ਨਿੰਮ ਦਾ ਦਰੱਖਤ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਨਿੰਮ ਦੇ ਦਰਖਤ ਪ੍ਰਤੀ ਮੈਨੂੰ ਖਾਸ ਖਿੱਚ ਹੈ ਕਿਉਂਕਿ ਇਹ ਸਾਡੇ ਘਰ ਦੇ ਵਿਹੜੇ ਵਿਚ ਹੁੰਦਾ ਸੀ, ਭਾਰੀ ਤੇ ਸੰਘਣੀ ਛਾਂ ਵਾਲਾ। ਗਰਮੀਆਂ ਨੂੰ ਅਸੀਂ ਸਾਰਾ ਟੱਬਰ ਇਸ ਦੀ ਸੰਘਣੀ ਛਾਂ ਦਾ ਅਨੰਦ ਮਾਣਦੇ। ਤਾਜ਼ਾ ਪਏ ਮੀਂਹ ਪਿਛੋਂ ਜਦ ਮੰਜੇ ਡਾਹ ਕੇ ਨਿੰਮ ਥੱਲੇ ਬਹਿਣਾ ਤਾਂ ਅਨੰਦ ਅੱਜ ਦੇ ਏਅਰ ਕੰਡੀਸ਼ਨ ਤੋਂ ਵੀ ਵੱਧ ਆਉਂਦਾ। ਤਰ੍ਹਾਂ ਤਰ੍ਹਾਂ ਦੇ ਪੰਛੀ-ਤੋਤੇ, ਕੋਇਲ, ਉੱਲੂ, ਚਿੜੀਆਂ, ਕਾਂ ਆਉਂਦੇ-ਜਾਂਦੇ ਤੇ ਨਿੰਮ ਨੂੰ ਟਿਕਾਣਾ ਬਣਾਉਂਦੇ।

ਇਹ ਦਰੱਖਤ ਬਹੁਤ ਵੱਡਾ, ਉਚਾ ਤੇ ਭਾਰੀ ਛਤਰੀ ਵਾਲਾ ਹੋਣ ਕਰਕੇ ਇਥੇ ਮੋਰ ਵੀ ਰੌਣਕਾਂ ਲਾਉਂਦੇ। ਮੇਰੇ ਬੀਬੀ ਜੀ ਨੇਮ ਨਾਲ ਮੋਰਾਂ ਨੂੰ ਦਲਾਨ ਅਤੇ ਕੋਠੜੀ ਦੀ ਛੱਤ ‘ਤੇ ਦਾਣੇ ਪਾਇਆ ਕਰਦੇ, ਇਸੇ ਕਰਕੇ ਮੋਰ ਸਵੇਰੇ ਹੀ ਨਿੰਮ ‘ਤੇ ਆ ਬਹਿੰਦੇ। ਚੋਗਾ ਖਾ ਕੇ ਸ਼ਾਇਦ ਇਵਜ਼ ਵਜੋਂ ਜਾਂਦੇ-ਜਾਂਦੇ ਇੱਕ-ਦੋ ਖੰਭ ਵੀ ਸੁੱਟ ਜਾਂਦੇ ਨਿੰਮ ਥੱਲੇ, ਜਿਸ ਦੀ ਮੈਨੂੰ ਹਰ ਰੋਜ਼ ਉਡੀਕ ਰਹਿੰਦੀ। ਮੈਂ ਉਨ੍ਹਾਂ ਖੂਬਸੂਰਤ ਰੰਗ-ਬਰੰਗੇ ਖੰਭਾਂ ਨੂੰ ਸਾਂਭ ਸਾਂਭ ਰੱਖਦਾ।
ਗਰਮੀਆਂ ‘ਚ ਅਸੀਂ ਸਾਰੇ ਨਿਆਣੇ ਨਿੰਮ ਤੋਂ ਡਿੱਗੀਆਂ ਪੱਕੀਆਂ ਨਿੰਮੋਲੀਆਂ ਖਾਂਦੇ, ਜਿਨ੍ਹਾਂ ਦਾ ਸੁਆਦ ਕੁਸੈਲਾ ਤੇ ਖਠਮਿਠਾ ਜਿਹਾ ਲੱਗਣਾ ਪਰ ਫਿਰ ਵੀ ਅਸੀਂ ਰੀਸੋ-ਰੀਸੀ ਚੁਗ ਚੁਗ ਖਾਈ ਜਾਂਦੇ। ਪੱਕੀਆਂ ਨਿੰਮੋਲੀਆਂ ਦੀਆਂ ਗਿੱਟਕਾਂ ਕੁੱਟ ਕੇ ਘਰੇ ਹੀ ਸਾਬਣ ਬਣਾ ਲੈਂਦੇ ਜੋ ਕਈ ਮਹੀਨੇ ਕੱਪੜੇ ਧੋਣ ਤੇ ਨਹਾਉਣ ਦੇ ਕੰਮ ਆਉਂਦਾ। ਘਰ ਦੇ ਕਿਸੇ ਜੀਅ ਦੇ ਸਿਰ ‘ਚ ਜੂੰਆਂ ਪੈ ਜਾਣੀਆਂ ਤਾਂ ਨਿੰਮ ਦੇ ਸਾਬਣ ਨਾਲ ਸਿਰ ਮਲ ਮਲ ਕੇ ਨਹਾਉਣਾ। ਨਿੰਮ ਦਾ ਇਕ ਹੋਰ ਵੱਡਾ ਗੁਣ ਸੀ ਫੋੜੇ-ਫਿੰਸੀਆਂ ਤੋਂ ਛੁਟਕਾਰਾ ਦਿਵਾਉਣਾ, ਜੋ ਮੇਰੇ ਤਾਂ ਬੜਾ ਹੀ ਰਾਸ ਆਉਂਦਾ ਸੀ। ਅਸਲ ਵਿਚ ਬਰਸਾਤਾਂ ਦੇ ਦਿਨੀਂ ਫੋੜੇ-ਫਿੰਸੀਆਂ ਬੜੀਆਂ ਨਿਕਲਣੀਆਂ, ਸਮਝਣਾ ਕਿ ਗੁੜ ਬਹੁਤਾ ਖਾਣ ਕਰਕੇ ਖੂਨ ਮਿੱਠਾ ਹੋ ਜਾਂਦਾ ਹੈ, ਜਿਸ ਕਰਕੇ ਪਿੰਡੇ ‘ਤੇ ਫੋੜੇ ਨਿਕਲ ਆਉਂਦੇ ਹਨ।
ਜਦੋਂ ਫੋੜਿਆਂ ਦੀ ਬਿਪਤਾ ਹੱਦੋਂ ਬਾਹਰ ਹੋ ਜਾਣੀ ਤਾਂ ਬੀਬੀ ਜੀ ਰਾਤ ਨੂੰ ਤਾਕੀਦ ਕਰਦੇ ਕਿ ਪੁੱਤਰ ਸਵੇਰੇ ਉਠਦਿਆਂ ਹੀ ਨਿਰਣੇ ਕਾਲਜੇ ਨਿੰਮ ਰਗੜ ਕੇ ਪੀਵੀਂ, ਤਦੇ ਫੋੜੇ ਹਟਣਗੇ। ਇਹ ਗੱਲ ਸੁਣ ਕੇ ਇੱਕ ਪਾਸੇ ਤਾਂ ਸਰੀਰ ‘ਤੇ ਨਿਕਲੇ ਫੋੜਿਆਂ ਨੇ ਚੀਸਾਂ ਕਢਾਉਣੀਆਂ ਤੇ ਦੂਜੇ ਪਾਸੇ ਸਵੇਰ ਨੂੰ ਉਠ ਕੇ ਨਿੰਮ ਦੇ ਰਗੜੇ ਪੱਤੇ ਪੀਣ ਬਾਰੇ ਸੋਚ ਕੇ ਹੀ ਸੌਣਾ ਦੁੱਭਰ ਹੋ ਜਾਣਾ ਕਿ ਕੌੜੀ ਨਿੰਮ ਦੀਆਂ ਘੁੱਟਾਂ ਕਿਵੇਂ ਅੰਦਰ ਲੰਘਣਗੀਆਂ? ਖੈਰ! ਸਵੇਰੇ ਉਠਦਿਆਂ ਹੀ ਬੀਬੀ ਜੀ ਨੇ ਪੱਤੇ ਕੂੰਡੀ ‘ਚ ਰਗੜ ਕੇ ਪਾਣੀ ਪਾ ਘੋਲ ਜਿਹਾ ਬਣਾ ਕੇ ਗਲਾਸ ਮੂਹਰੇ ਧਰ ਦੇਣਾ ਤੇ ਆਖਣਾ, ‘ਕਾਕਾ ਅੱਖਾਂ ਮੀਟ ਕੇ ਦਬਾ ਦਬ ਅੰਦਰ ਸੁੱਟ ਲੈ।’ ਨਿੰਮ ਦਾ ਪਾਣੀ ਪੀਣ ਨੂੰ ਜੀਅ ਤਾਂ ਉਕਾ ਹੀ ਨਾ ਕਰਨਾ ਪਰ ਫੋੜਿਆਂ ਕਾਰਨ ਨਿਕਲਦੀਆਂ ਚੀਸਾਂ ਮੂਹਰੇ ਅੱਖਾਂ ਮੀਟ ਕੇ ਰਗੜੀ ਨਿੰਮ ਦੀਆਂ ਤਿੰਨ-ਚਾਰ ਘੁੱਟਾਂ ਇਕੋ ਸਾਹੇ ਅੰਦਰ ਸੁੱਟ ਲੈਣੀਆਂ। ਲੱਗਣਾ, ਵੱਡਾ ਮੋਰਚਾ ਫਤਿਹ ਕਰ ਲਿਆ। ਨਿੰਮ ਪੀਣ ਤੋਂ ਅਗਲੇ ਦਿਨ ਹੀ ਫੋੜਿਆਂ ਨੂੰ ਮੋੜਾ ਪੈ ਜਾਣਾ, ਤੇ ਇੰਜ ਦੋ ਦਿਨ ਰਗੜੀ ਨਿੰਮ ਦੀ ਸ਼ਰਦਾਈ ਲਗਾਤਾਰ ਪੀਣ ਨਾਲ ਫੋੜੇ-ਫਿੰਸੀਆਂ ਤੋਂ ਆਰਾਮ ਆ ਜਾਂਦਾ।
ਬੀਬੀ ਜੀ ਨੇ ਸਾਰੀ ਉਮਰ, ਜਿੰਨਾ ਚਿਰ ਨਿੰਮ ਵਿਹੜੇ ‘ਚ ਰਹੀ, ਉਸ ਦੀ ਦਾਤਣ ਕੀਤੀ। 86 ਸਾਲ ਦੇ ਹੋ ਕੇ ਪੂਰੇ ਹੋ ਜਾਣ ਤੱਕ ਉਨ੍ਹਾਂ ਦਾ ਜਬਾੜਾ ਪੂਰੀ ਤਰ੍ਹਾਂ ਮਜਬੂਤ ਰਿਹਾ। ਆਖਰੀ ਸਮੇਂ ਬੱਤੀਆਂ ‘ਚੋਂ ਇਕੱਤੀ ਦੰਦ ਸਾਬਤ ਸਬੂਤ ਸਨ। ਇਹ ਨਿੰਮ ਦੇ ਕਰਾਮਾਤੀ ਗੁਣਾਂ ਕਰਕੇ ਹੀ ਸੀ। ਹੁਣ ਤਾਂ ਵਿਗਿਆਨਕ ਖੋਜਾਂ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਨਿੰਮ ਬਹੁਤ ਸਾਰੀਆਂ ਮਰਜਾਂ ਨੂੰ ਠੀਕ ਕਰਨ ‘ਚ ਮਦਦਗਾਰ ਹੈ।
ਸਾਡੇ ਵਿਹੜੇ ‘ਚ ਲੱਗੀ ਨਿੰਮ ਦੇ ਬਹੁਤ ਭਾਰੀ ਤਣੇ ‘ਚ ਕਈ ਖੋੜਾਂ ਸਨ, ਉਹ ਇਸ ਕਰਕੇ ਕਿ ਅੱਖਾਂ ‘ਚ ਪਾਉਣ ਵਾਲਾ ਸੁਰਮਾ ਰਗੜਨ ਤੋਂ ਛੇ ਮਹੀਨੇ ਪਹਿਲਾਂ ਤਰਖਾਣ ਤੋਂ ਤਣੇ ‘ਚ ਮੋਰੀ ਕਰਵਾ ਕੇ ਵਿਚ ਸੁਰਮਾ ਦੱਬਿਆ ਰਹਿਣ ਦੇਣਾ। ਫਿਰ ਕੱਢ ਕੇ ਰਗੜ ਕੇ ਅੱਖਾਂ ‘ਚ ਪਾਉਣਾ। ਆਂਢ-ਗੁਆਂਢ ਜਾਂ ਪਿੰਡ ‘ਚੋਂ ਕਿਸੇ ਨਾ ਕਿਸੇ ਦਾ ਸੁਰਮਾ ਵੱਖੋ ਵੱਖਰੀਆਂ ਖੋੜਾਂ ‘ਚ ਪਿਆ ਨਿੰਮ ਦੇ ਬਹੁਪੱਖੀ ਗੁਣਾਂ ਦਾ ਰਸ ਚੂਸ ਚੂਸ ਇੱਕ ਦਵਾਈ ਬਣ ਜਾਂਦਾ।
