ਟੁੱਟੀ ਗੰਢੀ

ਡਾ. ਹਰਪਾਲ ਸਿੰਘ ਪੰਨੂ
ਫੋਨ: 91-94642-51454
ਭਾਈ ਮਹਾਂ ਸਿੰਘ ਵੱਲੋਂ ਬੇਦਾਵਾ ਲਿਖਣਾ, ਫਿਰ ਭੁੱਲ ਬਖਸ਼ਾਉਣ ਲਈ ਖਿਦਰਾਣੇ ਦੀ ਢਾਬ ਉਪਰ ਜਾ ਕੇ ਬੇਦਾਵਾ ਪੜਵਾਉਣਾ, ਇਹ ਇਨ੍ਹਾਂ ਸਰਦੀਆਂ ਦੇ ਦਿਨਾਂ ਦਾ ਵਰਤਾਰਾ ਹੈ। ਸਿੱਖ ਸਨਾਤਨੀ ਗ੍ਰੰਥਾਂ ਵਿਚ ਇਸ ਘਟਨਾ ਨੂੰ ‘ਟੁੱਟੀ ਗੰਢੀ’ ਦਾ ਨਾਮ ਦਿੱਤਾ ਗਿਆ ਹੈ।

ਗੁਰੂ ਜੀ ਦਾ ਹਰੇਕ ਵਰਤਾਰਾ, ਹਰੇਕ ਵਾਕ ਅਹਿਮ ਹੈ, ਇਵੇਂ ਹੀ ਟੁੱਟੀ ਗੰਢੀ ਸਾਖੀ ਦੀ ਵਿਚਿੱਤਰ ਭੂਮਿਕਾ ਹੈ। ਅਚਾਨਕ ਤਾਂ ਇਕ ਦਿਨ ਅਜਿਹਾ ਨਹੀਂ ਹੋਇਆ ਕਿ ਭਾਈ ਮਹਾਂ ਸਿੰਘ ਦਸਮ ਪਾਤਸ਼ਾਹ ਕੋਲ ਗਏ ਤੇ ਬੇਦਾਵਾ ਲਿਖ ਕੇ ਸਾਥੀਆਂ ਸਣੇ ਘਰੋ ਘਰੀ ਪਰਤ ਗਏ। ਬੇਦਾਵਾ ਲਿਖਣ ਪਿੱਛੇ ਕਿੰਨੇ ਹਫਤਿਆਂ ਦਾ ਵਿਚਾਰ-ਵਟਾਂਦਰਾ ਹੋਇਆ, ਤਕਰਾਰ ਹੋਇਆ, ਕਿਸੇ ਲਿਖਤ ਵਿਚ ਨਹੀਂ, ਤਾਂ ਵੀ ਏਨਾ ਵੱਡਾ ਫੈਸਲਾ ਲੈਣ ਪਿੱਛੇ ਇਕ ਇਤਿਹਾਸ ਹੈ। ਜਜ਼ਬੇ, ਵਿਸ਼ਵਾਸ ਅਚਾਨਕ ਗੁੰਮਰਾਹ ਨਹੀਂ ਹੋਏ। ਗੁਰੂ ਅਤੇ ਸਿੱਖ ਦਾ ਰਿਸ਼ਤਾ ਦੋ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜੋੜਿਆ ਸੀ, ਸਰਬੰਸ ਦਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਿਸ਼ਤੇ ਨੂੰ ਪੱਕਾ ਕੀਤਾ ਸੀ। ਭਾਈ ਮਹਾਂ ਸਿੰਘ ਦਾ ਉਸ ਮਜ਼ਬੂਤ ਰਿਸ਼ਤੇ ਨੂੰ ਤੋੜਨਾ ਰੂਹ ਨਾਲੋਂ ਜਿਸਮ ਨੂੰ ਵੱਖ ਕਰਨ ਬਰਾਬਰ ਸੀ। ਆਖਰ ਉਹ ਘੜੀ ਆ ਗਈ, ਜਦੋਂ ਭਾਈ ਮਹਾਂ ਸਿੰਘ ਨੇ ਬੇਦਾਵਾ ਲਿਖ ਕੇ ਗੁਰੂ ਜੀ ਦੇ ਸਪੁਰਦ ਕਰ ਦਿੱਤਾ। ਚਾਲੀ ਯੋਧੇ ਜਾਨਾਂ ਬਚਾ ਕੇ ਆਪਣੇ ਘਰਾਂ ਵੱਲ ਚੱਲ ਪਏ। ਰੂਹ ਅਨੰਦਪੁਰ ਰਹਿ ਗਈ, ਜਿਸਮ ਘਰ ਪਰਤੇ।
