ਲੋਹੜੀ ਤੇ ਸਿੱਖ: ਵਿਚਾਰਨ ਵਾਲੀਆਂ ਕੁਝ ਗੱਲਾਂ

ਤਿਉਹਾਰ ਸਾਡੇ ਜੀਵਨ ਅੰਦਰ ਇਸ ਕਦਰ ਚਰ-ਮਿਚ ਗਏ ਹਨ ਕਿ ਅਕਸਰ ਸਾਨੂੰ ਇਨ੍ਹਾਂ ਦੇ ਨਫੇ-ਨੁਕਸਾਨ ਦਾ ਪਤਾ ਨਹੀਂ ਲੱਗਦਾ। ਅੱਜ ਹਰ ਤਿਉਹਾਰ ਮੰਡੀ ਨਾਲ ਜੁੜ ਗਿਆ ਹੈ। ਮੰਡੀ ਸਾਡੀ ਸੋਚਣ ਸ਼ਕਤੀ ਨੂੰ ਖੁੰਡੀ ਕਰ ਕੇ ਸਭ ਨੂੰ ਆਪਣੇ ਕਲਾਵੇ ਵਿਚ ਲਈ ਹੱਸ ਰਹੀ ਹੈ ਅਤੇ ਡਾਲਰਾਂ-ਰੁਪਈਆਂ ਦੇ ਢੇਰ ਲਾ ਰਹੀ ਹੈ।

ਬੀਬੀ ਗੁਰਜੀਤ ਕੌਰ ਨੇ ਆਪਣੇ ਇਸ ਲੇਖ ਵਿਚ ਅਜੋਕੇ ਸਮਾਜ ਅੰਦਰ ਲੋਹੜੀ ਮਨਾਉਣ ਦੀ ‘ਭੇਡ-ਚਾਲ’ ‘ਤੇ ਕੁਝ ਕਿੰਤੂ ਉਠਾਏ ਹਨ ਜੋ ਵਿਚਾਰ-ਚਰਚਾ ਲਈ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ।

ਗੁਰਜੀਤ ਕੌਰ
ਫੋਨ: 713-469-2474

ਲੋਹੜੀ ਵਾਲਾ ਮਹੀਨਾ ਹੈ। ਹੁਣ ਇਕ ਵਰਗ ਨੇ ਲੋਹੜੀ ਦੇ ਹੱਕ ਵਿਚ ਬੋਲਣਾ ਹੈ ਅਤੇ ਦੂਜੇ ਨੇ ਨਿਖੇਧੀ ਕਰਨੀ ਹੈ। ਇਕ ਵਰਗ ਗੁਰਬਾਣੀ ਦੀਆਂ ਮਿਸਾਲਾਂ ਦੇ ਕੇ ਲੋਕਾਂ ਨੂੰ ਸੁਚੇਤ ਕਰੇਗਾ; ਦੂਜਾ ਇਨ੍ਹਾਂ ਨੂੰ ਮੌਸਮੀ ਮਰਾਸਣਾਂ ਕਹੇਗਾ ਜੋ ਹਰ ਤਿਉਹਾਰ ਪਿੱਛੋਂ ਮਕਾਣ ਕਰਦੀਆਂ ਨੇ। ਜੇ ਦੋਹਾਂ ਪੱਖਾਂ ਦੀ ਗੱਲ ਨਾ ਸੁਣ ਕੇ ਸਿਰਫ ਖੁਦ ਤੋਂ ਇਹ ਪੁੱਛੀਏ ਕਿ ਜੇ ਸਾਹ ਸੌਖਾ ਨਿਕਲਦਾ ਹੈ ਤਾਂ ਇਹਦੇ ਵਿਚ ਹਰਜ ਕੀ ਹੈ? ਮੰਨੀਏ ਜਾਂ ਨਾ ਮੰਨੀਏ ਭਾਰਤੀ ਤਿਉਹਾਰ ਨਿਰਾ ਪੈਸੇ ਤੇ ਵਕਤ ਦਾ ਉਜਾੜਾ ਹਨ ਅਤੇ ਬਿਪਰਵਾਦ ਨੂੰ ਹੱਲਾਸ਼ੇਰੀ ਵੀ। ਜੇ ਇਸ ਤੋਂ ਬਚ ਜਾਈਏ ਤਾਂ ਸਾਡਾ ਵਿਗੜਦਾ ਵੀ ਕੀ ਹੈ ਭਲਾ?