ਸਾਡੀ ਨਿੰਮ ਦੀਆਂ ਜੜ੍ਹਾਂ ‘ਚ ਟੋਆ ਪੁੱਟ ਕੇ ਇਕ ਵੱਡੀ ਮੱਟੀ ਦੱਬੀ ਹੁੰਦੀ ਸੀ-ਅੱਧੀ ਜੜ੍ਹਾਂ ਵਿਚ ਤੇ ਅੱਧੀ ਬਾਹਰ। ਉਸ ਵਿਚ ਨਿੰਮੋਲੀਆਂ, ਨਿੰਬੂ, ਅਧਰਕ ਤੇ ਹੋਰ ਕਈ ਚੀਜ਼ਾਂ ਪਾ ਕੇ ਇੱਕ ਘੋਲ ਤਿਆਰ ਕੀਤਾ ਜਾਂਦਾ, ਜਿਸ ਨੂੰ ਸਾੜਾ ਕਿਹਾ ਜਾਂਦਾ। ਇਸ ਦਾ ਵਿਗਿਆਨਕ ਸਬੂਤ ਤਾਂ ਮੇਰੇ ਕੋਲ ਕੋਈ ਨਹੀਂ ਪਰ ਅਸੀਂ ਦੇਖਿਆ ਜਰੂਰ ਹੈ ਕਿ ਪਿੰਡ ‘ਚ ਕਿਸੇ ਦੇ ਪਸੂ-ਮੱਝ, ਗਾਂ ਜਾਂ ਬਲਦ ਨੂੰ ਅਫਾਰਾ ਹੋਇਆ ਹੋਵੇ ਜਾਂ ਪੱਠੇ ਨਾ ਖਾਂਦਾ ਹੋਵੇ ਤਾਂ ਉਸ ਸਾੜੇ ਦੀਆਂ ਦੋ ਨਾਲਾਂ ਪਸੂ ਦੇ ਮੂੰਹ ‘ਚ ਪਾ ਦਿੱਤੀਆਂ ਜਾਂਦੀਆਂ ਤੇ ਪਸੂ ਨੌਂ-ਬਰ-ਨੌਂ ਹੋ ਜਾਂਦਾ। ਇੰਜ ਸਾਡੇ ਘਰ ਰੋਜ਼ ਹੀ ਕੋਈ ਨਾ ਕੋਈ ਸਾੜਾ ਲੈਣ ਆਇਆ ਰਹਿੰਦਾ। ਮੱਟੀ ‘ਚ ਕਦੇ ਸਾੜਾ ਨਹੀਂ ਸੀ ਮੁੱਕਿਆ ਕਿਉਂਕਿ ਉਸ ‘ਚ ਰੁੱਤ ਮੁਤਾਬਕ ਸਮੇਤ ਨਿੰਮੋਲੀਆਂ, ਗੰਨੇ ਦਾ ਰਸ, ਨਿੰਬੂ, ਅਧਰਕ, ਅਜਵੈਣ, ਸੌਂਫ ਤੇ ਹੋਰ ਕਈ ਚੀਜ਼ਾਂ ਪਾਈ ਜਾਈਦੀਆਂ ਸਨ ਅਤੇ ਉਨ੍ਹਾਂ ਸਭ ਦਾ ਗਲ-ਪਚ ਕੇ ਇਕ ਅਜਿਹਾ ਘੋਲ (ਸਾੜਾ) ਬਣਦਾ ਜੋ ਪਿੰਡ ਦੇ ਪਸੂਆਂ ਦੇ ਕਈ ਰੋਗ ਨਵਿਰਤ ਕਰਨ ਦੇ ਕੰਮ ਆਉਂਦਾ। ਉਨ੍ਹਾਂ ਸਮਿਆਂ ‘ਚ ਆਮ ਪਿੰਡਾਂ ਵਿਚ ਸਲੋਤਰ ਖਾਨੇ (ਪਸੂ ਹਸਪਤਾਲ) ਕਿਹੜਾ ਹੋਇਆ ਕਰਦੇ ਸਨ!
