੇ ਟਵੀਟ ਵਿਚ ਪਾਕਿਸਤਾਨ ਉਤੇ ਦੋਸ਼ ਲਾਇਆ ਸੀ ਕਿ ਪਿਛਲੇ 15 ਸਾਲਾਂ ਦੌਰਾਨ 33 ਅਰਬ ਡਾਲਰ ਦੀ ਸਹਾਇਤਾ ਦੇ ਬਦਲੇ ਵਿਚ ਉਸ ਨੇ ਅਮਰੀਕਾ ਨੂੰ ‘ਝੂਠ ਤੇ ਧੋਖਾ’ ਅਤੇ ਅਤਿਵਾਦੀਆਂ ਨੂੰ ‘ਸੁਰੱਖਿਅਤ ਠਾਹਰਾਂ’ ਮੁਹੱਈਆ ਕਰਾਉਣ ਬਿਨਾਂ ਹੋਰ ਕੱਖ ਨਹੀਂ ਕੀਤਾ। ਰੋਕੀ ਗਈ ਰਾਸ਼ੀ ਵਿਚ ਵਿੱਤੀ ਵਰ੍ਹੇ 2016 ਲਈ ਵਿਦੇਸ਼ੀ ਫੌਜੀ ਫੰਡ (ਐਫ਼ਐਮæਐਫ਼) ਦੇ 25æ5 ਕਰੋੜ ਵੀ ਸ਼ਾਮਲ ਹਨ। ਰੱਖਿਆ ਵਿਭਾਗ ਨੇ ਪਾਕਿਸਤਾਨ ਨੂੰ ਵਿੱਤੀ ਵਰ੍ਹੇ 2017 ਲਈ ਗੱਠਜੋੜ ਸਮਰਥਨ ਫੰਡ (ਸੀæਐਸ਼ਐਫ਼) ਦੇ ਕੁੱਲ 90 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਵਰ੍ਹੇ ‘ਚ ਖਰਚਣ ਖੁਣੋਂ ਰਹੀ ਹੋਰ ਰਾਸ਼ੀ ਵੀ ਰੋਕ ਲਈ ਹੈ।
ਹੀਥਰ ਨੌਰਟ ਨੇ ਕਿਹਾ, ‘ਅੱਜ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਜਦੋਂ ਤਕ ਉਹ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਸਮੇਤ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਨਹੀਂ ਕਰਦਾ ਉਦੋਂ ਤਕ ਅਸੀਂ ਪਾਕਿਸਤਾਨ ਨੂੰ ਕੇਵਲ ਕੌਮੀ ਸੁਰੱਖਿਆ ਸਹਾਇਤਾ ਰੋਕ ਰਹੇ ਹਾਂ। ਰਾਸ਼ਟਰਪਤੀ ਦੀ ਨਵੀਂ ਰਣਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਸਰਕਾਰ ਨਾਲ ਉਚ-ਪੱਧਰੀ ਤਾਲਮੇਲ ਦੇ ਬਾਵਜੂਦ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਪਾਕਿਸਤਾਨ ‘ਚ ਸੁਰੱਖਿਅਤ ਹਨ, ਜੋ ਅਫਗ਼ਾਨਿਸਤਾਨ ਵਿਚ ਗੜਬੜ ਅਤੇ ਅਮਰੀਕਾ ਤੋਂ ਇਲਾਵਾ ਉਸ ਦੇ ਸਹਿਯੋਗੀਆਂ ‘ਤੇ ਹਮਲੇ ਕਰ ਰਹੇ ਹਨ। ਰੱਖਿਆ ਮੰਤਰੀ ਜਿਮ ਮੈਟਿਜ਼ ਨੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਉਹ ਪਾਕਿ ਨੂੰ ਮਦਦ ‘ਚ ਕਟੌਤੀ ਦੇ ਪੱਖ ਵਿਚ ਸਨ। ਹੀਥਰ ਨੇ ਕਿਹਾ, ‘ਭਵਿੱਖ ‘ਚ ਇਹ ਰਾਸ਼ੀ ਹਾਸਲ ਕਰਨ ਦੀ ਪਾਕਿਸਤਾਨ ਵਿਚ ਸਮਰੱਥਾ ਹੈ ਪਰ ਉਸ ਨੂੰ ਫ਼ੈਸਲਾਕੁਨ ਕਾਰਵਾਈ ਕਰਨੀ ਪਵੇਗੀ। ਚੀਨ ਦੇ ਸਰਕਾਰੀ ਮੀਡੀਆ ‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਤੇ ਪੇਈਚਿੰਗ ਦਰਮਿਆਨ ਆਰਥਿਕ ਤੇ ਰੱਖਿਆ ਰਿਸ਼ਤਿਆਂ ਨੂੰ ਉਤਸ਼ਾਹ ਮਿਲੇਗਾ। ਚੀਨ ਵੱਲੋਂ ਇਰਾਨ ਦੀ ਚਾਬਹਾਰ ਬੰਦਰਗਾਹ ਨੇੜੇ ਪਾਕਿਸਤਾਨੀ ਮਿਲਟਰੀ ਬੇਸ ਵੀ ਗ੍ਰਹਿਣ ਕੀਤਾ ਜਾ ਰਿਹਾ ਹੈ।
_______________________________________________
ਚੀਨ ਨੇ ਕੀਤਾ ਤਿੱਖਾ ਵਿਰੋਧ