ਤੀਜਾ ਵਰਗ ਇਨ੍ਹੀਂ ਦਿਨੀਂ ਸਿਰ ਚੁੱਕਦਾ ਹੈ ਜੋ ਤਿਉਹਾਰਾਂ ਨੂੰ ਇਕ ਪਾਸੇ ਤਾਂ ਧਰਮ ਨਾਲ ਜੋੜਦਾ ਹੈ, ਦੂਜੇ ਪਾਸੇ ਸਭਿਆਚਾਰ ਦਾ ਅਨਿਖੱੜਵਾਂ ਅੰਗ ਮੰਨਦਾ ਹੈ। ਇਹ ਗੱਲ ਸੱਚ ਹੈ ਕਿ ਜ਼ਮੀਰ ਤੇ ਨੈਤਿਕਤਾ ਹੋਰ ਕੁਝ ਕਰਨ ਜਾਂ ਨਾ, ਬੇਈਮਾਨੀ ਕਰਨ ਦਾ ਮਜ਼ਾ ਜ਼ਰੂਰ ਕਿਰਕਰਾ ਕਰ ਦਿੰਦੇ ਹਨ। ਜਦੋਂ ਬੰਦੇ ਨੂੰ ਪਤਾ ਹੋਵੇ ਕਿ ਉਸ ਦਾ ਰਾਹ ਗਲਤ ਹੈ, ਫਿਰ ਉਹ ਬਿਨਾ ਕਿਸੇ ਦੇ ਪੁੱਛਿਆਂ ਹੀ ਆਪਣੀ ਕਾਰਗੁਜ਼ਾਰੀ ਦਾ ਸਪਸ਼ਟੀਕਰਨ ਦਿੰਦਾ ਹੈ। ਤਿਉਹਾਰਾਂ ਦੇ ਪ੍ਰਸੰਗ ਵਿਚ ਵੀ ਇਹੀ ਹੁੰਦਾ ਹੈ। ਇਥੇ ਲੋਕ, ਧਰਮ ਅਤੇ ਸਭਿਆਚਾਰ ਦਾ ਨਾ ਤਾਂ ਮਤਲਬ ਸਮਝਦੇ ਹਨ, ਤੇ ਨਾ ਹੀ ਇਨ੍ਹਾਂ ਵਿਚਲਾ ਫਰਕ ਤੇ ਆਪਸੀ ਸਬੰਧ।
ਧਰਮ ਕੀ ਹੈ? ਸਹੀ ਤੇ ਗਲਤ ਮਾਰਗ ਵਿਚੋਂ ਸਿਰਫ ਸਹੀ ਮਾਰਗ ‘ਤੇ ਚੱਲਣ ਦਾ ਜੇਰਾ; ਜਿਸ ਵਿਚ ਸਭਨਾਂ ਦੀ ਭਲਾਈ ਹੋਵੇ। ਸਭਿਆਚਾਰ ਉਹ ਅਮਲ ਹੈ ਜਿਸ ‘ਤੇ ਤੁਰਦਿਆਂ ਬੰਦਾ ਸੁਖਾਵਾਂ ਮਾਹੌਲ ਸਿਰਜੇ ਜਿਸ ਨਾਲ ਆਲਾ-ਦੁਆਲਾ ਰਹਿਣਯੋਗ ਤੇ ਸੁਖਾਵੀਂ ਜਗ੍ਹਾ ਕਹਾਵੇ। ਸਾਡੇ ਤਰਜ਼-ਏ-ਅਮਲ ਤੋਂ ਤਾਂ ਲੱਗਦਾ ਹੈ ਕਿ ਅਸੀਂ ਸਿਰਫ ਤਕਨੀਕੀ ਵਿਕਾਸ ਕਰ ਰਹੇ ਹਾਂ, ਨੈਤਿਕ ਜਾਂ ਮਾਨਸਿਕ ਨਹੀਂ। ਗੁਰੂ ਕਿਸੇ ਨੂੰ ਆਖਦੇ ਹਾਂ ਪਰ ਤੁਰਦੇ ਬਿਪਰ ਦੀ ਚਾਲ ਉਤੇ ਹਾਂ। ਫਿਰ ਸਫਾਈ ਵਿਚ ਕਹਿੰਦੇ ਹਾਂ ਕਿ ਬਸ, ਸਕੇ-ਸਬੰਧੀਆਂ ਨਾਲ ਮਿਲ ਕੇ ਸ਼ੁਗਲ ਕਰ ਲਿਆ। ਬੱਲੇ ਇਨ੍ਹਾਂ ਸ਼ੁਗਲਾਂ ਦੇ, ਜਿਹੜੇ ਬੰਦੇ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦੇਣ ਤੇ ਉਜਾੜੇ ਵਲ ਧੱਕਣ!
ਸਭਿਆ ਸਮਾਜ ਦਾ ਨੇਮ ਹੈ ਕਿ ਬੰਦੇ ਨੂੰ ਕਿਸੇ ਮਜ਼ਹਬ ਨਾਲ ਜੁੜਨਾ ਪੈਂਦਾ ਹੈ। ਹੁਣ ਅਸੀਂ ਕਿਉਂਕਿ ਸਿੱਖ ਅਖਵਾਉਂਦੇ ਹਾਂ, ਤਾਂ ਸਾਨੂੰ ਸ਼ੁਗਲਾਂ ਅਤੇ ਗੁਰੂ ਦੇ ਫੁਰਮਾਨਾਂ ਵਿਚ ਚੋਣ ਕਰਨੀ ਪਵੇਗੀ। ਵੇਖਣਾ ਪਵੇਗਾ ਕਿ ਜ਼ਿੰਦਗੀ ਦੇ ਅਣਗਿਣਤ ਰੁਝੇਵਿਆਂ ਤੋਂ ਇਲਾਵਾ ਸਾਡੇ ਉਤੇ 1430 ਪਤਰੇ ਵਿਚਾਰਨ ਦਾ ਹੁਕਮ ਲਾਗੂ ਹੈ। ਸਾਡੇ ਕੋਲ ਸ਼ੁਗਲਾਂ ਜੋਗਾ ਸਮਾਂ ਕਿੰਨਾ ਕੁ ਬਚਿਆ ਫਿਰ? ਲੋਹੜੀ ਦੀ ਰਾਤ ਨੂੰ ਦੇਰ ਰਾਤ ਤੱਕ ਡੀ. ਜੇ. ਚੱਲਦਾ ਹੈ ਪਰ ਸਾਡਾ ਗੁਰੂ ਤਾਂ ਫੁਰਮਾਉਂਦਾ ਹੈ:
ਜਾਗਨਾ ਜਾਗਨੁ ਨੀਕਾ
ਹਰਿ ਕੀਰਤਨ ਮਹਿ ਜਾਗਨਾ॥
ਜੇ ਪੁੱਤਰ ਜੰਮੇ ਦੀ ਲੋਹੜੀ ਹੈ ਤਾਂ ਸ਼ੋਰ ਸ਼ਰਾਬਾ ਹੋਣਾ ਲਾਜ਼ਮੀ ਹੈ, ਪਰ ਗੁਰੂ ਸਾਹਿਬ ਤਾਂ ਹੋਰ ਕੁਝ ਹੋਰ ਫੁਰਮਾਉਂਦੇ ਨੇ:
ਜਨਮੇ ਕਉ ਵਾਜਹਿ ਵਾਧਾਏ॥
ਸੋਹਿਲੜੇ ਅਗਿਆਨੀ ਗਾਏ॥
ਗੁਰੂ ਜੀ ਨੇ ਹਰ ਸਿੱਖ ਨੂੰ ਵਿਦਵਾਨ ਬਣਨ ਦੇ ਸਮਰੱਥ ਬਣਾਇਆ, ਪਰ ਅਸੀਂ ਅਗਿਆਨੀ ਹੀ ਰਹਿ ਗਏ। ਗੁਰੂ ਜੀ ਇਸ ਦਾ ਕਾਰਨ ਵੀ ਦਸਦੇ ਨੇ:
ਜਿਸ ਕੈ ਮਸਤਕਿ ਗੁਰ ਹਾਥ
ਤਿਸੁ ਹਿਰਦੈ ਹਰਿ ਗੁਣ ਟਿਕਹਿ॥
ਹਰਿ ਗੁਣ ਹਿਰਦੈ ਟਿਕਹਿ ਤਿਸ ਕੈ
ਜਿਸੁ ਅੰਦਰਿ ਭਉ ਭਾਵਨੀ ਹੋਈ॥
ਸ਼ੁਗਲਾਂ ਦੀਆਂ ਵਿਉਤਾਂ ਬਣਾਉਣ ਵਾਲਿਆਂ ਨੂੰ ਗੁਰੂ ਸਾਹਿਬ ਤਾਕੀਦ ਕਰਦੇ ਨੇ:
ਮਤਾ ਮਸੂਰਤਿ ਤਾਂ ਕਿਛੁ ਕੀਜੈ
ਜੇ ਕਿਛੁ ਹੋਵੈ ਹਰਿ ਬਾਹਰਿ॥
ਸਭਿਆਚਾਰ ਨੂੰ ਧਰਮ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਜੇ ਧਰਮ ਸਿੱਖ ਹੋਵੇ, ਫਿਰ ਤਾਂ ਕਿਸੇ ਬਹਾਨੇ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ। ਆਖਿਆ ਜਾਂਦਾ ਹੈ ਕਿ ਲੋਹੜੀ ਵਾਲੀ ਰਾਤ ਅਗਨੀ ਦੇਵ ਦੀ ਪੂਜਾ ਹੁੰਦੀ ਹੈ, ਕਿਉਂਕਿ ਵੈਦਿਕ ਗ੍ਰੰਥਾਂ ਵਿਚ ਇਸ ਨੂੰ ਪਵਿਤਰ ਮੰਨਿਆ ਗਿਆ ਹੈ, ਪਰ ਗੁਰੂ ਜੀ ਖਬਰਦਾਰ ਕਰ ਰਹੇ ਨੇ:
ਅਗਨਿ ਭੀ ਜੂਠੀ ਪਾਨੀ ਜੂਠਾ
ਜੂਠੀ ਬੈਸਿ ਪਕਾਇਆ॥
ਜੇ ਕੋਈ ਮੰਨ ਲਵੇ ਕਿ ਪੋਹ ਦਾ ਮਹੀਨਾ ਕਿਸੇ ਕਾਰਜ ਲਈ ਸ਼ੁਭ ਹੈ, ਤਾਂ ਫਿਰ:
ਮੈਲੇ ਬ੍ਰਹੰਮਡਾਇ ਕੈ ਈਸ॥
ਮੈਲੇ ਨਿਸਿ ਬਾਸੁਰ ਦਿਨ ਤੀਸ॥
ਮੈਲਾ ਮੋਤੀ ਮੈਲਾ ਹੀਰੁ॥
ਮੈਲਾ ਪਉਨੁ ਪਾਵਨੁ ਅਰੁ ਨੀਰੁ॥
ਅਤੇ
ਪਉਣ ਪਾਣੀ ਬੈਸੰਤਰ ਰੋਗੀ
ਰੋਗੀ ਧਰਤਿ ਸਭੋਗੀ॥
ਮਾਤ ਪਿਤਾ ਮਾਇਆ ਦੇਹ ਸਿ ਰੋਗੀ
ਰੋਗੀ ਕੁਟੰਬ ਸਜੋਗੀ॥
ਅਗਨੀ ਨੂੰ ਦੇਵਤੇ ਦੇ ਰੂਪ ਵਿਚ ਸਭ ਤੋਂ ਪਹਿਲਾਂ ਆਰੀਆ ਲੋਕਾਂ ਨੇ ਸਵੀਕਾਰਿਆ। ਉਨ੍ਹਾਂ ਤੋਂ ਪਹਿਲਾਂ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕ ਬਹੁਤ ਭੋਲੇ ਅਤੇ ਕੁਦਰਤ ਪ੍ਰੇਮੀ ਸਨ। ਇਨ੍ਹਾਂ ਵੱਲੋਂ ਚਲਾਈ ਮੁਦਰਾ ਉਤੇ ਵੀ ਪਸੂ-ਪੰਛੀ ਖੁਣੇ ਹੋਏ ਸਨ। ਆਰੀਆ ਕਿਉਂਕਿ ਬਾਹਰੋਂ ਆਏ, ਇਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਵਕਤ ਦੀ ਸਭਿਅਤਾ ਦੀ ਮਾਨਸਿਕਤਾ ਨੂੰ ਆਪਣੇ ਮੁਤਾਬਕ ਢਾਲਿਆ। ਬਲੀਦਾਨ, ਕੁਦਰਤ ਦੇ ਬਦਲਾਉ, ਅੱਗ ਦੀ ਪੂਜਾ ਆਦਿ ਨੂੰ ਇਨ੍ਹਾਂ ਲੋਕਾਂ ਨੇ ਇਸ ਕਦਰ ਸਮਕਾਲੀ ਸਭਿਅਤਾ ਉਤੇ ਥੋਪਿਆ ਕਿ ਹੌਲੀ ਹੌਲੀ ਸਿੰਧੂ ਘਾਟੀ ਦੀ ਸਭਿਅਤਾ ਥੇਹ ਹੋ ਗਈ। ਗੁਰੂ ਸਾਹਿਬ ਨੇ ਮੀਂਹ-ਕਣੀ, ਅਗਨਿ, ਨਖੱਤਰਾਂ ਦਾ ਡਰ ਸਾਡੇ ਮਨਾਂ ਵਿਚੋਂ ਕੱਢਿਆ।
ਡਰਪੈ ਧਰਤਿ ਆਕਾਸ ਨਖੱਤ੍ਰਾ
ਸਿਰ ਉਪਰ ਅਮਰ ਕਰਾਰਾ॥
ਪਉਣ ਪਾਣੀ ਬੈਸੰਤਰੁ ਡਰਪੈ
ਡਰਪੈ ਇੰਦ੍ਰ ਬਿਚਾਰਾ॥
ਜਿਹੜੇ ਇਹ ਵਹਿਮ ਪਾਲੀ ਬੈਠੇ ਨੇ ਕਿ ਅਗਨੀ ਦੇਵਤਾ ਪੁੱਤਰ ਦੀ ਦਾਤ ਬਖਸ਼ਦਾ ਹੈ, ਫਿਰ ਇਹੋ ਜਿਹੇ ਹੀ ਲੋਹੜੀਆਂ ਮਨਾਉਣ! ਪਰ ਜੇ ਇਹ ਗੱਲ ਸੱਚ ਹੁੰਦੀ ਤਾਂ ਅਸੀਂ ਤਾਂ ਚਾਰ ਦਹਾਕਿਆਂ ਤੋਂ ਉਨ੍ਹਾਂ ਲਈ ਇਨਸਾਫ ਮੰਗ ਰਹੇ ਹਾਂ ਜਿਨ੍ਹਾਂ ਨੂੰ ਜ਼ਿੰਦਾ ਅਗਨਿ ਭੇਟ ਕਰ ਦਿੱਤਾ ਗਿਆ, ਕੁਝ ਨਹੀਂ ਨਾ ਹੋਇਆ! ਸਾਨੂੰ ਇਹ ਅਗਨੀ ਕਦੇ ਵੀ ਸੁੱਚੀ ਨਹੀਂ ਲੱਗੀ, ਤਾਂ ਫਿਰ ਅਸੀਂ ਕਿਸੇ ਵਹਿਮ ਕਾਰਨ ਕਰਮ-ਕਾਂਡਾਂ ਵੱਲ ਕਿਉਂ ਤੁਰੀਏ? ਇਸ ਪਵਿਤਰ ਅਗਨਿ ਦਾ ਸਹਾਰਾ ਲੈ ਕੇ ਦੁਸ਼ਮਣਾਂ ਨੇ ਵਿਧਵਾ ਕਲੋਨੀ ਵਸਾ ਛੱਡੀ, ਜਿਸ ਦੀ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ। ਅਸੀਂ ਆਂਢ-ਗੁਆਂਢ ਦੀਆਂ ਉਨ੍ਹਾਂ ਹੱਟੀਆਂ ਨੂੰ ਵਪਾਰ ਦਿੱਤਾ ਜੋ ਨਫਰਤ ਵਿਚ ਤਪਦੇ ਸਾਡੇ ਮਾਸੂਮਾਂ ਪਿੱਛੇ ਮਿੱਟੀ ਦਾ ਤੇਲ ਲੈ ਕੇ ਦੌੜ ਰਹੇ ਸਨ। ਅੱਗ ਦੇ ਭਾਂਬੜ ਅਸੀਂ ਆਪਣੇ ਮਨਾਂ ਅੰਦਰ ਕਿਉਂ ਨਹੀਂ ਬਾਲਦੇ, ਤਾਂ ਕਿ ਆਉਣ ਵਾਲੇ ਸਮੇਂ ਵਿਚ ਸੁਚੇਤ ਰਹੀਏ।
ਦੁਖ ਉਦੋਂ ਹੁੰਦਾ ਹੈ, ਜਦੋਂ ਗੁਰਦੁਆਰਿਆਂ ਵਿਚ ਲੋਹੜੀ ਮਨਾਈ ਜਾਂਦੀ ਹੈ ਜਿਥੇ ਰੋਜ਼ ਪੜ੍ਹਿਆ ਜਾਂਦਾ ਹੈ:
ਗਾਵੈ ਤੁਧਨੋ ਪਉਣ ਪਾਣੀ ਬੈਸੰਤਰੁ
ਅਤੇ
ਬਲਿਹਾਰੀ ਕੁਦਰਤ ਵਸਿਆ॥
ਏਨੀ ਅੱਗ ਬਾਲ ਕੇ ਕੁਦਰਤ ਦੀ ਖਿਲਾਫ-ਵਰਜੀ ਕਰ ਕੇ ਫਿਰ ‘ਵਾਤਾਵਰਣ ਜਾਗਰੂਕਤਾ ਹਫਤਾ’ ਵੀ ਮਨਾਇਆ ਜਾਂਦਾ ਹੈ।
ਕਹਿੰਦੇ ਹਨ ਕਿ ਲੋਹੜੀ ਦੋ ਸ਼ਬਦਾਂ ਦਾ ਮੇਲ ਹੈ: ਤਿਲ ਤੇ ਰਿਓੜੀ। ਕਿਸੇ ਵੀ ਸ਼ਬਦ ਦਾ ਮੂਲ ਪਤਾ ਹੋਣਾ ਕੋਈ ਮਾੜਾ ਨਹੀਂ। ਹੁਣ ਕਿਹੜੇ ਸ਼ਬਦਕੋਸ਼ ਵਿਚ ਲਿਖਿਆ ਹੈ ਕਿ ਇਸ ਦਾ ਸਬੰਧ ਕਿਸੇ ਤਿਉਹਾਰ ਨਾਲ ਹੈ? ਤਿਲਾਂ ਦੀ ਤਾਸੀਰ ਗਰਮ ਹੁੰਦੀ ਹੈ ਤੇ ਰੁੱਖੇ ਇਹ ਖਾਧੇ ਨਹੀਂ ਜਾਂਦੇ; ਇਸ ਕਰ ਕੇ ਗੁੜ ਜਾਂ ਖੰਡ ਨਾਲ ਰਲਾ ਕੇ ਖਾ ਲਉ। ਬਸ ਇੰਨੀ ਕੁ ਹੀ ਗੱਲ ਹੈ। ਹੁਣ ਇਹਨੂੰ 13 ਜਨਵਰੀ ਨੂੰ ਹੀ ਕਿਉਂ ਵੰਡਿਆ ਜਾਵੇ? ਚਲੋ ਰਿਓੜੀ ਤੇ ਤਿਲਾਂ ਨੂੰ ਤਿਉਹਾਰ ਨਾਲ ਜੋੜ ਲਿਆ। ਹੁਣ ਮੂੰਗਫਲੀ, ਦਾਣੇ ਤੇ ਚਿਰਵੜੇ ਇਸ ਅਮਲ ਵਿਚ ਕਿਥੋਂ ਆਣ ਟਪਕੇ? ਅਸੀਂ ਖਾਣ ਵਾਲੀਆਂ ਚੀਜ਼ਾਂ ਨੂੰ ਹੀ ਅਗਨ ਭੇਟ ਕਰੀ ਜਾਂਦੇ ਹਾਂ। ਜੇ ਹਿਸਾਬ ਲਾਈਏ ਕਿ ਉਸ ਰਾਤ ਸਾਡੇ ਗ੍ਰਹਿ ‘ਤੇ ਕਿੰਨਾ ਬਾਲਣ ਬਲਿਆ ਤਾਂ ‘ਗਲੋਬਲ ਵਾਰਮਿੰਗ’ ਵਾਲੇ ਇਕ ਕਾਰਨ ਲੋਹੜੀ ਨੂੰ ਵੀ ਤਜ਼ਵੀਜ ਕਰ ਦੇਣ।
ਹੁਣ ਗੱਲ ਜੇ ਸ਼ੁਗਲ ਤੱਕ ਹੀ ਰਹਿੰਦੀ ਤਾਂ ਵੀ ਠੀਕ ਸੀ ਪਰ ਮੈਂ ਤਾਂ ਕਈਆਂ ਨੂੰ ਇਹ ਰਸਮ-ਰਿਵਾਜ਼ ਮਨਾਉਣ ਲਈ ਕਰਜ਼ੇ ਹੇਠ ਦਬਦਿਆਂ ਵੀ ਵੇਖਿਆ ਹੈ ਕਿਉਂਕਿ ਉਨ੍ਹਾਂ ਦੁਨੀਆਂ ਅੱਗੇ ਆਪਣੇ ਚਾਅ ਦਾ ਮੁਜਾਹਰਾ ਕਰਨਾ ਸੀ! ਚੰਦ ਘੜੀਆਂ ਲਈ ਮਣਾਂ ਮੂੰਹੀਂ ਦਮੜੇ ਸੁਆਹ ਕਰ ਲਏ। ਇਹੀ ਪੈਸਾ ਕਿਸੇ ਲੋੜਵੰਦ ਦੀ ਵਿਦਿਅਕ ਮਦਦ ‘ਤੇ ਲਾਇਆ ਹੁੰਦਾ ਤਾਂ ਖੇੜੇ ਦਾ ਸਮਾਂ ਚੰਦ ਘੜੀਆਂ ਨਹੀਂ, ਪੂਰੀ ਉਮਰ ਰਹਿੰਦਾ। ਵਖ ਵਖ ਪਦਾਰਥ ਬਣੇ, ਸ਼ਰਾਬਾਂ ਵਰਤਾਈਆਂ ਗਈਆਂ। ਫਿਰ ਇਹੋ ਜਿਹੇ ਲੋਕ ਗੁਰਦੁਆਰੇ ਵਿਚ ਲੰਗਰ ਦੀ ਸਾਦਗੀ ਬਾਰੇ ਭਾਸ਼ਣ ਦਿੰਦੇ ਹਨ। ਇਨ੍ਹਾਂ ਨੂੰ ਪੁਛਿਆ ਜਾਵੇ ਕਿ ਸਾਦਗੀ ਸਾਡੀ ਜੀਵਨ ਜਾਚ ਨੂੰ ਕੀ ਚੂੰਢੀਆਂ ਵੱਢਦੀ ਹੈ?
