ਆਮ ਆਦਮੀ ਪਾਰਟੀ ਨੂੰ ਵਿਵਾਦਾਂ ਨੇ ਮੁੜ ਪਾਇਆ ਘੇਰਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਫਿਰ ਇਹ ਵਿਵਾਦਾਂ ਵਿਚ ਘਿਰ ਗਈ ਹੈ। ਰਾਜ ਸਭਾ ਦੀਆਂ ਤਿੰਨ ਸੀਟਾਂ ਉਤੇ ਉਮੀਦਵਾਰਾਂ ਦੀ ਚੋਣ ‘ਤੇ ਪਾਰਟੀ ਅੰਦਰ ਵੱਡੇ ਪੱਧਰ ਉਤੇ ਵਿਰੋਧ ਉਠ ਖਲੋਤਾ। ਤਿੰਨਾਂ ਉਮੀਦਵਾਰਾਂ ਵਿਚੋਂ ਇਕ ਵੱਡਾ ਕਾਰੋਬਾਰੀ ਸੁਸ਼ੀਲ ਗੁਪਤਾ ਹੈ ਤੇ ਦੂਜਾ ਇਕ ਲੇਖਾਕਾਰ (ਸੀæਏæ) ਐਨæਡੀæ ਗੁਪਤਾ। ਸੁਸ਼ੀਲ ਗੁਪਤਾ ਕੁਝ ਸਮਾਂ ਪਹਿਲਾਂ ਕਾਂਗਰਸ ਨਾਲ ਜੁੜਿਆ ਰਿਹਾ ਤੇ ‘ਆਪ’ ਦੇ ਆਗੂਆਂ ਖਿਲਾਫ਼ ਲਗਾਤਾਰ ਬਿਆਨਬਾਜ਼ੀ ਕੀਤੀ। ਤੀਜੀ ਸੀਟ ਕੇਜਰੀਵਾਲ ਨੇ ਆਪਣੇ ਸਾਥੀ ਸੰਜੇ ਸਿੰਘ ਨੂੰ ਦਿੱਤੀ, ਜਿਸ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕਾਰਵਾਈਆਂ ਉਤੇ ਉਂਗਲਾਂ ਉਠਦੀਆਂ ਰਹੀਆਂ।

ਇਸ ਅਮਲ ਵਿਚ ਕੇਜਰੀਵਾਲ ਨੇ ਪਾਰਟੀ ਨਾਲ ਮੁੱਢ ਤੋਂ ਹੀ ਜੁੜੇ ਹੋਏ ਵੱਡੇ ਆਗੂਆਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਅਤੇ ਅਣਗੌਲਿਆ ਕਰ ਦਿੱਤਾ। ਆਉਂਦੇ ਸਮੇਂ ਵਿਚ ਪਾਰਟੀ ਅੰਦਰ ਪੈਦਾ ਹੋਏ ਹਾਲਾਤ ਹੋਰ ਵੀ ਉਲਝਣ ਦੇ ਅਸਾਰ ਬਣ ਗਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਦਾਅਵਾ ਸੀ ਕਿ ਦੇਸ਼ ਭਰ ਤੋਂ 18 ਲੋਕਾਂ ਦੇ ਨਾਂ ਮਿਲੇ ਸਨ ਜਿਨ੍ਹਾਂ ਵਿਚੋਂ 11 ਉਪਰ ਕਮੇਟੀ ਅੰਦਰ ਚਰਚਾ ਕੀਤੀ ਗਈ।
ਉਨ੍ਹਾਂ ਦਾ ਕਹਿਣਾ ਸੀ ਕਿ ਸੰੰਜੇ ਸਿੰਘ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਨਰਾਇਣ ਦਾਸ ਗੁਪਤਾ ਸੀਏ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਆਰਥਿਕਤਾ ਸਬੰਧੀ ਸੰਸਥਾਵਾਂ ਨਾਲ ਜੁੜੇ ਰਹੇ ਹਨ ਜਿਨ੍ਹਾਂ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ‘ਤੇ ਆਰਥਿਕ ਨੀਤੀਆਂ ਬਣਾਉਣ ਵਿਚ ਸਹਿਯੋਗ ਦਿੱਤਾ ਸੀ। ਤੀਜੇ ਉਮੀਦਵਾਰ ਡਾæ ਸੁਸ਼ੀਲ ਗੁਪਤਾ ਸਿੱਖਿਆ ਤੇ ਡਾਕਟਰੀ ਖੇਤਰ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਦਿੱਲੀ ਤੇ ਹਰਿਆਣਾ ਵਿਚ ਕਾਫੀ ਯੋਗਦਾਨ ਹੈ ਜੋ 15 ਹਜ਼ਾਰ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਹੇ ਹਨ ਅਤੇ ਚਾਰ ਚੈਰੀਟੇਬਲ ਹਸਪਤਾਲ ਚਲਾ ਰਹੇ ਹਨ। ਦੱਸ ਦਈਏ ਕਿ ਸੁਸ਼ੀਲ ਗੁਪਤਾ ਨੇ ‘ਆਪ’ ਖਿਲਾਫ਼ ਦਸਤਖਤ ਮੁਹਿੰਮ ਚਲਾਈ ਸੀ।
ਮੁਹਿੰਮ ਦੌਰਾਨ ਦੋਸ਼ ਲਾਇਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ 854 ਕਰੋੜ ਦੀ ਜਨਤਾ ਦੀ ਕਮਾਈ ਆਪਣੇ ਪ੍ਰਚਾਰ ਵਿਚ ਲੁਟਾ ਦਿੱਤੀ। ਉਸ ਨੇ ਇਹ ਪੈਸਾ ਹਾਸਲ ਕਰਨ ਲਈ ‘ਵਸੂਲੀ ਦਿਵਸ’ ਵੀ ਮਨਾਇਆ ਸੀ। ਯਾਦ ਰਹੇ ਕਿ ‘ਆਪ’ ਵਿਚ ਅਜਿਹੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 67 ਸੀਟਾਂ ਲੈਣ ਦੇ ਦੇਸ਼ ਦੀ ਸਿਆਸਤ ਵਿਚ ਹਲਚਲ ਮਚਾਉਣ ਵਾਲੀ ਇਹ ਧਿਰ ਉਮੀਦਵਾਰਾਂ ਦੀ ਚੋਣ ਸਮੇਂ ਹਰ ਵਾਰ ਕਲੇਸ਼ ਵਿਚ ਪਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਨੂੰ ਇਹ ਕਲੇਸ਼ ਲੈ ਡੁੱਬਾ ਸੀ। ਇਸੇ ਕਲੇਸ਼ ਕਾਰਨ ‘ਆਪ’ ਨੂੰ ਖੜ੍ਹਾ ਕਰਨ ਵਾਲੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵਰਗੇ ਵੱਡੇ ਨੇਤਾ ਨਿਰਾਸ਼ ਹੋ ਕੇ ਇਸ ਤੋਂ ਕਿਨਾਰਾ ਕਰ ਗਏ। ਇਸ ਤੋਂ ਬਾਅਦ ਨਿਰਾਸ਼ ਹੋਣ ਵਾਲੇ ਆਗੂਆਂ ਦੀ ਕਤਾਰ ਲੰਮੀ ਹੁੰਦੀ ਗਈ, ਜਿਸ ਨੇ ਪਾਰਟੀ ਦੇ ਉਭਾਰ ਨੂੰ ਵੀ ਰੋਕ ਦਿੱਤਾ ਅਤੇ ਇਸ ਨੂੰ ਕਮਜ਼ੋਰ ਵੀ ਕਰ ਦਿੱਤਾ। ਜੋ ਪਾਰਟੀ ਪੰਜਾਬ ਦੀ ਰਾਜ ਸੱਤਾ ਸੰਭਾਲਣ ਦੇ ਸੁਪਨੇ ਦੇਖ ਰਹੀ ਸੀ, ਉਹ ਵਿਧਾਨ ਸਭਾ ‘ਚ ਸਿਰਫ 20 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ। ਦਿੱਲੀ ਵਿਚ ਵੀ ਪਿਛਲੇ ਵਰ੍ਹਿਆਂ ‘ਚ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਇਸ ਨਵੀਂ ਪਾਰਟੀ ਨੇ ਦਿੱਤਾ ਹੈ, ਉਸ ਤੋਂ ਲੋਕਾਂ ਨੂੰ ਵਧੇਰੇ ਨਿਰਾਸ਼ਾ ਹੀ ਹੋਈ ਹੈ। ਅੰਦਰੂਨੀ ਝਗੜਿਆਂ ਨੇ ਇਸ ਨੂੰ ਇਕ ਤਰ੍ਹਾਂ ਨਾਲ ਬਿਖੇਰ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਸ ਦੇ ਆਗੂਆਂ ਉਤੇ ਖਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਰਹੇ ਹਨ।
