ਬੈਂਕ ਡਕੈਤੀਆਂ ਤੇ ਲੁੱਟ-ਖੋਹ ‘ਚ ਪੰਜਾਬ ਦਾ ਚੌਥਾ ਨੰਬਰ

ਚੰਡੀਗੜ੍ਹ: ਭਾਰਤ ਵਿਚ 2012 ਤੋਂ 2017 ਤੱਕ ਏਟੀਐਮਜ਼ ਤੇ ਬੈਂਕ ਲੁੱਟਣ, ਪਾੜ ਲਾਉਣ ਤੇ ਡਾਕੇ ਦੇ 40,404 ਕੇਸ ਦਰਜ ਹੋਏ ਹਨ, ਜਿਸ ਵਿਚੋਂ ਸਭ ਤੋਂ ਵੱਧ ਕੇਸ ਬਿਹਾਰ ਵਿਚ ਦਰਜ ਹੋਏ ਹਨ ਤੇ ਇਸ ਮਾਮਲੇ ਵਿਚ ਪੰਜਾਬ ਚੌਥੇ ਨੰਬਰ ਉਤੇ ਹੈ। ਬਿਹਾਰ ਵਿਚ 4856 ਕੇਸ ਦਰਜ ਹੋਏ ਹਨ, ਜਦੋਂਕਿ 4260 ਮਾਮਲਿਆਂ ਨਾਲ ਉਤਰ ਪ੍ਰਦੇਸ਼ ਦੂਜੇ, 4222 ਮਾਮਲਿਆਂ ਨਾਲ ਪੱਛਮੀ ਬੰਗਾਲ ਤੀਜੇ, 2701 ਮਾਮਲਿਆਂ ਨਾਲ ਪੰਜਾਬ ਚੌਥੇ ਤੇ 2608 ਮਾਮਲਿਆਂ ਨਾਲ ਹਰਿਆਣਾ ਪੰਜਵੇਂ ਸਥਾਨ ਉਤੇ ਰਿਹਾ ਹੈ।

ਆਰæਟੀæਆਈæ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਵੱਲੋਂ ਮਿਲੀ ਸੂਚਨਾ ਮੁਤਾਬਕ ਦੇਸ਼ ਭਰ ਵਿਚ ਬੈਂਕ ਅਤੇ ਏਟੀਐਮਜ਼ ਲੁੱਟਣ ਦੇ ਮਾਮਲਿਆਂ ਵਿਚ ਸਭ ਤੋਂ ਵੱਧ 14808 ਲੁੱਟ ਦੇ ਨਾਲ ਕਤਲ ਤੇ ਸੱਟਾਂ ਮਾਰਨ ਦੀਆਂ ਘਟਨਾਵਾਂ ਹਨ, ਜਦੋਂਕਿ ਪਾੜ ਲਾਉਣ ਦੀਆਂ 13247, ਚੋਰੀ ਦੀਆਂ 11396 ਤੇ ਡਕੈਤੀ ਦੀਆਂ 919 ਘਟਨਾਵਾਂ ਵਾਪਰੀਆਂ ਹਨ।
ਇਸ ਤੋਂ ਬਿਨਾਂ 34 ਘਟਨਾਵਾਂ ਹੋਰ ਤਰੀਕਿਆਂ ਨਾਲ ਬੈਂਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਪਰੀਆਂ ਹਨ। ਬੈਂਕ ਡਕੈਤੀਆਂ ਦੇ ਮਾਮਲੇ ਵਿਚ ਦਾਦਰ ਨਗਰ ਹਵੇਲੀ, ਦਮਨ ਆਦਿ ਸ਼ਾਂਤ ਖੇਤਰ ਰਹੇ ਹਨ। ਇਥੇ ਪਿਛਲੇ ਪੰਜ ਸਾਲਾਂ ਵਿਚ ਸਿਰਫ 1-1 ਘਟਨਾ ਹੀ ਵਾਪਰੀ ਹੈ। ਇਸੇ ਤਰ੍ਹਾਂ ਤਿਲੰਗਾਨਾ ਵਿਚ ਬੈਂਕ ਡਕੈਤੀ ਦੀਆਂ ਸਿਰਫ 2 ਘਟਨਾਵਾਂ ਵਾਪਰੀਆਂ ਹਨ, ਜਦੋਂਕਿ ਅੰਡੇਮਾਨ ਨਿਕੋਬਾਰ ਵਿਚ 3 ਤੇ ਮਨੀਪੁਰ ਵਿਚ 6 ਕੇਸ ਦਰਜ ਹੋਏ ਹਨ।
ਮਹਾਰਾਸ਼ਟਰ ਵਿਚ ਬੈਂਕ ਡਕੈਤੀ ਦੇ 2492, ਮੱਧ ਪ੍ਰਦੇਸ਼ ਵਿਚ 2486, ਰਾਜਸਥਾਨ ਵਿਚ 2467, ਆਸਾਮ ਵਿਚ 2255, ਉੜੀਸਾ ਵਿਚ 1850, ਗੁਜਰਾਤ ਵਿਚ 1755, ਆਂਧਰਾ ਪ੍ਰਦੇਸ਼ ਵਿਚ 1686, ਝਾਰਖੰਡ ਵਿਚ 1543, ਕਰਨਾਟਕਾ ਵਿਚ 878, ਦਿੱਲੀ ਵਿਚ 864, ਛੱਤੀਸਗੜ੍ਹ ਵਿਚ 715, ਜੰਮੂ ਕਸ਼ਮੀਰ ਵਿਚ 498, ਹਿਮਾਚਲ ਪ੍ਰਦੇਸ਼ ਵਿਚ 498, ਉਤਰਾਂਚਲ ਵਿਚ 458, ਚੰਡੀਗੜ੍ਹ ਵਿਚ 218, ਕੇਰਲਾ ਵਿਚ 184, ਮੇਘਾਲਿਆ 209, ਗੋਆ 61, ਤ੍ਰਿਪੁਰਾ 42, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਵਿਚ 31 ਘਟਨਾਵਾਂ ਪਿਛਲੇ ਪੰਜ ਵਰ੍ਹਿਆਂ ਵਿਚ ਵਾਪਰੀਆਂ ਹਨ। ਪੰਜਾਬ ਵਿਚ 2012 ਤੋਂ 2017 ਤੱਕ ਬੈਂਕ ਡਕੈਤੀਆਂ ਦੀਆਂ 2701 ਘਟਨਾਵਾਂ ਵਾਪਰੀਆਂ ਹਨ, ਜਿਸ ਵਿਚ ਜ਼ਿਆਦਾ ਮਾਮਲੇ ਪਾੜ ਲਾਉਣ ਦੇ 1347 ਹਨ, ਜਦੋਂਕਿ ਚੋਰੀ ਦੇ 1067, ਡਕੈਤੀ ਦੇ 364 ਤੇ ਅਸਪਸ਼ਟ ਘਟਨਾਵਾਂ ਦੇ 23 ਕੇਸ ਦਰਜ ਕੀਤੇ ਗਏ ਹਨ।