ਰਾਸ਼ਟਰਪਤੀ ਚੋਣ ਵੇਲੇ ਟਰੰਪ ਨੇ ਐਚ-1ਬੀ ਵੀਜ਼ੇ ਬਾਰੇ ਬਦਲੇ ਸਨ ਸੁਰ

ਵਾਸ਼ਿੰਗਟਨ: ਚੋਣ ਪ੍ਰਚਾਰ ਦੌਰਾਨ ਅਮਰੀਕਾ ਵਿਚ ਬਾਹਰੀ ਕਾਮਿਆਂ ਦੇ ਵਿਰੋਧੀ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੰਦਰਖਾਤੇ ਭਾਰਤੀ ਨੌਜਵਾਨ ਤਕਨੀਕੀ ਮਾਹਰਾਂ ਵਿਚ ਹਰਮਨ ਪਿਆਰੇ ਐਚ-1ਬੀ ਵੀਜ਼ੇ ਪ੍ਰਤੀ ਸੁਰ ਨਰਮ ਕਰ ਲਏ ਸਨ। ਇਹ ਖੁਲਾਸਾ ਇਕ ਅਮਰੀਕੀ ਲੇਖਕ ਨੇ ਆਪਣੀ ਕਿਤਾਬ ਵਿਚ ਕੀਤਾ ਹੈ।

ਪੱਤਰਕਾਰ ਮਿਸ਼ੇਲ ਵੌਲਫ ਦੀ ਲਿਖੀ ਕਿਤਾਬ ‘ਫਾਇਰ ਐਂਡ ਫਿਊਰੀ: ਇਨਸਾਈਡ ਟਰੰਪ ਵ੍ਹਾਈਟ ਹਾਊਸ’ ਵਿਚ ਇਹ ਖੁਲਾਸਾ ਹੋਇਆ ਹੈ ਕਿ ਸਿਲੀਕਾਨ ਵੈਲੀ ਦੇ ਆਗੂਆਂ ਦੀ 14 ਦਸੰਬਰ 2016 ਨੂੰ ਟਰੰਪ ਟਾਵਰ ਵਿਚ ਬੈਠਕ ਤੋਂ ਬਾਅਦ ਉਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਸੀ ਕਿ ਤਕਨੀਕੀ ਉਦਯੋਗ ਨੂੰ ਐਚ-1ਬੀ ਵੀਜ਼ਾ ਦੇ ਮੁੱਦੇ ‘ਤੇ ਮਦਦ ਦੀ ਲੋੜ ਹੈ।
ਕਿਤਾਬ ਮੁਤਾਬਕ ਇਸ ਬੈਠਕ ਉਪਰੰਤ ਮੀਡੀਆ ਦੇ ਵੱਡੇ ਕਾਰੋਬਾਰੀ ਰੁਪਰਟ ਮੁਰਡੌਕ ਨਾਲ ਟਰੰਪ ਨੇ ਫੋਨ ਉਤੇ ਗੱਲਬਾਤ ਦੌਰਾਨ ਇਸ ਮਿਲਣੀ ਨੂੰ ਬਹੁਤ ਵਧੀਆ ਦੱਸਿਆ ਸੀ। ਉਨ੍ਹਾਂ ਇਸ ਫੋਨ ਕਾਲ ਬਾਰੇ ਕਿਤਾਬ ਵਿਚ ਦੱਸਿਆ ਹੈ ਕਿ ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ (ਸਿਲੀਕਾਨ ਵੈਲੀ ਦੇ ਆਗੂ) ਨੂੰ ਉਸ ਦੀ ਸਖਤ ਜ਼ਰੂਰਤ ਹੈ।
ਇਸ ਉਤੇ ਮੁਰਡੌਕ ਨੇ ਕਿਹਾ ਕਿ ‘ਟਰੰਪ ਇਨ੍ਹਾਂ ਨੂੰ ਤੇਰੀ ਕੋਈ ਜ਼ਰੂਰਤ ਨਹੀਂ, ਉਨ੍ਹਾਂ ਲੋਕਾਂ ਨੇ ਤਾਂ ਓਬਾਮਾ ਨੂੰ ਵੀ 8 ਸਾਲਾਂ ਤੱਕ ਆਪਣੀ ਜੇਬ ਵਿਚ ਪਾਈ ਰੱਖਿਆ।’ ਇਸ ਉਤੇ ਟਰੰਪ ਨੇ ਜਵਾਬ ਦਿੱਤਾ ਕਿ ਇਸ ਐਚ-1ਬੀ ਵੀਜ਼ਾ ਬਾਰੇ ਉਨ੍ਹਾਂ ਨੂੰ ਮੇਰੀ ਲੋੜ ਹੈ।
ਵੌਲਫ ਨੇ ਲਿਖਿਆ ਹੈ ਕਿ ਉਦੋਂ ਮੁਰਡੌਕ ਨੇ ਸਲਾਹ ਦਿੱਤੀ ਸੀ ਕਿ ਇਸ ਵੀਜ਼ੇ ਬਾਰੇ ਆਜ਼ਾਦਾਨਾ ਪਹੁੰਚ ਉਸ ਲਈ ਸਰਹੱਦਾਂ ਨੂੰ ਵਧੇਰੇ ਸੁਰੱਖਿਅਤ ਕਰਨ ਦੇ ਚੋਣ ਵਾਅਦੇ ਦੇ ਰਾਹ ਦਾ ਰੋੜਾ ਬਣ ਸਕਦੀ ਹੈ। ਕਿਤਾਬ ਤੋਂ ਬਾਅਦ ਟਰੰਪ ਦੇ ਇਸ ਵੀਜ਼ੇ ਪ੍ਰਤੀ ਸੰਵੇਦਨਸ਼ੀਲ ਨਜ਼ਰੀਆ ਉਸ ਦੇ ਜਨਤਕ ਵਿਚਾਰਾਂ ਤੋਂ ਬਿਲਕੁਲ ਉਲਟ ਸਿੱਧ ਹੋ ਰਿਹਾ ਜਾਪਦਾ ਹੈ। ਅਮਰੀਕਾ ਵੀਜ਼ਾ ਧਾਰਕਾਂ ਨੂੰ ਮਿਆਦ ਵਿਚ ਵਾਧਾ ਕਰਨ ਉਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਹ ਕਦਮ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪ੍ਰਚਾਰ ਦੌਰਾਨ ਟਰੰਪ ਵੱਲੋਂ ਲੋਕਾਂ ਨੂੰ “ਅਮਰੀਕੀ ਖਰੀਦੋ ਤੇ ਅਮਰੀਕੀਆਂ ਨੂੰ ਰੁਜ਼ਗਾਰ ਦਿਓ” ਦੀ ਮੁਹਿੰਮ ਵਿਚ ਸ਼ਾਮਲ ਹੋਣ ਦੀ ਦਿਸ਼ਾ ਵਿਚ ਚੁੱਕਿਆ ਗਿਆ ਹੋ ਸਕਦਾ ਹੈ। ਉਧਰ, ਟਰੰਪ ਨੇ ਵੌਲਫ ਦੀ ਇਸ ਕਿਤਾਬ ਨੂੰ ਫਜ਼ੂਲ ਕਹਿ ਕੇ ਰੱਦ ਕਰ ਦਿੱਤਾ ਹੈ।
__________________________________________
ਵੀਜ਼ਾ ਨੇਮਾਂ ਵਿਚ ਬਦਲਾਓ ਦਾ ਵਿਰੋਧ
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਨਿਯਮਾਂ ‘ਚ ਕਟੌਤੀ ਦੀ ਯੋਜਨਾ ਦੀ ਕੁਝ ਅਮਰੀਕੀ ਕਾਨੂੰਨਸਾਜ਼ਾਂ ਅਤੇ ਜਥੇਬੰਦੀਆਂ ਨੇ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਨਾਲ ਅੰਦਾਜ਼ਨ 5 ਤੋਂ ਸਾਢੇ 7 ਲੱਖ ਭਾਰਤੀ ਅਮਰੀਕੀਆਂ ਨੂੰ ਮੁਲਕ ਪਰਤਣਾ ਪੈ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਖਰੀਦੋ ਅਮਰੀਕੀ, ਨੌਕਰੀ ‘ਤੇ ਰੱਖੋ ਅਮਰੀਕੀ’ ਪਹਿਲ ਤਹਿਤ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਹ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਅਸਰਦਾਰ ਡੈਮੋਕਰੈਟਿਕ ਕਾਂਗਰਸ ਵਿਮੈੱਨ ਤੁਲਸੀ ਗਬਾਰਡ ਨੇ ਕਿਹਾ ਕਿ ਐਚ-1ਬੀ ਵੀਜ਼ਾ ਹੋਲਡਰਾਂ ‘ਤੇ ਪਾਬੰਦੀਆਂ ਥੋਪੇ ਜਾਣ ਨਾਲ ਪਰਿਵਾਰਾਂ ਦੇ ਟੋਟੇ ਹੋ ਜਾਣਗੇ, ਮਾਹਿਰ ਸਾਡੇ ਮੁਲਕ ‘ਚੋਂ ਚਲੇ ਜਾਣਗੇ ਅਤੇ ਅਹਿਮ ਭਾਈਵਾਲ ਭਾਰਤ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ। ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਵੀ ਟਰੰਪ ਪ੍ਰਸ਼ਾਸਨ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸ ਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਘਰੇਲੂ ਕਾਮਿਆਂ ਨੂੰ ਆਧੁਨਿਕ ਸਿਖਲਾਈ ਦੇਣ ‘ਤੇ ਜ਼ੋਰ ਦੇਣਾ ਚਾਹੀਦਾ ਹੈ।