ਮਾਰੂ ਸਾਬਤ ਹੋਰ ਰਿਹਾ ਹੈ ਵਿਆਹ ਸਮਾਗਮਾਂ ਵਿਚ ਹਥਿਆਰਾਂ ਦਾ ਸ਼ੌਕ

ਚੰਡੀਗੜ੍ਹ: ਅੰਮ੍ਰਿਤਸਰ ਰੋਡ ਉਤੇ ਇਕ ਪੈਲੇਸ ਵਿਚ ਸ਼ਗਨ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਨੌਜਵਾਨ ਅਮਨਦੀਪ ਸਿੰਘ ਦੀ ਮੌਤ ਨੇ ਅਜਿਹੇ ਸਮਾਗਮਾਂ ਵਿਚ ਅਸਲਾ ਰੱਖਣ ਤੇ ਫਾਇਰ ਕਰਨ ਬਾਰੇ ਸਰਕਾਰੀ ਸਖਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਿੰਡ ਕਲੇਰ ਦਾ ਅੰਮ੍ਰਿਤਧਾਰੀ ਨੌਜਵਾਨ ਸ਼ਗਨ ਸਮਾਗਮ ਵਿਚ ਆਇਆ ਸੀ। ਸ਼ਾਮ ਨੂੰ ਭੰਗੜਾ ਪਾਉਂਦੇ ਸਮੇਂ ਅਚਾਨਕ ਇਕ ਗੋਲੀ ਅਮਨਦੀਪ ਨੂੰ ਜਾ ਲੱਗੀ। ਵਿਆਹ ਸਮਾਗਮਾਂ ਵਿਚ ਗੋਲੀ ਨਾਲ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ।

ਡੀæਜੇæ ਉਤੇ ਵੱਜਦੇ ਗੀਤਾਂ ਦੀ ਲੋਰ ਵਿਚ ਬਦਹਵਾਸ ਹੋਏ ਵਿਅਕਤੀਆਂ ਨੇ ਪਿਛਲੇ ਦੋ ਸਾਲਾਂ ਦੌਰਾਨ ਹੀ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਬੀਤੇ ਸਾਲ 12 ਦਸੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ‘ਸਨ ਸਾਹਿਬ ਰੋਡ’ ਸਥਿਤ ਰਿਜ਼ੋਰਟ ਵਿਚ ਦੋ ਗਰੁੱਪਾਂ ਦੇ ਝਗੜੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਅਤੇ ਤਿੰਨ ਨੂੰ ਪਤਾ ਨਹੀਂ ਕਿੰਨਾ ਸਮਾਂ ਹਸਪਤਾਲ ਵਿਚ ਰਹਿਣਾ ਪਿਆ ਹੋਵੇਗਾ। 19 ਨਵੰਬਰ 2017 ਨੂੰ ਕੋਟਕਪੂਰੇ ਨੇੜੇ ਵਿਆਹ ਦੇ ਜਸ਼ਨ ਨੇ ਇਕ ਅੱਠ ਸਾਲਾ ਬੱਚੇ ਦੀ ਬਲੀ ਲੈ ਲਈ। 2016 ਵਿਚ 13 ਫਰਵਰੀ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਾੜਵਾਲਾ ਵਿਚ ਵਿਆਹ ਮੌਕੇ ਗੋਲੀ ਚੱਲਣ ਨਾਲ 48 ਸਾਲਾ ਸੁਰਜੀਤ ਕੌਰ ਦੀ ਮੌਤ ਹੋ ਗਈ ਤੇ ਖੁਸ਼ੀਆਂ ਗਮੀ ਵਿਚ ਬਦਲ ਗਈਆਂ। ਇਸੇ ਮਹੀਨੇ 28 ਤਰੀਕ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਚ ਇਕ ਅਧਿਆਪਕਾ ਜਾਨੋਂ ਹੱਥ ਧੋ ਬੈਠੀ। 