ਮੁਜ਼ਰਿਮ ਤੇ ਜ਼ਰਾਇਮ ਪੇਸ਼ਾ ਹੋਣ ‘ਚ ਫਰਕ ਸੀ

ਗੁਲਾਮ ਮੁਸਤਫਾ ਡੋਗਰ ਯੂ. ਕੇ.
ਫੋਨ: +44 78781-32209
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਹੁਣ ਤੱਕ ਅਸੀਂ ਇਹ ਜਾਣ ਲਿਆ ਹੈ ਕਿ ਬ੍ਰਿਟਿਸ਼ ਹਕੂਮਤ ਦੇ ਦੌਰ ‘ਚ ਕਿਹੜਾ-ਕਿਹੜਾ ਕਬੀਲਾ ਕਿਹੜਾ-ਕਿਹੜਾ ਜ਼ੁਰਮ ਕਰਦਾ ਸੀ। ਹੁਣ ਅਸੀਂ ਫਿਰ ਉਸ ਗੱਲ ‘ਤੇ ਆਉਂਦੇ ਹਾਂ, ਜਿਸ ਦਾ ਜ਼ਿਕਰ ਸ਼ੁਰੂ ‘ਚ ਕੀਤਾ ਸੀ ਕਿ ਅੰਗਰੇਜ਼ ਹਕੂਮਤ ਜਦੋਂ ਵੀ ਕਿਸੇ ਵਿਅਕਤੀ ਜਾਂ ਕਬੀਲੇ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੰਦੀ ਸੀ, ਉਹ ਸਭ ਕਾਨੂੰਨ ਤਹਿਤ ਹੀ ਹੁੰਦਾ ਸੀ ਕਿਉਂਕਿ ਅੰਗਰੇਜ਼ ਹਕੂਮਤ ਤੋਂ ਪਹਿਲਾਂ ਜ਼ੁਰਮ ਬਹੁਤ ਸਨ ਪਰ ਕਾਨੂੰਨ ਕੋਈ ਨਹੀਂ। ਜ਼ਰਾਇਮ ‘ਤੇ ਠੱਲ੍ਹ ਪਾਉਣ ਲਈ ਹੀ ਗੋਰਿਆਂ ਨੇ ਕਾਨੂੰਨ ਬਣਾਏ ਕਿ ਕਿਨ੍ਹਾਂ-ਕਿਨ੍ਹਾਂ ਨੂੰ ਮੁਜ਼ਰਿਮ ਕਰਾਰ ਦੇਣਾ ਹੈ।

ਪਰ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਮੁਜ਼ਰਿਮ ਹੋਣਾ ਤੇ ਜ਼ਰਾਇਮ ਪੇਸ਼ਾ ਹੋਣਾ ਦੋ ਵੱਖ-ਵੱਖ ਗੱਲਾਂ ਹਨ। ਇਹ ਕੋਈ ਜ਼ਰੂਰੀ ਨਹੀਂ ਕਿ ਜੋ ਮੁਜ਼ਰਿਮ ਹੋਵੇ, ਉਹ ਜ਼ਰਾਇਮ ਪੇਸ਼ਾ ਵੀ ਹੋਵੇ। ਮੁਜ਼ਰਿਮ ਤਾਂ ਕੋਈ ਵੀ ਆਦਮੀ ਹੋ ਸਕਦਾ ਸੀ ਪਰ ਜ਼ਰਾਇਮ ਪੇਸ਼ਾ ਹਕੂਮਤ ਦੁਆਰਾ ਬਣਾਏ ਗਏ ਕਾਨੂੰਨ ਮੁਤਾਬਕ ਹੀ ਤੈਅ ਹੁੰਦਾ ਸੀ। ਇਸ ਵਾਸਤੇ ਇੱਕ ਕਾਨੂੰਨ ਲੈ ਕੇ ਆਂਦਾ ਗਿਆ ਜਿਸ ਤਹਿਤ ਕਿਸੇ ਇੱਕ ਬੰਦੇ, ਖਾਨਦਾਨ ਜਾਂ ਕਬੀਲੇ ਦਾ ਧੰਦਾ ਹੀ ਜ਼ੁਰਮ ਹੁੰਦਾ ਤਾਂ ਉਸ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਦਿੱਤਾ ਜਾਂਦਾ ਸੀ। ਇਸ ਵਾਸਤੇ ਗੋਰਿਆਂ ਨੇ ਇੱਕ ਸ਼ਬਦ ਕੱਢਿਆ ਸੀ-ਜ਼ਰਾਇਮ ਪੇਸ਼ਾ ਭਾਵ ਲਗਾਤਾਰ ਗੈਰਕਾਨੂੰਨੀ ਕੰਮ ਕਰਨ ਵਾਲਾ ਜਾਂ ਜਿਸ ਦੀ ਆਮਦਨ ਦਾ ਜ਼ਰੀਆ ਸਿਰਫ ਤੇ ਸਿਰਫ ਗੈਰਕਾਨੂੰਨੀ ਢੰਗ ਤਰੀਕੇ ਤੋਂ ਸੀ। ਜ਼ਰਾਇਮ ਪੇਸ਼ਾ ਕਰਾਰ ਦੇਣ ਲਈ ਬਣਾਏ ਗਏ ਕਾਨੂੰਨ ‘ਕ੍ਰਿਮੀਨਲ ਟਰਾਈਬਜ਼ ਐਕਟ 1924’ (ਵਾਲੀਅਮ 6) ‘ਚ ਵੇਰਵੇ ਸਹਿਤ ਲਿਖਿਆ ਗਿਆ ਹੈ ਕਿ ਕਿਵੇਂ ਕਿਸੇ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਜਾ ਸਕਦਾ ਹੈ। ਕਾਨੂੰਨ ਤਾਂ ਅੰਗਰੇਜ਼ਾਂ ਨੇ ਹੋਰ ਵੀ ਕਈ ਬਣਾਏ ਸਨ, ਜ਼ਰਾਇਮ ‘ਤੇ ਠੱਲ੍ਹ ਪਾਉਣ ਲਈ ਪਰ ਇਸ ਕਾਨੂੰਨ ਤਹਿਤ ਜ਼ਰਾਇਮ ਨੂੰ ਬਿਹਤਰ ਢੰਗ ਨਾਲ ਕਾਬੂ ਕੀਤਾ ਜਾ ਸਕਿਆ।
ਜ਼ਰਾਇਮ ਪੇਸ਼ਾ ਕਰਾਰ ਦੇਣ ਦਾ ਢੰਗ: ਜਿਸ ਵੀ ਬੰਦੇ, ਖਾਨਦਾਨ ਜਾਂ ਕਬੀਲੇ ਨੂੰ ਅੰਗਰੇਜ਼ਾਂ ਨੇ ਜ਼ਰਾਇਮ ਪੇਸ਼ਾ ਕਰਾਰ ਦੇਣਾ ਹੁੰਦਾ, ਉਸ ਲਈ ਉਹ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰਦੇ। ਕ੍ਰਿਮੀਨਲ ਟਰਾਈਬਜ਼ ਐਕਟ ਦੇ ਸੈਕਸ਼ਨ 3 (1) ‘ਚ ਇਸ ਦੀ ਪਰਿਭਾਸ਼ਾ ਇੰਜ ਕੀਤੀ ਗਈ ਹੈ:
“If the provincial government has reason to believe that any tribe, gang or class of persons or any part of tribe, gang or class, is adicted to the systematic commission of non-bailable offences, it may, by notification in the official gazette, declare that such tribe, gang or class or as the case may be, that such part of the tribe, gang or class is criminal tribe for the purposes of this act.”
