ਕੈਪਟਨ ਸਰਕਾਰ ਦੀਆਂ ਜੜ੍ਹਾਂ ਵਿਚ ਬੈਠੀ ਖੱਡਾਂ ਦੀ ਨਿਲਾਮੀ ਵਿਚਲੀ ਗੜਬੜੀ

ਚੰਡੀਗੜ੍ਹ: ਰੇਤ ਖੱਡਾਂ ਦੀ ਨਿਲਾਮੀ ਦੇ ਮਾਮਲੇ ਵਿਚ ਪੰਜਾਬ ਦੇ ਬਿਜਲੀ ਤੇ ਸਨਅਤ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰੀਬੀਆਂ ਦੀ ਭੂਮਿਕਾ ਨੂੰ ਲੈ ਕੇ ਉਪਜਿਆ ਵਿਵਾਦ ਇਸ ਮੰਤਰੀ ਦਾ ਖਹਿੜਾ ਨਹੀਂ ਛੱਡ ਰਿਹਾ। ਰਾਣਾ ਦੇ ਹਰ ਦਾਅਵੇ ਤੋਂ ਬਾਅਦ ਨਵੇਂ ਦਸਤਾਵੇਜ਼ ਸਾਹਮਣੇ ਆ ਜਾਂਦੇ ਹਨ ਜੋ ਇਸ ਵਿਵਾਦ ਵਿਚ ਰਾਣਾ ਦੇ ਕਰੀਬੀਆਂ ਦਾ ਰੋਲ ਵੱਧ ਡੂੰਘਾ ਹੋਣ ਅਤੇ ਪੈਸਿਆਂ ਦਾ ਲੈਣ-ਦੇਣ ਵੱਧ ਸ਼ੱਕੀ ਢੰਗਾਂ ਨਾਲ ਹੋਣ ਦਾ ਪ੍ਰਭਾਵ ਪੈਦਾ ਕਰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਖਾਮੋਸ਼ੀ ਧਾਰੀ ਹੋਈ ਹੈ।

ਸਿੰਜਾਈ ਘੁਟਾਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਦੀ ਇਕ ਫਰਮ ਤੋਂ ਰਾਣਾ ਗੁਰਜੀਤ ਸਿੰਘ ਦੇ ਸਾਬਕਾ ਖਾਨਸਾਮੇ ਅਮਿਤ ਬਹਾਦਰ ਵੱਲੋਂ ਲਏ ਪੰਜ ਕਰੋੜ ਰੁਪਏ ਦੇ ਮਾਮਲੇ ਬਾਰੇ ਕੈਪਟਨ ਦੇ ਵਜ਼ਾਰਤੀ ਸਹਿਯੋਗੀਆਂ ਨੇ ਦਬੀ ਜ਼ੁਬਾਨ ਵਿਚ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਸਮੁੱਚਾ ਮਾਮਲਾ ਕਾਂਗਰਸ ਸਰਕਾਰ ਦੇ ਅਕਸ ਨੂੰ ਢਾਹ ਲਾ ਰਿਹਾ ਹੈ। ਦਬੀ ਜ਼ੁਬਾਨ ਵਿਚ ਬੋਲਣ ਦੀ ਥਾਂ ਸਥਾਨਕ ਸਵੈ-ਸ਼ਾਸਨ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਾਂ ਖੁੱਲ੍ਹੇਆਮ ਕਹਿ ਦਿੱਤਾ ਹੈ ਕਿ ਅਮਿਤ ਬਹਾਦਰ ਨੂੰ ਪੰਜ ਕਰੋੜ ਦਿੱਤੇ ਜਾਣ ਦੀ ਜਾਂਚ ਹੋਣੀ ਚਾਹੀਦੀ ਹੈ। ਉਂਜ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਜਾਂਚ ਕਰਵਾਉਣੀ ਹੈ ਜਾਂ ਨਹੀਂ, ਇਹ ਫੈਸਲਾ ਮੁੱਖ ਮੰਤਰੀ ਨੇ ਲੈਣਾ ਹੈ। ਸਿੰਜਾਈ ਘੁਟਾਲੇ ਨਾਲ ਜੁੜੇ ਠੇਕੇਦਾਰ ਗੁਰਿੰਦਰ ਸਿੰਘ ਦੇ ਹੱਥ ਲੰਮੇ ਹੋਣ ਬਾਰੇ ਮੀਡੀਆ ਵਿਚ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਹੁੰਦੀ ਆ ਰਹੀ ਹੈ। ਉਸ ਦੇ ਇਕ ਸੀਨੀਅਰ ਆਈæਏæਐਸ਼ ਅਫਸਰ ਨਾਲ ਕਾਰੋਬਾਰੀ ਸਬੰਧਾਂ ਦਾ ਮਾਮਲਾ ਵੀ ਪੰਜਾਬ ਵਿਜੀਲੈਂਸ ਦੀ ਜਾਂਚ-ਅਧੀਨ ਹੈ।