ਇਥੇ ਕੁਝ ਦੇਰ ਰੁਕ ਕੇ ਅੱਗੇ ਚੱਲਾਂਗੇ। ਸਾਖੀ ਦੇ ਮਾਇਨੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਹਨ। ਸਾਨੂੰ ਇਥੇ ਤਿੰਨ ਅਹਿਮ ਗੱਲਾਂ ਦੀ ਜਾਣਕਾਰੀ ਮਿਲਦੀ ਹੈ:
1. ਸਿੱਖ ਭੁੱਲਣਹਾਰ ਹੋਣ ਕਰਕੇ ਗਲਤੀ, ਗੁਸਤਾਖੀ, ਬੇਅਦਬੀ ਕਰੇਗਾ ਯਾਨਿ ਅਜਿਹਾ ਕਰਨ ਦੀ ਉਸ ਵਿਚ ਕਾਫੀ ਸੰਭਾਵਨਾ ਹੈ, ਤੇ ਰਹੇਗੀ।
2. ਗੁਰੂ ਮਹਾਰਾਜ ਜਾਣਦੇ ਹਨ, ਜਿਨ੍ਹਾਂ ਨੂੰ ਇੰਨਾ ਪਿਆਰ ਕੀਤਾ, ਉਹ ਵਧੀਕ ਦੂਰ ਨਹੀਂ ਜਾ ਸਕਦੇ, ਤਾਂ ਵੀ ਦੇਖੀਏ ਸਹੀ ਸਾਡੇ ਵੱਲੋਂ ਆਜ਼ਾਦ ਛੱਡੇ ਪਰਿੰਦੇ ਕਿੰਨੀ ਕੁ ਦੂਰ ਤੱਕ ਚਲੇ ਜਾਣਗੇ।
3. ਗਾਹੇ-ਬਗਾਹੇ ਸਿੱਖ ਗੁਰੂ ਤੋਂ ਬੇਮੁਖ ਹੋਏਗਾ, ਤਾਂ ਵੀ ਗੁਰੂ ਬਾਬੇ ਉਸ ਪਲ ਦੀ ਉਡੀਕ ਕਰਦੇ ਰਹਿਣਗੇ ਜਦੋਂ ਸਿੱਖ ਭੁੱਲ ਬਖਸ਼ਾਉਣ ਆਏਗਾ ਤੇ ਟੁੱਟੀਆਂ ਗੰਢੀਆਂ ਜਾਣਗੀਆਂ।
ਇਸ ਨਾਲ ਮਿਲਦੀ-ਜੁਲਦੀ ਦੂਜੀ ਸਾਖੀ ਭਾਈ ਦਾਨ ਸਿੰਘ ਦੀ ਹੈ। ਮੁਕਤਸਰ ਨਜ਼ਦੀਕ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨ ਉਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਜਾਂਦਿਆਂ ਸਿੱਖਾਂ ਨੇ ਮਹਾਰਾਜ ਦੇ ਘੋੜੇ ਦੀ ਲਗਾਮ ਫੜ੍ਹ ਲਈ, ਸਾਰੇ ਰੁਕ ਗਏ। ਸਿੱਖਾਂ ਨੇ ਕਿਹਾ, ਘਰਾਂ ਵਿਚ ਤੰਗੀ ਹੈ ਮਹਾਰਾਜ। ਮਹੀਨਿਆਂ ਤੋਂ ਤਲਬਾਂ (ਤਨਖਾਹਾਂ) ਨਹੀਂ ਮਿਲੀਆਂ। ਤਲਬਾਂ ਤਾਰੋ ਤਾਂ ਅੱਗੇ ਜਾਣ ਦਿਆਂਗੇ, ਨਹੀਂ ਤਾਂ ਰੁਕਾਂਗੇ, ਰੋਕਾਂਗੇ। ਬਹੁਤ ਸਮਝਾਏ ਕਿ ਅਸੀਂ ਕਿਹੜਾ ਖਜ਼ਾਨੇ ਲੁਕਾ ਕੇ ਰੱਖੇ ਕਦੀ? ਜਦੋਂ ਮਿਲਿਆ, ਜਿੰਨਾ ਮਿਲਿਆ ਤੁਹਾਡੇ ਵਿਚ ਵੰਡ ਦਈਦਾ ਹੈ। ਧਨ ਆਏਗਾ, ਤਦ ਵੰਡ ਦਿਆਂਗੇ। ਬਜ਼ਿੱਦ ਸਿੱਖਾਂ ਨੇ ਲਗਾਮ ਨਹੀਂ ਛੱਡੀ। ਤਕਰਾਰ ਹੋ ਰਿਹਾ ਸੀ ਕਿ ਭਾਈ ਦੁਨੀ ਚੰਦ ਘੋੜੇ ਉਪਰ ਧਨ ਦੀਆਂ ਖੁਰਜੀਆਂ ਲੱਦੀ ਆ ਪੁੱਜੇ ਤੇ ਬੋਲੇ, ਬੜੀ ਮੁਸ਼ਕਿਲ ਨਾਲ ਲੱਭਿਆ ਮਹਾਰਾਜ ਤੁਹਾਨੂੰ। ਦਸਵੰਧ ਦੇਣ ਵਾਸਤੇ ਥਾਂ ਥਾਂ ਪੁਛਦਾ ਪੁਛਾਂਦਾ ਆਪ ਪਾਸ ਪੁੱਜਾ ਹਾਂ। ਮਨਜ਼ੂਰ ਕਰੋ ਸਾਡੀ ਸੇਵਾ ਹਜ਼ੂਰ।
ਗੁਰੂ ਜੀ ਨੇ ਪਿੱਠ ਪਿਛੋਂ ਢਾਲ ਉਤਾਰੀ ਜਿਸ ਵਿਚ ਧਨ ਭਰ ਭਰ ਸਿੱਖਾਂ ਵਿਚ ਵੰਡਣ ਲੱਗੇ। ਦੱਸੋ ਭਾਈ ਕਿੰਨੇ ਮਹੀਨਿਆਂ ਦੀ ਤਲਬ ਬਕਾਇਆ ਹੈ, ਆਖਦੇ ਅਤੇ ਵੰਡੀ ਜਾਂਦੇ। ਪੱਕੇ ਰੰਗ ਦਾ ਇਕ ਕੱਦਾਵਰ ਸਿੱਖ ਨੀਵੀਂ ਪਾਈ ਇੱਕ ਪਾਸੇ ਖਲੋਤਾ ਰਿਹਾ, ਤਲਬ ਲੈਣ ਅੱਗੇ ਨਹੀਂ ਵਧਿਆ। ਹਜ਼ੂਰ ਨੇ ਪੁੱਛਿਆ, ਦੱਸੋ ਭਾਈ ਕਿੰਨੀ ਤਲਬ ਹੈ ਤੁਹਾਡੀ ਬਕਾਇਆ? ਸਿੱਖ ਅੱਗੇ ਵਧਿਆ ਤੇ ਕਿਹਾ, ਜੀ ਕੋਈ ਬਕਾਇਆ ਨਹੀਂ, ਸਗੋਂ ਕਰਜ਼ ਚੁਕਾਣਾ ਹੈ ਆਪ ਦਾ।
ਗੁਰੂ ਜੀ ਨੇ ਪੁੱਛਿਆ, ਕੀ ਨਾਮ ਹੈ ਤੁਹਾਡਾ? ਕੀ ਚਾਹੀਦਾ ਹੈ ਫਿਰ ਜੇ ਮਾਇਆ ਨਹੀਂ ਚਾਹੀਦੀ?