(ਅਗਰ ਕਿਸੇ ਸੂਬੇ ਦੀ ਹਕੂਮਤ ਕੋਲ ਐਸੀ ਕੋਈ ਗਵਾਹੀ ਹੋਵੇ ਕਿ ਕੋਈ ਐਸਾ ਕਬੀਲਾ, ਕੋਈ ਗੈਂਗ ਜਾਂ ਕੁਝ ਲੋਕਾਂ ਦੀ ਜਮਾਤ ਜਾਂ ਕਿਸੇ ਕਬੀਲੇ ਦਾ ਕੁਝ ਹਿੱਸਾ ਨਾ ਕਾਬਿਲੇ ਜ਼ਮਾਨਤ ਜ਼ਰਾਇਮ ਨੂੰ ਫੈਲਾਉਣ ਦਾ ਆਦੀ ਹੋ ਗਿਆ ਹੋਵੇ ਤਾਂ ਸੂਬੇ ਦੀ ਹਕੂਮਤ ਕਿਸੇ ਐਸੇ ਕਬੀਲੇ ਜਾਂ ਗਰੋਹ ਨੂੰ ਸੂਰਤ-ਏ-ਹਾਲ ਮੁਤਾਬਕ ਸਰਕਾਰੀ ਗਜ਼ਟ ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਰਾਇਮ ਪੇਸ਼ਾ ਕਰਾਰ ਦੇ ਸਕਦੀ ਹੈ।)
ਇਸੇ ਸੈਕਸ਼ਨ ਦੇ ਸਬ ਸੈਕਸ਼ਨ 4 ‘ਚ ਲਿਖਿਆ ਗਿਆ ਹੈ ਕਿ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਹੋਵੇ, ਉਨ੍ਹਾਂ ਦਾ ਇੱਕ ਰਜਿਸਟਰ ਬਣਾਵੇ ਤੇ ਉਸ ‘ਚ ਉਨ੍ਹਾਂ ਦਾ ਨਾਂ ਦਰਜ ਕੀਤਾ ਜਾਵੇ। ਮੈਜਿਸਟਰੇਟ ਐਸੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਹਾਸਿਲ ਕਰੇ, ਉਨ੍ਹਾਂ ਦੀਆਂ ਉਗਲਾਂ ਦੇ ਨਿਸ਼ਾਨ ਲਵੇ ਅਤੇ ਇਨ੍ਹਾਂ ਲੋਕਾਂ ਨੂੰ ਇਹ ਕਿਹਾ ਜਾਵੇ ਕਿ ਜੇ ਤੁਸੀਂ ਸ਼ਹਿਰ ਛੱਡ ਕੇ ਜਾਵੋ ਤਾਂ ਤੁਸੀਂ ਆਪਣੇ ਸਬੰਧਤ ਥਾਣੇ ‘ਚ ਰਿਪੋਰਟ ਕਰਕੇ ਜਾਣੀ ਹੈ। ਜੇ ਤੁਸੀਂ ਆਪਣੀ ਰਿਹਾਇਸ਼ ਬਦਲਣੀ ਹੈ ਤਾਂ ਵੀ ਇਸ ਦੀ ਜਾਣਕਾਰੀ ਥਾਣੇ ‘ਚ ਦੇਣੀ ਹੈ।
ਜਿਸ ਵੀ ਇਲਾਕੇ ਦਾ ਜ਼ਰਾਇਮ ਪੇਸ਼ਾ ਆਦਮੀ ਆਪਣਾ ਇਲਾਕੇ ਛੱਡ ਕੇ ਦੂਜੇ ਇਲਾਕੇ ‘ਚ ਜਾਂਦਾ ਸੀ ਤਾਂ ਅੰਗਰੇਜ਼ਾਂ ਦੀ ਸ਼ਰਤ ਸੀ ਕਿ ਉਹ ਆਪਣੇ ਇਲਾਕੇ ਦੇ ਥਾਣੇ ‘ਚ ਜਾ ਕੇ ਰਿਪੋਰਟ ਕਰਵਾਏਗਾ ਕਿ ਮੈਂ ਇਸ ਇਲਾਕੇ ਤੋਂ ਦੂਜੇ ਇਲਾਕੇ ‘ਚ ਜਾਣਾ ਹੈ, ਤੁਸੀਂ ਮੇਰੇ ਬਾਰੇ ਜਾਣਕਾਰੀ ਦਰਜ ਕਰ ਲਓ। ਫਿਰ ਉਸ ਜ਼ਰਾਇਮ ਪੇਸ਼ਾ ਆਦਮੀ ਦੀ ਇਹ ਜਿੰਮੇਵਾਰੀ ਵੀ ਹੁੰਦੀ ਸੀ ਕਿ ਉਹ ਜਿਸ ਵੀ ਇਲਾਕੇ ‘ਚ ਜਾਵੇਗਾ, ਉਸ ਇਲਾਕੇ ਦੇ ਸਬੰਧਤ ਥਾਣੇ ‘ਚ ਵੀ ਦਰਜ ਕਰਵਾਏਗਾ ਕਿ ਮੈਂ ਇੱਥੇ ਆ ਗਿਆ ਹਾਂ ਤੇ ਇੰਨੇ ਵਕਫੇ ਲਈ ਇੱਥੇ ਹੀ ਰਹਾਂਗਾ। ਜੇ ਉਹ ਅਜਿਹਾ ਨਹੀਂ ਸੀ ਕਰਦਾ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਸੀ। ਹੁਣ ਵੀ ਹਿੰਦੋਸਤਾਨ ਤੇ ਪਾਕਿਸਤਾਨ ‘ਚ ਇਵੇਂ ਹੀ ਚਲਦਾ ਹੈ ਕਿ ਜਦੋਂ ਵੀ ਕੋਈ ਸ਼ਹਿਰੀ ਇਧਰੋਂ ਉਧਰ ਜਾਂ ਉਧਰੋਂ ਇਧਰ ਆਉਂਦਾ-ਜਾਂਦਾ ਹੈ ਤਾਂ ਉਸ ਨੂੰ ਸਬੰਧਤ ਥਾਣੇ ‘ਚ ਰਿਪੋਰਟ ਕਰਾਉਣੀ ਪੈਂਦੀ ਹੈ ਕਿ ਮੈਂ ਇਸ ਜਗ੍ਹਾ ਮੌਜੂਦ ਹਾਂ।