ਕੱਪੜਿਆਂ ਨੂੰ ਕਈ ਕਿਸਮ ਦੇ ਕੀੜੇ, ਟਿੱਡੀਆਂ ਆਦਿ ਖਾ ਜਾਇਆ ਕਰਦੇ। ਉਨ੍ਹਾਂ ਤੋਂ ਬਚਾਓ ਲਈ ਟਰੰਕਾਂ, ਪੇਟੀਆਂ ਅਤੇ ਸੰਦੂਕਾਂ ‘ਚ ਪਏ ਕੱਪੜੇ-ਲੀੜਿਆਂ ਦੀਆਂ ਤਹਿਆਂ ਵਿਚ ਵੀ ਨਿੰਮ ਦੇ ਪੱਤੇ ਰੱਖਣ ਨਾਲ ਕੀੜੇ-ਟਿੱਡੀਆਂ ਨੇੜੇ ਨਾ ਆਉਂਦੇ। ਨਿੰਮ ਤੋਂ ਬਣੀਆਂ ਚੀਜ਼ਾਂ ਨੂੰ ਘੁਣ ਜਾਂ ਸਿਉਂਕ ਨਹੀਂ ਸੀ ਲਗਦੀ। ਜਿਨ੍ਹਾਂ ਥਾਂਵਾਂ ‘ਤੇ ਸਿਉਂਕ ਦਾ ਜ਼ੋਰ ਹੁੰਦਾ, ਉਥੇ ਮਕਾਨਾਂ ‘ਤੇ ਬਾਲੇ, ਸ਼ਤੀਰ ਨਿੰਮ ਦੇ ਪਾਉਂਦੇ। ਇੰਜ ਛੱਤਾਂ ਨੂੰ ਸਿਉਂਕ ਵਗੈਰਾ ਨਾ ਲੱਗਦੀ।
ਗਰਮੀਆਂ ‘ਚ ਪੀਂਘ ਪਾ ਕੇ ਸਾਰੀ ਪੱਤੀ ਦੇ ਨਿਆਣਿਆਂ ਦਾ ਝੁਰਮਟ ਲੱਗਾ ਰਹਿਣਾ। ਸਾਡੇ ਵਿਹੜੇ ‘ਚ ਨਿੰਮ ਦੇ ਦਰੱਖਤ ਦੇ ਮੋਟੇ ਟਾਹਣੇ ਨਾਲ ਮੋਟੀ ਲੱਜ (ਰੱਸਾ) ਦੀ ਪੀਂਘ ਸਾਰੀ ਬਰਸਾਤ ਪਈ ਰਹਿੰਦੀ; ਕੌਣ ਉਚੀ ਤੋਂ ਉਚੀ ਪੀਂਘ ਚੜ੍ਹਾਉਂਦਾ ਹੈ, ਦੀ ਬੁਰਜ ਵੀ ਨਿਆਣਿਆਂ, ਗੱਭਰੂਆਂ, ਮੁਟਿਆਰਾਂ ਅਤੇ ਪੀਂਘ ‘ਤੇ ਹੁਲਾਰਾ ਲੈਣ ਵਾਲਿਆਂ ਲਈ ਰੋਚਕਤਾ ਬਣਾਈ ਰੱਖਦੀ। ਇਹ ਸਨ ਕੁਝ ਗੁਣ ਸਾਡੇ ਵਿਹੜੇ ‘ਚ ਲੱਗੀ ਨਿੰਮ ਦੇ, ਜੋ ਯਾਦ ਕਰ ਕੇ ਮੈਨੂੰ ਬਚਪਨ ਦਾ ਇਕ ਵਿਲੱਖਣ ਅਨੰਦ ਦਿੰਦੇ ਹਨ।