ਰਾਣਾ ਗੁਰਜੀਤ ਸਿੰਘ ਜਿਥੇ ਰੇਤ ਖੱਡਾਂ ਦੀ ਨਿਲਾਮੀ ਵਿਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਚਾਰ ਮੁਲਾਜ਼ਮਾਂ ਤੋਂ ਆਪਣੇ ਆਪ ਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਥੇ ਉਨ੍ਹਾਂ ਦੇ ਨਿਲਾਮੀ ਲਾਉਣ ਵਾਲਿਆਂ ਵਿਚੋਂ ਇਕ ਕਰਿੰਦੇ ਨਾਲ ਤਾਰ ਜੁੜੇ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬੋਲੀ ਲਾਉਣ ਵਾਲਿਆਂ ਨੇ ਖੱਡਾਂ ਦੀ ਨਿਲਾਮੀ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨੌਕਰੀ ਛੱਡ ਦਿੱਤੀ ਸੀ।
ਮੰਤਰੀ ਦਾ ਖਾਨਸਾਮਾ ਅਮਿਤ ਬਹਾਦੁਰ ਅਤੇ ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ ਨੇ ਦੋ ਖੱਡਾਂ ਹਾਸਲ ਕੀਤੀਆਂ ਸੀ, ਜਦੋਂ ਕਿ ਦੋ ਹੋਰਨਾਂ ਮੁਲਾਜ਼ਮਾਂ ਬਲਰਾਜ ਸਿੰਘ ਅਤੇ ਗੁਰਿੰਦਰ ਸਿੰਘ ਨੇ ਵੀ ਸਫਲ ਬੋਲੀ ਲਾਈ ਸੀ ਪਰ ਉਹ ਪਹਿਲੀ ਕਿਸ਼ਤ ਜਮ੍ਹਾਂ ਕਰਾਉਣ ਵਿਚ ਅਸਫਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਖੱਡਾਂ ਅਲਾਟ ਨਹੀਂ ਕੀਤੀਆਂ ਗਈਆਂ। ਬਲਰਾਜ ਸਿੰਘ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਰਸਾਲ ਪਿੰਡ ਵਿਚ ਰੇਤੇ ਦੀ ਖਾਣ ਲਈ 9æ11 ਕਰੋੜ ਦੀ ਸਫਲ ਬੋਲੀ ਲਾਈ ਸੀ। ਵਿਭਾਗ ਨੂੰ ਮੁਹੱਈਆ ਕਰਵਾਈ ਜਾਣਕਾਰੀ ਵਿਚ ਉਸ ਨੇ ਆਪਣਾ ਪਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਬੁੱਟਰ ਸਿਵੀਆ ਪਿੰਡ ਵਿਚ ਰਾਣਾ ਖੰਡ ਮਿੱਲ ਦਰਸਾਇਆ ਸੀ। ਇਹ ਮਿੱਲ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੇ ਨਾਂ ਹੈ।
_________________________________________
ਈæਡੀæ ਵੱਲੋਂ ਰਾਣਾ ਗੁਰਜੀਤ ਦੇ ਪੁੱਤਰ ਨੂੰ ਸੰਮਨ
ਜਲੰਧਰ: ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ਉਤੇ ਵਿਦੇਸ਼ ਵਿਚ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿਚ 1æ8 ਕਰੋੜ ਅਮਰੀਕੀ ਡਾਲਰ (ਲਗਭਗ ਸੌ ਕਰੋੜ ਰੁਪਏ) ਜੁਟਾਉਣ ਦੇ ਦੋਸ਼ ਵਿਚ 17 ਜਨਵਰੀ ਲਈ ਸੰਮਨ ਜਾਰੀ ਕੀਤੇ ਹਨ। ਈæਡੀæ ਦਾ ਮੰਨਣਾ ਹੈ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖਰੀਦੋ ਫਰੋਖਤ ਮੌਕੇ ਭਾਰਤੀ ਰਿਜ਼ਰਵ ਬੈਂਕ ਦੀ ਲਾਜ਼ਮੀ ਪ੍ਰਵਾਨਗੀ ਨੂੰ ਦਰਕਿਨਾਰ ਕੀਤਾ। ਇੰਦਰ ਪ੍ਰਤਾਪ ਰਾਣਾ ਸ਼ੂਗਰਜ਼ ਦਾ ਮੈਨੇਜਿੰਗ ਡਾਇਰੈਕਟਰ ਹੈ।