ਜ਼ਰਾਇਮ ਪੇਸ਼ਾ ਲੋਕਾਂ ਦੇ ਆਪਣਾ ਸ਼ਹਿਰ ਛੱਡ ਕੇ ਜਾਣ ਦੀ ਰਿਪੋਰਟ ਥਾਣੇ ‘ਚ ਦਰਜ ਕਰਵਾਉਣ ਨਾਲ ਸਬੰਧਤ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਨਾਂ। ਬਹਰਹਾਲ ਕਿੱਸਾ ਜੋ ਹੈ, ਮੈਂ ਵੇਖਿਆ ਤਾਂ ਨਹੀਂ, ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ। ਬਜ਼ੁਰਗ ਦੱਸਦੇ ਨੇ ਕਿ ਗੱਲ 1947 ਤੋਂ ਪਹਿਲਾਂ ਦੀ ਹੈ ਕਿ ਨਾਰੋਵਾਲ (ਪਾਕਿਸਤਾਨ) ਦੇ ਨੇੜੇ ਇੱਕ ਪਿੰਡ ਹੈ, ਸੱਜਣ ਡੋਗਰ, ਸ਼ਹਿਰ ਦੇ ਬਿਲਕੁਲ ਨਾਲ। ਇਸ ਪਿੰਡ ਤੋਂ ਇੱਕ ਬਰਾਤ ਗਈ, ਚਵਿੰਡੇ ਦੇ ਨੇੜੇ ਪਿੰਡ ਰਾਜੀਆ ਬਾਜਵਾ ‘ਚ। ਸਾਰੀ ਬਰਾਤ ਰੇਲ ਰਾਹੀਂ ਚਵਿੰਡੇ ਸਟੇਸ਼ਨ ਤੱਕ ਅੱਪੜੀ। ਅੱਗੇ ਉਨ੍ਹਾਂ ਜਿਸ ਪਿੰਡ ਜਾਣਾ ਸੀ, ਉਹ ਸਟੇਸ਼ਨ ਤੋਂ ਦੋ ਮੀਲ ਦੂਰ ਸੀ। ਗਰਮੀ ਦੇ ਦਿਨ ਸਨ। ਤੁਹਾਨੂੰ ਪਤਾ, ਪਹਿਲਾਂ ਜੱਟ ਕਣਕ ਵੱਢ ਕੇ ਹੀ ਆਪਣੇ ਧੀ-ਪੁੱਤਰ ਦਾ ਵਿਆਹ ਕਰਦੇ ਸਨ ਕਿਉਂਕਿ ਦਾਣੇ ਘਰ ‘ਚ ਆ ਜਾਂਦੇ ਸਨ। ਜਿਸ ਘਰ ਬਰਾਤ ਨੇ ਢੁੱਕਣਾ ਸੀ, ਉਸ ਘਰ ਪਿੰਡ ਦੇ ਲੋਕ ਬੜੀ ਬੇਸਬਰੀ ਨਾਲ ਬਰਾਤ ਦੀ ਉਡੀਕ ਕਰ ਰਹੇ ਸਨ। ਜਦੋਂ ਬਰਾਤ ਤੁਰੀ ਆਉਂਦੀ ਨਜ਼ਰ ਆਈ ਤਾਂ ਉਨ੍ਹਾਂ ਆਓ ਭਗਤ ਲਈ ਤਿਆਰੀ ਸ਼ੁਰੂ ਕਰ ਦਿੱਤੀ। ਜੋ ਵੀ ਉਨ੍ਹਾਂ ਦਿਨਾਂ ਦੌਰਾਨ ਰਿਵਾਜ ਸੀ, ਲੈ ਆਂਦਾ। ਜਦੋਂ ਬਰਾਤ ਨੇੜੇ ਆਈ ਤਾਂ ਪਤਾ ਲੱਗਾ ਕਿ ਬਰਾਤੀਆਂ ‘ਚ ਸਿਰਫ ਔਰਤਾਂ ਤੇ ਬੱਚੇ ਹੀ ਹਨ। ਲੋਕ ਬੜੇ ਹੈਰਾਨ ਪ੍ਰੇਸ਼ਾਨ ਕਿ ਬਰਾਤ ‘ਚ ਤਾਂ ਬੰਦਾ ਹੀ ਕੋਈ ਨਹੀਂ ਆਇਆ, ਇੱਥੋਂ ਤੱਕ ਕਿ ਲਾੜਾ ਵੀ ਨਹੀਂ। ਨਾ ਪਿਓ, ਨਾ ਭਰਾ-ਸਿਰਫ ਔਰਤਾਂ ਤੇ ਬੱਚੇ ਹੀ ਆ ਗਏ।
ਘਰ ਵਾਲਿਆਂ ਜਦ ਪੁੱਛਿਆ ਕਿ ਬਾਕੀ ਲੋਕ ਕਿਥੇ ਹਨ? ਔਰਤਾਂ ਨੇ ਕਿਹਾ, ਬੈਠ ਜਾਓ, ਤੁਹਾਨੂੰ ਦੱਸਦੀਆਂ ਹਾਂ, ਐਡੀ ਕਿਹੜੀ ਕਾਹਲੀ ਪਈ ਹੈ। ਉਹ ਜਦੋਂ ਬੈਠੇ ਤਾਂ ਪਤਾ ਲੱਗਾ ਕਿ ਬਰਾਤ ‘ਚ ਜਿੰਨੇ ਵੀ ਬੰਦੇ ਆਏ ਸਨ, ਸਮੇਤ ਲਾੜੇ ਦੇ, ਸਾਰੇ ਹੀ ਬਦਮਾਸ਼ ਹਨ। ਸਾਰਿਆਂ ਨੂੰ ਗੋਰਿਆਂ ਨੇ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਹੋਇਆ ਸੀ। ਉਹ ਨਾਰੋਵਾਲ ਥਾਣੇ ‘ਚ ਲਿਖਾ ਕੇ ਆਏ ਸਨ ਕਿ ਅਸੀਂ ਚਵਿੰਡੇ ਨੇੜੇ ਬਰਾਤ ‘ਚ ਚੱਲੇ ਹਾਂ। ਫਿਰ ਉਹ ਚਵਿੰਡੇ ਪਹੁੰਚ ਕੇ ਸਬੰਧਤ ਥਾਣੇ ਫਲੋਹਾ ਰਿਪੋਰਟ ਕਰਨ ਗਏ ਸਨ ਕਿ ਅਸੀਂ ਆ ਗਏ ਹਾਂ, ਬੰਦੇ ਗਿਣ ਲਓ।
ਇਹ ਜਾਣ ਕੇ ਪਿੰਡ ਵਾਲੇ ਤੇ ਕੁੜੀ ਦੇ ਘਰ ਵਾਲੇ ਹੈਰਾਨ ਪ੍ਰੇਸ਼ਾਨ ਹੋ ਗਏ ਕਿ ਸਾਡੀ ਸਾਕਾਦਾਰੀ ਤਾਂ ਡਾਕੂਆਂ ਤੇ ਚੋਰਾਂ ਨਾਲ ਬਣ ਗਈ। ਏਨੇ ਨੂੰ ਹੀ ਪਿੰਡ ਦੇ ਕਿਸੇ ਬਜ਼ੁਰਗ ਨੇ ਕਿਹਾ, ਅੱਲ੍ਹਾ! ਇਸ ਤੋਂ ਤਾਂ ਚੰਗਾ ਇਹ ਆ ਕਿ ਸਾਡੀ ਕੁੜੀ ਮਰ ਜਾਵੇ। ਪਰ ਵਿਆਹ ਹੋ ਗਿਆ ਤੇ ਮੁੰਡੇ ਵਾਲੇ ਕੁੜੀ ਵਿਆਹ ਕੇ ਲੈ ਗਏ। ਪਿੰਡ ਵਾਲੇ ਦੱਸਦੇ ਹਨ ਕਿ ਉਹ ਵਿਆਹੁੰਦੜ ਕੁੜੀ ਪੰਜ-ਛੇ ਮਹੀਨੇ ਬਾਅਦ ਹੀ ਮਰ ਗਈ। ਇਸ ਤਰ੍ਹਾਂ ਕੁੜੀ ਵਾਲੇ ਸ਼ਰੀਫ ਪਰਿਵਾਰ ਦਾ ਬਦਮਾਸ਼ਾਂ ਦੇ ਟੱਬਰ ਤੋਂ ਖਹਿੜਾ ਛੁੱਟਾ।
ਇਸ ਕਿੱਸੇ ਤੋਂ ਅਸੀਂ ਸਮਝ ਹੀ ਗਏ ਹਾਂ ਕਿ ਜ਼ਰਾਇਮ ਪੇਸ਼ਾ ਕੀ ਹੁੰਦੇ ਸਨ ਅਤੇ ਸਮਾਜ ‘ਚ ਉਨ੍ਹਾਂ ਦਾ ਕੀ ਰੁਤਬਾ ਸੀ? ਇੱਥੇ ਇਸ ਕਾਨੂੰਨ ‘ਚ ਇੱਕ ਹੋਰ ਵਿਸ਼ੇਸ਼ ਗੱਲ ਇਹ ਵੀ ਸੀ ਕਿ ਜੇ ਕਿਸੇ ਬੰਦੇ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਦਿੱਤਾ ਜਾਂਦਾ ਸੀ ਤਾਂ ਉਹ ਬੰਦਾ ਕੁਝ ਸਮੇਂ ਬਾਅਦ ਆਪਣੀਆਂ ਆਦਤਾਂ ਸੁਧਾਰ ਲੈਂਦਾ ਤਾਂ ਉਸ ਦਾ ਨਾਂ ਜ਼ਰਾਇਮ ਪੇਸ਼ਾ ਆਦਮੀਆਂ ਦੀ ਲਿਸਟ ‘ਚੋਂ ਕੱਢ ਦਿੱਤਾ ਜਾਂਦਾ। ਜੇ ਉਹ ਮੁੜ ਪੁਰਾਣੇ ਕੰਮ ਸ਼ੁਰੂ ਕਰ ਦਿੰਦਾ ਤਾਂ ਉਸ ਦਾ ਨਾਂ ਫਿਰ ਤੋਂ ਜ਼ਰਾਇਮ ਪੇਸ਼ਾ ਕਰਾਰ ਬੰਦਿਆਂ ਦੀ ਲਿਸਟ ‘ਚ ਪਾ ਦਿੱਤਾ ਜਾਂਦਾ।
ਜ਼ਰਾਇਮ ਪੇਸ਼ਾ ਕਰਾਰ ਦੇਣ ਦੇ ਪੜਾਅ: ਕਿਸੇ ਵੀ ਬੰਦੇ, ਖਾਨਦਾਨ ਅਤੇ ਕਬੀਲੇ ਨੂੰ ਇੱਕ ਦਮ ਜ਼ਰਾਇਮ ਪੇਸ਼ਾ ਕਰਾਰ ਨਹੀਂ ਸੀ ਦੇ ਦਿੱਤਾ ਜਾਂਦਾ। ਇਸ ਦੇ ਵੱਖ-ਵੱਖ ਪੜਾਅ ਸਨ। ਸਭ ਤੋਂ ਪਹਿਲਾ ਪੜਾਅ ਸੀ, ਨਿਗਰਾਨੀ ਹੇਠ ਰੱਖਣਾ, ਇਸ ਤਹਿਤ ਜੇ ਕਿਸੇ ਵਿਅਕਤੀ ਜਾਂ ਕਬੀਲੇ ਉਪਰ ਜ਼ਰਾਇਮ ਪੇਸ਼ਾ ਹੋਣ ਦਾ ਸ਼ੱਕ ਹੋ ਜਾਂਦਾ ਤਾਂ ਉਸ ਦੀਆਂ ਰੋਜ਼ਮੱਰਾ ਸਰਗਰਮੀਆਂ ਦਾ ਧਿਆਨ ਰੱਖਿਆ ਜਾਂਦਾ ਕਿ ਉਹ ਕਿੱਥੇ-ਕਿੱਥੇ ਜਾਂਦਾ ਅਤੇ ਕਿਸ-ਕਿਸ ਬੰਦੇ ਨੂੰ ਮਿਲਦਾ-ਗਿਲਦਾ ਹੈ। ਜਦੋਂ ਇਹ ਪੜਾਅ ਪਾਰ ਹੋ ਜਾਂਦਾ ਤੇ ਪਤਾ ਲੱਗ ਜਾਂਦਾ ਕਿ ਇਸ ਬੰਦੇ ਜਾਂ ਖਾਨਦਾਨ ਦਾ ਚਾਲ-ਚਲਣ ਠੀਕ ਨਹੀਂ ਤਾਂ ਫਿਰ ਉਸ ਵਿਅਕਤੀ ਨੂੰ ਅਗਲੀ ਸ਼੍ਰੇਣੀ ‘ਚ ਦਰਜ ਕਰ ਦਿੱਤਾ ਜਾਂਦਾ। ਅਗਲਾ ਪੜਾਅ ਸੀ, ਜ਼ਰਾਇਮ ਪੇਸ਼ਾ ਹੋਣ ਦਾ ਸ਼ੱਕ-ਅਰਥਾਤ ਕਿਸੇ ਬੰਦੇ ਜਾਂ ਕਬੀਲੇ ‘ਤੇ ਸ਼ੱਕ ਪੈਦਾ ਹੋ ਜਾਂਦਾ ਕਿ ਇਹ ਜ਼ੁਰਮ ਕਰਦਾ ਹੈ। ਗਵਾਹੀਆਂ ਵੀ ਮਿਲ ਜਾਂਦੀਆਂ ਕਿ ਇਹ ਜ਼ਰਾਇਮ ਵਿਚ ਸ਼ਾਮਲ ਹੈ ਤਾਂ ਫਿਰ ਉਸ ਨੂੰ ਤੀਜੇ ਪੜਾਅ ‘ਚ ਪਾ ਦਿੱਤਾ ਜਾਂਦਾ। ਇਸ ਪੜਾਅ ‘ਚ ਉਸ ਬੰਦੇ ਜਾਂ ਕਬੀਲੇ ਨੂੰ ਰੱਖਿਆ ਜਾਂਦਾ ਜਿਸ ਬਾਰੇ ਸਾਬਤ ਹੋ ਜਾਂਦਾ ਕਿ ਇਸ ਨੂੰ ਪੁੱਠੇ ਕੰਮ ਕਰਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ, ਤੇ ਉਸ ਨੂੰ ਪੂਰੀ ਤਰ੍ਹਾਂ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਜਾਂਦਾ।
ਪਹਿਲੇ ਤੇ ਦੂਸਰੇ ਪੜਾਅ ‘ਚ ਉਨ੍ਹਾਂ ਕਬੀਲਿਆਂ ਨੂੰ ਰੱਖਿਆ ਜਾਂਦਾ ਸੀ, ਜਿਨ੍ਹਾਂ ਬਾਰੇ ਇਤਲਾਹ ਹੋਵੇ ਪਰ ਗਵਾਹੀ ਨਾ ਹੋਵੇ। ਜਦੋਂ ਗਵਾਹੀ ਮਿਲ ਜਾਂਦੀ ਤਾਂ ਉਸ ਨੂੰ ਅਗਲੀ ਸ਼੍ਰੇਣੀ ‘ਚ ਦਰਜ ਕਰ ਲਿਆ ਜਾਂਦਾ, ਨਹੀਂ ਤਾਂ ਉਸ ਸ਼੍ਰੇਣੀ ‘ਚ ਰਹਿਣ ਦਿੱਤਾ ਜਾਂਦਾ। ਸ਼ੱਕ ਦੇ ਆਧਾਰ ਵਾਲੀ ਸ਼੍ਰੇਣੀ ‘ਚ ਇਹ ਵੀ ਵੇਖਿਆ ਜਾਂਦਾ ਸੀ ਕਿ ਜ਼ਰਾਇਮ ‘ਚ ਪੂਰੇ ਦਾ ਪੂਰਾ ਕਬੀਲਾ ਸ਼ਾਮਲ ਹੈ, ਕੁਝ ਕੁ ਬੰਦੇ ਜਾਂ ਸੀਮਤ ਖੇਤਰ ਦੇ ਲੋਕ? ਫਰਜ਼ ਕਰੋ, ਜੇ ਬਾਜਵੇ ਹੀ ਹੋਣ। ਬਾਜਵੇ ਸਿਆਲਕੋਟ ‘ਚ ਵੀ ਸਨ ਤੇ ਹੁਸ਼ਿਆਰਪੁਰ ‘ਚ ਵੀ। ਇਹ ਜ਼ਰੂਰੀ ਨਹੀਂ ਕਿ ਜੇ ਸਿਆਲਕੋਟ ਦੇ ਬਾਜਵੇ ਜ਼ਰਾਇਮ ‘ਚ ਸ਼ਾਮਲ ਸਨ ਤਾਂ ਹੁਸ਼ਿਆਰਪੁਰ ਦੇ ਬਾਜਵੇ ਵੀ ਇਸ ਤਰ੍ਹਾਂ ਦੇ ਹੀ ਹੋਣਗੇ। ਜਿਸ ਇਲਾਕੇ ਦੇ ਬੰਦੇ ਜ਼ਰਾਇਮ ‘ਚ ਸ਼ਾਮਲ ਹੁੰਦੇ, ਇਲਾਕੇ ਦੇ ਉਸ ਹਿੱਸੇ ਨੂੰ ਹੀ ਸ਼ਾਮਲ ਕੀਤਾ ਜਾਂਦਾ। ਦੂਜੇ ਇਲਾਕੇ ਦੇ ਉਸੇ ਕਬੀਲੇ ਨੂੰ ਨਹੀਂ। ਇਹ ਪੜਾਅ ਜ਼ੁਰਮ ‘ਚ ਸ਼ਾਮਲ ਹੋਣ ਵਾਲੇ ਬੰਦੇ ਜਾਂ ਕਬੀਲੇ ਨੂੰ ਜ਼ਰਾਇਮ ਪੇਸ਼ਾ ਐਲਾਨਣ ਜਾਂ ਨਾ ਐਲਾਨਣ ਲਈ ਅਪਨਾਏ ਜਾਂਦੇ ਸਨ।
ਸਿੱਖਾਂ ਦੇ ਮਾਮਲੇ ‘ਚ ਅਸੀਂ ਵੇਖਦੇ ਹਾਂ ਕਿ ਉਹ ਪਹਿਲੇ ਅਤੇ ਦੂਜੇ ਪੜਾਅ ‘ਤੇ ਤਾਂ ਹੈ ਹੀ ਨਹੀਂ, ਫਿਰ 1947 ਤੋਂ ਇੱਕ ਦਮ ਬਾਅਦ ਉਨ੍ਹਾਂ ਨੂੰ ਤੀਜੇ ਪੜਾਅ ‘ਚ ਕਿਵੇਂ ਲੈ ਲਿਆ ਗਿਆ? ਇਹ ਮਾਮਲਾ ਅਜੀਬ ਲੱਗਦਾ ਹੈ ਜੋ ਹਕੂਮਤ ਦੀ ਨਾਇਨਸਾਫੀ ਨੂੰ ਦਰਸਾਉਂਦਾ ਹੈ। ਹੁਣ ਅਸੀਂ ਹੋਰ ਵੀ ਕਬੀਲੇ ਵੇਖਾਂਗੇ ਜੋ ਜ਼ਰਾਇਮ ‘ਚ ਸ਼ਾਮਲ ਸਨ ਤੇ ਜਾਣਾਂਗੇ ਕਿ ਕਿਤੇ ਇਨ੍ਹਾਂ ‘ਚ ਸਿੱਖਾਂ ਦਾ ਨਾਂ ਆਉਂਦਾ ਹੈ ਕਿ ਨਹੀਂ। ਅੰਗਰੇਜ਼ਾਂ ਨੇ ਇਨ੍ਹਾਂ ਨੂੰ ਦੋ ਹਿੱਸਿਆਂ ‘ਚ ਵੰਡਿਆ ਸੀ।
