ਹੰਝੂ ਦੀ ਇਬਾਦਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੋਹੜ ਜਿਹੇ ਵੱਡੇ ਦਰਖਤਾਂ ਦੇ ਹਵਾਲੇ ਨਾਲ ਮਾਪਿਆਂ ਦੀ ਬੱਚਿਆਂ ਉਪਰ ਛਾਂ ਜਾਂ ਆਸਰੇ ਦੀ ਗੱਲ ਕਰਦਿਆਂ ਕਿਹਾ ਸੀ ਕਿ ਮਾਂ ਦੀ ਛਾਂ ਮਾਣਨ ਵਾਲੇ ਬੱਚੇ ਤਿੱਖੜ ਦੁਪਹਿਰਾਂ ‘ਚ ਵੀ ਠੰਢੜੀ ਛਾਂ ਮਾਣਦੇ ਨੇ।

ਬਜ਼ੁਰਗੀ ਪਰਛਾਂਵੇਂ ‘ਚ ਤੁਰੇ ਜਾਂਦੇ ਅਲੂੰਏਂ ਜੁਆਕ ਨੂੰ ਸਿਰ ‘ਤੇ ਆਇਆ ਸੂਰਜ ਵੀ ਨਹੀਂ ਪਿਘਲਾ ਸਕਦਾ। ਹਥਲੇ ਲੇਖ ਵਿਚ ਉਨ੍ਹਾਂ ਅਜੋਕੇ ਸਮੇਂ ਵਿਚ ਰਿਸ਼ਤਿਆਂ ਵਿਚ ਆ ਗਈ ਖੁਸ਼ਕੀ ਦੇ ਹਵਾਲੇ ਨਾਲ ਹੰਝੂਆਂ ਦੀ ਗਾਥਾ ਕੀਤੀ ਹੈ। ਉਨ੍ਹਾਂ ਦਾ ਗਿਲਾ ਹੈ, “ਕੀ ਇਹ ਵੀ ਅਸੀਂ ਹੀ ਦੇਖਣਾ ਸੀ ਕਿ ਹੰਝੂ ਨੇ ਮਖੌਲ ਬਣਨਾ ਸੀ ਅਤੇ ਮਸਖਰਿਆਂ ਨੇ ਇਸ ਦੀ ਹੋਂਦ ‘ਤੇ ਹੀ ਕਿੰਤੂ ਕਰਕੇ ਇਸ ਦੇ ਵਜੂਦ ਤੇ ਅਸਤਿਤਵ ਨੂੰ ਅਸਲੋਂ ਹੀ ਨਕਾਰਨਾ ਸੀ।…ਬਹੁਤ ਘੱਟ ਹੰਝੂ ਹੁੰਦੇ ਨੇ ਜੋ ਖੁਸ਼ੀ ਦੇ ਪਲਾਂ ਦੀ ਸਾਂਝ ਮਾਣਦੇ। ਅਜਿਹੇ ਨੈਣਾਂ ਦੀ ਤਰਲਤਾ ਵਿਚ ਸੁਪਨਿਆਂ ਦੀ ਸੰਪੂਰਨਤਾ ਜਨਮ ਲੈਂਦੀ ਏ ਅਤੇ ਸੂਹੇ ਦਿਨਾਂ ਦੀ ਝੋਲੀ ਵਿਚ ਸਾਵੇ ਵਕਤ ਦੀ ਖੈਰ ਪੈਂਦੀ ਏ।” ਉਹ ਹਉਕਾ ਲੈਂਦੇ ਹਨ, “ਕਾਸ਼! ਅਸੀਂ ਹੰਝੂ ਦੀ ਤਾਸੀਰ ਨੂੰ ਪੜ੍ਹਨ ਅਤੇ ਇਸ ਦਾ ਅਕਸ ਆਪਣੇ ਮਸਤਕ ਵਿਚ ਉਤਾਰਨ ਦੇ ਕਾਬਲ ਹੋ ਸਕੀਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮਨੁੱਖ ਜਦ ਟੁੱਟਦਾ ਏ ਤਾਂ ਇਕ ਚੀਸ ਉਸ ਦੀ ਰੂਹ ਵਿਚ ਸਿੰਮਦੀ ਏ ਅਤੇ ਇਹ ਚੀਸ ਹੌਲੀ ਹੌਲੀ ਉਸ ਦੀ ਸੋਚ ਵਿਚ ਪਨਾਹ ਲੈ ਲੈਂਦੀ ਏ।
ਜਦ ਕਦੇ ਪੈਰਾਂ ਵਿਚ ਕੰਡਾ ਖੁੱਭਦਾ ਏ ਤਾਂ ਇਸ ਦੀ ਪੀੜ ਨਾਲੋਂ ਕੰਡੇ ਬੀਜਣ ਵਾਲਿਆਂ ਦੀ ਸੋਚ ਤੋਂ ਘ੍ਰਿਣਾ ਪੈਦਾ ਹੁੰਦੀ ਏ, ਜਿਸ ਵਿਚ ਕੰਡੇ ਦੀ ਤਤਕਾਲੀ ਪੀੜ ਆਪਣਾ ਵਜੂਦ ਗਵਾ ਬਹਿੰਦੀ ਏ।
ਜਦ ਕੌੜੇ ਬੋਲ ਰੂਹ ਦੀ ਤੰਦੀ ‘ਤੇ ਬੇਸੁਰਾ ਸੰਗੀਤ ਪੈਦਾ ਕਰਨ ਵਿਚ ਰੁਚਿਤ ਹੋ ਜਾਣ ਤਾਂ ਮਨ-ਕੰਬਣੀ ਵਿਚ ਅਜਿਹੀ ਕਰੂਰਤਾ ਪੈਦਾ ਹੁੰਦੀ ਏ ਕਿ ਆਪਣੀ ਰੂਹ ਤੋਂ ਵੀ ਜਲਾਵਤਨ ਹੋਣ ਨੂੰ ਜੀਅ ਕਰਦਾ ਏ।
ਜਦ ਸੁਪਨਾ ਤਿੜਕ ਜਾਵੇ ਤਾਂ ਅੱਖ ਵਿਚ ਹੰਝੂ ਤੈਰਦਾ ਏ। ਇਹ ਬੇਮੁਖਤਾ ਤੋਂ ਅਪਣੱਤ ਭਾਲਦਾ, ਕੋਇਆਂ ਥੀਂ ਵਹਿ ਤੁਰਦਾ ਏ। ਇਹ ਅੱਖਾਂ ਦਾ ਨੀਰ ਹੀ ਹੁੰਦਾ ਏ ਜੋ ਕਿਸੇ ਬਹਾਰ ਨੂੰ ਪਤਝੜ ਦਾ ਸਰਾਪ ਦਿੰਦਾ ਏ ਅਤੇ ਅੱਖ ਵਿਚ ਚੜ੍ਹਦੇ ਦੀ ਲਾਲੀ ਨੂੰ ਡੁੱਬਦੇ ਦੀ ਪਿਲੱਤਣ ਵਿਚ ਤਬਦੀਲ ਕਰਨ ਲੱਗਿਆਂ ਦੇਰ ਨਹੀਂ ਲਾਉਂਦਾ।
