ਮੋਗਾ ਐਜੀਟੇਸ਼ਨ, ਜੇਲ੍ਹ ਦਾ ਸਫਰ ਅਤੇ ਵਿਆਹ

ਵਿਦਿਆਰਥੀਆਂ ਦਾ ਮਨੋਬਲ ਬਣਾਈ ਰੱਖਣ ਲਈ ਹਰ ਰੋਜ਼ ਦੁਪਹਿਰੇ ਅਤੇ ਰਾਤ ਨੂੰ ਦੋ-ਢਾਈ ਘੰਟੇ ਵੱਖਰੇ ‘ਦੀਵਾਨ’ ਵੀ ਲੱਗਦੇ। ਗੀਤ ਤੇ ਕਵਿਤਾਵਾਂ ਸੁਣਾਈਆਂ ਜਾਂਦੀਆਂ, ਭਾਵੁਕ ਤਕਰੀਰਾਂ ਕੀਤੀਆਂ ਜਾਂਦੀਆਂ। ਬਾਹਰ ਚੱਲ ਰਹੇ ਅੰਦੋਲਨ ਦੀ ਜੇਲ੍ਹ ਕਰਮਚਾਰੀਆਂ ਤੋਂ ਮਿਲੀ ਉਡਦੀ-ਉਡਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਂਦੀ ਤੇ ‘ਅੰਤਿਮ ਜਿੱਤ’ ਤੱਕ ਰਲ ਕੇ ਸੰਘਰਸ਼ ਕਰਨ ਦਾ ਪ੍ਰਣ ਹਰ ਰੋਜ਼ ਦੁਹਰਾਇਆ ਜਾਂਦਾ।

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਲੇਖ ਦੀ ਛੇਵੀਂ ਕਿਸ਼ਤ ਵਿਚ ਉਨ੍ਹਾਂ ਵਰਿਆਮ ਸੰਧੂ ਨੂੰ ਮੋਗਾ ਐਜੀਟੇਸ਼ਨ ਦੌਰਾਨ ਕੱਟਣੀ ਪਈ ਜੇਲ੍ਹ ਅਤੇ ਉਸ ਪਿਛੋਂ ਉਸ ਦੇ ਵਿਆਹ ਤੇ ਕਬੀਲਦਾਰੀ ਦੀ ਕਥਾ ਛੋਹੀ ਹੈ। -ਸੰਪਾਦਕ

ਪ੍ਰਿੰ. ਸਰਵਣ ਸਿੰਘ
ਫੋਨ: 905-799-1661

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਵਿਦਿਆਰਥੀਆਂ ਦਾ ਮਨੋਬਲ ਬਣਾਈ ਰੱਖਣ ਲਈ ਹਰ ਰੋਜ਼ ਦੁਪਹਿਰੇ ਅਤੇ ਰਾਤ ਨੂੰ ਦੋ-ਢਾਈ ਘੰਟੇ ਵੱਖਰੇ ‘ਦੀਵਾਨ’ ਵੀ ਲੱਗਦੇ। ਗੀਤ ਤੇ ਕਵਿਤਾਵਾਂ ਸੁਣਾਈਆਂ ਜਾਂਦੀਆਂ, ਭਾਵੁਕ ਤਕਰੀਰਾਂ ਕੀਤੀਆਂ ਜਾਂਦੀਆਂ। ਬਾਹਰ ਚੱਲ ਰਹੇ ਅੰਦੋਲਨ ਦੀ ਜੇਲ੍ਹ ਕਰਮਚਾਰੀਆਂ ਤੋਂ ਮਿਲੀ ਉਡਦੀ-ਉਡਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਂਦੀ ਤੇ ‘ਅੰਤਿਮ ਜਿੱਤ’ ਤੱਕ ਰਲ ਕੇ ਸੰਘਰਸ਼ ਕਰਨ ਦਾ ਪ੍ਰਣ ਹਰ ਰੋਜ਼ ਦੁਹਰਾਇਆ ਜਾਂਦਾ।
ਇਨ੍ਹਾਂ ਦੀਵਾਨਾਂ ਦੀ ਸਟੇਜ ਮੇਰੇ ਕੋਲ ਹੁੰਦੀ। ਇੱਕ ਰਾਤ ਮੈਂ ਅਜੀਤ ਸਿੰਘ ਮੌਲਵੀ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਆਖਿਆ। ਗੱਲ ਤਾਂ ਸਾਰੇ ਹੀ ਵਧਾ-ਚੜ੍ਹਾ ਕੇ ਕਰਦੇ ਸਨ ਪਰ ਮੌਲਵੀ ਨੇ ਤਾਂ ਕਮਾਲ ਹੀ ਕਰ ਦਿੱਤੀ! ‘ਜ਼ਾਲਮ ਸਰਕਾਰ’ ਦਾ ਪਾਜ ਖੋਲ੍ਹਦਿਆਂ ਉਸ ਨੇ ਬੜੇ ਭਾਵੁਕ ਅੰਦਾਜ਼ ਵਿਚ ਆਖਿਆ, “ਪਿਆਰੇ ਸਾਥੀਓ! ਇਹ ਜ਼ਾਲਮ ਕਾਂਗਰਸ ਸਰਕਾਰ ਮੁਗਲਾਂ ਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਗਈ ਹੈ। ਬੇਦੋਸ਼ਿਆਂ ਨੂੰ ਕੋਹ-ਕੋਹ ਕੇ ਮਾਰ ਰਹੀ ਹੈ, ਡਾਂਗਾਂ ਨਾਲ ਕੁੱਟ ਰਹੀ ਹੈ, ਜੇਲ੍ਹਾਂ ‘ਚ ਤੁੰਨ ਰਹੀ ਹੈ। ਅੱਜ ਤਾਂ ਜ਼ੁਲਮ ਦੀ ਹੱਦ ਹੀ ਹੋ ਗਈ! ਹੁਣੇ ਲਾਹੌਰ ਰੇਡੀਓ ਨੇ ਖਬਰ ਦਿੱਤੀ ਐ ਕਿ ਭਾਰਤ ਵੱਲੋਂ ਸਤਲੁਜ ਦਰਿਆ ਵਿਚ ਰੁੜ੍ਹੀਆਂ ਆਉਂਦੀਆਂ ਨੌਜਵਾਨਾਂ ਦੀਆਂ ਘੱਟੋ-ਘੱਟ ਸੌ ਲਾਸ਼ਾਂ ਪਾਕਿਸਤਾਨੀ ਫੌਜ ਨੇ ਬਾਹਰ ਕੱਢੀਆਂ। ਸਾਥੀਓ! ਇਹ ਜਾਬਰ ਸਰਕਾਰ ਨੌਜਵਾਨਾਂ ਦਾ ਖੁਰਾ-ਖੋਜ ਮਿਟਾਉਣ ‘ਤੇ ਤੁਲੀ ਹੋਈ ਹੈ। ਸਰਕਾਰ ਦੇ ਜ਼ੁਲਮ ਦਾ ਭਰਿਆ ਬੇੜਾ ਡੁੱਬਣ ਦਾ ਵਕਤ ਆ ਚੁੱਕੈ। ਦਿਲਾਂ ‘ਚ ਅੱਗ, ਅੱਖਾਂ ‘ਚ ਰੋਹ ਤੇ ਹੱਥਾਂ ‘ਚ ਹਥਿਆਰ ਲੈ ਕੇ ਜੂਝਣ ਦਾ ਮੌਕਾ ਆ ਚੁੱਕੈ।”
“ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ”
ਜੈਕਾਰੇ ਗੂੰਜਣ ਲੱਗੇ। ‘ਇਨਕਲਾਬ! ਜ਼ਿੰਦਾਬਾਦ!’ ‘ਜ਼ਾਲਮ ਸਰਕਾਰ! ਮੁਰਦਾਬਾਦ!’ ਦੀਆਂ ਰੋਹ ਭਰੀਆਂ ਆਵਾਜ਼ਾਂ ਉਠੀਆਂ। ਮੁੱਕੇ ਤਣ ਗਏ। ਮੈਂ ਆਪਣਾ ਹਾਸਾ ਮੂੰਹ ਘੁੱਟ ਕੇ ਰੋਕ ਰਿਹਾ ਸਾਂ। ਨਾਹਰਿਆਂ ਦੇ ਸ਼ੋਰ ਦਾ ਲਾਭ ਉਠਾਉਂਦਿਆਂ ਮੈਂ ਛੇਤੀ ਨਾਲ ਉਠਿਆ ਤੇ ਆਪਣੇ ‘ਠੀਕ ਨਾ ਹੋਣ’ ਦਾ ਇਸ਼ਾਰਾ ਕਰ ਕੇ ਇੱਕ ਖੱਡੀ ਓਹਲੇ ਜਾ ਕੇ ਲੇਟ ਗਿਆ। ਉਥੇ ਵੱਖੀਆਂ ‘ਚੋਂ ਬਾਹਰ ਨਿਕਲਦੇ ਹਾਸੇ ਨੂੰ ਮਸੀਂ ਸ਼ਾਂਤ ਕੀਤਾ!
ਮੌਲਵੀ ਮੈਨੂੰ ਤਾੜ ਗਿਆ ਸੀ। ਆਪਣੇ ਪਿੱਛੋਂ ਕਿਸੇ ਹੋਰ ਨੂੰ ਬੋਲਣ ਦਾ ਮੌਕਾ ਦੇ ਕੇ ਉਹ ਅਤੇ ਇੱਕ-ਦੋ ਜਣੇ ਹੋਰ ਮੇਰੀ ‘ਖਬਰ-ਸੁਰਤ’ ਲੈਣ ਆਏ। ਮੈਂ ਲੰਮਾ ਪਿਆ ਹੱਸੀ ਜਾ ਰਿਹਾ ਸੀ। ਉਹ ਵੀ ਸਮਝ ਗਏ। ਮੈਂ ਮੌਲਵੀ ਨੂੰ ਕਿਹਾ, “ਕਿਉਂ ਏਨਾ ਕੁਫਰ ਤੋਲਦੈਂ! ਸਾਰੀ ਦਿਹਾੜੀ ਮੇਰੇ ਕੋਲ ਰਿਹਾ ਏਂ। ‘ਲਾਹੌਰ ਰੇਡੀਓ’ ਕਿੱਥੋਂ ਸੁਣ ਆਇਐਂ? ਤੇ ‘ਸੌ ਲਾਸ਼ਾਂ’ ਕੁਝ ਜ਼ਿਆਦਾ ਨਹੀਂ ਹੋ ਗਈਆਂ?”
ਮੌਲਵੀ ਕਹਿੰਦਾ, “ਮੁੰਡਿਆਂ ‘ਚ ਤੇਲ ਪਾਈ ਰੱਖਣਾ ਜ਼ਰੂਰੀ ਐ, ਨਹੀਂ ਤਾਂ ਬਲਣੋਂ ਬੁਝ ਜਾਣਗੇ!”
“ਪਰ ਅੱਜ ਤਾਂ ਤੇਲ ਏਨਾ ਜ਼ਿਆਦਾ ਪੈ ਗਿਆ ਸੀ ਕਿ ਲੈਂਪ ਤੋਂ ਬਾਹਰ ਉਛਲ-ਉਛਲ ਡੁੱਲ੍ਹੀ ਜਾਂਦਾ ਸੀ!” ਅਸੀਂ ਸਾਰੇ ਹੱਸਣ ਲੱਗੇ।
ਮੈਂ ਆਪਣੇ ਭਾਸ਼ਣ ਵਿਚ ਸਿੱਖੀ ਦੇ ਇਨਕਲਾਬੀ ਅੰਸ਼ ਦੀ ਗੱਲ ਵੀ ਕਰਦਾ। ਇੱਕ ਦਿਨ ਮੈਂ ਆਪਣਾ ਗੀਤ ਸੁਣਾਇਆ:
ਲਾਲੋਆਂ ਦਾ ਯਾਰ ਦੇ ਕੇ ਭਾਗੋ ਨੂੰ ਵੰਗਾਰ ਗੱਲ ਸੱਚ ਦੀ ਕਹੇ
ਪੂਰੀਆਂ ‘ਚ ਖੂਨ ਹੈ ਗਰੀਬਾਂ ਦਾ, ਜਿਨ੍ਹਾਂ ਨੇ ਤੇਰੇ ਜ਼ੁਲਮ ਸਹੇ
ਅਸੀਂ ਜੱਗ ਵਿਚ ਬਾਲਣੀ ਸੱਚਾਈ ਵਾਲੀ ਅੱਗ
ਤਾਂਕਿ ‘ਨੇਰ੍ਹੇ’ ਚ ਪਛਾਣੇ ਜਾਣ ਤੇਰੇ ਜਿਹੇ ਠੱਗ
ਲੈਣੀ ਹੱਕ ਦੀ ਬੰਦੂਕ ਪੈਂਦੀ ਹੱਥ ‘ਚ ਨਾ ਗੱਲ ਜਦੋਂ ਵੱਸ ਦੀ ਰਹੇ
ਪੂਰੀਆਂ ‘ਚ ਖੂਨ ਹੈ ਗਰੀਬਾਂ ਦਾ ਜਿਨ੍ਹਾਂ ਨੇ ਤੇਰੇ ਜ਼ੁਲਮ ਸਹੇ।
ਮੇਜਰ ਸਿੰਘ ਉਬੋਕੇ ਕਹਿਣ ਲੱਗਾ, “ਸਾਡੇ ਗੁਰੂ ਨੂੰ ਕਾਮਰੇਡ ਬਣਾ ਧਰਿਆ ਈ!”
“ਜੇ ਗੁਰੂ ਅੱਜ ਹੁੰਦਾ ਤਾਂ ਉਹਨੇ ਕਾਮਰੇਡ ਹੀ ਹੋਣਾ ਸੀ ਜਾਂ ਕਾਮਰੇਡਾਂ ਨੂੰ ਆਪਣੇ ਵਰਗੇ ਸਿੱਖ ਬਣਾ ਲੈਣਾ ਸੀ।”
ਦੂਰੋਂ ਅਕਾਲੀ ਦਲ ਦੇ ਕਿਸਾਨ ਵਿੰਗ ਦਾ ਕਨਵੀਨਰ ਆਪਣੀ ਖੱਡੀ ਤੋਂ ਸਿਰ ਚੁੱਕ ਕੇ ਉਚੀ ਆਵਾਜ਼ ‘ਚ ਬੋਲਿਆ, “ਓ ਨਾਸਤਕੋ! ਸਾਡੇ ਗੁਰੂ ਨੂੰ ਕਾਮਰੇਡ ਨਾ ਆਖੋ ਉਏ!”
“ਤੂੰ ਗੁਰੂ ਦੀ ਸੱਜੀ ਵੱਖੀ ‘ਚੋਂ ਨਿਕਲਿਐਂ, ਕੀ ਗੱਲ ਗੁਰੂ ਸਾਡਾ ਨਹੀਂ ਕੁਝ ਲੱਗਦਾ?” ਮੌਲਵੀ ਨੇ ਕਿਹਾ। ਹਾਸੜ ਮਚ ਗਈ। ਕਨਵੀਨਰ ਛਿੱਥਾ ਜਿਹਾ ਪੈ ਕੇ ‘ਸ਼ਾਂਤ’ ਹੋ ਗਿਆ।
ਜਸਵੰਤ ਖਾਲੜਾ ਅਤੇ ਸਾਡੇ ਪ੍ਰਭਾਵ ਹੇਠਲੇ ਮੁੰਡਿਆਂ ਨੇ ਬੈਰਕ ਦੀਆਂ ਅੰਦਰਲੀਆਂ ਕੰਧਾਂ ‘ਤੇ ਕੋਲੇ ਨਾਲ ਇਨਕਲਾਬੀ ਨਾਅਰੇ ਅਤੇ ਸ਼ੇਅਰ ਲਿਖੇ ਹੋਏ ਸਨ:
ਅਸੀਂ ਮੀਲ ਪੱਥਰ ਬਣ ਕੇ ਗੱਡੇ ਰਹਿਣ ਵਿਚ ਵਿਸ਼ਵਾਸ ਨਹੀਂ ਰੱਖਦੇ
ਅਸੀਂ ਇੱਕ ਸਫਰ ਬਣ ਕੇ ਜੀਣ ਵਿਚ ਵਿਸ਼ਵਾਸ ਰੱਖਦੇ ਹਾਂ। (ਜਗਤਾਰ)

ਸ਼ਬਦ ਤਾਂ ਕਹੇ ਜਾ ਚੁੱਕੇ ਹਨ ਸਾਥੋਂ ਵੀ ਬਹੁਤ ਪਹਿਲਾਂ ਦੇ,
ਅਸਾਡੀ ਹਰ ਜ਼ੁਬਾਨ ਜੇ ਹੋ ਸਕੇ ਤਾਂ ਕੱਟ ਲੈਣਾ। (ਲਾਲ ਸਿੰਘ ਦਿਲ)

ਜਦੋਂ ਸਿਰ, ਸਿਰ ਤੋਂ ਤੁਰ ਕੇ ਤਲੀ ‘ਤੇ ਆਣ ਟਿਕਦਾ ਹੈ
ਉਦੋਂ ਨਾ ਕੋਈ ਦਿਨੇ ਟਿਕਦਾ ਹੈ ਨਾ ਰਾਤ ਟਿਕਦਾ ਹੈ,
ਉਦੋਂ ਕੋਈ ਸ਼ਿਵਾ ਵਰ ਦਏ ਨਾ ਦਏ
ਸ਼ੁਭ ਕਰਮਨ ਤੋਂ ਕੋਈ ਕਦੋਂ ਡਰਦਾ ਹੈ? (ਸੰਤ ਸੰਧੂ)

ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ‘ਤੇ ਮੇਰਾ ਨਾਮ ਨਹੀਂ ਹੈ? (ਸੁਰਜੀਤ ਪਾਤਰ)
ਇੱਕ ਜਣੇ ਨੇ ਕੰਧ ਉਤੇ ਬੰਦੂਕ ਦੀ ਤਸਵੀਰ ਬਣਾ ਕੇ ਇਹ ਵੀ ਲਿਖ ਦਿੱਤਾ ਸੀ: ਰਾਜ ਸੱਤਾ ਬੰਦੂਕ ਦੀ ਨਾਲੀ ਵਿਚੋਂ ਨਿਕਲਦੀ ਹੈ।
ਸਾਡਾ ਇਨਕਲਾਬੀ ਲੇਖਕ ਅਮਰਜੀਤ ਚੰਦਨ ਬੰਬ ਸਮੇਤ ਫੜ੍ਹੇ ਜਾਣ ਕਰਕੇ ਇਸੇ ਜੇਲ੍ਹ ‘ਚ ਚਾਲੀ ਚੱਕੀਆਂ ਵਿਚ ਬੰਦ ਸੀ। ਮੈਂ ਹਮਦਰਦ ਕਰਮਚਾਰੀ ਰਾਹੀਂ ਉਸ ਨੂੰ ਆਪਣੇ ਜੇਲ੍ਹ ਵਿਚ ਹੋਣ ਦਾ ਸੁਨੇਹਾ ਭੇਜਿਆ। ਉਸ ਦਾ ਖੱਦੇ ਖਾਕੀ ਸਰਕਾਰੀ ਕਾਗਜ਼ ‘ਤੇ ਲਿਖਿਆ ਸੁਨੇਹਾ ਪੁੱਜਾ ਕਿ ਜੇ ਸੰਭਵ ਹੋ ਸਕੇ ਤਾਂ ਮੈਂ ਉਸ ਨੂੰ ਜ਼ਰੂਰ ਮਿਲਾਂ। ਚਾਲੀ ਚੱਕੀਆਂ ਸਾਡੀ ਬੈਰਕ ਤੋਂ ਦੂਰ ਸਨ। ਉਨ੍ਹਾਂ ਦੁਆਲੇ ਵੱਖਰਾ ਸਖਤ ਪਹਿਰਾ ਸੀ। ਉਸ ਪਾਸੇ ਤਾਂ ਚਿੜ੍ਹੀ ਵੀ ਪਰ ਨਹੀਂ ਸੀ ਮਾਰ ਸਕਦੀ। ਮੈਂ ਅੰਦਰੇ-ਅੰਦਰ ਸਬੰਧਤ ਕਰਮਚਾਰੀਆਂ ਨਾਲ ਸੰਪਰਕ ਬਣਾਉਣਾ ਸੀ। ਸਭ ਦੀ ਅੱਖ ਬਚਾ ਕੇ ਕਿਸੇ ਦੀ ਮਦਦ ਨਾਲ ਚਾਲੀ ਚੱਕੀਆਂ ਤੱਕ ਪੁੱਜਣਾ ਸੀ। ਅੱਗੋਂ ਉਸ ਵੇਲੇ ‘ਪਹਿਰੇ’ ‘ਤੇ ਖੜੋਤੇ ਬੰਦੇ ਨਾਲ ਸੰਪਰਕ ਸਾਧਣਾ ਜ਼ਰੂਰੀ ਸੀ। ਇਹ ਸਾਰੀਆਂ ਕੜੀਆਂ ਜੋੜ ਕੇ ਉਸ ਕੋਲ ਪੁੱਜਣਾ ਖਾਸਾ ਔਖਾ ਅਤੇ ਖਤਰਨਾਕ ਕੰਮ ਸੀ। ਖਤਰਨਾਕ ਕੈਦੀ ਨੂੰ ਨੇਮ ਤੋੜਦਿਆਂ ਮਿਲਣ ਜਾਣਾ ਮੈਨੂੰ ਡਾਢੀ ਮੁਸ਼ਕਿਲ ਵਿਚ ਫਸਾ ਸਕਦਾ ਸੀ। ‘ਘਰ ਦੂਰ ਸੀ ਤੇ ਗਲੀ ਵਿਚ ਚਿੱਕੜ ਸੀ!’ ਪਰ ਯਾਰ ਦੇ ਦਰ-ਘਰ ਪੁੱਜਣਾ ਲਾਜ਼ਮੀ ਸੀ। ਸੋ ਮੈਂ ਜੇਲ੍ਹ ਕਰਮਚਾਰੀਆਂ ਦੀ ਮਦਦ ਨਾਲ ਅਤਿ ਦੀ ਚੌਕਸੀ ਵਰਤਦਿਆਂ ਅਮਰਜੀਤ ਚੰਦਨ ਨੂੰ ਮਿਲਣ ਜਾ ਪੁੱਜਾ। ਚਾਲੀ ਚੱਕੀਆਂ ਦੇ ਪਹਿਰੇ ‘ਤੇ ਖਲੋਤੇ ਬੰਦੇ ਨੂੰ ਮੇਰੇ ਨਾਲ ਆਇਆ ਬੰਦਾ ਮਿਲਿਆ। ਉਸ ਨੇ ਮੈਨੂੰ ਚੰਦਨ ਦੀ ਕੋਠੜੀ ਦਾ ਇਸ਼ਾਰਾ ਕੀਤਾ ਤੇ ਆਪ ਦੋਵੇਂ ਜਣੇ ਬਾਹਰਵਾਰ ਖਲੋ ਕੇ ਸੁਭਾਵਿਕ ਗੱਲਾਂ ਕਰਨ ਦੀ ਐਕਟਿੰਗ ਵਿਚ ਰੁੱਝ ਗਏ।