ਸਿੱਖ ਨੇ ਚਰਨ ਛੂਹੇ ਅਤੇ ਕਿਹਾ, ਜੀ ਮੇਰਾ ਨਾਮ ਦਾਨ ਸਿੰਘ ਹੈ। ਮੈਨੂੰ ਸਿੱਖੀ ਚਾਹੀਦੀ ਹੈ। ਸਿੱਖੀ ਦੀ ਬਖਸ਼ਿਸ਼ ਕਰੋ ਮਾਲਕ। ਮਹਾਰਾਜ ਨੇ ਛਾਤੀ ਨਾਲ ਲਾ ਕੇ ਫਰਮਾਇਆ, ਅੱਜ ਮਾਲਵਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਨਾਲੋਂ ਟੁੱਟ ਚੱਲਿਆ ਸੀ ਭਾਈ ਦਾਨ ਸਿੰਘ, ਤੁਸੀਂ ਬਚਾ ਲਿਆ। ਜਿਵੇਂ ਮਾਝੇ ਦੀ ਟੁੱਟੀ ਭਾਈ ਮਹਾਂ ਸਿੰਘ ਨੇ ਗੰਢੀ ਸੀ, ਤੁਸੀਂ ਅੱਜ ਮਾਲਵੇ ਦੀ ਟੁੱਟੀ ਗੰਢੀ। ਇਤਿਹਾਸ ਵਿਚ ਤੁਹਾਡੀ ਜੜ੍ਹ ਲੱਗੀ।
ਗੁਰੂ ਅਤੇ ਸਿੱਖ ਵਿਚ ਇਹ ਫਰਕ ਅਕਸਰ ਦੇਖਣ ਨੂੰ ਮਿਲੇਗਾ। ਸਿੱਖ ਗੁਰੂ ਤੋਂ ਦੂਰ ਜਾਏਗਾ, ਗੁਰੂ ਜੀ ਉਡੀਕਣਗੇ, ਚਾਹੁਣਗੇ ਕਿ ਵਾਪਸ ਆਏ, ਭੁੱਲ ਬਖਸ਼ਵਾਏ। ਕਿਸੇ ਸ਼ਹਿਰ ਜਾਂ ਪਿੰਡ ਦਾ ਕੋਈ ਬੰਦਾ ਅਸੀਂ ਬੁਰਾ ਦੇਖ ਲਈਏ ਤਾਂ ਆਖਾਂਗੇ, ਇਹ ਸਾਰਾ ਸ਼ਹਿਰ ਹੀ ਬੁਰਾ ਹੈ, ਫਟਕਾਰਿਆ ਹੋਇਆ। ਸਭ ਦੋਜਖਾਂ ਵਿਚ ਜਾਣਗੇ। ਗੁਰੂ ਜੀ ਆਪਣੇ ਆਲੇ-ਦੁਆਲੇ ਬੁਰਿਆਂ ਦੀ ਭੀੜ ਦੇਖਦੇ ਹਨ, ਉਡੀਕਦੇ ਹਨ। ਕੋਈ ਇਕ ਇਨ੍ਹਾਂ ਵਿਚੋਂ ਚੰਗਾ ਹੋਵੇ ਤਾਂ ਇਕ ਦੇ ਸਹਾਰੇ ਸਾਰਿਆਂ ਦੇ ਔਗੁਣ ਮਾਫ ਕਰੀਏ।
ਪੰਡਿਤ ਕਿਰਪਾ ਰਾਮ ਕਸ਼ਮੀਰੀ ਬ੍ਰਾਹਮਣਾਂ ਦਾ ਜਥਾ ਲੈ ਕੇ ਗੁਰੂ ਤੇਗ ਬਹਾਦਰ ਦੀ ਸ਼ਰਣ ਅਨੰਦਪੁਰ ਆਏ ਸਨ। ਮਹਾਰਾਜ ਸ਼ਹਾਦਤ ਦੇਣ ਦਿੱਲੀ ਵੱਲ ਤੁਰੇ, ਭਾਈ ਕਿਰਪਾ ਰਾਮ ਨਾਲ ਤੁਰੇ। ਗੁਰੂ ਜੀ ਰੁਕੇ, ਫੁਰਮਾਇਆ, ਤੁਸੀਂ ਨਾ ਦਿੱਲੀ ਜਾਓਗੇ ਭਾਈ ਕਿਰਪਾ ਰਾਮ, ਨਾ ਸ੍ਰੀਨਗਰ। ਤੁਹਾਨੂੰ ਵੱਡੀ ਜਿੰਮੇਵਾਰੀ ਸੌਂਪ ਕੇ ਚੱਲੇ ਹਾਂ। ਬਾਲਕ ਗੋਬਿੰਦ ਰਾਇ ਦੀ ਵਿੱਦਿਆ ਦੀ ਜਿੰਮੇਵਾਰੀ ਤੁਹਾਡੇ ਸਿਰ ਹੋਈ। ਆਪਣੇ ਸਮੇਂ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਜ ਭਾਸ਼ਾ ਦੇ ਸ਼੍ਰੋਮਣੀ ਵਿਦਵਾਨ ਪਾਸੋਂ ਦਸਮ ਪਾਤਸ਼ਾਹ ਨੇ ਵਿੱਦਿਆ ਹਾਸਲ ਕੀਤੀ।
ਵਿਸਾਖੀ 1699 ਨੂੰ ਜਦੋਂ ਅੰਮ੍ਰਿਤ ਦੀ ਦਾਤ ਵੰਡੀ ਜਾਣ ਲੱਗੀ, ਕਿਰਪਾ ਰਾਮ ਅੰਮ੍ਰਿਤ ਛਕ ਕੇ ਭਾਈ ਕਿਰਪਾ ਸਿੰਘ ਹੋ ਗਏ। ਚਮਕੌਰ ਦੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਹਿਫਾਜ਼ਤ ਕਰਦਿਆਂ ਸ਼ਹੀਦ ਹੋਏ। ਮੈਂ ਕਿਉਂਕਿ ਸਿੱਖ ਹਾਂ ਇਸ ਕਰਕੇ ਭਾਈ ਕਿਰਪਾ ਰਾਮ ਦੀ ਥਾਂ ਮੈਨੂੰ ਗੰਗੂ ਵਧੀਕ ਯਾਦ ਰਹਿੰਦਾ ਹੈ!
