ਵਿਦੇਸ਼ੀ ਪਤੀਆਂ ਦੀਆਂ ਸਤਾਈਆਂ ਪੰਜਾਬਣਾਂ ਦਾ ਦਰਦ ਕੌਣ ਸੁਣੇ!

ਚੰਡੀਗੜ੍ਹ: ਵਿਆਹ ਕਰਵਾ ਕੇ ਵਿਦੇਸ਼ ਉਡਾਰੀ ਮਾਰਨ ਵਾਲੇ ਪਤੀਆਂ ਦੀਆਂ ਸਤਾਈਆਂ ਪੰਜਾਬ ਦੀਆਂ ਮੁਟਿਆਰਾਂ ਇਨਸਾਫ ਲਈ ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਹਨ। ਵਿਦੇਸ਼ ਲਿਜਾਣ ਦਾ ਲਾਰਾ ਲਾ ਕੇ ਜਹਾਜ਼ ਚੜ੍ਹਨ ਵਾਲੇ ਆਪਣੇ ਪਤੀਆਂ ਦੇ ਵਤਨ ਨਾ ਪਰਤਣ ਕਾਰਨ ਇਨ੍ਹਾਂ ਮੁਟਿਆਰਾਂ ਦੀਆਂ ਖੁਸ਼ੀਆਂ ਗਮਾਂ ਵਿਚ ਬਦਲ ਗਈਆਂ ਹਨ। ਉਧਰੋਂ ਪਤੀ ਵਿਦੇਸ਼ੋਂ ਨਹੀਂ ਮੁੜੇ ਤੇ ਇਧਰੋਂ ਸਹੁਰਿਆਂ ਨੇ ਵੀ ਬੂਹੇ ਬੰਦ ਕਰ ਲਏ ਹਨ।

ਪੰਜਾਬ ਦੀਆਂ ਤਕਰੀਬਨ ਅੱਧਾ ਦਰਜਨ ਧੀਆਂ ਫਰਿਆਦ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਕੋਲ ਪੁੱਜੀਆਂ। ਉਨ੍ਹਾਂ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਵਿਆਹ ਕਰਵਾ ਕੇ ਵਿਦੇਸ਼ਾਂ ਤੋਂ ਧਮਕੀਆਂ ਦੇ ਰਹੇ ਉਨ੍ਹਾਂ ਦੇ ਪਤੀਆਂ ਨੂੰ ਵਾਪਸ ਬੁਲਾਇਆ ਜਾਵੇ। ਜ਼ਿਲ੍ਹਾ ਮੋਗਾ ਦੀ ਵਸਨੀਕ 29 ਸਾਲਾ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 26 ਅਕਤੂਬਰ 2014 ਨੂੰ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ, ਜੋ ਇਕ ਸਾਲ ਬਾਅਦ ਹਾਂਗਕਾਂਗ ਚਲਾ ਗਿਆ ਤੇ ਵਾਪਸ ਨਹੀਂ ਮੁੜਿਆ। ਪਿੱਛੋਂ ਸਹੁਰਾ ਪਰਿਵਾਰ ਨੇ ਉਸ ਨੂੰ ਆਪਣੇ ਘਰ ਨਹੀਂ ਵਸਾਇਆ ਤੇ ਉਹ ਦੋ ਸਾਲ ਤੋਂ ਪੇਕੇ ਰਹਿ ਰਹੀ ਹੈ। ਵਿਦੇਸ਼ ਵਿਚ ਬੈਠਾ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਧਮਕਾ ਰਿਹਾ ਹੈ ਕਿ ਉਹ ਆਪਣਾ ਸਾਮਾਨ ਚੁੱਕ ਲਵੇ।
ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਸਤਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਫਰਵਰੀ 2009 ਵਿਚ ਅਰਵਿੰਦਰਪਾਲ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ 2010 ਵਿੱਚ ਵਿਦੇਸ਼ ਚਲਾ ਗਿਆ ਤੇ 2015 ਵਿਚ ਵਾਪਸ ਆਇਆ। ਸਹੁਰਾ ਪਰਿਵਾਰ ਨੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬੇਦਖਲ ਕਰ ਦਿੱਤਾ। ਪਤੀ ਉਸ ਨੂੰ ਲੈ ਕੇ ਕੁਝ ਦਿਨ ਕਿਰਾਏ ਦੇ ਮਕਾਨ ਵਿਚ ਰਿਹਾ ਤੇ ਫਿਰ ਵਾਪਸ ਆਉਣਾ ਦਾ ਭਰੋਸਾ ਦੇ ਕੇ ਵਿਦੇਸ਼ ਚਲਾ ਗਿਆ। ਉਸ ਨੇ ਦੱਸਿਆ ਕਿ ਉਹ ਲੈਕਚਰਾਰ ਸੀ, ਪਰ ਪਤੀ ਨੇ ਨੌਕਰੀ ਵੀ ਛੁਡਵਾ ਦਿੱਤੀ। ਉਸ ਨੂੰ ਇਨਸਾਫ ਤਾਂ ਕੀ ਮਿਲਣਾ ਸੀ, ਸਗੋਂ ਸਹੁਰਾ ਪਰਿਵਾਰ ਨੇ ਉਸ ਖਿਲਾਫ਼ ਹੀ ਕੇਸ ਦਰਜ ਕਰਵਾ ਦਿੱਤਾ।
ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਪਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਵਸਨੀਕ ਸ਼ਿੰਦਰ ਸਿੰਘ ਨਾਲ 2016 ਵਿਚ ਹੋਇਆ ਸੀ, ਜੋ ਵਿਆਹ ਤੋਂ ਸਾਲ ਮਗਰੋਂ ਹੀ ਵਿਦੇਸ਼ ਚਲਾ ਗਿਆ, ਪਰ ਵਾਪਸ ਨਹੀਂ ਆਇਆ। ਪਤੀ ਵਿਦੇਸ਼ ਤੋਂ ਉਸ ਨੂੰ ਧਮਕਾ ਰਿਹਾ ਹੈ। ਜਗਰਾਉਂ ਦੀ ਵਸਨੀਕ ਸੀਮਾ ਨੇ ਦੱਸਿਆ ਕਿ ਉਸ ਦਾ ਵਿਆਹ ਦਸੰਬਰ 2012 ਵਿਚ ਲਖਵੀਰ ਨਾਲ ਹੋਇਆ ਸੀ।
2013 ਵਿਚ ਉਸ ਦੇ ਬੇਟੀ ਪੈਦਾ ਹੋਈ, ਜਿਸ ਤੋਂ ਦੋ ਮਹੀਨੇ ਬਾਅਦ ਹੀ ਪਤੀ ਨੇ ਉਸ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ। 2015 ਵਿਚ ਉਸ ਨੂੰ ਬਿਨਾਂ ਦੱਸੇ ਹੀ ਕੁਵੈਤ ਚਲਾ ਗਿਆ। ਉਹ ਆਪਣੀ ਬੇਟੀ ਸਮੇਤ ਪੇਕੇ ਘਰ ਰਹਿ ਰਹੀ ਹੈ। ਇਨਸਾਫ ਲਈ ਠੋਕਰਾਂ ਖਾ ਰਹੀਆਂ ਇਨ੍ਹਾਂ ਮੁਟਿਆਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਸ਼ਰੇਆਮ ਆਖਦੇ ਹਨ ਕਿ ਜਿਹੜੀ ਸਰਕਾਰ ਵਿਜੇ ਮਾਲੀਆ ਨੂੰ ਵਿਦੇਸ਼ ਵਿਚੋਂ ਡਿਪੋਰਟ ਨਹੀਂ ਕਰਵਾ ਸਕੀ, ਉਹ ਸਾਨੂੰ ਕੀ ਵਾਪਸ ਬੁਲਾਏਗੀ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਲੜਕੀਆਂ ਦਾ ਮੁੱਦਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਉਠਾਉਣਗੇ।
________________________________
ਸਰਕਾਰ ਦੀ ਘੇਸਲ ਉਤੇ ਸਵਾਲ
ਚੰਡੀਗੜ੍ਹ: ਸੂਬੇ ਵਿਚ ਮਹਿਲਾ ਕਮਿਸ਼ਨ, ਐਨæਆਰæਆਈæ ਕਮਿਸ਼ਨ ਅਤੇ ਏæਡੀæਜੀæਪੀæ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਐਨæਆਰæਆਈæ ਸੈੱਲ ਸਥਾਪਤ ਕੀਤੇ ਗਏ ਹਨ, ਪਰ ਵਿਦੇਸ਼ ਰਹਿੰਦੇ ਕਿਸੇ ਵਿਅਕਤੀ ਨੂੰ ਵਾਪਸ ਲੈ ਆਉਣ ਦਾ ਮਾਮਲਾ ਸਿੱਧਾ ਅਤੇ ਸੁਖਾਲਾ ਨਹੀਂ ਹੈ। ਸਰਕਾਰ ਉਤੇ ਮਾਮਲੇ ‘ਤੇ ਗੌਰ ਕਰਦੀ ਹੈ ਜੋ ਸੁਰਖੀਆਂ ਵਿਚ ਆਉਂਦਾ ਹੈ। ਇਕ ਗੈਰ ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਵੱਖ-ਵੱਖ ਦੇਸ਼ਾਂ ਵਿਚ ਸ਼ਾਦੀਸ਼ੁਦਾ ਪੰਜਾਬ ਦੀਆਂ ਵੀਹ ਹਜ਼ਾਰ ਤੋਂ ਵੱਧ ਮੁਟਿਆਰਾਂ ਆਪਣੇ ਪਤੀਆਂ ਨੂੰ ਉਡੀਕਦੀਆਂ ਉਮਰ ਦਰਾਜ਼ ਹੋ ਚੁੱਕੀਆਂ ਹਨ ਅਤੇ ਹੋ ਰਹੀਆਂ ਹਨ।