ਖਾਨਾਬਦੋਸ਼ ਕਬੀਲੇ ਤੇ ਰਿਹਾਇਸ਼ੀ ਕਬੀਲੇ: ਸਭ ਤੋਂ ਪਹਿਲਾਂ ਖਾਨਾਬਦੋਸ਼ ਕਬੀਲਿਆਂ ਦੀ ਗੱਲ ਕਰਾਂਗੇ। ਖਾਨਾਬਦੋਸ਼ ਕਬੀਲੇ ਉਹ ਸਨ ਜੋ ਇੱਕ ਥਾਂ ਟਿਕ ਕੇ ਨਹੀਂ ਸਨ ਰਹਿੰਦੇ। ਇਨ੍ਹਾਂ ਨੂੰ ਟੱਪਰੀਵਾਸ ਵੀ ਆਖਿਆ ਜਾਂਦਾ ਸੀ। ਬਲਦ ਗੱਡੀਆਂ ਹੀ ਇਨ੍ਹਾਂ ਦਾ ਘਰ ਹੁੰਦਾ, ਜਿਨ੍ਹਾਂ ‘ਤੇ ਇਹ ਤੁਰਦੇ-ਫਿਰਦੇ ਰਹਿੰਦੇ। ਇਸ ਕਬੀਲੇ ਦੀਆਂ ਔਰਤਾਂ ਪਿੰਡਾਂ ਤੇ ਸ਼ਹਿਰਾਂ ‘ਚ ਵੜ ਕੇ ਲੁੱਟਮਾਰ ਕਰਨ ਲਈ ਮਾਲਦਾਰ ਘਰ ਦੀ ਸ਼ਨਾਖਤ ਕਰਦੀਆਂ। ਇਨ੍ਹਾਂ ਦੀ ਆਪਣੀ ਵੱਖਰੀ ਬੋਲੀ ਤੇ ਇਸ਼ਾਰੇ ਹੁੰਦੇ, ਜਿਨ੍ਹਾਂ ਦੀ ਵਰਤੋਂ ਲੁੱਟਮਾਰ ਲਈ ਕਰਦੇ ਤੇ ਚੁਣੇ ਹੋਏ ਘਰ ‘ਚ ਲੁੱਟਮਾਰ ਕਰਕੇ ਆਪਣਾ ਡੇਰਾ ਚੁੱਕ ਕੇ ਅਗਾਂਹ ਤੁਰ ਜਾਂਦੇ। ਇਸ ਕਬੀਲੇ ਦੀਆਂ ਔਰਤਾਂ ਬਹੁਤ ਦਲੇਰ ਹੁੰਦੀਆਂ ਤੇ ਆਪਣੇ ਕੋਲ ਖੰਜਰ ਰੱਖਦੀਆਂ ਸਨ। ਇਹ ਲੋਕ ਪਿੰਡਾਂ ‘ਚ ਡਾਕੇ ਮਾਰ ਜਾਂਦੇ ਸਨ। ਜਿਨ੍ਹਾਂ ਖਾਨਾਬਦੋਸ਼ ਕਬੀਲਿਆਂ ‘ਤੇ ਸ਼ੱਕ ਸੀ ਕਿ ਇਹ ਜ਼ਰਾਇਮ ‘ਚ ਸ਼ਾਮਲ ਹੋ ਸਕਦੇ ਹਨ, ਅੰਗਰੇਜ਼ਾਂ ਨੇ ਉਨ੍ਹਾਂ ਦੀ ਇੱਕ ਲਿਸਟ ਤਿਆਰ ਕਰਵਾਈ ਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਪਰ ਇਹ 1916 ਈਸਵੀ ਤੱਕ ਰਜਿਸਟਰਡ ਨਹੀਂ ਸਨ। ਇਹ ਕਬੀਲੇ ਸਨ: ਗੜਗਾਉਂ ਦੇ ਕੰਜਰ ਤੇ ਧਨਵਾਰ, ਕਾਂਗੜਾ ਜਿਲ੍ਹੇ ਦੇ ਭੰਗਾਲੀ, ਮਿੰਟਗੁਮਰੀ ਜਿਲ੍ਹੇ ਦੇ ਦੁਲੂ ਤੇ ਪਰਹਾਰ ਬਲੋਚ ਅਤੇ ਝੰਗ ਜਿਲ੍ਹੇ ਦੇ ਸਗਲ ਬਲੋਚ, ਗਾਧੀ ਬਲੋਚ, ਚਨਾਰ ਤੇ ਚੂੜੇਹਾਰ।
ਸਾਡੇ ਕੋਲ ਇੱਕ ਹੋਰ ਲਿਸਟ ਕਬੀਲਿਆਂ ਬਾਰੇ ਹੈ, ਜਿਨ੍ਹਾਂ ਬਾਰੇ ਜ਼ਰਾਇਮ ‘ਚ ਸ਼ਾਮਲ ਹੋਣ ਬਾਰੇ ਖਬਰਾਂ ਤਾਂ ਸਨ ਪਰ ਕੋਈ ਪੱਕੀ ਗਵਾਹੀ ਅਤੇ ਸਬੂਤ ਨਹੀਂ ਸਨ ਕਿ ਇਹ ਕਬੀਲੇ ਜ਼ਰਾਇਮ ‘ਚ ਸ਼ਾਮਲ ਹਨ।
ਜ਼ਰਾਇਮ ਦੇ ਆਧਾਰ ‘ਤੇ ਸ਼ੱਕੀ ਖਾਨਾਬਦੋਸ਼ ਕਬੀਲਿਆਂ ਦੇ ਲੋਕਾਂ ਦੀ ਗਿਣਤੀ
ਲੜੀ ਨੰ: ਕਬੀਲਿਆਂ ਦੇ ਨਾਂ ਮਰਦ ਔਰਤਾਂ ਕੁੱਲ
1 ਬਾਦੀ ਤੇ ਬਾਜੀਗਰ 14581 13708 28289
2 ਸਪੇਰਾ ਤੇ ਸਪਾਧਾ 1597 1062 2689
3 ਫੇਰਨਾ 1078 953 2031
4 ਅਹੀਰੀ ਤੇ ਥੋਂਹਰੀ 914 746 1660
5 ਗਗੜਾ 346 295 641