___________________________________
ਪੁਰਾਣੇ ਸਾਥੀਆਂ ਵੱਲੋਂ ਕੇਜਰੀਵਾਲ ਦੀ ਆਲੋਚਨਾ
ਨਵੀਂ ਦਿੱਲੀ: ਪਾਰਟੀ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੜ ਪੁਰਾਣੇ ਸਾਥੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਸਵਰਾਜ ਇੰਡੀਆ ਦੇ ਸੰਸਥਾਪਕ ਅਤੇ ਅੰਨਾ ਅੰਦੋਲਨ ਦੌਰਾਨ ਕੇਜਰੀਵਾਲ ਦੇ ਸਾਥੀ ਰਹੇ ਯੋਗੇਂਦਰ ਯਾਦਵ ਨੇ ਟਵੀਟ ਕੀਤਾ, “ਪਿਛਲੇ ਤਿੰਨ ਸਾਲਾਂ ਤੋਂ ਮੈਂ ਕਿੰਨੇ ਹੀ ਲੋਕਾਂ ਨੂੰ ਸਮਝਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਕੋਈ ਨਹੀਂ ਖਰੀਦ ਸਕਦਾ। ਇਸ ਲਈ ਕਪਿਲ ਮਿਸ਼ਰਾ ਦੇ ਦੋਸ਼ਾਂ ਨੂੰ ਮੈਂ ਖਾਰਜ ਕੀਤਾ ਸੀ। ਅੱਜ ਸਮਝ ਨਹੀਂ ਆ ਰਹੀ ਕਿ ਹੁਣ ਮੈਂ ਕੀ ਆਖਾਂ? ਹੈਰਾਨ ਹਾਂ, ਸ਼ਰਮਸਾਰ ਵੀ!” ਪ੍ਰਸ਼ਾਂਤ ਭੂਸ਼ਣ ਨੇ ਵੀ ਰਾਜ ਸਭਾ ਲਈ ਬਾਹਰੋਂ ਲਏ ਗਏ ਦੋ ਉਮੀਦਵਾਰਾਂ ਬਾਰੇ ਕਿਹਾ ਕਿ ਇਹ ‘ਆਪ’ ਦਾ ਘੋਰ ਪਤਨ ਹੈ। ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਪਾਰਟੀ ਉਤੇ ਪੈਸੇ ਵਾਲਿਆਂ ਨੂੰ ਟਿਕਟ ਦੇਣ ਦਾ ਦੋਸ਼ ਲਾਇਆ। ਸਾਬਕਾ ਜਲ ਮੰਤਰੀ ਨੇ ਕਿਹਾ ਕਿ ਪਾਰਟੀ ਨੇ ‘ਲੀਡਰ’ ਤੇ ‘ਡੀਲਰ’ ਵਿਚੋਂ
ਇਕ ਨੂੰ ਚੁਣਿਆ ਹੈ।
________________________________________________
ਸੱਚ ਬੋਲਣ ਦੀ ਮਿਲੀ ਸਜ਼ਾ: ਵਿਸ਼ਵਾਸ
ਨਵੀਂ ਦਿੱਲੀ: ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਨ੍ਹਾਂ ਨੂੰ ਸਰਜੀਕਲ ਸਟ੍ਰਾਈਕ, ਟਿਕਟ ਵੰਡ ਵਿਚ ਗੜਬੜੀ ਅਤੇ ਜੇæਐਨæਯੂæ ਵਰਗੇ ਮੁੱਦਿਆਂ ਉਤੇ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਕੇਜਰੀਵਾਲ ਉਤੇ ਤਨਜ ਕਸਦਿਆਂ ਉਨ੍ਹਾਂ ਕਿਹਾ ਕਿ ਸੁਸ਼ੀਲ ਗੁਪਤਾ ਤੇ ਐਨæਡੀæ ਗੁਪਤਾ ਨੂੰ ‘ਅੰਦੋਲਨਕਾਰੀਆਂ ਦੀ ਆਵਾਜ਼ ਤੇ ਮਹਾਨ ਕ੍ਰਾਂਤੀਕਾਰੀ’ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਸਹਿਮਤ ਹੋ ਕੇ ਪਾਰਟੀ ਵਿਚ ਜ਼ਿੰਦਾ ਰਹਿਣਾ ਸੰਭਵ ਨਹੀਂ ਹੈ।