ਅੱਖ ਲਈ ਲਟਕਦੇ ਹੰਝੂ ਦਾ ਭਾਰ ਸਹਿਣਾ ਸਭ ਤੋਂ ਅਸਹਿ, ਇਸ ਦੇ ਖਾਰੇਪਣ ਵਿਚ ਆਪਣੇ ਆਪ ਨੂੰ ਖੋਰਨਾ ਸਭ ਤੋਂ ਪੀੜਤ ਅਤੇ ਪਲ ਪਲ ਮਰਨ ਦੀ ਪ੍ਰਕ੍ਰਿਆ ਦਾ ਹਿੱਸਾ ਬਣਨਾ ਤਰਸਯੋਗ ਤ੍ਰਾਸਦੀ। ਅਜਿਹੀ ਤ੍ਰਾਸਦੀ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਉਣ ਵਾਲੇ ਲੋਕਾਂ ਦਾ ਹੋ ਚੁਕਾ ਬੀਅ ਨਾਸ। ਸਾਡੇ ਸਮਿਆਂ ਦੀ ਕੇਹੀ ਵੇਦਨਾ ਹੈ ਕਿ ਹੁਣ ਅੱਖ ਵਿਚ ਹੰਝੂਆਂ ਦੀ ਨੈਂ ਕਿਸੇ ਦੀ ਅੱਖ ਵਿਚ ਸਿੱਲ ਪੈਦਾ ਨਹੀਂ ਕਰਦੀ।
ਇਹ ਸ਼ਾਇਦ ਸਾਡੇ ਹੀ ਸਮਿਆਂ ਵਿਚ ਹੋਣਾ ਸੀ ਕਿ ਅਸੀਂ ਬੌਣੇ ਸਿਰਾਂ ਵਾਲੇ ਵੱਡੇ ਵੱਡੇ ਤਾਜ ਸਿਰਾਂ ‘ਤੇ ਸਜਾਈ ਬੈਠੇ ਹਾਂ, ਨਿੱਕੀਆਂ ਨਿੱਕੀਆਂ ਵਲਗਣਾਂ ਵਿਚ ਫਸੇ ਅਦਨੇ ਜਿਹੇ ਲੋਕ ਵਿਸ਼ਾਲ ਦਾਇਰਿਆਂ ਦਾ ਸਿਰਨਾਵਾਂ ਬਣਨ ਦਾ ਭਰਮ ਪਾਲੀ ਬੈਠੇ ਨੇ, ਮਹਿਲਾਂ ਵਰਗੇ ਘਰਾਂ ਵਿਚ ਗਰੀਬੜੇ ਜਿਹੇ ਲੋਕਾਂ ਦਾ ਬਸੇਰਾ ਏ ਅਤੇ ਵੱਡੇ ਅਦਾਰਿਆਂ ਦੀ ਰਹਿਨੁਮਾਈ ਕਰਨ ਵਾਲੇ ਆਪਣੀ ਸੋਚ ਦੇ ਦੀਵਾਲੀਏਪਨ ਤੋਂ ਤ੍ਰਹਿੰਦੇ ਨੇ।
ਇਹ ਤਾਂ ਸਾਡੇ ਹੀ ਸਮਿਆਂ ਵਿਚ ਹੋਣਾ ਸੀ ਕਿ ਧਾਰਮਿਕ ਅਦਾਰਿਆਂ ਨੇ ਸਿਆਸੀ ਪੌੜੀਆਂ ਸਾਹਵੇਂ ਨਤਮਸਤਕ ਹੋਣਾ ਸੀ, ਵਿਅਕਤਿਤਵ ਦਾ ਮਿਆਰ, ਚਾਪਲੂਸੀ ਨੇ ਨਿਰਧਾਰਤ ਕਰਨਾ ਸੀ ਅਤੇ ਯੋਗਤਾ ਉਸ ਦੀ ਲਿਫਾਫੇਬਾਜ਼ੀ ਤੋਂ ਜ਼ਾਹਰ ਹੋਣੀ ਸੀ।