ਚੰਦਨ ਇੱਕ ਛੋਟੀ ਜਿਹੀ ਕੋਠੜੀ ਵਿਚ ਸਲਾਖਾਂ ਓਹਲੇ ਬੈਠਾ ਸੀ। ਮੈਨੂੰ ਵੇਖ ਕੇ ਖੁਸ਼ ਹੋ ਗਿਆ। ਅਸੀਂ ਸਲਾਖਾਂ ਵਿਚੋਂ ਇੱਕ-ਦੂਜੇ ਦੇ ਹੱਥ ਘੁੱਟ ਕੇ ਹਾਲ-ਚਾਲ ਪੁੱਛਿਆ। ਅੰਦਰ-ਬਾਹਰ ਦੀਆਂ ਗੱਲਾਂ ਕੀਤੀਆਂ। ਸਾਡਾ ਇੱਕ ਦੂਜੇ ਨੂੰ ਮਿਲਣਾ ਚਮਤਕਾਰ ਹੀ ਤਾਂ ਸੀ! ਅਸੀਂ ਇੱਕ ਦੂਜੇ ਦੇ ਮਿੱਤਰ ਸਾਂ। ਚੰਦਨ ਅਕਸਰ ਮੇਰੇ ਕੋਲ ਪਿੰਡ ਆਉਂਦਾ ਸੀ। ਮੇਰੇ ਮਾਂ-ਪਿਓ ਉਸ ਨੂੰ ਪੁੱਤਾਂ ਵਾਂਗ ਪਿਆਰਦੇ ਸਨ। ਉਹ ਮੇਰੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਦੇ ਪਰੂਫ ਪੜ੍ਹਨ ਆਇਆ ਹੀ ਪੁਲਿਸ ਦੇ ਕਾਬੂ ਆਇਆ ਸੀ! ਮੈਂ ਤੇ ਮੇਰਾ ਪਰਿਵਾਰ ਇਸ ਮਲੂਕੜੇ ਜਿਹੇ ਨੌਜਵਾਨ ਦੇ ਗ੍ਰਿਫਤਾਰ ਹੋ ਜਾਣ ‘ਤੇ ਡਾਢੇ ਦੁਖੀ ਸਾਂ। ਚੰਦਨ ਨੇ ਮੇਰੇ ਕੋਲੋਂ ਬੀਬੀ ਅਤੇ ਚਾਚੇ ਦਾ ਹਾਲ-ਚਾਲ ਪੁੱਛਿਆ। ਇਨ੍ਹਾਂ ਦਿਨਾਂ ਦੇ ਅਨੁਭਵ ਨੂੰ ਚੰਦਨ ਨੇ ‘ਕੰਧਾਂ’ ਨਾਂ ਦੀ ਕਹਾਣੀ ਵਿਚ ਕਮਾਲ ਦੀ ਹੁਨਰਮੰਦੀ ਨਾਲ ਸਾਂਭ ਲਿਆ। ਉਹਦਾ ਦੁੱਖ ‘ਦਾਰੂ’ ਬਣ ਕੇ ਸਾਹਿਤ ਦੀ ਸ਼ਕਤੀਸ਼ਾਲੀ ਰਚਨਾ ਦਾ ਰੂਪ ਅਖਤਿਆਰ ਕਰ ਗਿਆ!
ਦੋ ਕੁ ਹਫਤਿਆਂ ਪਿੱਛੋਂ ਸਰਕਾਰ ਨੇ ਵਿਦਿਆਰਥੀਆਂ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ। ਪਿੱਛੇ ਰਹਿ ਗਏ ਮੌਲਵੀ, ਮੈਂ ਤੇ ਈਸਾਪੁਰ, ਜਿਨ੍ਹਾਂ ‘ਤੇ ਵੱਡੀਆਂ-ਵੱਡੀਆਂ ਅੱਠ ਦਫਾ ਲੱਗੀਆਂ ਸਨ। ਸਾਨੂੰ ਆਪਣਾ ‘ਬੋਰੀਆ ਬਿਸਤਰਾ’ ਸਾਂਭ ਕੇ ਮੁੜ ਚੱਕੀਆਂ ਵਿਚ ਜਾਣ ਦਾ ਹੁਕਮ ਸੁਣਾ ਦਿੱਤਾ ਗਿਆ। ਐਨ ਇਸੇ ਵੇਲੇ ਮੈਨੂੰ ਡਿਓੜ੍ਹੀ ਵਿਚੋਂ ਸੱਦਾ ਆ ਗਿਆ।
ਮੈਥੋਂ ਪਹਿਲਾਂ ਜੇਲ੍ਹ ‘ਚੋਂ ਛੁੱਟ ਜਾਣ ਪਿੱਛੋਂ ਮੇਰਾ ਜਮਾਤੀ ਅਮਰ ਸਿੰਘ ਆਰਾਮ ਨਾਲ ਨਹੀਂ ਸੀ ਬੈਠਾ। ਉਸ ਨੇ ਕਾਲਜ ਦੇ ਪ੍ਰਿੰਸੀਪਲ ਤੋਂ ਮੇਰੇ ਵਿਦਿਆਰਥੀ ਹੋਣ ਦਾ ਸਰਟੀਫਿਕੇਟ ਬਣਾਇਆ। ਪ੍ਰਿੰਸੀਪਲ ਨੇ ਐਸ਼ ਐਸ਼ ਪੀ. ਨੂੰ ਫੋਨ ‘ਤੇ ਮੇਰੇ ਬਾਰੇ ਦੱਸ ਕੇ ਮੈਨੂੰ ਰਿਹਾ ਕਰਨ ਲਈ ਬੇਨਤੀ ਕੀਤੀ। ਜਦ ਹੋਰ ਵਿਦਿਆਰਥੀਆਂ ਨੂੰ ਰਿਹਾ ਕਰਨ ਦਾ ਸਰਕਾਰ ਫੈਸਲਾ ਕਰ ਚੁਕੀ ਸੀ ਤਾਂ ਉਨ੍ਹਾਂ ਦੇ ਕਾਲਜ ਦਾ ਵਿਦਿਆਰਥੀ ਕਿਉਂ ਸੀ ਜੇਲ੍ਹ ਵਿਚ?
ਅਮਰ ਸਿੰਘ ਐਸ਼ ਐਸ਼ ਪੀ. ਦੇ ਦਫਤਰ ਪੁੱਜਾ। ਸਰਟੀਫਿਕੇਟ ਦਿੱਤਾ ਤੇ ਉਸ ਦੀ ਬਦੌਲਤ ਮੇਰੀ ਰਿਹਾਈ ਦੇ ਹੁਕਮ ਡਿਓੜ੍ਹੀ ਵਿਚ ਪਹੁੰਚੇ। ਮੈਂ ਖੁਸ਼ੀ-ਖੁਸ਼ੀ ਵਾਪਸ ਮੁੜਿਆ। ਆਪਣੀ ਟਿੰਡ-ਫਹੁੜੀ ਚੁੱਕੀ ਤੇ ਸਾਥੀਆਂ ਨੂੰ ਗਲਵਕੜੀ ਵਿਚ ਲੈਣ ਪਿੱਛੋਂ ਡਿਓੜ੍ਹੀ ਵੱਲ ਤੁਰਿਆ ਤਾਂ ਮੇਰੇ ਸਾਥੀ ਆਪੋ-ਆਪਣਾ ਸਮਾਨ ਚੁੱਕੀ ਜੇਲ੍ਹ ਅਧਿਕਾਰੀ ਨਾਲ ਚੱਕੀਆਂ ਵੱਲ ਜਾਣ ਲਈ ਤੁਰ ਪਏ।
ਆਜ਼ਾਦ ਫਿਜ਼ਾ ਵਿਚ ਸਾਹ ਲੈਣਾ ਕਿੱਡਾ ਵੱਡਾ ਸਵਰਗੀ ਹੁਲਾਰਾ ਹੈ, ਇਹ ਪਹਿਲੀ ਵਾਰ ਪਤਾ ਲੱਗਾ। ਉਨ੍ਹਾਂ ਸੂਰਮੇ ਦੇਸ਼ ਭਗਤਾਂ ਦੀ ਅਕੀਦਤ ਵਿਚ ਸਿਰ ਝੁਕ ਗਿਆ ਜਿਨ੍ਹਾਂ ਨੇ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਆਪਣੀਆਂ ਉਮਰਾਂ ਇਸ ਲਈ ਗਾਲਗ ਦਿੱਤੀਆਂ ਤਾਂਕਿ ਅਸੀਂ ਇਸ ਆਜ਼ਾਦ ਫਿਜ਼ਾ ਦਾ ਅਨੰਦ ਮਾਣ ਸਕੀਏ।
ਪਰ ਕਿੰਨੇ ਕੁ ਲੋਕਾਂ ਨੂੰ ਏਥੇ ਸੁਖ ਦਾ ਸਾਹ ਆ ਰਿਹਾ ਸੀ!

ਜੇਲ੍ਹ ਯਾਤਰਾ ਕਰ ਆਉਣ ਪਿੱਛੋਂ ਵਰਿਆਮ ਦੇ ਵਿਆਹ ਦੀ ਗੱਲ ਚੱਲੀ। ਪਹਿਲਾਂ ਉਹ ਲੱਤ ਨਹੀਂ ਸੀ ਲਾ ਰਿਹਾ। ਪਰ ਸੰਜੋਗ ਬਲੀ ਸਨ ਜੋ ਉਤੋਂ ਦੀ ਪੈ ਗਏ। ਉਸ ਦੀ ਪਤਨੀ ਰਜਵੰਤ ਕੌਰ ਦੱਸਦੀ ਹੈ: ਸਾਡੇ ਰਿਸ਼ਤੇ ਬਾਰੇ ਸੰਧੂ ਸਾਹਿਬ ਹੱਸਦਿਆਂ ਕਹਿੰਦੇ ਹਨ ਕਿ ਆਪਾਂ ਤਾਂ ਲਾਟਰੀ ਪਾਈ ਸੀ। ਲਾਟਰੀ ਠੀਕ ਨਿਕਲ ਆਈ। ਰੱਬ ਦਾ ਸ਼ੁਕਰ ਹੈ, ਲਾਟਰੀ ਮੇਰੀ ਵੀ ਠੀਕ ਨਿਕਲ ਆਈ। ਬੀਜੀ ਸੁਰਸਿੰਘ ਗਏ ਤਾਂ ਸਾਡਾ ਰਿਸ਼ਤੇਦਾਰ ਸਵਰਨ ਸਿੰਘ ਕਹਿੰਦਾ ਅਸੀਂ ਤਾਂ ਸੁਣਿਐਂ ਉਹ ਮੁੰਡਾ ਰਿਸ਼ਤੇ ਲਈ ਅਜੇ ਮੰਨਦਾ ਈ ਨਹੀਂ। ਪਰ ਜੇ ਉਹ ਰਿਸ਼ਤੇ ਲਈ ਤਿਆਰ ਹੋਵੇ ਤਾਂ ਉਹ ਬਹੁਤ ਚੰਗੇ ਵਿਚਾਰਾਂ ਦਾ, ਸਿਆਣਾ ਤੇ ਲਾਇਕ ਲੜਕਾ ਹੈ। ਉਨ੍ਹਾਂ ਦੀ ਜਮੀਨ ਵੀ ਹੈਗੀ। ਇਹ ਸ਼ਾਮ ਨੂੰ ਸਕੂਲ ਵਿਚ ਵਾਲੀਬਾਲ ਖੇਡਦੇ ਹੁੰਦੇ ਸਨ। ਮੇਰੇ ਬੀਜੀ ਇਨ੍ਹਾਂ ਨੂੰ ਵੇਖ ਕੇ ਬੜੇ ਖੁਸ਼ ਹੋਏ। ਘਰ ਆ ਕੇ ਸਾਨੂੰ ਦੱਸਣ ਕਿ ਮੁੰਡਾ ਤਾਂ ਬਿਲਕੁਲ ਤੁਹਾਡੇ ਭਾਪਾ ਜੀ ਵਰਗਾ ਹੈ। ਪਤਲਾ, ਲੰਮਾ, ਉਚਾ ਜਵਾਨ ਤੇ ਖਿਡਾਰੀ। ਖੇਡਦਾ ਖੇਡਦਾ ਉਨ੍ਹਾਂ ਈ ਕੱਪੜਿਆਂ ਵਿਚ ਮੈਨੂੰ ਮਿਲਣ ਆ ਗਿਆ। ਮੇਰੀ ਬੀਜੀ ਨੇ ਓਸੇ ਵੇਲੇ ਮੁੰਡਾ ਮੱਲਣ ਦੀ ਸੋਚੀ ਤੇ ਸ਼ਗਨ ਦੇ ਤੌਰ ‘ਤੇ ਇਕ ਸੌ ਇਕ ਰੁਪਏ ਇਨ੍ਹਾਂ ਨੂੰ ਦੇਣੇ ਚਾਹੇ। ਪਰ ਇਨ੍ਹਾਂ ਨੇ ਇਕ ਰੁਪਈਆ ਹੀ ਲਿਆ।
ਜਦੋਂ ਇਨ੍ਹਾਂ ਨੇ ਘਰ ਜਾ ਕੇ ਆਪਣੀ ਬੀਜੀ ਨੂੰ ਦੱਸਿਆ ਤਾਂ ਉਹ ਕਹਿੰਦੇ, ਤੂੰ ਤਾਂ ਕਹਿੰਦਾ ਸੀ ਅਜੇ ਵਿਆਹ ਨਹੀਂ ਕਰਾਉਣਾ, ਹੁਣ ਆਪੇ ‘ਹਾਂ’ ਕਰ ਆਇਐਂ? ਇਹ ਹੱਸ ਕੇ ਕਹਿੰਦੇ, ਇੱਕ ਰੁਪਈਆ ਈ ਲਿਆਇਆਂ, ਕਹਿੰਦੇ ਓ ਤਾਂ ਮੋੜ ਦਿੰਦੇ ਆਂ। ਅਸਲ ਵਿਚ ਇਨ੍ਹਾਂ ਨੇ ਪਹਿਲਾਂ ਹੀ ਮੇਰੇ ਬਾਰੇ ਪੁੱਛ-ਦੱਸ ਲਿਆ ਸੀ ਤੇ ਇਨ੍ਹਾਂ ਦੇ ਘਰਦਿਆਂ ਨੂੰ ਵੀ ਸਾਰੀ ਗੱਲ ਦਾ ਪਤਾ ਸੀ। ਇਨ੍ਹਾਂ ਨੇ ਅਗਲੇ ਦਿਨ ਆਪਣੀ ਕਿਤਾਬ ‘ਲੋਹੇ ਦੇ ਹੱਥ’ ਭੇਜ ਕੇ ਅਖਵਾ ਘੱਲਿਆ ਕਿ ਮੈਂ ਇਨਕਲਾਬੀ ਵਿਚਾਰਾਂ ਦਾ ਹਾਂ। ਹੋ ਸਕਦਾ ਕੱਲ ਕਲੋਤਰ ਨੂੰ ਜੇਲ੍ਹ ਜਾਣਾ ਪਵੇ ਜਾਂ ਕੁਝ ਹੋਰ ਹੋ ਜਾਵੇ। ਹੁਣੇ ਈ ਸੋਚ ਵਿਚਾਰ ਲਵੋ। ਮੈਂ ਤਾਂ ਡਰ ਗਈ ਪਰ ਮੇਰੀ ਬੀਜੀ ਇਨ੍ਹਾਂ ਨੂੰ ਮਿਲ ਕੇ ਕੁਝ ਜ਼ਿਆਦਾ ਹੀ ਪ੍ਰਭਾਵਿਤ ਸਨ। ਕਹਿਣ ਲੱਗੇ, ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਵਿਆਹ ਤੋਂ ਪਿੱਛੋਂ ਆਪੇ ਸਭ ਕੁਝ ਠੀਕ ਹੋ ਜਾਣੈਂ।
ਫਿਰ ਇਨ੍ਹਾਂ ਦੇ ਮਨ ਵਿਚ ਮੈਨੂੰ ਵੇਖਣ ਦੀ ਇੱਛਾ ਤੀਬਰ ਹੋ ਗਈ। ਇਨ੍ਹਾਂ ਨੇ ਮੈਨੂੰ ਚੋਰੀ ਵੇਖਣ ਦਾ ਮਨ ਬਣਾ ਲਿਆ। ਮੈਂ ਬੀ. ਏ. ਦਾ ਇਮਤਿਹਾਨ ਦੇ ਰਹੀ ਸਾਂ। ਅਸੀਂ ਤਿੰਨ ਕੁੜੀਆਂ ਸਕੂਲ ਲੱਗਣ ਤੋਂ ਪਹਿਲਾਂ ਮਾਸਟਰ ਮਨੋਹਰ ਲਾਲ ਤੋਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਦੀਆਂ ਸਾਂ। ਦਸੰਬਰ ਦੇ ਠੰਢੇ ਦਿਨ ਸਨ। ਇਹ ਆਪਣੇ ਇਕ ਦੋਸਤ ਨਾਲ ਸਵੇਰੇ ਸਵੱਖਤੇ ਸਕੂਲ ਦੇ ਮੋੜ ‘ਤੇ ਆਣ ਖਲੋਤੇ। ਇਹ ਦੱਸਦੇ ਸੀ, ਜਦੋਂ ਟਿਊਸ਼ਨ ਖਤਮ ਹੋਈ ਤਾਂ ਦੋਵੇਂ ਕੁੜੀਆਂ ਦੂਜੇ ਪਾਸੇ ਤੁਰ ਗਈਆਂ। ਤੂੰ ਜਦੋਂ ਪੰਝੀ ਤੀਹ ਗਜ ਦੀ ਵਿੱਥ ਤੋਂ ਘਰ ਨੂੰ ਲੰਘੀ ਤਾਂ ਬੁੱਕਲ ਮਾਰੀ ਹੋਈ ਸੀ। ਸਾਰਾ ਮੂੰਹ ਸਿਰ ਢੱਕਿਆ ਹੋਇਆ। ਬੰਦ ਬੋਰੀ ਵਾਂਗ ਲੱਗ ਰਹੀ ਸੀ। ਅਸੀਂ ਨਿਰਾਸ ਮੁੜ ਰਹੇ ਸਾਂ। ਨਾਲੇ ਤੇਰੇ ਜਾਣ ਵਾਲੇ ਰਾਹ ਵੱਲ ਮੁੜ ਮੁੜ ਵੇਖੀਏ, ਨਾਲੇ ਸ਼ਰਮਿੰਦੇ ਹੋਏ ਆਪਣੀ ‘ਸਫਲਤਾ’ ‘ਤੇ ਹੱਸੀਏ। ਪਿਛੋਂਂ ਕੋਈ ਮਾਸਟਰਾਣੀ ਆ ਰਹੀ ਸੀ। ਉਸ ਸਮਝਿਆ ਕਿ ਉਹਨੂੰ ਵੇਖ ਕੇ ਸ਼ਰਾਰਤ ਨਾਲ ਹੱਸ ਰਹੇ ਨੇ। ਉਹ ਗਲ ਪੈ ਗਈ। ਇਨ੍ਹਾਂ ਦੀ ‘ਸੇਵਾ’ ਕਰਨ ਲਈ ਜੁੱਤੀ ਲਾਹੁਣ ਨੂੰ ਤਿਆਰ ਹੋਈ ਤੇ ਪੁਲਿਸ ਨੂੰ ਫੜ੍ਹਾਉਣ ਲਈ ਆਪਣੇ ਹਮਦਰਦ ਡਾਕਟਰ ਬਲਦੇਵ ਨੂੰ ਬੁਲਾ ਲਿਆ। ਬਲਦੇਵ ਇਨ੍ਹਾਂ ਨੂੰ ਜਾਣਦਾ ਹੋਣ ਕਰਕੇ ਮਸੀਂ ਜਾਨ ਛੁੱਟੀ। ਨਹੀਂ ਤਾਂ ਇਹ ਕਹਿੰਦੇ, ਜੇ ਪੁਲਿਸ ਆ ਜਾਂਦੀ ਤਾਂ ਸਾਡੇ ਕੋਲ ਤਾਂ ਨਕਸਲੀ ਪਾਰਟੀ ਦੇ ਅੰਡਰਗਰਾਊਂਡ ਨਿਕਲਦੇ ਪਰਚੇ ‘ਲੋਕ-ਯੁਧ’ ਦੀਆਂ ਕਾਪੀਆਂ ਵੀ ਸਨ। ‘ਚੋਰੀ-ਚੋਰੀ’ ਵੇਖਣ ਬਦਲੇ ‘ਚੋਰਾਂ ਨੂੰ ਮੋਰ’ ਪੈ ਜਾਣੇ ਸਨ!