ਡਾ. ਹਿਮਾਦਰੀ ਬੈਨਰਜੀ ਕਲਕੱਤਿਓਂ ਮੇਰੇ ਪੀਐਚ.ਡੀ. ਕਰਦੇ ਖੋਜਾਰਥੀ ਦਾ ਇਮਤਿਹਾਨ ਲੈਣ ਪਟਿਆਲੇ ਆਏ। ਕੰਮ ਕਾਜ ਖਤਮ ਹੋਇਆ। ਖਾਣਾ ਖੁਆ ਕੇ ਉਨ੍ਹਾਂ ਨੂੰ ਛੱਡਣ ਰੇਲਵੇ ਸਟੇਸ਼ਨ ਗਿਆ। ਕਹਿਣ ਲੱਗੇ, ਪੰਨੂ ਭਾਈ, ਟ੍ਰੇਨ ਆਨੇ ਮੇਂ ਅਭੀ ਵਕਤ ਹੈ। ਕੋਈ ਬਾਤ ਸੁਨਾਏਂ। ਮੈਨੂੰ ਸ਼ਿਵਜੀ ਦੀ ਸਾਖੀ ਯਾਦ ਆ ਗਈ। ਸੁਣਾਈ। ਨਾਰਦ ਨੇ ਸ਼ਿਵਜੀ ਨੂੰ ਪੁੱਛਿਆ, ਅਸੀਂ ਧਰਤੀ ਉਪਰ ਕਿੱਥੋਂ ਆਏ ਸੀ ਮਹਾਰਾਜ? ਕੀ ਕਰਨ ਆਏ? ਫਿਰ ਇਸ ਤੋਂ ਬਾਅਦ ਕਿੱਥੇ ਜਾਵਾਂਗੇ? ਸ਼ਿਵਜੀ ਨੇ ਕਿਹਾ, ਤੁਸੀਂ ਅਤੇ ਅਸੀਂ ਹਜ਼ਾਰ ਵਾਰ ਇਸ ਧਰਤੀ ਉਪਰ ਆਏ, ਹਜ਼ਾਰ ਵਾਰ ਤੁਸੀਂ ਇਹੋ ਸਵਾਲ ਪੁੱਛਿਆ, ਉਹ ਜਵਾਬ ਜਿਹੜਾ ਹਜ਼ਾਰ ਵਾਰ ਦੇ ਚੁਕੇ ਹਾਂ, ਹੇ ਨਾਰਦ! ਉਹੋ ਫਿਰ ਸੁਣੋ, ਐਤਕੀਂ ਭੁੱਲਣਾ ਨਹੀਂ।
ਇਹ ਸੁਣ ਕੇ ਹਿਮਾਦਰੀ ਜੀ ਨੇ ਸੈਂਡਲ ਉਤਾਰੇ, ਨੰਗੇ ਪੈਰੀਂ ਮੇਰੇ ਸਾਹਮਣੇ ਹੱਥ ਜੋੜ ਕੇ ਖਲੋ ਗਏ, ਕਿਹਾ, ਮੈਂ ਆਦਮੀ ਹੂੰ, ਮੈਂ ਫਿਰ ਭੂਲੂੰਗਾ ਮਹਾਰਾਜ। ਆਪ ਕੋ ਫਿਰ ਬਤਾਨਾ ਪੜੇਗਾ। ਆਦਮੀ ਔਰ ਭਗਵਾਨ ਮੇਂ ਯਹੀ ਤੋ ਅੰਤਰ ਹੋਤਾ ਹੈ ਮਹਾਰਾਜ।
ਭਾਈ ਮਹਾਂ ਸਿੰਘ ਭੁੱਲੇ ਸਨ। ਜਾਨ ਬਚਾ ਕੇ ਗਏ ਸਨ, ਜਾਨ ਕੁਰਬਾਨ ਕਰਨ ਲਈ ਪਰਤ ਆਏ। ਚਾਲੀ ਗਏ ਸਨ, ਇਕਤਾਲੀ ਪਰਤ ਆਏ। ਸਿਰਫ ਖਿਮਾ ਨਹੀਂ ਮਿਲੀ, ਅਰਦਾਸ ਵਿਚ ਸ਼ਾਮਲ ਹੋ ਗਏ। ਖਿਦਰਾਣੇ ਦੀ ਉਜੜੀ ਉਖੜੀ ਬਰਸਾਤੀ ਢਾਬ (ਛੱਪੜੀ) ਦਾ ਨਾਮ ਮੁਕਤਸਰ ਹੋ ਗਿਆ। ਗੁਨਾਹਗਾਰ ਇਸ ਸਰੋਵਰ ਵਿਚ ਇਸ਼ਨਾਨ ਕਰਿਆ ਕਰਨਗੇ ਤਾਂ ਉਨ੍ਹਾਂ ਦੇ ਪਾਪ ਵੀ ਧੋਏ ਜਾਇਆ ਕਰਨਗੇ ਕਿਉਂਕਿ ਟੁੱਟੀ ਗੰਢਣ ਵਾਲੇ ਨੀਲੇ ਦੇ ਸਵਾਰ ਖੁਦ ਹਨ।