6 ਫਕੀਰ ਤੇ ਛੁਰੀਮਾਰ 277 247 524
7 ਭਤਰਾ 147 137 284
8 ਅਰਾਰਪੋਪੋ 149 167 346
9 ਮਹਾਤਮ 52 43 95
10 ਫਨਵਾਰ 20 15 35
11 ਮੋਚੀ ਮੰਗ 19 13 32
12 ਸ਼ਾਇਨ 6 7 13
13 ਸੰਥਿਆ 3 1 4
ਕੁੱਲ 19189 17394 36583
ਇਸ ਤੋਂ ਅੱਗੇ ਉਹ ਲਿਸਟ ਹੈ, ਜਿਨ੍ਹਾਂ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਬਾਰੇ ਪੱਕੀਆਂ ਗਵਾਹੀਆਂ ਅਤੇ ਸਬੂਤ ਸਨ ਕਿ ਇਹ ਲੁੱਟਮਾਰ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ। ਇਨ੍ਹਾਂ ਦੀ ਨਿਰਬਾਹ-ਏ-ਜ਼ਿੰਦਗੀ ਸਿਰਫ ਲੁੱਟਮਾਰ, ਚੋਰੀ ਤੇ ਠੱਗੀ ਹੈ। ਪੁਲਿਸ ਇਨ੍ਹਾਂ ਦਾ ਮੁਸਤੈਦੀ ਨਾਲ ਧਿਆਨ ਰੱਖਦੀ ਤਾਂ ਕਿ ਇਹ ਕਿਸੇ ਕਿਸਮ ਦੀ ਚੋਰੀ ਜਾਂ ਡਾਕਾ ਨਾ ਮਾਰਨ। ਪੂਰੇ ਪੰਜਾਬ ‘ਚ ਇਨ੍ਹਾਂ ਦੀ ਗਿਣਤੀ 29 ਸੀ।
ਖਾਨਾਬਦੋਸ਼ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਕਬੀਲਿਆਂ ਦੇ ਲੋਕਾਂ ਦੀ ਗਿਣਤੀ:
ਲੜੀ ਨੰ. ਕਬੀਲੇ ਦਾ ਨਾਂ ਮਰਦ ਔਰਤਾਂ ਕੁੱਲ
1 ਨਟ 2490 2407 4897
2 ਕੁਚਬੰਦ 1187 1159 2346
3 ਧਹੀ 745 662 1407
4 ਸਾਂਸੀ 593 595 1188
5 ਭੰਗਾਲੀ 577 498 1075
6 ਭਾਰਰ 430 345 775
7 ਪੱਖੀਵਾਰਾ 404 344 748
8 ਗੰਦੀਲਾ 198 180 378
9 ਕੰਜਰ 135 180 258
10 ਬੌਰੀਆ 149 114 263
11 ਭੇਡ ਕੱਟ 114 138 252
12 ਹਰਨੀ ਤੇ ਬਲੋਚ 125 114 239
13 ਗਦੜੀ 70 76 146
14 ਰਚਬੰਦ 76 52 128
18 ਮੀਰ ਸ਼ਿਕਾਰੀ 40 37 77
16 ਬਘਿਆੜ ਮਾਰ 27 37 64
17 ਕਿਕਨ 28 36 64
18 ਸਿੰਗੀਕਟ 22 29 51
19 ਬੈਡਨ 19 21 40
20 ਅਹੇਰੀਆ 25 – 25
21 ਭਹੇਰੀਆ 9 4 13
ਕੁੱਲ 7463 6998 14461
ਹੁਣ ਅਸੀਂ ਤਿੰਨਾਂ ਲਿਸਟਾਂ ਦੇ ਵੇਰਵੇ ਵੇਖ ਲਏ ਹਨ ਤੇ ਇਹ ਵੀ ਵੇਖ ਲਿਆ ਹੈ ਕਿ ਇਨ੍ਹਾਂ ‘ਚ ਕਿਤੇ ਵੀ ਸਿੱਖਾਂ ਦਾ ਜ਼ਿਕਰ ਨਹੀਂ ਆਇਆ, ਜਿਨ੍ਹਾਂ ਨੂੰ ਜ਼ਰਾਇਮ ਪੇਸ਼ਾ ਲਿਸਟ ‘ਚ ਸ਼ਾਮਲ ਕੀਤਾ ਗਿਆ ਹੋਵੇ।
ਭੇਡ ਕੱਟ ਅਤੇ ਗਦੜੀ ਕਬੀਲਿਆਂ ਦੇ ਲੋਕਾਂ ਨੂੰ ਇਸਾਈਆਂ ਦੀ ਸਾਲਵੇਸ਼ਨ ਆਰਮੀ ਨੇ ਕੈਂਪਾਂ ਵਿਚ ਸੁਧਾਰਨ ਵਾਸਤੇ ਲਿਆਂਦਾ ਸੀ। ਇਨ੍ਹਾਂ ਨੂੰ ਜਮੀਨਾਂ ਦਿੱਤੀਆਂ ਗਈਆਂ ਤੇ ਕਾਸ਼ਤਕਾਰੀ ਸਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ‘ਚੋਂ ਈ ਬਹੁਤ ਸਾਰੇ ਲੋਕਾਂ ਨੇ ਇਸਾਈ ਧਰਮ ਕਬੂਲ ਕਰ ਲਿਆ।