ਸੋ ਇਹ ਤਾਂ ਸੀ ਸਾਡੀ ਵੇਖ-ਵਖਾਈ ਦਾ ਕਿੱਸਾ। 1971 ਵਿਚ ਸਾਡੀ ਮੰਗਣੀ ਹੋਈ ਤੇ ਦੋ ਸਾਲ ਬਾਅਦ 9 ਦਸੰਬਰ 1973 ਨੂੰ ਸਾਡਾ ਵਿਆਹ ਹੋਇਆ। ਇਨ੍ਹਾਂ ਨੇ ਪਹਿਲਾਂ ਈ ਸਾਡੀ ਵਿਚੋਲਣ ਨੂੰ ਕਿਹਾ ਕਿ ਮੈਂ ਦਾਜ-ਦਹੇਜ ਕੁਝ ਨਹੀਂ ਲੈਣਾ ਤੇ ਨਾ ਹੀ ਕੋਈ ਗਹਿਣਾ ਵਗੈਰਾ ਪਾਉਣਾ। ਇਹ ਵੀ ਕਿਹਾ ਕਿ ਜੰਝ ਵਿਚ ਸਿਰਫ ਪੰਜ ਬੰਦੇ ਆਉਣਗੇ। ਮੇਰੇ ਘਰਦਿਆਂ ਸੋਚਿਆ ਕਿ ਮੁੰਡੇ ਵਾਲੇ ਇਹ ਗੱਲ ਰਸਮੀ ਤੌਰ ‘ਤੇ ਕਹਿੰਦੇ ਹੀ ਹੁੰਦੇ ਨੇ। ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਖਾਣ-ਪੀਣ ਦਾ ਆਪਣੇ ਘਰ ‘ਚ ਪੂਰਾ ਪ੍ਰਬੰਧ ਕਰਕੇ ਕਹਿੰਦੇ ਕਿ ਤੁਸੀਂ ਖਾਓ-ਪੀਓ। ਅਸੀਂ ਪੰਜ ਬੰਦੇ ਗਏ ਤੇ ਹੁਣੇ ਲਾਵਾਂ ਲੈ ਕੇ ਲਿਆਏ। ਪਰ ਇਨ੍ਹਾਂ ਦੇ ਦੋਸਤ-ਮਿੱਤਰ ਕਹਿੰਦੇ, ਅਸੀਂ ਵਿਆਹ ਵੇਖਣ ਆਏ ਆਂ, ਘਰ ਬਹਿ ਕੇ ਖਾਣ-ਪੀਣ ਨਹੀਂ ਆਏ। ਉਹ ਇਨ੍ਹਾਂ ਤੋਂ ਪਹਿਲਾਂ ਹੀ ਬੱਸ ‘ਤੇ ਚੜ੍ਹ ਕੇ ਆਪੇ ਹੀ ਬਰਾਤੀ ਬਣ ਕੇ ਝਬਾਲ ਅੱਪੜ ਗਏ। ਸਾਡਾ ਪੂਰੀ ਜੰਝ ਲਈ ਬਣਾਇਆ ਖਾਣਾ ਇਨ੍ਹਾਂ ਦੀ ਵੀ ਤੇ ਸਾਡੀ ਵੀ ਇੱਜਤ ਰੱਖ ਗਿਆ। ਜੇ ਇਨ੍ਹਾਂ ਦਾ ਦੋਸਤ ਅਮਰਜੀਤ ਚੰਦਨ ਸਾਡੇ ਵਿਆਹ ਦੀਆਂ ਤਸਵੀਰਾਂ ਆਪਣੇ ਕੈਮਰੇ ਨਾਲ ਨਾ ਖਿੱਚਦਾ ਤਾਂ ਸਾਡੇ ਕੋਲ ਤਾਂ ਵਿਆਹ ਦੀ ਕੋਈ ਯਾਦਗਾਰੀ ਤਸਵੀਰ ਵੀ ਨਹੀਂ ਸੀ ਹੋਣੀ।
ਅਗਲੇ ਦਿਨ ਮੇਰੇ ਪਰਿਵਾਰ ਵਾਲਿਆਂ ਸੋਚਿਆ ਕਿ ਸਾਡੀ ਧੀ ਨੇ ਦਾਜ ਲਈ ਹੱਥੀਂ ਚੀਜ਼ਾਂ ਬਣਾਈਆਂ ਤੇ ਖਰੀਦੀਆਂ ਸਨ। ਉਹ ਦਾਜ ਨਾ ਲਿਜਾਣ ਕਰਕੇ ਅੰਦਰੋਂ ਉਦਾਸ ਹੋਵੇਗੀ। ਮੈਂ ਉਦਾਸ ਸਾਂ ਵੀ। ਮੇਰੇ ਤਾਇਆ ਜੀ, ਮੇਰੇ ਭਰਾ ਤੇ ਚਚੇਰੇ ਭਰਾਵਾਂ ਤੇ ਭਣਵੱਈਆਂ ਨੇ ਦਾਜ ਦਾ ਸਮਾਨ ਟਰੱਕ ‘ਤੇ ਲੱਦਿਆ ਤੇ ਮੇਰੇ ਸਹੁਰੇ ਘਰ ਲੈ ਆਏ। ਸੁਰਸਿੰਘ ਟਰੱਕ ਤੋਂ ਸਮਾਨ ਲਾਹ ਕੇ ਜਦੋਂ ਘਰ ਲਿਜਾਇਆ ਜਾ ਰਿਹਾ ਸੀ ਤਾਂ ਇਨ੍ਹਾਂ ਨੂੰ ਪਤਾ ਲੱਗਾ ਤਾਂ ਕਹਿੰਦੇ ਸਮਾਨ ਵਾਪਸ ਕਰ ਦਿਓ। ਸਿਆਣਿਆਂ ਨੇ ਸਮਝਾਇਆ ਕਿ ਇਸ ਤਰ੍ਹਾਂ ਕਰਨਾ ਸੋ.ਭਾ ਨਹੀਂ ਦਿੰਦਾ। ਇਹ ਤਾਂ ਘੁੱਟੇ-ਵੱਟੇ ਜਿਹੇ ਗਏ ਪਰ ਇਨ੍ਹਾਂ ਦੇ ਬਾਪੂ ਜੀ ਤੇ ਫੁੱਫੜ ਬੜੇ ਖੁਸ਼। ਬਾਪੂ ਆਖੇ, ਸਰਦਾਰਾ! ਝਬਾਲੀਆਂ ਤਾਂ ਸਾਡਾ ਘਰ ਭਰ ਦਿੱਤਾ। ਪਿੱਛੋਂ ਜਦੋਂ ਅਸੀਂ ਘਰੋਂ ਅੱਡ ਹੋਏ ਜਾਂ ਕਰ ਦਿੱਤੇ ਗਏ ਤੇ ਸਾਨੂੰ ਗਲ ਦੇ ਕੱਪੜਿਆਂ ਜਾਂ ਵਰਤੇ ਜਾਂਦੇ ਮੰਜੇ ਬਿਸਤਰੇ ਤੋਂ ਇਲਾਵਾ ਕੁਝ ਵੀ ਨਾ ਮਿਲਿਆ ਤਾਂ ਇਹ ਵੀ ਹੱਸਦੇ ਹੋਏ ਆਖਦੇ ਹੁੰਦੇ ਸਨ ਕਿ ਰਜਵੰਤ, ਚੰਗਾ ਹੋਇਆ ਤੇਰੇ ਘਰ ਦੇ ਸਮਾਨ ਛੱਡ ਗਏ। ਨਹੀਂ ਤਾਂ ਆਪਣੇ ਘਰ ਹੁਣ ਹੈ ਵੀ ਕੀ ਸੀ?
ਜਦੋਂ ਨਵਾਂ-ਨਵਾਂ ਵਿਆਹ ਹੋਇਆ ਤਾਂ ਮੇਰੇ ਮਨ ਵਿਚ ਵੀ ਹੋਰ ਨਵ-ਵਿਆਹੀਆਂ ਕੁੜੀਆਂ ਵਾਂਗ ਘੁੰਮਣ ਫਿਰਨ ਦਾ ਚਾਅ ਸੀ ਕਿਉਂਕਿ ਮੇਰੀਆਂ ਜਿਨ੍ਹਾਂ ਸਾਥਣਾਂ ਦੇ ਨਵੇਂ ਵਿਆਹ ਹੋਏ ਸਨ, ਉਹ ਰੋਜ਼ ਆਪਣੇ ਹਨੀਮੂਨਾਂ ਜਾਂ ਸੈਰ-ਸਪਾਟੇ ਬਾਰੇ ਬੜਾ ਹੁੱਬ ਕੇ ਦੱਸਦੀਆਂ। ਮੈਂ ਰੋਜ਼ ਇਨ੍ਹਾਂ ਨੂੰ ਕਹਿਣਾ ਕਿ ਮੈਨੂੰ ਕਿਤੇ ਘੁਮਾ ਫਿਰਾ ਲਿਆਓ, ਕਿਉਂਕਿ ਮੈਂ ਤਾਂ ਕਿਤੇ ਵੀ ਨਹੀਂ ਸਾਂ ਗਈ। ਇਹ ਘੁੰਮਣ ਫਿਰਨ ਦੇ ਬਿਲਕੁਲ ਸ਼ੌਕੀਨ ਨਹੀਂ। ਪਰ ਮੇਰੇ ਜ਼ੋਰ ਦੇਣ ‘ਤੇ ਕਹਿੰਦੇ, ਚੱਲ ਤੈਨੂੰ ਜਲੰਧਰ ਲੈ ਚਲਦੇ ਆਂ। ਜਲੰਧਰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਰੈਲੀ ਸੀ। ਭਾਵੇਂ ਅਸੀਂ ਬੇਰੁਜ਼ਗਾਰ ਨਹੀਂ ਸਾਂ ਪਰ ਇਹ ਅਧਿਆਪਕ ਯੂਨੀਅਨ ਵਿਚ ਵੀ ਕੰਮ ਕਰਦੇ ਸਨ। ਮੈਂ ਬੁਰੀ ਸ਼ਾਮਤ ਨੂੰ ਚਲੀ ਗਈ। ਗਰਮੀਆਂ ਦੇ ਦਿਨੀਂ ਸਿਖਰ ਦੁਪਹਿਰੇ ਜਲੰਧਰ ਦੀਆਂ ਸੜਕਾਂ ‘ਤੇ ਨਿਕਲ ਰਹੇ ਜਲੂਸ ‘ਚ ਮੈਨੂੰ ਵੀ ਵਾੜ ਦਿੱਤਾ। ਆਪ ਜਲੂਸ ਨਾਲ ਨਾਅਰੇ ਮਾਰਦੇ ਫਿਰਨ। ਮੈਂ ਪਰੈਗਨੈਂਟ ਸੀ। ਗਰਮੀ ‘ਚ ਤੁਰ-ਤੁਰ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ। ਪਿਆਸ ਨਾਲ ਬੇਹਾਲ ਹੋਈ ਪਈ ਸਾਂ। ਮੂੰਹ ਸੁੱਕ ਰਿਹਾ ਸੀ। ਮੈਂ ਵੇਖਿਆ, ਇਹ ਜਲੂਸ ਤੋਂ ਬਾਹਰ ਆਪਣੀ ਬੀ. ਐਡ ਦੀ ਪੁਰਾਣੀ ਜਮਾਤਣ ਨਾਲ ਹੱਸ-ਹੱਸ ਗੱਲਾਂ ਕਰੀ ਜਾਣ। ਮੈਨੂੰ ਬੜੀ ਖਿਝ ਆਈ। ਮੈਂ ਇਨ੍ਹਾਂ ਨੂੰ ਬਾਹੋਂ ਫੜ੍ਹ ਕੇ ਖਿੱਚ ਲਿਆਈ। ਹਾਲੋਂ ਬੇਹਾਲ ਹੋਈ ਘਰ ਪਹੁੰਚੀ ਤਾਂ ਮੈਂ ਗਰਮੀ ਨਾਲ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਕਈ ਦਿਨ ਥਕਾਵਟ ਦੀ ਭੰਨੀ ਮੰਜੇ ਤੋਂ ਨਾ ਉਠ ਸਕੀ। ਇਹ ਸੀ ਸਾਡਾ ‘ਹਨੀਮੂਨ’!