22 ਜੂਨ ਨੂੰ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਵਿਆਹ ਸਮਾਗਮ ਸਮੇਂ ਗੋਲੀ ਲੱਗਣ ਨਾਲ ਲਾੜਾ ਹੀ ਜ਼ਖ਼ਮੀ ਹੋ ਗਿਆ। ਗੋਲੀ ਮੋਢੇ ‘ਤੇ ਲੱਗੀ ਹੋਣ ਕਾਰਨ ਉਸ ਦੀ ਜਾਨ ਬਚ ਗਈ ਤੇ ਉਸ ਦਾ ਦੋਸਤ ਗੰਭੀਰ ਜਖ਼ਮੀ ਹੋ ਗਿਆ।
ਇਸੇ ਸਾਲ 4 ਜੁਲਾਈ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦੇ ਅਕਾਲੀ ਸਰਪੰਚ ਵੱਲੋਂ ਲੋਰ ਵਿਚ ਆ ਕੇ ਚਲਾਈ ਗੋਲੀ ਨਾਲ ਇਕ ਦੀ ਜਾਨ ਚਲੀ ਗਈ ਅਤੇ ਰੋਜ਼ੀ-ਰੋਟੀ ਲਈ ਬਰਾਤੀਆਂ ਦੀ ਸੇਵਾ ਵਿਚ ਲੱਗਾ ਵੇਟਰ ਜ਼ਖ਼ਮੀ ਹੋ ਗਿਆ। ਅਕਤੂਬਰ 2016 ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਦਰਾਬਾਦ ਦੀ 70 ਸਾਲਾ ਸੁਰਜੀਤ ਕੌਰ ਜਸ਼ਨਾਂ ਦੀ ਲੋਰ ਵਿਚ ਚੱਲੀ ਗੋਲੀ ਦਾ ਸ਼ਿਕਾਰ ਹੋ ਗਈ। ਦਸੰਬਰ 2016 ਨੂੰ ਬਠਿੰਡਾ ਵਿਚ ਇਕ ਵਿਆਹ ਸਮਾਗਮ ਦੌਰਾਨ 25 ਸਾਲਾ ਡਾਂਸਰ ਕੁਲਵਿੰਦਰ ਕੌਰ ਹਥਿਆਰਾਂ ਦੇ ਰੁਝਾਨ ਦੀ ਸ਼ਿਕਾਰ ਹੋ ਗਈ।
ਇਕ ਅੰਦਾਜ਼ੇ ਮੁਤਾਬਕ ਪੰਜਾਬ ਵਿਚ ਤਿੰਨ ਹਜ਼ਾਰ ਦੇ ਕਰੀਬ ਮੈਰਿਜ ਪੈਲੇਸ ਹਨ ਤੇ ਜ਼ਿਆਦਾਤਰ ਮੱਧ ਵਰਗੀ ਪਰਿਵਾਰ ਹੁਣ ਆਪਣੇ ਮੁੰਡੇ-ਕੁੜੀਆਂ ਦੇ ਵਿਆਹ ਮੈਰਿਜ ਪੈਲੇਸਾਂ ਵਿਚ ਹੀ ਕਰਦੇ ਹਨ। ਇਕ ਸਰਵੇਖਣ ਮੁਤਾਬਕ ਮੈਰਿਜ ਪੈਲੇਸਾਂ ਵਿਚ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਵਿਆਹ ਹੁੰਦੇ ਹਨ। ਇਸ ਤੋਂ ਬਿਨਾਂ ਵੱਡੇ ਸ਼ਹਿਰਾਂ ਵਿਚਲੇ ਪੰਜ ਤਾਰਾ ਤੇ ਛੋਟੇ ਮੋਟੇ ਹੋਟਲਾਂ, ਵੱਡੇ ਟੈਂਟਾਂ ਅਤੇ ਘਰਾਂ ਵਿਚ ਹੁੰਦੇ ਵਿਆਹਾਂ ਸਮੇਤ ਸੂਬੇ ਵਿਚ ਸਾਲਾਨਾ 4 ਲੱਖ ਦੇ ਕਰੀਬ ਵਿਆਹ-ਸ਼ਾਦੀਆਂ ਹੋਣ ਦੀ ਗੱਲ ਮੰਨੀ ਜਾਂਦੀ ਹੈ। ਲੁਧਿਆਣਾ, ਮੁਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ ਸ਼ਹਿਰਾਂ ਦੇ ਆਸ-ਪਾਸ ਅਜਿਹੇ ਮੈਰਿਜ ਪੈਲੇਸਾਂ ਦੀ ਵੱਡੀ ਗਿਣਤੀ ਹੈ, ਜਿਥੇ ਇਕ ਵਿਆਹ ਕਰਨ ਦਾ ਖਰਚ 10 ਤੋਂ 20 ਲੱਖ ਰੁਪਏ (ਕਿਰਾਇਆ ਤੇ ਖਾਣ-ਪੀਣ) ਤੱਕ ਵਸੂਲ ਕੀਤਾ ਜਾਂਦਾ ਹੈ। ਪੰਜਾਬ ਦੇ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਵੱਲੋਂ ਵੀ ਆਪਣੇ ਧੀਆਂ-ਪੁੱਤਾਂ ਦੇ ਵਿਆਹ ਇਨ੍ਹਾਂ ਸ਼ਹਿਰਾਂ ਵਿਚ ਹੀ ਕੀਤੇ ਜਾਂਦੇ ਹਨ। ਇਨ੍ਹਾਂ ਮੈਰਿਜ ਪੈਲੇਸਾਂ ਦੀ ਗਿਣਤੀ 150 ਤੋਂ 200 ਦੇ ਵਿਚਕਾਰ ਹੈ। ਕਰ ਤੇ ਆਬਕਾਰੀ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਇਨ੍ਹਾਂ ਪੈਲੇਸਾਂ ਵਿਚ ਵਿਆਹ ਦੇ ਇਕ ਸਮਾਗਮ ਦਾ ਖਰਚ ਕਈ ਵਾਰੀ 10 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਵੀ ਪੁੱਜ ਜਾਂਦਾ ਹੈ। ਪੰਜਾਬ ਦੇ ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹਾਂ ਲਈ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ-ਨਿਰਦੇਸ਼ ਮਹਿਜ਼ ਖਾਨਾਪੂਰਤੀ ਹਨ।
ਵਿਆਹਾਂ ਵਿਚ ਸ਼ਰਾਬ ਨਾਲ ਧੁੱਤ ਹੋ ਕੇ ਫਾਇਰਿੰਗ ਕਰਨ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬੀ ਦੇ ਪ੍ਰਸਿੱਧ ਗਾਇਕ ਦਿਲਸ਼ਾਦ ਅਖਤਰ ਵੀ ਇਕ ਵਿਆਹ ਸਮਾਗਮ ਦੌਰਾਨ ਹੀ ਪੁਲਿਸ ਅਫਸਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਪੰਜਾਬ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਰਿਜ ਪੈਲੇਸਾਂ ਵਿਚ ਹਥਿਆਰ ਲਿਆਉਣ ਤੇ ਗੋਲੀ ਚਲਾਉਣ ਤੋਂ ਰੋਕਣ ਵਿਚ ਪੁਲਿਸ ਪ੍ਰਸ਼ਾਸਨ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀæਜੀæਪੀæ ਪੰਜਾਬ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਕਿ ਹਥਿਆਰ ਲਿਆਉਣ ਤੋਂ ਰੋਕਣ ਵਿਚ ਪੁਲਿਸ ਪ੍ਰਸ਼ਾਸਨ ਮਦਦ ਕਰੇ, ਪਰ ਅਜੇ ਤੱਕ ਪੁਲਿਸ ਨੇ ਲੋੜੀਂਦੇ ਕਦਮ ਨਹੀਂ ਚੁੱਕੇ।