ਬੀਜਿੰਗ: ਚੀਨ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਪਾਕਿਸਤਾਨ ‘ਤੇ ਸ਼ੱਕੀ ਦੀ ਸੂਈ ਉਠਾਉਣ ਅਤੇ ਉਸ ਨੂੰ ਅਤਿਵਾਦ ਨਾਲ ਜੋੜਨ ਦਾ ਵਿਰੋਧ ਕਰਦਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਅਤਿਵਾਦੀ ਸੰਗਠਨਾਂ ਖਿਲਾਫ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਕਿਸੇ ਖਾਸ ਦੇਸ਼ ‘ਤੇ ਨਹੀਂ ਪਾਈ ਜਾ ਸਕਦੀ।
_________________________________________
‘ਪਾਕਿ ਨੂੰ ਛੱਡਣ ਦਾ ਖਤਰਾ ਮੁੱਲ ਨਹੀਂ ਲੈ ਸਕਦਾ ਅਮਰੀਕਾ’
ਨਿਊ ਯਾਰਕ: ‘ਨਿਊਯਾਰਕ ਟਾਈਮਜ਼’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਿੱਛੇ ਹਟਣ, ਚੌਕੰਨੇ ਰਹਿਣ ਅਤੇ ਸਬਰ ਰੱਖਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਨਾਲ ਉਸ ਦੀ ਜ਼ਮੀਨ ਉਤੇ ਸਰਗਰਮ ਅਤਿਵਾਦੀ ਤੱਤਾਂ ਦੀ ਹਮਾਇਤ ਕਰਨ ਤੋਂ ਰੋਕਣ ਦੇ ਮੁੱਦੇ ਉਤੇ ਉਸ ਨਾਲ ਕੂਟਨੀਤਕ ਪੱਧਰ ‘ਤੇ ਸਮਝੌਤਾ ਗੱਲਬਾਤ ਕਰਨ ਦੀ ਲੋੜ ਹੈ। ਸੰਪਾਦਕੀ ਵਿਚ ਇਹ ਵਿਚਾਰ ਜ਼ਾਹਰ ਕੀਤਾ ਗਿਆ ਕਿ ਰਾਸ਼ਟਰਪਤੀ ਟਰੰਪ ਨੂੰ ਰਾਸ਼ਟਰਪਤੀ ਵਜੋਂ ਪਾਕਿਸਤਾਨ ਤੋਂ ਦੂਰ ਨਹੀਂ ਜਾਣਾ ਚਾਹੀਦਾ ਅਤੇ ਇਹ ਗੱਲ ਸਵੀਕਾਰ ਕਰਨ ਦੀ ਲੋੜ ਹੈ ਕਿ ਪਾਕਿਸਤਾਨ ਅਹਿਮ ਖੁਫੀਆ ਜਾਣਕਾਰੀ ਦਾ ਸਰੋਤ ਰਿਹਾ ਹੈ ਅਤੇ ਰਹੇਗਾ। ਇਹ ਗੱਲ ਵੀ ਦਿਮਾਗ ਵਿਚ ਰੱਖਣੀ ਚਾਹੀਦੀ ਹੈ ਕਿ ਪਾਕਿਸਤਾਨ ਵਿਸ਼ਵ ਵਿਚ ਸਭ ਨਾਲੋਂ ਤੇਜ਼ੀ ਨਾਲ ਪਰਮਾਣੂ ਹਥਿਆਰ ਬਣਾ ਰਿਹਾ ਹੈ ਜੋ ਹਮੇਸ਼ਾ ਇਸ ਖੇਤਰ ਤੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣੇ ਰਹੇ ਹਨ। ਜੇਕਰ ਪਾਕਿਸਤਾਨ ਨਾਲ ਹੋਰ ਉਸਾਰੂ ਸਹਿਯੋਗ ਸੰਭਵ ਹੋਵੇ ਤਾਂ ਟਰੰਪ ਨੂੰ ਦੂਸਰੇ ਕੂਟਨੀਤਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
_____________________________________________
ਭਾਰਤ ਦੇ ਹੱਥਾਂ ਉਤੇ ਚੜ੍ਹਿਆ ਅਮਰੀਕਾ: ਪਾਕਿ
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖਤੀ ਤੋਂ ਬਾਅਦ ਪਾਕਿਸਤਾਨ ਕਾਫੀ ਤੰਗ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ਟਰੰਪ ਹਿੰਦੁਸਤਾਨ ਦੀ ਭਾਸ਼ਾ ਵਿਚ ਗੱਲ ਕਰ ਰਹੇ ਹਨ। ਅਮਰੀਕਾ ਦੀ ਮਦਦ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦੀ ਰਾਜਨੀਤੀ ਵਿਚ ਅਫਰਾ-ਤਫਰੀ ਹੈ। ਲਗਾਤਾਰ ਇਕ ਤੋਂ ਬਾਅਦ ਇਕ ਬੈਠਕਾਂ ਹੋ ਰਹੀਆਂ ਹਨ। ਵਿਦੇਸ਼ ਮੰਤਰੀ ਨੇ ਕੌਮੀ ਸੁਰੱਖਿਆ ‘ਤੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਅਮਰੀਕਾ ਅਫਗ਼ਾਨਿਸਤਾਨ ਵਿਚ ਆਪਣੀ ਹਾਰ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ।