ਵੀਡੀਓ ਮਾਮਲਾ: ਚੱਢਾ ਦੇ ਪੁੱਤਰ ਵੱਲੋਂ ਖੁਦਕੁਸ਼ੀ

ਅੰਮ੍ਰਿਤਸਰ: ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਘਿਰੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੀ ਫਾਰਚੂਨਰ ਗੱਡੀ ਵਿਚ ਸਿਰ ‘ਚ ਗੋਲੀ ਮਾਰ ਲਈ। ਇੰਦਰਪ੍ਰੀਤ ਸਿੰਘ ਨੇ ਇਕ ਲੰਮਾ ਖੁਦਕੁਸ਼ੀ ਨੋਟ ਛੱਡਿਆ ਹੈ।

ਇੰਦਰਪ੍ਰੀਤ ਸਿੰਘ ਆਪਣੇ ਡਰਾਈਵਰ ਰਾਜ ਕੁਮਾਰ ਨਾਲ ਅਜਨਾਲਾ ਰੋਡ ਉਤੇ ਕਿਸੇ ਡਾਕਟਰ ਨੂੰ ਮਿਲਣ ਗਿਆ ਸੀ। ਉਥੇ ਪਹੁੰਚ ਕੇ ਉਸ ਨੇ ਡਰਾਈਵਰ ਨੂੰ ਕਿਹਾ ਕਿ ਉਹ ਪਤਾ ਕਰ ਕੇ ਆਵੇ ਕਿ ਡਾਕਟਰ ਹੈ ਜਾਂ ਨਹੀਂ।
ਇਸੇ ਦੌਰਾਨ ਇੰਦਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਡਰਾਈਵਰ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਦਰਪ੍ਰੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਮੀਤ ਪ੍ਰਧਾਨ ਸਨ। ਸਕੂਲ ਪ੍ਰਿੰਸੀਪਲ ਵੱਲੋਂ ਉਸ ਦੇ ਪਿਤਾ ਖਿਲਾਫ ਦਰਜ ਕਰਾਏ ਕੇਸ ਵਿਚ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਇੰਦਰਪ੍ਰੀਤ ‘ਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਚਰਨਜੀਤ ਸਿੰਘ ਚੱਢਾ ਦੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਬਾਅਦ ਸਕੂਲ ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਘਟਨਾਕ੍ਰਮ ਬਾਅਦ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚਰਨਜੀਤ ਚੱਢਾ ਅਤੇ ਇੰਦਰਪ੍ਰੀਤ ਚੱਢਾ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਸੁਸਾਇਟੀ ਦੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਸੀ। ਇੰਦਰਪ੍ਰੀਤ ਸਿੰਘ ਨੂੰ ਸਥਾਨਕ ਅਦਾਲਤ ਵੱਲੋਂ ਇਸ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਪੜਤਾਲ ਵਿਚ ਪੂਰਾ ਸਹਿਯੋਗ ਦੇਵੇਗਾ। ਪੁਲਿਸ ਕਮਿਸ਼ਨਰ ਵੱਲੋਂ ਬਣਾਈ ਜਾਂਚ ਕਮੇਟੀ ਅੱਗੇ ਉਹ ਪੇਸ਼ ਹੋਇਆ ਸੀ। ਉਸ ਨੇ ਜਾਂਚ ਟੀਮ ਨੂੰ ਦੱਸਿਆ ਸੀ ਕਿ ਉਸ ਦਾ ਆਪਣੇ ਪਿਤਾ ਦੀ ਵੀਡੀਓ ਕਲਿੱਪ ਤੇ ਫੋਨ ਕਾਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਸ ਨੂੰ ਇਸ ਮਾਮਲੇ ਵਿਚ ਨਾਜਾਇਜ਼ ਫਸਾਇਆ ਜਾ ਰਿਹਾ ਹੈ।
____________________________________________
ਇੰਦਰਪ੍ਰੀਤ ਸਿੰਘ ਚੱਢਾ ਦੇ ਆਖਰੀ ਹਰਫ
ਅੰਮ੍ਰਿਤਸਰ: ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਦੋ ਪੱਤਰ ਲਿਖੇ ਗਏ ਸਨ, ਜਿਨ੍ਹਾਂ ਵਿਚ ਉਸ ਨੇ ਆਪਣੇ ਪਿਤਾ ਅਤੇ ਉਸ ਨੂੰ ਬਦਨਾਮ ਕਰਨ ਪਿੱਛੇ ਡੂੰਘੀ ਸਾਜ਼ਿਸ਼ ਰਚੇ ਜਾਣ ਦੀ ਗੱਲ ਕਹੀ ਹੈ। ਵਿਸ਼ਵ ਦੇ ਨਾਂ ਲਿਖਿਆ ਪੱਤਰ (ਟੂ ਦਿ ਵਰਲਡ) 14 ਸਫਿਆਂ ਦਾ ਹੈ, ਜਿਸ ਉਪਰ ਉਸ ਦੇ ਦਸਤਖਤ ਨਹੀਂ ਹਨ, ਜਦਕਿ ਮੁੱਖ ਮੰਤਰੀ ਦੇ ਨਾਂ ਲਿਖਿਆ ਪੱਤਰ 4 ਸਫਿਆਂ ਦਾ ਹੈ, ਜਿਸ ਵਿਚ ਉਸ ਦੇ ਦਸਤਖਤ ਵੀ ਹਨ। 14 ਸਫਿਆਂ ਦੇ ਪੱਤਰ ਵਿਚ ਉਸ ਨੇ ਲਿਖਿਆ ਹੈ ਕਿ ਉਹ ਵਾਇਰਲ ਹੋਈ ਵੀਡਿਓ ਦੇ ਮਾਮਲੇ ਵਿਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਕੋਲ ਪੇਸ਼ ਹੋਇਆ ਸੀ, ਪਰ ਉਥੇ ਉਸ ਨੇ ਇਹ ਵੀਡੀਓ ਬਣਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਨਾਂ ਨਹੀਂ ਦੱਸੇ ਸਨ। ਉਸ ਨੇ ਇਸ ਪੱਤਰ ਵਿਚ ਕਈ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ।
ਪੱਤਰ ਵਿਚ ਆਪਣੇ ਭਰਾ ਹਰਜੀਤ ਸਿੰਘ, ਚੀਫ ਖਾਲਸਾ ਦੀਵਾਨ ਨਾਲ ਜੁੜੇ ਕੁਝ ਵਿਅਕਤੀਆਂ, ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗੁਰਸੇਵਕ ਸਿੰਘ, ਇਕ ਏæਡੀæਜੀæਪੀæ ਪੱਧਰ ਦੇ ਅਧਿਕਾਰੀ, ਇਕ ਸਾਬਕਾ ਕਾਂਗਰਸੀ ਆਗੂ ਦੇ ਨਾਂ ਦਾ ਜ਼ਿਕਰ ਕੀਤਾ ਹੈ। ਇਸ ਵੀਡਿਓ ਲਈ ਉਸ ਦੇ ਪਿਤਾ ਕੋਲੋਂ ਸਾਢੇ 4 ਕਰੋੜ ਰੁਪਏ ਮੰਗੇ ਗਏ ਸਨ। ਪੈਸੇ ਮੰਗਣ ਵਾਲਿਆਂ ਦੇ ਨਾਂ ਵੀ ਪੱਤਰ ਵਿਚ ਸ਼ਾਮਲ ਹਨ।