ਪਰੰਪਰਾਗਤ ਤਿਉਹਾਰ-ਲੋਹੜੀ

ਸੁਖਦੇਵ ਮਾਦਪੁਰੀ
ਫੋਨ: 91-94630-34472
ਪੰਜਾਬ ਰੰਗਲੀਆਂ ਅਤੇ ਮਨਮੋਹਕ ਰੁੱਤਾਂ ਵਾਲਾ ਸੂਬਾ ਹੈ, ਜਿੱਥੇ ਗਰਮੀ ਵੀ ਲੋਹੜੇ ਦੀ ਪੈਂਦੀ ਹੈ ਅਤੇ ਸਰਦੀ ਵੀ ਕਾਂਬਾ ਛੇੜ ਦਿੰਦੀ ਹੈ| ਸਾਉਣ ਦੀਆਂ ਫੁਹਾਰਾਂ ਰੂਹਾਂ ਨੂੰ ਸਰਸ਼ਾਰ ਕਰਦੀਆਂ ਹਨ ਅਤੇ ਬਸੰਤ ਰੁੱਤ ਵਿਚ ਧਰਤੀ ਮੌਲਦੀ ਹੈ ਤੇ ਬਨਸਪਤੀ ‘ਤੇ ਨਵਾਂ ਨਿਖਾਰ ਆਉਂਦਾ ਹੈ| ਪੰਜਾਬੀ ਇਨ੍ਹਾਂ ਵੰਨ-ਸਵੰਨੀਆਂ ਰੁੱਤਾਂ ਨੂੰ ਮਨੋਰੰਜਨ ਭਰਪੂਰ ਤਿਉਹਾਰ ਮਨਾ ਕੇ ਮਾਣਦੇ ਹਨ|

ਦੀਵਾਲੀ, ਦੁਸ਼ਹਿਰਾ, ਲੋਹੜੀ, ਵਿਸਾਖੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਤੇ ਉਮਾਹ ਲੈ ਕੇ ਆਉਂਦੇ ਹਨ| ਲੋਹੜੀ ਪੰਜਾਬੀਆਂ ਦਾ ਸਰਦ ਰੁੱਤ ਦਾ ਤਿਉਹਾਰ ਹੈ| ਇਹ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ| ਪੰਜਾਬ ਦੇ ਲੋਕ ਜੀਵਨ ਵਿਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ|
ਲੋਹੜੀ ਮਨਾਉਣ ਸਬੰਧੀ ਕਈ ਧਾਰਨਾਵਾਂ ਪ੍ਰਚਲਿਤ ਹਨ| ਕਿਹਾ ਜਾਂਦਾ ਹੈ ਕਿ ਹਰਨਾਕਸ਼ ਦੀਆਂ ਦੋ ਭੈਣਾਂ ਸਨ-ਹੋਲਿਕਾ ਤੇ ਲੋਹੜੀ। ਇਨ੍ਹਾਂ ਨੂੰ ਵਰ ਪ੍ਰਾਪਤ ਸੀ ਕਿ ਅੱਗ ਇਨ੍ਹਾਂ ਨੂੰ ਸਾੜ ਨਹੀਂ ਸਕਦੀ| ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ ਜੋ ਆਪਣੇ ਪਿਤਾ ਦੀ ਥਾਂ ਰੱਬ ਦੀ ਪੂਜਾ ਕਰਦਾ ਸੀ ਜਿਸ ਕਰਕੇ ਹਰਨਾਕਸ਼ ਉਸ ਨੂੰ ਨਫਰਤ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ| ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਚਿਖਾ ਵਿਚ ਬੈਠ ਜਾਵੇ| ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਉਹ ਤਾਂ ਸੜ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ| ਇਸੇ ਤਰ੍ਹਾਂ ਲੋਹੜੀ ਨੂੰ ਵੀ ਕਰਨ ਲਈ ਕਿਹਾ ਗਿਆ| ਦੋਨੋਂ ਭੈਣਾਂ ਸੜ ਗਈਆਂ ਪਰੰਤੂ ਪ੍ਰਹਿਲਾਦ ਬਚ ਗਿਆ| ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਲਈ ਲੋਹੜੀ ਬਾਲਣ ਲੱਗੇ|
ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ ‘ਸੁੰਦਰ ਮੁੰਦਰੀਏ’ ਨਾਂ ਦਾ ਲੋਕ ਗੀਤ ਬੜਾ ਪ੍ਰਸਿੱਧ ਹੈ| ਇਹ ਲੋਹੜੀ ਦੇ ਪਿਛੋਕੜ ਨਾਲ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ| ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਤ ਹੈ ਜਿਸ ਨੇ ਰਾਤ ਸਮੇਂ ਲੱਕੜਾਂ ਬਾਲ ਕੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਦਾ ਵਿਆਹ ਕੀਤਾ ਸੀ:
ਸੁੰਦਰ ਮੁੰਦਰੀਏ -ਹੋ
ਤੇਰਾ ਕੌਣ ਵਿਚਾਰਾ -ਹੋ
ਦੁੱਲਾ ਭੱਟੀ ਵਾਲਾ -ਹੋ
ਦੁੱਲੇ ਧੀ ਵਿਆਹੀ -ਹੋ
ਸੇਰ ਸੱਕਰ ਪਾਈ -ਹੋ…।
ਇੱਕ ਮਿਥਹਾਸਕ ਕਥਾ ਅਨੁਸਾਰ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ ਜਿਸ ਨੇ ਇੱਕ ਭੈੜੇ ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ| ਉਦੋਂ ਤੋਂ ਲੋਕ ਉਹਦੀ ਯਾਦ ਨੂੰ ਸੁਲਘਾ-ਸੁਲਘਾ ਕੇ ਯਾਦ ਕਰਦੇ ਹਨ|
ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੇ ਵੰਸ਼ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ| ਇਹ ਤਿਉਹਾਰ ਨਵੇਂ ਵਿਆਹਾਂ ਅਤੇ ਨਵ ਜਨਮੇ ਬੱਚਿਆਂ ਦੀ ਖੁਸ਼ੀ ਲਈ ਮਨਾਇਆ ਜਾਂਦਾ ਹੈ| ਬੱਚਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖੁਸ਼ੀ ਪੁਰਾਣੇ ਵੇਲਿਆਂ ‘ਚ ਸਾਰੇ ਪਿੰਡ ਲਈ ਸਾਂਝੀ ਹੋਇਆ ਕਰਦੀ| ਇਸ ਦਿਨ ਸਾਰੇ ਰਲ ਕੇ ਨਵ ਜਨਮੇ ਮੁੰਡੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ|
ਰਵਾਇਤੀ ਤੌਰ ‘ਤੇ ਲੋਹੜੀ ਵੇਲੇ ਬੱਚੇ ਵਧ-ਚੜ੍ਹ ਕੇ ਭਾਗ ਲੈਂਦੇ ਹਨ। ਜਿੱਧਰ ਵੇਖੋ ਖਾਸ ਕਰ ਪਿੰਡਾਂ ਵਿਚ, ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਫਿਰਦੀਆਂ ਹਨ| ਵਧਾਈਆਂ ਦੇ ਗੁੜ ਤੋਂ ਬਿਨਾ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ| ਮੰਗਣ ਵਾਲੇ ਬੱਚਿਆਂ ਵਿਚ ਛੋਟੇ-ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਅਤੇ ਨਾ ਜਾਤ-ਪਾਤ ਦਾ ਫਰਕ ਹੁੰਦਾ ਹੈ| ਬੱਚੇ ਸਮੂਹਿਕ ਰੂਪ ਵਿਚ ਹੀ ਗੀਤ ਗਾਉਂਦੇ ਹਨ| ਵੱਡੀਆਂ ਕੁੜੀਆਂ ਅਤੇ ਸੁਆਣੀਆਂ ਇੱਕਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿਚ ਜਾ ਕੇ ਗਿੱਧਾ ਪਾਉਂਦੀਆਂ ਹਨ| ਗਿੱਧੇ ਵਿਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ। ਮੁੰਡੇ ਆਪਣੀ ਵੱਖਰੀ ਭੇਲੀ ਮੰਗਦੇ ਹਨ| ਇਸ ਮਗਰੋਂ ਪਿੰਡ ਦੀ ਸੱਥ ਵਿਚ ਸਾਰੀਆਂ ਭੇਲੀਆਂ ਇੱਕਠੀਆਂ ਕਰਕੇ ਗੁੜ ਦੀਆਂ ਭੇਲੀਆਂ ਭੰਨ ਕੇ ਰੋੜੀਆਂ ਅਥਵਾਂ ਡਲੀਆਂ ਬਣਾ ਲਈਆਂ ਜਾਂਦੀਆਂ ਹਨ। ਇਸ ਮਗਰੋਂ ਵਧਾਈਆਂ ਦਾ ਗੁੜ ਸਭ ਨੂੰ ਇਕੋ ਜਿਹਾ ਵਰਤਾ ਦਿੱਤਾ ਜਾਂਦਾ ਹੈ| ਹੁਣ ਜ਼ਮਾਨਾ ਬਦਲ ਗਿਆ ਹੈ ਤੇ ਇਹ ਸਭ ਕੁਝ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ।
ਹਰ ਪਿੰਡ ਵਿਚ ਵੱਖ-ਵੱਖ ਥਾਂਵਾਂ ‘ਤੇ ਲੋਹੜੀ ਬਾਲੀ ਜਾਂਦੀ ਹੈ| ਲੱਕੜ ਦੇ ਵੱਡੇ ਵੱਡੇ ਖੁੰਢਾਂ ਨੂੰ ਅੱਗ ਲਾ ਕੇ ਸਾਰੇ ਸੇਕ ਰਹੇ ਹੁੰਦੇ ਹਨ, ਕਿਸੇ ਵਡਾਰੂ ਪਾਸੋਂ ਕੋਈ ਰੋਚਕ ਕਥਾ ਵਾਰਤਾ ਸੁਣਦੇ, ਨਾਲੋਂ ਨਾਲ ਅੱਗ ਉਪਰ ਤਿਲ ਸੁੱਟੇ ਜਾਂਦੇ ਹਨ| ਤਿਲ ਪਟਾਕ-ਪਟਾਕ ਕੇ ਇੱਕ ਅਨੂਪਮ ਰਾਗ ਉਤਪਨ ਕਰਦੇ ਹਨ| ਬਲਦੀ ਲੋਹੜੀ ਤੇ ਤਿਲ ਸੁੱਟਣ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਕਹਾਵਤ ਹੈ, ਜਿੰਨੇ ਜਠਾਣੀ ਤਿਲ ਸੁੱਟੇਗੀ, ਉਨੇ ਦਰਾਣੀ ਪੁੱਤ ਜਣੇਗੀ|
ਦਰਜਨਾਂ ਦੀ ਗਿਣਤੀ ਵਿਚ ਲੋਹੜੀ ਦੇ ਗੀਤ ਉਪਲੱਬਧ ਹਨ| ਕੁੜੀਆਂ ਦੇ ਗੀਤਾਂ ਦਾ ਮੁੰਡਿਆਂ ਦੇ ਗੀਤਾਂ ਨਾਲੋਂ ਫਰਕ ਹੁੰਦਾ ਹੈ| ਮੁੰਡੇ ਰੌਲਾ ਰੱਪਾ ਬਹੁਤ ਪਾਉਂਦੇ ਹਨ| ਕੁੜੀਆਂ ਬੜੇ ਸਲੀਕੇ ਅਤੇ ਰਹਾ ਨਾਲ ਗੀਤ ਗਾਉਂਦੀਆਂ ਹਨ| ਸਮੁੱਚੇ ਪਰਿਵਾਰ ਲਈ ਸ਼ੁਭ ਕਾਮਨਾਵਾਂ ਭੇਟ ਕਰਦੀਆਂ ਕੁੜੀਆਂ ਗਾਉਂਦੀਆਂ ਹਨ:
ਪਾ ਨੀ ਮਾਏਂ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀਂ ਗਾਂਈਂ
ਮੱਝੀਂ ਗਾਂਈਂ ਨੇ ਦਿੱਤਾ ਦੁੱਧ
ਤੇਰੇ ਜੀਵਨ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਡੋਲੀ ਛਮ ਛਮ ਕਰਦੀ ਆਈ
ਸਾਨੂੰ ਸੇਰ ਸੱਕਰ ਪਾਈ।
ਮੁੰਡੇ ਗਾਉਂਦੇ ਹਨ:
ਲੋਹੜੀ ਬਈ ਲੋਹੜੀ
ਥੋਡਾ ਕਰਮਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਥੋਡੇ ਮੁੰਡੇ ਜੰਮਣ ਸੱਤ
ਸਾਡੀ ਲੋਹੜੀ ਮਨਾ ਦੋ।
ਲੋਹੜੀ ਦਾ ਇਹ ਪਰੰਪਰਾਗਤ ਤਿਉਹਾਰ ਸਮੂਹ ਪੰਜਾਬੀਆਂ ਲਈ ਖੁਸ਼ੀਆਂ ਦੇ ਅਵਸਰ ਪ੍ਰਦਾਨ ਕਰਦਾ ਹੈ| ਇਹ ਬਹੁਤ ਹੀ ਖੁਸ਼ੀ ਦਾ ਮੁਕਾਮ ਹੈ ਕਿ ਅੱਜ ਕੱਲ ਕੁੜੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਮਨਾਈ ਜਾਣ ਲੱਗੀ ਹੈ| ਸੱਚ ਮੁੱਚ ਹੀ ਇਹ ਤਿਉਹਾਰ ਪੰਜਾਬੀਆਂ ਦੀ ਭਾਈਚਾਰਕ ਸਾਂਝ ਅਤੇ ਭਾਵਨਾਤਮਕ ਏਕਤਾ ਦਾ ਪ੍ਰਤੀਕ ਹੈ|