ਵੈਦਿਕ ਗ੍ਰੰਥਾਂ ਵਿਚ ਕੇਵਲ ਅੱਗ ਹੀ ਨਹੀਂ, ਰੁਦਰ (ਪਾਣੀ) ਨੂੰ ਵੀ ਦੇਵਤਾ ਕਿਹਾ ਗਿਆ ਹੈ। ਹੁਣ ਅੱਗ ਨੂੰ ਖੁਸ਼ ਕਰ ਕੇ ਪਾਣੀ ਨੂੰ ਕਿੱਦਾਂ ਨਾਰਾਜ਼ ਕੀਤਾ ਜਾ ਸਕਦਾ ਸੀ? ਅੱਗ ਪੁੱਤਰਾਂ ਦੇ ਹੋਇਆਂ ਬਾਲ ਲਈ ਤੇ ਪਾਣੀ ਵਿਚ ਨਵ-ਜੰਮੀਆਂ ਬੱਚੀਆਂ ਭੇਟ ਕਰ ਦਿੱਤੀਆਂ! ਇਉਂ ਰੁਦਰ ਦੇਵਤਾ ਵੀ ਖੁਸ਼, ਕਿਉਂਕਿ ਜੇ ਅਗਨੀ ਦੇਵਤਿਆਂ ਦਾ ਮੂੰਹ ਮੰਨ ਕੇ ਉਸ ਵਿਚ ਰਿਓੜੀਆਂ ਤੇ ਮੂੰਗਫਲੀ ਪਾ ਕੇ ਉਹਦਾ ਢਿੱਡ ਭਰ ਦਿੱਤਾ ਤਾਂ ਭੁੱਖਾ ਤਾਂ ਰੁਦਰ ਦੇਵਤਾ ਵੀ ਹੁੰਦਾ ਹੈ! ਉਹਦਾ ਢਿੱਡ ਤਾਂ ਨਰ ਬਲੀ ਨਾਲ ਭਰਨਾ ਸੀ। ਇਉਂ ਅਸੀਂ ਆਰੀਆ ਲੋਕਾਂ ਦੀ ਦੂਜੀ ਕੂੜਨੀਤੀ ਮੰਨ ਲਈ।
ਅਫਸੋਸ ਕਿ ਅਸੀਂ ਸਭਿਆਚਾਰ ਦਾ ਨਾਂ ਲੈ ਕੇ ਉਜਾੜਾ ਕਰਨ ਅਤੇ ਖਰੂਦ ਪਾਉਣ ਦਾ ਹਰ ਵੇਲੇ ਬਹਾਨਾ ਲੱਭਦੇ ਰਹਿੰਦੇ ਹਾਂ। ਨਾਲ ਕਹਿੰਦੇ ਹਾਂ ਕਿ ਇਹ ਤਾਂ ਸਾਡੇ ਰਿਵਾਜ਼ ਨੇ। ਇਹ ਅਖੌਤੀ ਰਿਵਾਜ਼ ਹੀ ਨੇ ਜਿਨ੍ਹਾਂ ਨੇ ਸਾਡੀ ਪਛਾਣ ਨਿਆਰੀ ਤੇ ਨਿਵੇਕਲੀ ਰਹਿਣ ਨਹੀਂ ਦਿੱਤੀ। ਹੁਣ ਸਾਡੀ ਪਛਾਣ ਖਰੂਦ, ਸ਼ੁਦਾਅ ਅਤੇ ਪਟਿਆਲਾ ਪੈੱਗ ਨਾਲ ਜੁੜ ਗਈ ਹੈ। 18ਵੀਂ ਸ਼ਤਾਬਦੀ ਵਿਚ ਸਾਡੀ ਪਛਾਣ ਬਣੀ ਸੀ:
ਗਈ ਰੰਨ ਬਸਰੇ ਨੂੰ,
ਮੋੜੀਂ ਬਾਬਾ ਕੱਛ ਵਾਲਿਆ।
ਮੋੜੀਂ ਬਾਬਾ ਡਾਂਗ ਵਾਲਿਆ।
ਫਿਰ ਅਗਲੀ ਸਦੀ ਵਿਚ ਸਿੱਖ ਰਾਜ ਕਾਇਮ ਹੋਇਆ। ਨਤੀਜਾ ਇਹ ਨਿਕਲਿਆ ਕਿ ਲੋਕ ਗੀਤਾਂ ਵਿਚ ਪੰਜਾਬ ਨੂੰ ‘ਦੇਸ ਪੰਜਾਬ’ ਕਿਹਾ ਜਾਣ ਲੱਗਾ। 20ਵੀਂ ਸਦੀ ਆਈ, ਕਵੀ ਧਨੀ ਰਾਮ ਚਾਤ੍ਰਿਕ ਨੇ ਮਿਹਨਤੀ ਜੱਟ ਦਾ ਆਪਣੀ ਕਲਮ ਰਾਹੀਂ ਚਿਤਰਣ ਕੀਤਾ। ਉਹ ਜੱਟ ਜੋ ਪਹਿਲਾਂ ਕਿਰਤ ਕਮਾਈ ਕਰਦਾ ਹੈ, ਫਿਰ ਰੁਝੇਵਿਆਂ ਵਿਚੋਂ ਕੁਝ ਪਲ ਆਪਣੇ ਮਨਪ੍ਰਚਾਵੇ ਲਈ ਕੱਢਦਾ ਹੈ। ਫਿਰ ਆਈ 21ਵੀਂ ਸਦੀ ਅਤੇ ਜੱਟ ਜਾਂ ਪੰਜਾਬੀਆਂ ਦਾ ਚਿਤਰਣ ਇਸ ਪ੍ਰਕਾਰ ਨਾਲ ਹੋਇਆ ਕਿ ਕੋਈ ਗੈਰਤਮੰਦ ਖੂਨ ਦਾ ਅੱਥਰੂ ਰੋਵੇ। ਰੱਬ ਨਾ ਕਰੇ, ਜੱਟਾਂ ਦੇ ਸਾਰੇ ਮੁੰਡੇ ਇਹੋ ਜਿਹੇ ਹੋਣ ਅਤੇ ਧੀਆਂ ਕੁਆਰੀਆਂ ਹੀ ਰਹਿ ਜਾਣ! ਕੌਣ ਜਾਣ-ਬੁਝ ਕੇ ਆਪਣੀ ਧੀ-ਭੈਣ ਨੂੰ ਖੂਹ ਵਿਚ ਸੁੱਟੇ।
ਪਹਿਲਾਂ ਅਸੀਂ ਇਕੱਲੇ ਹੋਕੇ ਦਈ ਜਾਂਦੇ ਸਾਂ, ਹੁਣ ਇਹ ਬੇਗੈਰਤੀ ਡੀ. ਜੇ. ‘ਤੇ ਵੱਜਦੀ ਹੈ:
ਸੁੰਦਰ ਮੁੰਦਰੀਏ,
ਤੇਰਾ ਕੌਣ ਵਿਚਾਰਾ,
ਦੁੱਲਾ ਭੱਟੀ ਵਾਲਾ…।
ਇਨ੍ਹਾਂ ਪੰਕਤੀਆਂ ਦੀ ਪਿੱਠਭੂਮੀ ਖੋਜ ਕਰਤਾਵਾਂ ਦੇ ਮੂੰਹੋਂ ਪਤਾ ਲੱਗੀ ਅਤੇ ਆਪਣੇ ਆਪ ਨੂੰ ਸੌ ਫਿਟਕਾਰਾਂ ਪਾਈਆਂ, ਕਿਉਂਕਿ ਮੈਂ ਕਿਹੜਾ ਸੰਘ ਨਹੀਂ ਸੀ ਪਾੜਿਆ। ਗੱਲ ਸਿਰਫ ਇੰਨੀ ਕੁ ਸੀ ਕਿ ਜਹਾਂਗੀਰ ਦੇ ਸਮਕਾਲੀ ਦੁੱਲੇ ਭੱਟੀ ਨੇ ਮੁਗਲਾਂ ਤੋਂ ਹਿੰਦੂ ਪਰਿਵਾਰ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ, ਬੇਪਤ ਹੋਣ ਤੋਂ ਬਚਾਈਆਂ ਅਤੇ ਪੱਲਿਓਂ ਸੇਰ ਸੱਕਰ ਪਾ ਕੇ ਉਨ੍ਹਾਂ ਨੂੰ ਇੱਜਤਦਾਰ ਜ਼ਿੰਦਗੀ ਵਲ ਤੋਰਿਆ। ਇਹਦਾ ਕੀ ਸਬੰਧ ਬਣਿਆ, ਕਿਸੇ ਤਿਉਹਾਰ ਨਾਲ? ਉਤੋਂ ਕਿਸੇ ਦੀ ਧੀ-ਭੈਣ ਦਾ ਨਾਂ ਉਚੀ ਉਚੀ ਲੈ ਕੇ ਭੰਗੜੇ ਵੀ ਪਾਏ।
ਅਸੀਂ ਹੁਣ ਝਾਤ ਮਾਰੀਏ ਆਪਣੇ ਸੁਨਹਿਰੀ ਇਤਿਹਾਸ ਵੱਲ। ਦੁੱਲੇ ਦਾ ਛੁਟਕਾਰਾ ਤਾਂ ਸਿਰਫ ਸੇਰ ਸੱਕਰ ਨਾਲ ਹੀ ਹੋ ਗਿਆ ਅਤੇ ਉਹਨੇ ਸਿਰਫ ਦੋ ਧੀਆਂ ਦੀ ਰਾਖੀ ਕੀਤੀ। ਸਾਡੇ ਪੁਰਖਿਆਂ ਨੇ ਤਾਂ ਹਜ਼ਾਰਾਂ ਦੀ ਤਾਦਾਦ ਵਿਚ ਸੁੰਦਰੀਆਂ-ਮੁੰਦਰੀਆਂ ਬਚਾਈਆਂ। ਜੇ ਉਨ੍ਹਾਂ ਦੇ ਸੋਹਲੇ ਗਾ ਕੇ ਅਸੀਂ ਅੱਗ ਬਾਲੀਏ ਤਾਂ ਧਰਤੀ ਦੇ ਸਾਰੇ ਵਣ ਮੁੱਕ ਜਾਣ। ਬੀਬੀ ਸ਼ਰਨ ਕੌਰ ਦੀ ਆਪ-ਬੀਤੀ ਕੌਣ ਨਹੀਂ ਜਾਣਦਾ। ਸਿੰਘ ਸੂਰਮਿਆਂ ਦੀ ਬਹਾਦਰੀ ਕਰ ਕੇ ਉਹ ਸ਼ਰਨੀ ਤੋਂ ਸ਼ਰਨ ਕੌਰ ਬਣੀ। ਦੁੱਲੇ ਨੇ ਤਾਂ ਜੰਗਲ ਵਿਚ ਬੈਠੀਆਂ ਕੁੜੀਆਂ ਦੀ ਮਦਦ ਕੀਤੀ, ਪਰ ਸਿੱਖ ਯੋਧਿਆਂ ਨੇ ਤਾਂ ਪਠਾਣਾਂ ਦੇ ਕਬਜ਼ੇ ਵਿਚੋਂ ਸ਼ਰਨੀ ਨੂੰ ਛੁਡਾਇਆ। ਜੇ ਇਹ ਵਾਰ ਵੀ ਡੀ. ਜੇ. ਦਾ ਸ਼ਿੰਗਾਰ ਬਣ ਜਾਵੇ ਤਾਂ ਇਹ ਕਿੰਨੀ ਲਾਹਨਤ ਵਾਲੀ ਗੱਲ ਹੋਵੇ।
ਖੁਸ਼ੀਆਂ ਦਾ ਕੀ ਹੈ, ਇਨ੍ਹਾਂ ਨੂੰ ਹਾਸਲ ਕਰਨ ਵਾਸਤੇ ਢੋਲ-ਢਮੱਕੇ ਤੇ ਮਰਾਸੀਆਂ ਦੀ ਕੀ ਲੋੜ? ਆਪਣਾ ਬੱਚਾ ਜਦੋਂ ਸਾਡੇ ਵੱਲ ਵੇਖ ਕੇ ਮੁਸਕਰਾਏ, ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਗੋਦੀ ਬੈਠਾ ਪੁੱਤ, ਪਿਉ ਦੀ ਦਾੜ੍ਹੀ ਫੜ੍ਹ ਕੇ ਖੜਾ ਹੁੰਦਾ ਹੈ ਤਾਂ ਪਿਤਾ ਖਿੜ ਖਿੜ ਹੱਸਦਾ ਹੈ। ਖੁਸ਼ੀ ਦਾ ਕੀ ਹੈ; ਇਸ ਦੀ ਭਾਲ ਦੀ ਨਹੀਂ, ਇਹਨੂੰ ਮਹਿਸੂਸ ਕਰਨ ਦੀ ਲੋੜ ਹੈ।
ਇਤਿਹਾਸ ਵਿਚ ਜੋ ਵਰਤਾਰੇ ਸਾਡੇ ਨਾਲ ਵਰਤੇ ਅਤੇ ਜਿਸ ਜਾਂਬਾਜ਼ੀ ਤੇ ਸਬਰ ਨਾਲ ਸਾਡੇ ਵਡੇਰਿਆਂ ਨੇ ਉਨ੍ਹਾਂ ਔਕੜਾਂ ਦਾ ਮੁਕਾਬਲਾ ਕੀਤਾ, ਅਜਿਹੀ ਲਾਸਾਨੀ ਮਿਸਾਲ ਕਿਸੇ ਹੋਰ ਕੌਮ ਦੇ ਇਤਿਹਾਸ ਦੇ ਹਿੱਸੇ ਨਹੀਂ ਆਈ। ਡੁਲ੍ਹੇ ਬੇਰਾਂ ਦਾ ਬਹੁਤ ਕੁਝ ਵਿਗੜ ਚੁਕਾ ਹੈ, ਹੁਣ ਵੇਲਾ ਹੈ ਸਬਕ ਹਾਸਲ ਕਰਨ ਦਾ, ਤੇ ਵਿਚਾਰਨ ਦਾ ਕਿ ਦੁਨੀਆਂ ਦੀਆਂ ਬਾਕੀ ਕੌਮਾਂ ਜਿਨ੍ਹਾਂ ਨੇ ਸ਼ਹਾਦਤ ਸ਼ਬਦ ਸਿਰਫ ਪੁਸਤਕਾਂ ਵਿਚ ਪੜ੍ਹਿਆ, ਕਿਵੇਂ ਅੱਗੇ ਨਿਕਲ ਗਈਆਂ! ਹੁਣ ਵੀ ਸਮਾਂ ਹੈ ਕਿ ਭੰਡਾਂ, ਮਰਾਸੀਆਂ, ਬਾਣੀਆਂ, ਸ਼ਰਾਬਖਾਨਿਆਂ ਅਤੇ ਅਖੌਤੀ ਰੀਤੀ-ਰਿਵਾਜ਼ਾਂ ਦੇ ਲੇਖੇ ਲਗਦੀ ਰਕਮ ਤੇ ਜਿਸਮਾਨੀ ਮੁਸ਼ੱਕਤ ਅਸੀਂ ਆਪਣੇ ਆਲੇ-ਦੁਆਲੇ ਲੋੜਵੰਦ ਭਾਈਚਾਰੇ ‘ਤੇ ਲਾਈਏ ਤਾਂ ਜੋ ਸਿਰਫ ਪੰਜਾਬੀ ਅਖਵਾਉਣ ਵਾਲੇ ‘ਅਕਾਲਪੁਰਖ ਕੀ ਫੌਜ’ ਦੀ ਪੈੜ ਅਪਨਾ ਸਕਣ।