ਕੀ ਇਹ ਵੀ ਅਸੀਂ ਹੀ ਦੇਖਣਾ ਸੀ ਕਿ ਹੰਝੂ ਨੇ ਮਖੌਲ ਬਣਨਾ ਸੀ ਅਤੇ ਮਸਖਰਿਆਂ ਨੇ ਇਸ ਦੀ ਹੋਂਦ ‘ਤੇ ਹੀ ਕਿੰਤੂ ਕਰਕੇ ਇਸ ਦੇ ਵਜੂਦ ਤੇ ਅਸਤਿਤਵ ਨੂੰ ਅਸਲੋਂ ਹੀ ਨਕਾਰਨਾ ਸੀ।
ਬਹੁਤ ਘੱਟ ਹੰਝੂ ਹੁੰਦੇ ਨੇ ਜੋ ਖੁਸ਼ੀ ਦੇ ਪਲਾਂ ਦੀ ਸਾਂਝ ਮਾਣਦੇ। ਅਜਿਹੇ ਨੈਣਾਂ ਦੀ ਤਰਲਤਾ ਵਿਚ ਸੁਪਨਿਆਂ ਦੀ ਸੰਪੂਰਨਤਾ ਜਨਮ ਲੈਂਦੀ ਏ ਅਤੇ ਸੂਹੇ ਦਿਨਾਂ ਦੀ ਝੋਲੀ ਵਿਚ ਸਾਵੇ ਵਕਤ ਦੀ ਖੈਰ ਪੈਂਦੀ ਏ।
ਜਦ ਕੋਈ ਅੱਖ ਹੰਝੂਆਂ ਦੀ ਆਸ ਵਿਚ ਮਰਨਹਾਰੀ ਹੋ ਕੇ ਆਪਣੇ ਬਲਦੇ ਸਿਵੇ ਨੂੰ ਕਿਆਸਣ ਲੱਗ ਪਵੇ ਤਾਂ ਅੱਖ ਦੇ ਕਿਸੇ ਕੋਨੇ ਵਿਚ ਸਿਵੇ ਦੀ ਉਡਦੀ ਰਾਖ ਚੁਭਣ ਵੀ ਪੈਦਾ ਕਰ ਜਾਂਦੀ ਏ।
ਅੱਖ ਸਿਰਫ ਚੌਗਿਰਦੇ ਨੂੰ ਹੀ ਨਹੀਂ ਨਿਹਾਰਦੀ ਸਗੋਂ ਉਹ ਸਾਡੇ ਅੰਦਰਲੀਆਂ ਤਹਿਆਂ ਦਾ ਬਿੰਬ ਵੀ ਬਣਦੀ ਏ। ਅਸੀਂ ਇਨ੍ਹਾਂ ਰਾਹੀਂ ਆਪਣੇ ਆਪ ਨੂੰ ਦੁਨੀਆਂ ਸਾਹਵੇਂ ਜੱਗ ਜ਼ਾਹਰ ਵੀ ਕਰਨਾ ਹੁੰਦਾ ਏ।
ਕਦੇ ਅੱਖ ਵਿਚ ਲਟਕਦੇ ਹੰਝੂ ਵਿਚ ਪੈਂਦੇ ਚਾਨਣ ਵਿਚ ਸਤਰੰਗੀ ਨੂੰ ਆਪਣੇ ਜ਼ਿਹਨ ਵਿਚ ਉਤਾਰਨਾ ਅਤੇ ਇਨ੍ਹਾਂ ਰੰਗਾਂ ਨੂੰ ਪਛਾਣ ਕੇ ਮਨ ਵਿਚ ਪੈਦਾ ਹੋਈਆਂ ਰੀਝਾਂ ਦਾ ਕੱਦ ਮੇਚਣਾ, ਤੁਹਾਨੂੰ ਤੁਹਾਡੀ ਸੋਚ ਅਤੇ ਰੰਗਾਂ ਦੇ ਪਰਛਾਂਵੇਂ ਵਿਚਲੇ ਅੰਤਰ ਦੀ ਸੋਝੀ ਜਰੂਰ ਆ ਜਾਵੇਗੀ।
