ਸੂਰਬੀਰ ਯੋਧਿਆਂ ਦੀ ਬਹਾਦਰੀ ਦੀ ਤਰਜਮਾਨ ਹੈ, ਵਾਰ ਹੀਰੋਜ਼ ਮਿਊਜ਼ੀਅਮ

ਅੰਮ੍ਰਿਤਸਰ:ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ ਉਤੇ ਸ਼ਾਮ ਸਿੰਘ ਅਟਾਰੀਵਾਲਾ ਚੌਂਕ ਨੇੜੇ ਸੱਤ ਏਕੜ ਰਕਬੇ ਵਿਚ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ’ ਦੇਸ਼ ਦੀ ਰੱਖਿਆ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸੂਰਬੀਰ ਯੋਧਿਆਂ, ਸਦੀਆਂ ਪੁਰਾਣੇ ਯੁੱਧਾਂ ਜੰਗਾਂ ਅਤੇ ਭਾਰਤੀ ਫੌਜ ਦੇ ਗੌਰਵਮਈ ਇਤਿਹਾਸ ਤੋਂ ਦਰਸ਼ਕਾਂ ਨੂੰ ਰੂ-ਬਰੂ ਕਰਵਾ ਰਿਹਾ ਹੈ।

ਮੈਮੋਰੀਅਲ ਵਿਚ ਸ਼ਕਤੀ ਦੇ ਪ੍ਰਤੀਕ ਵਜੋਂ ਸਥਾਪਤ ਕੀਤੀ ਗਈ ਮਾਈਲਡ ਸਟੀਲ ਦੀ 54 ਟਨ ਭਾਰੀ ਤੇ 45 ਮੀਟਰ ਉਚੀ ਤਲਵਾਰ ਇਸ ਸੜਕ ਤੋਂ ਲੰਘ ਕੇ ਅਟਾਰੀ-ਵਾਹਗਾ ਸਰਹੱਦ ਉਤੇ ਝੰਡਾ ਉਤਾਰਨ ਦੀ ਰਸਮ ਵੇਖਣ ਜਾਣ ਵਾਲੇ ਸੈਲਾਨੀਆਂ ਦਾ ਧਿਆਨ ਖ਼ੁਦ-ਬਖ਼ੁਦ ਆਪਣੇ ਵਲ ਖਿੱਚ ਲੈਂਦੀ ਹੈ ਅਤੇ ਉਹ ਸੈਲਾਨੀ ਇਸ ਯਾਦਗਾਰ ਵਿਚ ਦਸਤਕ ਦੇਣਾ ਨਹੀਂ ਖੁੰਝਦੇ। ਪਿਛਲੇ ਵਰ੍ਹੇ 70 ਹਜ਼ਾਰ ਤੋਂ ਵਧੇਰੇ ਦਰਸ਼ਕ ਉਕਤ ਯਾਦਗਾਰ ‘ਚ ਹਾਜ਼ਰੀ ਭਰ ਚੁੱਕੇ ਹਨ। ਮੈਮੋਰੀਅਲ ਦੇ ਜਨਰਲ ਮੈਨੇਜਰ ਕਰਨਲ ਐਚæਪੀæ ਸਿੰਘ ਦੱਸਦੇ ਹਨ ਕਿ ਉਕਤ ਤਲਵਾਰ ਵਿਸ਼ਵ ਦੀ ਸਭ ਤੋਂ ਉਚੀ ਤਲਵਾਰ ਹੈ ਅਤੇ ਇਹ ਰਾਮ ਵੀਰ ਸੁਤਾਰ ਵੱਲੋਂ ਡਿਜ਼ਾਈਨ ਕੀਤੀ ਗਈ ਹੈ। ਇਹ ਤਲਵਾਰ ਪੰਜ ਹਿੱਸਿਆਂ ਵਿਚ ਮੁੰਬਈ ਤੋਂ ਉਕਤ ਮੈਮੋਰੀਅਲ ਵਿਚ ਲਿਆਂਦੀ ਗਈ ਸੀ।
ਮੈਮੋਰੀਅਲ ਵਿਚ 9 ਗੈਲਰੀਆਂ ਉਸਾਰੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 6 ਬਿਲਕੁਲ ਤਿਆਰ ਹੋ ਚੁੱਕੀਆਂ ਹਨ, ਜਦੋਂ ਕਿ ਇਕ ਨੂੰ ਫਰਵਰੀ ਮਹੀਨੇ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਇਨ੍ਹਾਂ ਗੈਲਰੀਆਂ ਸਮੇਤ ਹੋਰਨਾਂ ਬਾਰੇ ਜਾਣਕਾਰੀ ਦੇਣ ਲਈ ਪੰਜ ਗਾਈਡ ਨਿਯੁਕਤ ਕੀਤੇ ਗਏ ਹਨ। ਗੈਲਰੀਆਂ ਬਾਰੇ ਜਾਣਕਾਰੀ ਦਿੰਦਿਆਂ ਗਾਈਡ ਹੈੱਡ ਸੰਦੀਪ ਕੌਰ ਨੇ ਦੱਸਿਆ ਕਿ ਪਹਿਲੀ ਗੈਲਰੀ ਵਿਚ 4 ਹਜ਼ਾਰ ਸਾਲ ਪੁਰਾਣਾ ਜੰਗਾਂ ਯੁੱਧਾਂ ਦਾ ਇਤਿਹਾਸ, ਸਿਕੰਦਰ ਪੋਰਸ ਦੇ ਯੁੱਧ, ਅਸ਼ੋਕਾ ਚੱਕਰ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਤ ਉਕਤ ਗੈਲਰੀ ‘ਚ ਮੌਜੂਦ ਡੌਮ ਥੀਏਟਰ ਵਿਚ ਆਧੁਨਿਕ ਤਕਨੀਕਾਂ ਰਾਹੀਂ ਤਿਆਰ ਐਚæਡੀæ ਮੂਵੀ ਵੱਲੋਂ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਸੰਖੇਪ ਜੀਵਨ ਦਰਸਾਇਆ ਜਾ ਰਿਹਾ ਹੈ।