ਇਕ ਹੋਰ ਗੱਲ ਵੀ ਸੁਣ ਲਵੋ। ਵਿਆਹ ਤੋਂ ਬਾਅਦ ਮੈਨੂੰ ਭਗਤ ਸਿੰਘ ਸ਼ਹੀਦ ‘ਤੇ ਬਣੀ ਫਿਲਮ ‘ਸ਼ਹੀਦ’ ਵਿਖਾਉਣ ਲੈ ਗਏ। ਇਨ੍ਹਾਂ ਦੇ ਸਿਰ ‘ਤੇ ਤਾਂ ਆਪਣੇ ਵਿਚਾਰਾਂ ਦਾ ਭੂਤ ਸਵਾਰ ਸੀ। ਨਵੀਂ ਵਿਆਹੀ ਕੁੜੀ ਨੂੰ ਬੰਦਾ ਕੋਈ ਰੋਮਾਂਟਿਕ ਫਿਲਮ ਵਿਖਾਉਂਦਾ। ਅੱਜ ਆਪਣੀ ਇਸ ਮੂਰਖਤਾ ‘ਤੇ ਆਪ ਹੀ ਹੱਸ ਪੈਂਦੇ ਨੇ। ਹੁਣ ਤਾਂ ਕਈ ਵਾਰ ਇਹ ਵੀ ਕਹਿ ਦਿੰਦੇ ਨੇ ਕਿ ਰਜਵੰਤ ਵਿਆਹ ਵੇਲੇ ਜਿਨ੍ਹਾਂ ਰਸਮਾਂ ‘ਤੇ ਕੋਈ ਖਰਚ ਨਹੀਂ ਆਉਂਦਾ ਪਰ ਘਰਦਿਆਂ ਜੀਆਂ ਨੂੰ ਉਹ ਰਸਮਾਂ ਕਰਦਿਆਂ ਖੁਸ਼ੀ ਮਿਲਦੀ ਹੈ ਤਾਂ ਉਹ ਰਸਮਾਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ। ਕਿਉਂਕਿ ਇਨ੍ਹਾਂ ਨੇ ਨਾ ਵਟਣਾ ਮਲ ਕੇ ਨਹਾਤਾ, ਨਾ ਘੋੜੀ ਚੜ੍ਹੇ, ਨਾ ਸਿਹਰਾ ਲਾਇਆ, ਨਾ ਵਾਗ ਗੁੰਦਾਈ। ਹੁਣ ਕਹਿੰਦੇ ਨੇ, ਜੇ ਘਰਦਿਆਂ ਨੂੰ ਇਹ ਕਰ ਲੈਣ ਦਿੰਦਾ ਤਾਂ ਕੀ ਵਿਗੜ ਚੱਲਿਆ ਸੀ? ਉਨ੍ਹਾਂ ਦੀ ਰੂਹ ਰਾਜ਼ੀ ਹੋ ਜਾਂਦੀ!
ਜਿਥੇ ਇਨ੍ਹਾਂ ਦੇ ਸਾਥ ਵਿਚ ਮੈਨੂੰ ਬੇਅੰਤ ਖੁਸ਼ੀ ਤੇ ਮਾਣ ਮਿਲਿਆ, ਉਥੇ ਜ਼ਿੰਦਗੀ ਵਿਚ ਝਟਕੇ ਵੀ ਬੜੇ ਲੱਗੇ। ਜਿਹੜੀ ਚੇਤਾਵਨੀ ਇਨ੍ਹਾਂ ਨੇ ਆਪਣੇ ਬਾਰੇ ਮੰਗਣੀ ਹੋਣ ਵੇਲੇ ‘ਲੋਹੇ ਦੇ ਹੱਥ’ ਕਿਤਾਬ ਭੇਜ ਕੇ ਦਿੱਤੀ ਸੀ, ਉਸ ਦਾ ਸਬੂਤ ਤਾਂ ਉਦੋਂ ਹੀ ਮਿਲ ਗਿਆ ਜਦੋਂ ਵਿਆਹ ਤੋਂ ਪਹਿਲਾਂ ਈ ਇਹ ਮੋਗਾ ਐਜੀਟੇਸ਼ਨ ਮੌਕੇ ਜੇਲ੍ਹ ਯਾਤਰਾ ਕਰ ਆਏ। ਫਿਰ ਐਮਰਜੈਂਸੀ ਵਿਚ ਦੋ ਵਾਰ ਫੜ੍ਹੇ ਗਏ। ਪਹਿਲੀ ਵਾਰ ਫੜ੍ਹੇ ਗਏ ਤਾਂ ਮੇਰੀ ਬੱਚੀ ਅਜੇ ਹਫਤੇ ਕੁ ਦੀ ਸੀ। ਮੈਂ ਛਿਲੇ ਵਿਚ ਹੀ ਭੂਆ ਨਾਲ ਪੱਟੀ ਕਚਹਿਰੀਆਂ ਨੂੰ ਤੁਰ ਪਈ। ਇਨ੍ਹਾਂ ਨੂੰ ਠੀਕ-ਠਾਕ ਵੇਖ ਕੇ ਮੈਨੂੰ ਹੌਂਸਲਾ ਮਿਲਿਆ। ਕੁਝ ਹਫਤਿਆਂ ਬਾਅਦ ਅਸੀਂ ਇਨ੍ਹਾਂ ਦੀ ਜ਼ਮਾਨਤ ਕਰਵਾ ਲਈ ਪਰ ਦੂਜੀ ਵਾਰ ਇਨ੍ਹਾਂ ਨੂੰ ਤਰੀਕ ਭੁਗਤਣ ਗਿਆਂ ਨੂੰ ਫਿਰ ਫੜ੍ਹ ਕੇ ਲੈ ਗਏ ਤੇ ਬਿਆਸ ਥਾਣੇ ਤੋਂ ਡੀ. ਆਈ. ਆਰ. ਦਾ ਕੇਸ ਪਾ ਕੇ ਇੰਟੈਰੋਗੇਸ਼ਨ ਸੈਂਟਰ ਭੇਜ ਦਿੱਤਾ। ਮੈਨੂੰ ਦੋ ਹਫਤੇ ਇਨ੍ਹਾਂ ਦੀ ਕੋਈ ਉਘ-ਸੁੱਘ ਨਾ ਮਿਲੀ। ਮੈਂ ਨਾਲੇ ਰੋਵਾਂ, ਨਾਲੇ ਸੋਚਾਂ ਕਿਤੇ ਇਨ੍ਹਾਂ ਨੂੰ ਮਾਰ-ਖਪਾ ਨਾ ਦਿੱਤਾ ਹੋਵੇ।
ਫਿਰ 1986 ਵਿਚ ਸਾਡੇ ਪਿੰਡ ਗੋਲੀ ਚੱਲੀ। ਅਸੀਂ ਜ਼ਖਮੀਆਂ ਨੂੰ ਬਚਾਇਆ, ਹਸਪਤਾਲ ਪੁਚਾਇਆ ਪਰ ਉਲਟਾ ਇਨ੍ਹਾਂ ‘ਤੇ ਕਤਲ ਕੇਸ ਪਾ ਦਿੱਤਾ। ਇਹ ਤਾਂ ਸਾਡੀ ਚੰਗੀ ਕਿਸਮਤ ਕਿ ਇਲਾਕੇ ਦੇ ਲੋਕਾਂ ਨੇ ਦਬਾਅ ਪਾਇਆ ਤੇ ਲੋਕਲ ਪੁਲਿਸ ਨੇ ਵੀ ਸੱਚਾਈ ਦਾ ਸਾਥ ਦਿੱਤਾ, ਨਹੀਂ ਤਾਂ ਉਤਲੇ ਅਫਸਰਾਂ ਵੱਲੋਂ ਤਾਂ ਇਨ੍ਹਾਂ ਨੂੰ ਪੁੱਛ-ਗਿੱਛ ਦੇ ਨਾਂ ‘ਤੇ ਮਾਰ ਦੇਣ ਲਈ ਵੀ ਆਖਿਆ ਗਿਆ ਸੀ। ਜਦੋਂ ਵੀ ਕਿਤੇ ਗੜਬੜ ਹੁੰਦੀ, ਇਨ੍ਹਾਂ ਨੂੰ ਪੁਲਿਸ ਫੜ੍ਹ ਕੇ ਲੈ ਜਾਂਦੀ। ਅਤਿਵਾਦ ਦੇ ਦੌਰ ਵਿਚ ਤਾਂ ਕਈ ਵਾਰ ਮਸਾਂ ਮਰਨੋ ਬਚੇ। ਹੁਣ ਵੀ ਉਨ੍ਹਾਂ ਦਿਨਾਂ ਬਾਰੇ ਸੋਚ ਕੇ ਕੰਬ ਜਾਂਦੀ ਹਾਂ। ਉਂਜ ਇਹ ਦਲੇਰ ਬੜੇ ਸਨ। ਜਦੋਂ ਖਾਦਾਂ ਦੀ ਬਲੈਕ ਹੁੰਦੀ ਸੀ ਤਾਂ ਇਹ ਬਲੈਕ ਵਿਚ ਮਿਲਦੀ ਖਾਦ ਸਾਥੀਆਂ ਦੀ ਮਦਦ ਨਾਲ ਫੜ੍ਹ ਕੇ ਆਮ ਲੋਕਾਂ ਵਿਚ ਸਸਤੇ ਠੀਕ ਭਾਅ ‘ਤੇ ਵਿਕਵਾਉਂਦੇ। ਇਕ ਵਾਰ ਪਿੰਡ ਦੇ ਕਿਸੇ ਬਜ਼ੁਰਗ ਦੀ ਸ਼ਰਾਬੀ ਥਾਣੇਦਾਰ ਨੇ ਰਾਤ ਨੂੰ ਬਜ਼ਾਰ ਵਿਚ ਜਾਂਦੇ ਦੀ ਦਾੜ੍ਹੀ ਪੁੱਟੀ। ਉਹਦੀ ਪਿੰਡ ਵਿਚੋਂ ਕਿਸੇ ਨੇ ਵੀ ਪੁਲਿਸ ਤੋਂ ਡਰਦੇ ਨੇ ਮਦਦ ਨਾ ਕੀਤੀ ਤਾਂ ਉਹ ਦਾੜ੍ਹੀ ਦੇ ਵਾਲ ਲੈ ਕੇ ਇਨ੍ਹਾਂ ਕੋਲ ਆ ਗਿਆ। ਇਨ੍ਹਾਂ ਨੇ ਪਿੰਡ ਤੇ ਇਲਾਕੇ ਵਿਚੋਂ ਸਾਥੀ ‘ਕੱਠੇ ਕਰਕੇ ਐਸ਼ ਐਸ਼ ਪੀ. ਤੱਕ ਪਹੁੰਚ ਕੀਤੀ। ਥਾਣੇਦਾਰ ਦੀ ਇਨਕੁਆਰੀ ਕਰਵਾਈ ਤੇ ਸਜ਼ਾ ਦਿਵਾਈ। ਥਾਣੇਦਾਰ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਸਾਡੇ ਘਰ ਲੈ ਆਇਆ ਤੇ ਇਨ੍ਹਾਂ ਅੱਗੇ ਮਾਫੀ ਲਈ ਤਰਲੇ ਕਰੇ। ਇਹ ਕਹਿੰਦੇ, ਜਿਹੜੇ ਬਜ਼ੁਰਗ ਦੀ ਦਾੜ੍ਹੀ ਪੁੱਟੀ ਊ, ਉਸ ਤੋਂ ਮਾਫੀ ਮੰਗ। ਥਾਣੇਦਾਰ ਨੇ ਬਜ਼ੁਰਗ ਦੇ ਗੋਡਿਆਂ ਨੂੰ ਹੱਥ ਲਾ ਕੇ ਮਾਫੀ ਮੰਗੀ ਪਰ ਬਜ਼ੁਰਗ ਨੇ ਕਿਹਾ, ‘ਹੁਣ ਮੇਰੀ ਵਾਰੀ ਐ। ਪਰੇ ਹੋ ਜਾ ਤੇ ਮੈਨੂੰ ਆਪਣੇ ਗੰਦੇ ਹੱਥ ਨਾ ਲਾਈਂ। ਮੈਨੂੰ ਮੇਰੇ ਪੁੱਤ ਨੇ ਹੁਣ ਤੇਰੇ ਅੱਗੇ ਬੋਲਣ ਜੋਗਾ ਕਰ ਦਿੱਤੈ।’ ਥਾਣੇਦਾਰ ਨੂੰ ਮਾਫੀ ਨਾ ਮਿਲੀ ਤੇ ਸਜ਼ਾ ਭੁਗਤਣੀ ਪਈ। ਇੰਜ ਇਹ ਬੇਇਨਸਾਫੀ ਦੇ ਵਿਰੁਧ ਹਮੇਸ਼ਾ ਡਟਦੇ ਰਹੇ।
ਇਹ ਨਾਸਤਕ ਵਿਚਾਰਾਂ ਦੇ ਹਨ। ਮੈਂ ਆਸਤਕ ਵਿਚਾਰਾਂ ਦੀ ਸੀ। ਵਿਆਹ ਤੋਂ ਪਹਿਲਾਂ ਹਰ ਰੋਜ਼ ਪਾਠ ਕਰਦੀ ਸਾਂ। ਇਕ ਦਿਨ ਹੱਸ ਕੇ ਪੁੱਛਦੇ ਕਿ ਤੂੰ ਰੋਜ਼ ਪਾਠ ਕਰਦੀ, ਗੁਰਦੁਆਰੇ ਜਾਂਦੀ ਸੀ ਤਾਂ ਆਪਣੇ ਰੱਬ ਤੋਂ ਕੀ ਮੰਗਦੀ ਸੀ। ਮੈਂ ਕਿਹਾ, ਮੈਂ ਤਿੰਨ ਚੀਜ਼ਾਂ ਮੰਗਦੀ ਸਾਂ। ਇਕ ਕਹਿੰਦੀ ਸਾਂ ਰੱਬਾ! ਇੱਜਤ ਪਤ ਦੇਵੀਂ, ਦੂਜਾ ਵਿਦਿਆ ਦਾ ਦਾਨ ਦੇਈਂ ਤੇ ਤੀਜਾ ਜਿਹੜਾ ਪਤੀ ਮੈਨੂੰ ਮਿਲੇ, ਉਹ ਮੇਰੇ ਤੋਂ ਵੱਧ ਪੜ੍ਹਿਆ-ਲਿਖਿਆ ਤੇ ਸਿਆਣਾ ਮਿਲੇ। ਫਿਰ ਪੁੱਛਦੇ, ਤੇਰੀ ਇੱਛਾ ਪੂਰੀ ਹੋਈ ਕਿ ਨਹੀਂ? ਮੈਂ ਕਿਹਾ ਕਿਉਂ ਨਹੀਂ, ਮੈਨੂੰ ਰੱਬ ਨੇ ਇੱਜਤ ਪਤ ਵੀ ਦਿੱਤੀ। ਆਪਣੀ ਹਿੰਮਤ ਨਾਲ ਤੁਹਾਡੇ ਵਾਂਗ ਉਚੀ ਵਿਦਿਆ ਵੀ ਪ੍ਰਾਪਤ ਕੀਤੀ ਤੇ ਸਭ ਤੋਂ ਵੱਧ ਤੁਸੀਂ ਮੈਨੂੰ ਮਿਲੇ। ਇਹ ਕਹਿੰਦੇ, ‘ਤੇਰੇ ਪਿਤਾ ਪੁਲਿਸ ਇੰਸਪੈਕਟਰ ਸਨ, ਜੇ ਜਿਊਂਦੇ ਰਹਿੰਦੇ ਉਨ੍ਹਾਂ ਤੇਰਾ ਵਿਆਹ ਮੇਰੇ ਵਰਗੇ ਬੰਦੇ ਨਾਲ ਕਿੱਥੇ ਕਰਨਾ ਸੀ?’ ਮੈਂ ਕਹਿੰਦੀ ਹਾਂ ਉਹ ਵੱਧ ਤੋਂ ਵੱਧ ਕਿਸੇ ਅਮੀਰ ਜਾਂ ਅਫਸਰ ਨਾਲ ਮੈਨੂੰ ਵਿਆਹ ਦਿੰਦੇ ਪਰ ਤੁਹਾਡੇ ਵਰਗੀ ਗੁਣਾਂ ਦੀ ਖਾਣ ਮੈਨੂੰ ਕਿੱਥੇ ਮਿਲਣੀ ਸੀ। ਵਿਆਹ ਤੋਂ ਬਾਅਦ ਮੈਂ ਇਨ੍ਹਾਂ ਦੇ ਅਸਰ ਹੇਠ ਪਾਠ ਕਰਨਾ ਛੱਡ ਦਿੱਤਾ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਮੈਂ ਫਿਰ ਪਾਠ ਕਰਦੀ ਹਾਂ। ਇਹ ਹੁਣ ਮੇਰਾ ਮਜ਼ਾਕ ਨਹੀਂ ਉਡਾਉਂਦੇ। ਕਹਿੰਦੇ ਹਨ, ਜੇ ਤੈਨੂੰ ਇਸ ਤਰ੍ਹਾਂ ਮਾਨਸਿਕ ਸ਼ਾਂਤੀ ਮਿਲਦੀ ਹੈ ਤਾਂ ਮੈਂ ਕਿਉਂ ਰੋਕਾਂ? ਆਪ ਇਹ ਰੱਬ ਨੂੰ ਨਹੀਂ ਮੰਨਦੇ, ਕੋਈ ਪਾਠ ਪੂਜਾ ਨਹੀਂ ਕਰਦੇ। ਉਂਜ ਗੁਰੂਆਂ ਨੂੰ ਬੜਾ ਮੰਨਦੇ ਨੇ। ਗੁਰੂ ਨਾਨਕ ਸਾਹਿਬ ਨੂੰ ਤਾਂ ਕਹਿੰਦੇ ਨੇ ਇਹ ਮੇਰਾ ਬਾਪੂ ਏ। ਉਹ ਬੜਾ ਮਹਾਨ ਮਨੁੱਖ ਤੇ ਮਹਾਨ ਸ਼ਾਇਰ ਸੀ। ਵੱਡਾ ਤਰਕਸ਼ੀਲ। ਹੁਣ ਤਾਂ ਮੇਰੇ ਆਖੇ ਇਨ੍ਹਾਂ ਨੇ ਧੀਆਂ ਦੇ ਵਿਆਹ ‘ਤੇ ਅਖੰਡ ਪਾਠ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਸੀ।
ਜੇ ਮੈਂ ਇਨ੍ਹਾਂ ਨੂੰ ਸੁਭਾਅ ਦੇ ਸਾਧ ਵੀ ਆਖ ਦਿਆਂ ਤਾਂ ਅਤਿਕਥਨੀ ਨਹੀਂ ਹੋਵੇਗੀ। ਪੈਸੇ ਨਾਲ ਤਾਂ ਉਕਾ ਕੋਈ ਪਿਆਰ ਨਹੀਂ। ਮੈਂ ਜਿਵੇਂ ਚਾਹਵਾਂ ਤੇ ਜਿੱਥੇ ਮਰਜ਼ੀ ਖਰਚਾਂ, ਇਨ੍ਹਾਂ ਨੇ ਕਦੀ ਪੁੱਛਿਆ ਤੱਕ ਨਹੀਂ। ਪੁੱਛਣਾ ਵੀ ਕੀ ਹੈ, ਇਨ੍ਹਾਂ ਦੀ ਤਾਂ ਜੇਬ ਵਿਚ ਵੀ ਮੈਂ ਆਪ ਹੀ ਪੈਸੇ ਪਾਉਂਦੀ ਹਾਂ। ਉਂਜ ਗਰੀਬ ਤੇ ਲੋੜਵੰਦ ਦੀ ਮਦਦ ਕਰਨ ਨੂੰ ਤਰਜੀਹ ਦਿੰਦੇ ਨੇ। ਮੈਂ ਜਿੱਥੇ ਵੀ ਜਾਵਾਂ, ਬੜੇ ਮਾਣ ਨਾਲ ਦੱਸਦੀ ਹਾਂ ਕਿ ਮੈਂ ਸੰਧੂ ਸਾਹਿਬ ਦੀ ਘਰਵਾਲੀ ਹਾਂ। ਇਹ ਤੇ ਬੱਚੇ ਵੀ ਕਈ ਵਾਰ ਮੇਰਾ ਮਜ਼ਾਕ ਉਡਾਉਂਦੇ ਨੇ। ਆਖਣਗੇ ਇਹ ਤਾਂ ਬਜਾਜੀ ਵਾਲੇ ਨੂੰ ਵੀ ਆਖੂ ਕਿ ਫਲਾਣੇ ਦੀ ਘਰ ਵਾਲੀ ਆਂ, ਕੱਪੜਾ ਚੰਗਾ ਵਿਖਾਈਂ। ਘਰਵਾਲਾ ਸੰਧੂ ਸਾਹਿਬ ਨਾ ਹੋ ਗਿਆ, ਰਾਸ਼ਟਰਪਤੀ ਹੋ ਗਿਆ!
ਮੇਰੇ ਲਈ ਸੰਧੂ ਸਾਹਿਬ ਮੇਰੀ ਸਭ ਤੋਂ ਵੱਡੀ ਤਾਕਤ ਹਨ। ਉਹ ਮੇਰੀ ਮਾਂ, ਪਿਓ, ਮੇਰਾ ਪਤੀ ਮੇਰਾ ਸਭ ਕੁਝ ਹਨ। ਮੈਂ ਉਨ੍ਹਾਂ ਨੂੰ ਰੱਬ ਤੋਂ ਦੂਜਾ ਦਰਜਾ ਦਿੱਤਾ ਹੈ। ਉਮਰ ਦੇ ਨਾਲ ਅੱਜ ਕੱਲ੍ਹ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਕੰਮ ਕਰਦੀ ਥੱਕ ਜਾਂਦੀ ਹਾਂ। ਮੈਂ ਕਹਿੰਦੀ ਆਂ, ਤੁਸੀਂ ਵੀ ਕੋਈ ਨਿੱਕਾ ਮੋਟਾ ਕੰਮ ਕਰ ਲਿਆ ਕਰੋ। ਆਖਣਗੇ ‘ਪਹਿਲਾਂ ਤੂੰ ਆਪ ਹੀ ਮੈਨੂੰ ਵਿਚਾਲ ਲਿਐ। ਸਾਰਾ ਕੰਮ ਆਪ ਕਰਦੀ ਰਹੀ ਏਂ। ਮੈਂ ਕਰਨਾ ਚਾਹੁੰਦਾ ਤਾਂ ਰੋਕ ਦਿੰਦੀ ਸੈਂ। ਮਾੜੀਆਂ ਆਦਤਾਂ ਤੂੰ ਆਪ ਪਾ ਦਿੱਤੀਆਂ। ਮੈਂ ਸਿਧਾਂਤਕ ਤੌਰ ‘ਤੇ ਮੰਨਦਾ ਹਾਂ ਕਿ ਬੰਦੇ ਨੂੰ ਘਰ ਦੇ ਕੰਮ ਵਿਚ ਮਦਦ ਕਰਨੀ ਚਾਹੀਦੀ ਹੈ ਪਰ ਅਮਲੀ ਤੌਰ ‘ਤੇ ਹੁਣ ਕੁਝ ਨਹੀਂ ਕਰ ਸਕਦਾ। ਹੁਣ ਮੇਰੇ ਤੋਂ ਕੰਮ ਦੀ ਆਸ ਨਾ ਰੱਖ।’ ਪਾਣੀ ਦਾ ਗਲਾਸ ਵੀ ਆਪ ਫੜ੍ਹ ਕੇ ਨਹੀਂ ਪੀਂਦੇ।
ਜਦੋਂ ਛੋਟੀ ਬੇਟੀ ਦਾ ਵਿਆਹ ਨਹੀਂ ਸੀ ਹੋਇਆ ਤਾਂ ਸਵੇਰੇ ਕਾਲਜ ਜਾਣ ਵੇਲੇ ਆਵਾਜ਼ਾਂ ਮਾਰਨੀਆਂ, ‘ਆਵੀਂ ਰਮਣੀਕ। ਵੇਖੀਂ, ਧੋਬੀ ਦੇ ਪ੍ਰੈਸ ਕੀਤੇ ਕੱਪੜਿਆਂ ਵਿਚ ਵੱਟ ਜਾਪਦੇ ਨੇ, ਦੁਬਾਰਾ ਪ੍ਰੈਸ ਕਰ ਦੇਹ। ਮੇਰੀ ਇਸ ਸੂਟ ਨਾਲ ਦੀ ਟਾਈ ਫੜਾ। ਮੇਰੀਆਂ ਜੁਰਾਬਾਂ ਕਿੱਥੇ ਨੇ। ਜੁੱਤੀ ਫੜਾਈਂ।’ ਉਂਜ ਜਨਾਬ ਨੂੰ ਸੱਜਣ ਫੱਬਣ ਦਾ ਸ਼ੌਕ ਮੁੱਢੋਂ ਰਿਹਾ ਹੈ। ਮੈਚ ਕਰਦੀ ਕਮੀਜ਼ ਤੇ ਪੱਗ। ਆਪਣੇ ਆਪ ਨੂੰ ਸ਼ੀਸ਼ੇ ਵਿਚ ਕਈ-ਕਈ ਵਾਰ ਵੇਖਣਾ ਤੇ ਫਿਰ ਮੈਨੂੰ ਪੁੱਛਣਾ ਕਿ ਮੈਂ ਠੀਕ ਲੱਗਦਾਂ? ਮੇਰੀ ਪੱਗ ਠੀਕ ਬੱਝੀ ਹੈ? ਖਾਣਾ ਪੀਣਾ ਇਨ੍ਹਾਂ ਦਾ ਬਿਲਕੁਲ ਸਾਦਾ। ਬੱਸ ਦਾਲ, ਸਬਜ਼ੀ, ਰੋਟੀ ਤੇ ਨਾਲ ਦਹੀਂ। ਸ਼ਰਾਬ-ਮੀਟ ਤਾਂ ਉਕਾ ਨਹੀਂ। ਸਬਜ਼ੀਆਂ ਵਿਚ ਭਿੰਡੀ, ਕਰੇਲੇ, ਕੱਦੂ ਪਾ ਕੇ ਬਣਾਈ ਛੋਲਿਆਂ ਦੀ ਦਾਲ, ਘੀਆ ਕੱਦੂ ਦਾ ਰਾਇਤਾ, ਸਾਗ ਤੇ ਮੱਕਈ ਦੀ ਰੋਟੀ ਇਨ੍ਹਾਂ ਦਾ ਮਨ ਪਸੰਦ ਖਾਣਾ ਹੈ।
ਇਨ੍ਹਾਂ ਦੀ ਇੱਕ ਗੱਲ ਇਕੋ ਵੇਲੇ ਮੈਨੂੰ ਚੰਗੀ ਵੀ ਲੱਗਦੀ ਹੈ ਤੇ ਮਾੜੀ ਵੀ। ਇਹ ਅਗਲੇ ਨੂੰ ਮਖੌਲ ਕਰਦਿਆਂ ਹਾਸੇ-ਹਾਸੇ ਵਿਚ ਬੜੀ ਕਰੜੀ ਗੱਲ ਵੀ ਆਖ ਦਿੰਦੇ ਨੇ। ਖਰੀ ਗੱਲ ਕਹਿਣੋਂ ਬਾਜ਼ ਨਹੀਂ ਆਉਂਦੇ। ਕਈ ਵਾਰ ਤਾਂ ਮੇਰੇ ਨਾਲ ਵੀ ਭਾਣਾ ਵਾਪਰ ਜਾਂਦਾ ਹੈ। ਮੈਂ ਕੁਝ ਚਿਰ ਲਈ ਰੁੱਸ ਜਾਂਦੀ ਹਾਂ। ਪਰ ਇਨ੍ਹਾਂ ਦੀ ਇਹ ਵੀ ਸਿਫਤ ਹੈ ਕਿ ਮੈਨੂੰ ਬਹੁਤਾ ਚਿਰ ਰੁੱਸੀ ਨਹੀਂ ਰਹਿਣ ਦਿੰਦੇ, ਆਪ ਹੀ ਮਨਾ ਲੈਂਦੇ ਨੇ। ਮੈਂ ਇਨ੍ਹਾਂ ਨੂੰ ਆਖਦੀ ਆਂ ਕਿ ਮੈਨੂੰ ਤਾਂ ਮਨਾ ਲਿਆ ਪਰ ਅਗਲੇ ਨੂੰ ਹਾਸੇ ਨਾਲ ਲਾਏ ਜ਼ਖਮਾਂ ਦਾ ਇਲਾਜ ਕੌਣ ਕਰੂ? ਪਰ ਵਾਦੜੀਆਂ ਸਜਾਦੜੀਆਂ ਦਾ ਕੀ ਕੀਤਾ ਜਾ ਸਕਦਾ ਹੈ? ਕਹਿੰਦੇ ਨੇ, ਕੀ ਕਰਾਂ? ਮੇਰੇ ਕੋਲੋਂ ਮਨ ਵਿਚ ਗੱਲ ਰੱਖ ਹੀ ਨਹੀਂ ਹੁੰਦੀ। ਕਦੀ-ਕਦੀ ਬੜੇ ਗੁੱਸੇ ਵਿਚ ਵੀ ਆ ਜਾਂਦੇ ਨੇ। ਇਨ੍ਹਾਂ ਦਾ ਗੁੱਸਾ ਵੀ ਦੁੱਧ ਦੇ ਉਬਾਲ ਵਰਗਾ ਹੈ। ਹੁਣ ਤਾਂ ਕਈ ਵਾਰ ਕੋਈ ਗੱਲ ਕਰਦਿਆਂ ਭਾਵੁਕ ਵੀ ਹੋ ਜਾਂਦੇ ਨੇ। ਅੱਖਾਂ ਵਿਚ ਅੱਥਰੂ ਭਰ ਲੈਂਦੇ ਨੇ। ਚਿੜੀਆਂ ਦੇ ਚੰਬੇ ਵਾਲਾ ਗੀਤ ਤਾਂ ਜਦੋਂ ਧੀਆਂ ਬਾਲੜੀਆਂ ਸਨ, ਉਦੋਂ ਵੀ ਸੁਣਦੇ ਸਨ ਤਾਂ ਰੋ ਪੈਂਦੇ ਸਨ। ਪਰ ਇਹ ਵੀ ਵਰਿਆਮ ਸਿੰਘ ਸੰਧੂ ਹੀ ਹਨ, ਲੋਹੇ ਦੇ ਜਿਗਰੇ ਵਾਲੇ ਕਿ ਵੱਡੇ-ਵੱਡੇ ਸੰਕਟ ਆਉਂਦੇ ਰਹੇ, ਕਦੇ ਸੀ ਨਾ ਕੀਤੀ, ਸਭ ਚੁੱਪ ਕਰਕੇ ਸਹਿ ਗਏ, ਜਿਵੇਂ ਕੁਝ ਹੋਇਆ ਈ ਨਹੀਂ ਹੁੰਦਾ।
(ਚਲਦਾ)