ਰਿਹਾਇਸ਼ੀ ਕਬੀਲੇ: ਰਿਹਾਇਸ਼ੀ ਕਬੀਲੇ ਉਹ ਸਨ ਜੋ ਇੱਕ ਥਾਂ ਟਿਕ ਕੇ ਰਹਿੰਦੇ ਤੇ ਆਪਣੀ ਰਿਹਾਇਸ਼ ਨਹੀਂ ਸਨ ਬਦਲਦੇ। ਇਸ ਲਿਸਟ ‘ਚ ਰਿਹਾਇਸ਼ੀ ਕਬੀਲਿਆਂ ਦੇ ਇਲਾਕਿਆਂ ਦਾ ਵੀ ਜ਼ਿਕਰ ਹੈ ਜੋ ਇਨ੍ਹਾਂ ਦੀਆਂ ਵਾਰਦਾਤਾਂ ਤੋਂ ਪ੍ਰਭਾਵਿਤ ਰਹੇ।
ਰਿਹਾਇਸ਼ੀ ਜ਼ਰਾਇਮ ਪੇਸ਼ਾ ਕਬੀਲੇ:
ਕਬੀਲਿਆਂ ਦਾ ਨਾਂ ਰਿਹਾਇਸ਼ੀ ਇਲਾਕਾ
ਸਾਂਸੀ, ਬੌਰੀਆ, ਹਰਨੀਸ਼, ਪੱਖੀਵਾਰ, ਮੀਨਾ ਤੇ ਠੱਗ ਪੂਰੇ ਪੰਜਾਬ ‘ਚ
ਭਲੋਚ ਅੰਬਾਲਾ ਤੇ ਕਰਨਾਲ ਜਿਲ੍ਹੇ ‘ਚ
ਮਹਾਤਮ ਪਿੰਡ ਮਹਾਤਮ, ਜਿਲ੍ਹਾ ਗੁਜਰਾਂਵਾਲਾ
ਲੋਈ ਬਲੋਚ ਪਿੰਡ ਗਲੋਈ, ਜਿਲ੍ਹਾ ਮਿੰਟਗੁਮਰੀ, ਚੱਕ ਨੰ: 402 ਤੇ 602
ਭਾਟ ਪਿੰਡ ਜਹਿਮਤ ਤੇ ਚੱਕ ਲਾਲਾ, ਜਿਲ੍ਹਾ ਸਿਆਲਕੋਟ
ਨੂਰ ਮਹਿਰਮ ਤੇ ਅਕਲਾ ਹਯਾਤ ਚੱਕ ਨੰ: 172, 173, 175, 183, 215 ਤੇ 216, ਜਿਲ੍ਹਾ ਝੰਗ
ਘੁਟਕਾ ਪਿੰਡ ਹੁਡਿਆਰਾ, ਜਿਲ੍ਹਾ ਲਾਹੌਰ
ਢਿੱਲੋਂ ਪਿੰਡ ਢਿੱਲੋਂ, ਜਿਲ੍ਹਾ ਲਾਹੌਰ
ਧੇਰ, ਖਰਲ ਤੇ ਵਲਾਣਾ ਜੱਟ ਪਿੰਡ ਬਾਹੂਮਨ, ਜਿਲ੍ਹਾ ਗੁਜਰਾਂਵਾਲਾ
ਥਰਾਨਾ, ਬਾਰ ਤੇ ਪਿੰਡ ਸਲੂਨੀ ਦੀਆਂ ਹੋਰ ਜਾਤਾਂ ਪਿੰਡ ਸਲੂਨੀ, ਚੱਕ ਨੰ: 269, ਜਿਲ੍ਹਾ ਲਾਇਲਪੁਰ
ਇਨ੍ਹਾਂ ਰਿਹਾਇਸ਼ੀ ਕਬੀਲਿਆਂ ‘ਚ ਜੋ ਢਿੱਲੋਂ ਗੋਤ ਦਾ ਜ਼ਿਕਰ ਆਇਆ ਹੈ, ਇਹ ਗੋਤ ਮੁਸਲਮਾਨ ਜੱਟਾਂ ਦਾ ਸੀ, ਨਾ ਕਿ ਸਿੱਖ ਜੱਟਾਂ ਦਾ। ਇਨ੍ਹਾਂ ‘ਚ ਸਿੱਖ ਧਰਮ ਦਾ ਕੋਈ ਵੀ ਬੰਦਾ ਨਹੀਂ ਸੀ, ਇਸ ਲਈ ਜ਼ਰਾਇਮ ਪੇਸ਼ਾ ਕਰਾਰ ਦੇਣ ਦੀ ਕੋਈ ਤੁਕ ਨਹੀਂ ਬਣਦੀ।
ਮਰਦਮ ਸ਼ੁਮਾਰੀ: ਰਿਹਾਇਸ਼ੀ ਕਬੀਲੇ ਜੋ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਗਏ ਸਨ, ਉਨ੍ਹਾਂ ਬਾਰੇ ਅੰਗਰੇਜ਼ ਹਕੂਮਤ ਨੇ ਕਾਫੀ ਇੰਤਜ਼ਾਮ ਕੀਤੇ ਤਾਂ ਕਿ ਉਹ ਆਪਣੀ ਰਿਹਾਇਸ਼ ਬਦਲ ਕੇ ਦੂਸਰੀ ਥਾਂ ਨਾ ਜਾ ਸਕਣ। ਜੇ ਜਾਣ ਵੀ ਤਾਂ ਇਸ ਦੀ ਜਾਣਕਾਰੀ ਸਬੰਧਤ ਥਾਣੇ ‘ਚ ਦੇ ਕੇ ਜਾਣ। ਇਸ ਲਈ ਅੰਗਰੇਜ਼ ਹਕੂਮਤ ਇਨ੍ਹਾਂ ਦੀ ਅਚਾਨਕ ਮਰਦਮ ਸੁ.ਮਾਰੀ ਕਰਦੀ ਸੀ, ਇੱਕ ਦਮ ਛਾਪੇ ਵਾਂਗ। ਪਹਿਲੀ ਵਾਰ ਇਹ ਮਰਦਮ ਸੁ.ਮਾਰੀ ਪਹਿਲੀ ਮਾਰਚ 1901 ਈਸਵੀ ਨੂੰ ਕੀਤੀ ਗਈ।
(ਚਲਦਾ)