ਜਦ ਕਿਸੇ ਅੱਖ ਵਿਚ ਹੰਝੂ ਉਗਦੇ ਨੇ ਤਾਂ ਬਹੁਤੇ ਲੋਕ ਤੁਹਾਡੇ ਨਾਲ ਅੱਖ ਮਿਲਾਉਣ ਤੋਂ ਸੰਕੋਚ ਕਰਨ ਲੱਗ ਪੈਂਦੇ ਨੇ। ਦਰਅਸਲ ਇਹ ਬੌਣੇ ਲੋਕ ਆਪਣੀ ਬੌਣੀ ਸ਼ਖਸੀਅਤ ਤੋਂ ਡਰਦੇ, ਆਪਣੇ ਆਪ ਤੋਂ ਕਚਿਆਉਣ ਲੱਗ ਪੈਂਦੇ ਨੇ। ਪਰਲ ਪਰਲ ਵਹਿੰਦੇ ਹੰਝੂਆਂ ਵਾਲੀਆਂ ਅੱਖਾਂ ਨੂੰ ਆਪਣੇ ਨੈਣ ਸਮਝ ਕੇ ਪਲੋਸਣ ਵਾਲੇ ਲੋਕ ਭਗਤ ਪੂਰਨ ਸਿੰਘ ਜਾਂ ਮਦਰ ਟਰੇਸਾ ਹੀ ਹੋ ਸਕਦੇ ਨੇ। ਅਜਿਹੇ ਲੋਕਾਂ ਵਲੋਂ ਪਖੰਡ ਦੀ ਪਰਦਾਦਾਰੀ ਬਹੁਤ ਜਲਦੀ ਜੱਗ-ਜ਼ਾਹਰ ਹੋ ਜਾਂਦੀ ਏ।
ਇਹ ਅੱਖ ਵਿਚ ਲਟਕਦਾ ਹੰਝੂ ਹੀ ਹੁੰਦਾ ਏ ਜੋ ਹਥੇਲੀ ‘ਤੇ ਜੰਮ ਕੇ ਰੋਹ ਦਾ ਪੈਗਾਮ ਬਣਦਾ ਏ, ਬਲਦੇ ਹਰਫਾਂ ਦਾ ਸੇਕ ਬਣਦਾ ਏ, ਸੁਲਘਦੇ ਅਰਥਾਂ ਦੀ ਆਰਜ਼ਾ ਹੁੰਦਾ ਏ ਅਤੇ ਮੱਥੇ ਵਿਚ ਜਗਦੀ ਲਾਟ ਦਾ ਸੇਕ ਵੀ ਬਣ ਜਾਂਦਾ ਏ। ਹੰਝੂਆਂ ਨੂੰ ਆਪਣੇ ਅੰਦਰ ਜੀਰਨ ਵਾਲੇ ਲੋਕ ਹੀ ਇਤਿਹਾਸ ਦੇ ਬਲਦੇ ਵਰਕੇ ਬਣ ਕੇ ਆਉਣ ਵਾਲੇ ਵਕਤਾਂ ਦੇ ਰਾਹਾਂ ਵਿਚ ਚਾਨਣ ਤਰੌਂਕਦੇ ਅਤੇ ਯੱਖ ਸਾਹਾਂ ਵਿਚ ਸੇਕ ਸਮਾਉਂਦੇ ਨੇ।