ਦੂਜੀ ਗੈਲਰੀ ਵਿਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸੰਕਲਪ ਤੇ ਉਨ੍ਹਾਂ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਰਚਨਾ ਕੀਤੇ ਜਾਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰਨਾਂ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਚਿੱਤਰਾਂ ਰਾਹੀਂ ਵਿਖਾਇਆ ਗਿਆ ਹੈ।
ਤੀਜੀ ਗੈਲਰੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਲਾਹੌਰ ਦਰਬਾਰ ਅਤੇ ਦਰਬਾਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ, ਸਿੱਖ ਦਰਬਾਰ ਵੱਲੋਂ ਲੜੀਆਂ ਵੱਖ-ਵੱਖ ਜੰਗਾਂ, ਐਂਗਲੋ-ਸਿੱਖ ਯੁੱਧ ਤੇ ਕੋਹੇਨੂਰ ਹੀਰੇ ਦੀ ਪ੍ਰਾਪਤੀ ਬਾਰੇ ਸੰਪੂਰਨ ਹਾਲ ਸਿਲੀਕਾਨ ਦੇ ਬਣੇ ਆਦਮ ਕੱਦ ਬੁੱਤਾਂ ਅਤੇ ਆਧੁਨਿਕ ਤਕਨੀਕਾਂ ਦੁਆਰਾ ਵਿਸਥਾਰ ਸਹਿਤ ਪੇਸ਼ ਕੀਤਾ ਗਿਆ ਹੈ। ਚੌਥੀ ਗੈਲਰੀ ਜਿਸ ਦਾ ਕਿ ਕੁਝ ਹਿੱਸਾ ਅਜੇ ਨਿਰਮਾਣ ਅਧੀਨ ਹੈ, ਇਸ ਵਿਚ ਪੰਜਾਬ ਦੀ ਅੰਗਰੇਜ਼ੀ ਰਾਜ ਦੀ ਸਥਾਪਤੀ, ਸਾਰਾਗੜ੍ਹੀ ਕਿਲ੍ਹੇ ਵਿਚ 21 ਸਿੱਖ ਸੈਨਿਕਾਂ ਦੀ ਸ਼ਹਾਦਤ ਅਤੇ ਸੰਨ 1849 ਤੋਂ ਲੈ ਕੇ ਦੇਸ਼ ਦੀ ਵੰਡ ਤੱਕ ਲੜੀਆਂ ਗਈਆਂ ਵੱਖ-ਵੱਖ ਜੰਗਾਂ ਦਾ ਇਤਿਹਾਸ ਦਰਸਾਇਆ ਗਿਆ ਹੈ। ਪੰਜਵੀਂ ਗੈਲਰੀ ਵਿਚ ਸੰਨ 1947-48 ‘ਚ ਪਾਕਿਸਤਾਨੀ ਘੁਸਪੈਠੀਆਂ ਵੱਲੋਂ ਕਸ਼ਮੀਰ ‘ਤੇ ਕੀਤੇ ਹਮਲੇ ਦੀ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ। ਛੇਵੀਂ ਗੈਲਰੀ ਵਿਚ 1962 ਦੇ ਭਾਰਤ-ਚੀਨ ਯੁੱਧ ਅਤੇ ਸੰਨ 1965 ਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਸਮੇਤ ਸਾਲ 1999 ‘ਚ ਹੋਈ ਕਾਰਗਿਲ ਜੰਗ ਸਬੰਧੀ ਮੁਕੰਮਲ ਜਾਣਕਾਰੀ ਤਸਵੀਰਾਂ, ਮਾਡਲਾਂ ਅਤੇ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਦਰਸਾਈ ਗਈ ਹੈ। ਜੰਗਾਂ ਦੌਰਾਨ ਇਸਤੇਮਾਲ ‘ਚ ਲਿਆਂਦੇ ਸ਼ਸਤਰਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਸਤਵੀਂ ਗੈਲਰੀ ਵਿਚ ਸੰਨ 1971 ਦੀ ਜੰਗ ਵਿਚ ਲਾਸਾਨੀ ਬਹਾਦਰੀ ਦਿਖਾਉਂਦਿਆਂ ਚੱਕਰ ਪ੍ਰਾਪਤ ਕਰਨ ਵਾਲੇ ਸੈਨਿਕਾਂ ਬਾਰੇ ਸਾਰੀ ਜਾਣਕਾਰੀ ਤਸਵੀਰਾਂ ਦੀ ਮਾਰਫਤ ਬਿਆਨ ਕੀਤੀ ਗਈ ਹੈ, ਜਦੋਂ ਕਿ 8ਵੀਂ ਤੇ 9ਵੀਂ ਗੈਲਰੀ ਦਾ ਨਿਰਮਾਣ ਅਜੇ ਜਾਰੀ ਹੈ ਅਤੇ ਇਨ੍ਹਾਂ ਦੇ ਬਣਨ ਉਪਰੰਤ ਇਨ੍ਹਾਂ ਵਿਚ ਭਾਰਤੀ ਫੌਜ ਵੱਲੋਂ ਅਜੇ ਤੱਕ ਦੀਆਂ ਜੰਗਾਂ ‘ਚ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਪ੍ਰਦਰਸ਼ਨੀ ਹਿੱਤ ਰੱਖਿਆ ਜਾਵੇਗਾ।