ਅੱਖ ਵਿਚ ਲਟਕਦੇ ਹੰਝੂ ਦੀ ਇਬਾਦਤ ਆਪਣੇ ਸਾਹਾਂ ‘ਤੇ ਉਕਰਨ ਵਾਲੇ ਲੋਕ ਹੀ ਕਦੇ ਸ਼ਹੀਦ ਊਧਮ ਸਿੰਘ ਅਤੇ ਕਦੇ ਸਰਾਭਾ ਬਣ ਜਾਂਦੇ। ਇਹ ਕੰਧਾਂ ਵਿਚ ਚਿਣੀਆਂ ਜਾਣ ਵਾਲੀਆਂ ਨਿੱਕੀਆਂ ਜਿੰਦਾਂ ਦੇ ਨੈਣਾਂ ਵਿਚ ਉਬਲਦਾ ਤੇਜ ਪ੍ਰਤਾਪ ਸੀ ਜਿਸ ਦੇ ਸਾਹਵੇਂ ਜੱਲਾਦ ਵੀ ਨਿੰਮੋਝੂਣੇ ਹੋ ਗਏ ਸਨ ਅਤੇ ਨਵਾਬ ਨੇ ਇਨ੍ਹਾਂ ਬਲਦੀਆਂ ਅੱਖਾਂ ਨੂੰ ਸਦਾ ਦੀ ਨੀਂਦ ਸਵਾਉਣ ਦਾ ਅਜਿਹਾ ਅਮਾਨਵੀ ਕਰਮ ਕੀਤਾ ਸੀ ਕਿ ਸਰਹਿੰਦ ਦੀ ਵੱਖੀ ਵਿਚ ਬਰਬਾਦੀ ਬੀਜੀ ਗਈ ਸੀ।
ਖੁਦਾ ਕਰੇ! ਸਾਡੇ ਵਿਚ ਕਿਸੇ ਹੰਝੂ ‘ਤੇ ਲਿਖੀ ਇਬਾਦਤ ਪੜ੍ਹਨ ਅਤੇ ਇਸ ਨੂੰ ਆਪਣੇ ਅੰਤਰੀਵ ਵਿਚ ਵਸਾਉਣ ਦੀ ਸਫਾ ਪੈਦਾ ਹੋਵੇ ਤਾਂ ਕਿ ਅਸੀਂ ਅੱਖ ਵਿਚ ਰਿਸਦੇ ਦਰਦ ਨੂੰ ਮਹਿਸੂਸ ਕਰ ਸਕੀਏ ਅਤੇ ਇਸ ਨੂੰ ਦੂਰ ਕਰਨ ਲਈ ਕੁਝ ਸਾਰਥਕ ਕਰਨ ਵੱਲ ਰੁਚਿਤ ਹੋਈਏ। ਵੈਸੇ ਸਾਡੀ ਜ਼ਹਿਨੀਅਤ ਵਿਚ ਵੇਦਨਾ ਦੀ ਖਿੱਲੀ ਉਡਾAਣ ਦੀ ਬਿਰਤੀ ਹੈ ਕਿਉਂਕਿ ਅਸੀਂ ਪੌਣੇ ਲੋਕ ਜੁ ਹੋਏ।
ਅੱਖ ਵਿਚ ਤੈਰਦੇ ਹੰਝੂ ਦੀ ਵਰਣਮਾਲਾ ਬਣਨ ਵਾਲੇ ਕੁਝ ਕੁ ਬੋਲ ਹੀ ਤੁਹਾਡੀ ਪੀੜਾ ਨੂੰ ਹਰਨ ਕਰਕੇ ਤੁਹਾਡੇ ਚਸਕਦੇ ਜਖਮਾਂ ਨੂੰ ਸਹਿਲਾਉਂਦੇ, ਇਕ ਮਰਹਮ ਦਾ ਪਹਿਲਾ ਪ੍ਰਮਾਣ ਬਣ ਜਾਂਦੇ ਨੇ।
ਕਾਸ਼! ਅਸੀਂ ਹੰਝੂ ਦੀ ਤਾਸੀਰ ਨੂੰ ਪੜ੍ਹਨ ਅਤੇ ਇਸ ਦਾ ਅਕਸ ਆਪਣੇ ਮਸਤਕ ਵਿਚ ਉਤਾਰਨ ਦੇ ਕਾਬਲ ਹੋ ਸਕੀਏ।
ਆਪਣਿਆਂ ਤੋਂ ਆਸ ਤਾਂ ਰੱਖੀ ਹੀ ਜਾ ਸਕਦੀ ਏ!