ਮੁਹੰਮਦ ਅੱਬਾਸ ਧਾਲੀਵਾਲ ਮਲੇਰਕੋਟਲਾ
ਫੋਨ: 91-98552-59650
ਉਰਦੂ ਦੇ ਪ੍ਰਸਿੱਧ ਕਵੀ ਸਾਹਿਰ ਲੁਧਿਆਣਵੀ ਨੇ ਜੰਗ ਦੀਆਂ ਤਬਾਹੀਆਂ ਦੇ ਦ੍ਰਿਸ਼ ਨੂੰ ਆਪਣੀ ਇਕ ਬੇ-ਮਿਸਾਲ ਨਜ਼ਮ ‘ਐ ਸ਼ਰੀਫ ਇਨਸਾਨੋ’ ਵਿਚ ਅੱਜ ਤੋਂ ਕਰੀਬ ਅੱਧੀ ਸਦੀ ਪਹਿਲਾਂ ਬਹੁਤ ਹੀ ਭਾਵੁਕ ਅੰਦਾਜ਼ ਵਿਚ ਪੇਸ਼ ਕੀਤਾ ਸੀ। ਇਸ ਨਜ਼ਮ ਦੀ ਜਿੰਨੀ ਅਹਿਮੀਅਤ ਉਸ ਵੇਲੇ ਸੀ, ਉਨੀ ਹੀ ਅੱਜ ਹੈ ਕਿਉਂਕਿ ਸੰਸਾਰ ਦੇ ਕੁਝ ਤਾਕਤਵਰ ਦੇਸ਼ਾਂ ਦੇ ਹੁਕਮਰਾਨ ਅਰਥਾਤ ‘ਸ਼ਰੀਫ ਇਨਸਾਨ’ ਅਜਿਹੇ ਹਨ ਜੋ ਸਿਰਫ ਤੇ ਸਿਰਫ ਆਪਣੀ ਹਉਮੈ ਅਤੇ ਲਾਲਸਾ ਦੀ ਪੂਰਤੀ ਲਈ ਦੁਨੀਆਂ ਦੀ ਸੁੱਖ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਹਰ ਪਲ ਤਿਆਰ ਰਹਿੰਦੇ ਹਨ।
ਭਾਵੇਂ ਅਸੀਂ ਅੱਜ ਬਹੁਤ ਤਰੱਕੀ ਕਰ ਲਈ ਹੈ, ਤਰੱਕੀ ਵੀ ਇੰਨੀ ਕਿ ਚੰਨ ‘ਤੇ ਜਿੱਤ ਦੇ ਝੰਡੇ ਗੱਡਣ ਪਿਛੋਂ ਮੰਗਲ ਗ੍ਰਹਿ ‘ਤੇ ਫਤਿਹ ਪਾਉਣ ਦੇ ਸੁਪਨੇ ਵੇਖ ਰਹੇ ਹਾਂ, ਪਰੰਤੂ ਮੌਲਿਕ ਕਦਰਾਂ-ਕੀਮਤਾਂ ਅਤੇ ਆਪਣੇ ਇਖਲਾਕ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਨਿਘਾਰ ਵੱਲ ਜਾ ਰਹੇ ਹਾਂ। ਉਰਦੂ ਦੇ ਇੱਕ ਸ਼ਾਇਰ ਨੇ ਕਿੰਨਾ ਵਧੀਆ ਕਿਹਾ ਹੈ:
ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ।
ਯੇ ਸੋਚੀਏ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।
ਜੰਗ ਸਬੰਧੀ ਉਤਾਵਲੇਪਨ ਦੀ ਤਾਜ਼ਾ ਮਿਸਾਲ ਕੁਝ ਦਿਨ ਪਹਿਲਾਂ ਉਸ ਵੇਲੇ ਵੇਖਣ ਨੂੰ ਮਿਲੀ ਜਦ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਸੰਸਾਰ ਵਿਚ ਅਮਨ ਦੀ ਸਥਾਪਤੀ ਲਈ ਆਯੋਜਿਤ ਇੱਕ ਇਜਲਾਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਤਰੀ ਕੋਰੀਆ ਨੂੰ ਜੰਗ ਨਾਲ ਖਤਮ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਅਤੇ ਜਵਾਬ ਵਿਚ ਉਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਨੇ ਦੁਨੀਆਂ ਦੇ ਸੁਪਰ ਪਾਵਰ ਕਹਾਉਣ ਵਾਲੇ ਅਮਰੀਕਾ ਨੂੰ ਸੰਸਾਰ ਦੇ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਹਿ ਕੇ ਆਪਣੇ ਵਲੋਂ ਭਾਜੀ ਮੋੜਨ ਦਾ ਯਤਨ ਕੀਤਾ। ਉਧਰ ਰੂਸ ਦੇ ਵਜ਼ੀਰ-ਏ-ਖਾਰਜ਼ਾ ਸਰਗੇਈ ਲਾਵਰੋਫ ਨੇ ਕਿਹਾ ਕਿ ਦੋਹਾਂ ਹੁਕਮਰਾਨਾਂ ਦੀ ਜ਼ੁਬਾਨੀ ਜੰਗ ਸਕੂਲੀ ਬੱਚਿਆਂ ਵਰਗੀ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ। ਜਿਸ ਤਰ੍ਹਾਂ ਆਏ ਦਿਨ ਦੋਵੇਂ ਰਾਸ਼ਟਰਪਤੀ ਇਕ-ਦੂਜੇ ਦੇ ਦੇਸ਼ ਨੂੰ ਤਬਾਹ ਕਰਨ ਦੇ ਗੈਰ ਜਿੰਮੇਵਾਰਾਨਾ ਬਿਆਨ ਦੇ ਕੇ ਜੰਗ ਵਾਲਾ ਮਾਹੌਲ ਬਣਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਸ ਤੋਂ ਯੁੱਧ ਦੇ ਜ਼ਖਮ ਝੇਲ ਰਹੇ ਦੇਸ਼ਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ। ਬਕੌਲ ਸਾਹਿਰ:
ਦਰਦ ਏ ਦਿਲ ਦਰਦ ਆਸ਼ਨਾ ਜਾਨੇ।
ਔਰ ਬੇ-ਦਰਦ ਕੋਈ ਕਯਾ ਜਾਨੇ।
ਜੰਗ ਭਾਵੇਂ ਕਿਤੇ ਵੀ ਹੋਵੇ, ਉਸ ਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ ਅਤੇ ਜੰਗ ਕਾਰਨ ਵਹਿਣ ਵਾਲਾ ਲਹੂ ਪੂਰੀ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ, ਤੇ ਦੁਨੀਆਂ ਸਾਹਮਣੇ ਅਮਨ ਕਾਨੂੰਨ ਬਣਾਈ ਰੱਖਣ ਦੀ ਚੁਣੌਤੀ ਖੜ੍ਹੀ ਕਰਦਾ ਹੈ। ਤਾਂ ਹੀ ਤਾਂ ਸਾਹਿਰ ਕਹਿੰਦਾ ਹੈ:
ਖੂਨ ਅਪਨਾ ਹੋ, ਯਾ ਪਰਾਇਆ ਹੋ,
ਨਸਲ-ਏ-ਆਦਮ ਕਾ ਖੂਨ ਹੈ ਆਖਿਰ।
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇ,
ਅਮਨ-ਏ-ਆਲਮ ਕਾ ਖੂਨ ਹੈ ਆਖਿਰ।
ਬਿਨਾ ਸ਼ੱਕ ਸਾਹਿਰ ਦੀਆਂ ਇਹ ਸਤਰਾਂ ਸੱਚਾਈ ਨਾਲ ਭਰਪੂਰ ਹਨ। ਜੰਗ ਭਾਵੇਂ ਕੁਝ ਹੀ ਸਮਾਂ ਚਲੇ ਪਰ ਉਸ ਦੇ ਨਤੀਜੇ ਦੇਰ ਤੱਕ ਝੇਲਣੇ ਪੈਂਦੇ ਹਨ। ਅਮਰੀਕਾ ਦੀ ਬੰਬਾਰੀ ਦਾ ਸਾਹਮਣਾ ਕਰ ਚੁਕੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਅੱਜ ਵੀ ਜੰਗ ਦੀ ਬਰਬਾਦੀ ਦੀ ਦਾਸਤਾਨ ਚੀਕ-ਚੀਕ ਕੇ ਬਿਆਨ ਕਰ ਰਹੇ ਹਨ ਹਾਲਾਂਕਿ ਇਨ੍ਹਾਂ ਸ਼ਹਿਰਾਂ ‘ਤੇ ਅਮਰੀਕਾ ਵਲੋਂ ਐਟਮ ਬੰਬ ਸੁੱਟੇ ਜਾਣ ਨੂੰ 7 ਦਹਾਕਿਆਂ ਤੋਂ ਉਪਰ ਦਾ ਸਮਾਂ ਬੀਤ ਚੁਕਾ ਹੈ ਪਰੰਤੂ ਇਨ੍ਹਾਂ ਬੰਬਾਂ ਕਾਰਨ ਆਏ ਜ਼ਖਮ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਲਈ ਨਾਸੂਰ ਬਣੇ ਹੋਏ ਹਨ। ਕਿੱਡੇ ਦੁਖਾਂਤ ਵਾਲੀ ਗੱਲ ਹੈ ਕਿ ਜਿਥੇ ਉਨ੍ਹਾਂ ਸ਼ਹਿਰਾਂ ਦੀਆਂ ਜਮੀਨਾਂ ਬੰਜਰ ਬਣ ਗਈਆਂ ਹਨ, ਉਥੇ ਅੱਜ ਵੀ ਨਵ-ਜੰਮੇ ਬੱਚੇ ਅਪੰਗ ਪੈਦਾ ਹੁੰਦੇ ਹਨ। ਇਨ੍ਹਾਂ ਹਾਲਾਤ ਦੀ ਮੰਜ਼ਰ-ਏ-ਕਸ਼ੀ ਕਰਦਿਆਂ ਸਾਹਿਰ ਆਖਦੇ ਹਨ:
ਬੰਬ ਘਰੋਂ ਪੇ ਗਿਰੇਂ ਕਿ ਸਰਹਦ ਪਰ,
ਰੂਹ-ਏ-ਤਾਅਮੀਰ ਜ਼ਖਮ ਖਾਤੀ ਹੈ।
ਖੇਤ ਅਪਨੇ ਜਲੇਂ ਕਿ ਗੈਰੋਂ ਕੇ,
ਜ਼ੇਸਤ ਫਾਕੋਂ ਸੇ ਤਿਲਮਿਲਾਤੀ ਹੈ।
ਕੁਝ ਪਲਾਂ ਦੀ ਗਲਤੀ ਦੀ ਸਜ਼ਾ ਕਿਵੇਂ ਸਦੀਆਂ ਤੱਕ ਭੁਗਤਣੀ ਪੈਂਦੀ ਹੈ, ਇਸ ਦੀ ਪਰਿਭਾਸ਼ਾ ਮਜ਼ੱਫਰ ਰਜ਼ਮੀ ਨੇ ਇਕ ਸ਼ਿਅਰ ਵਿਚ ਇੰਜ ਦਿੱਤੀ ਹੈ:
ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖਤਾ ਕੀ ਥੀ ਸਦੀਉਂ ਨੇ ਸਜ਼ਾ ਪਾਈ।
ਯੁੱਧ ਦੇ ਮੈਦਾਨ ਵਿਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ, ਮਰਨ ਵਾਲਿਆਂ ਦਾ ਸੋਗ ਅਤੇ ਮਾਤਮ ਦੋਵੇਂ ਪਾਸੇ ਪਸਰਿਆ ਹੋਇਆ ਵੇਖਣ ਨੂੰ ਮਿਲਦਾ ਹੈ। ਇਸੇ ਲਈ ਸਾਹਿਰ ਕਹਿੰਦੇ ਹਨ:
ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ।
ਫਤਿਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜ਼ਿੰਦਗੀ ਮਈਯਤੋਂ ਪੇ ਰੋਤੀ ਹੈ।
ਜੰਗ ਦੇ ਪਿਛਲੇ ਤਜਰਬੇ ਦਸਦੇ ਹਨ ਕਿ ਜੰਗ ਭਾਵੇਂ ਕਿੰਨੀ ਹੀ ਲੰਮੀ ਕਿਉਂ ਨਾ ਚਲੇ, ਪਰੰਤੂ ਉਸ ਦਾ ਨਿਬੇੜਾ ਅੰਤ ਗੱਲਬਾਤ ਰਾਹੀਂ ਹੀ ਹੁੰਦਾ ਹੈ। ਜਦ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੰਗ ਕਿਸੇ ਮਸਲੇ ਦਾ ਸਦੀਵੀ ਹੱਲ ਨਹੀਂ ਹੈ ਤਾਂ ਅਸੀਂ ਜੰਗ ਦਾ ਰਸਤਾ ਚੁਣ ਕੇ ਮਨੁੱਖੀ ਜਾਨਾਂ ਦਾ ਘਾਣ ਕਿਉਂ ਕਰੀਏ? ਇਸੇ ਸੰਦਰਭ ਵਿਚ ਸਾਹਿਰ ਆਖਦੇ ਹਨ:
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਯਾ ਮਸਲੋਂ ਕਾ ਹਲ ਦੇ ਗੀ।
ਆਗ ਔਰ ਖੁਨ ਆਜ ਬਖਸ਼ੇਗੀ
ਭੂਖ ਔਰ ਅਹਿਤਿਆਜ ਕਲ ਦੇ ਗੀ।
ਆਪਣੀ ਨਜ਼ਮ ਦੇ ਆਖਰੀ ਬੰਦ ਵਿਚ ਸਾਹਿਰ ਟਰੰਪ ਅਤੇ ਕਿਮ ਜੌਂਗ ਜਿਹੇ ‘ਸ਼ਰੀਫ ਇਨਸਾਨਾਂ’ ਨੂੰ ਮੁਖਾਤਿਬ ਹੁੰਦਿਆਂ ਆਖਦੇ ਹਨ:
ਇਸ ਲੀਯੇ ਐ ਸ਼ਰੀਫ ਇਨਸਾਨੋਂ,
ਜੰਗ ਟਲਤੀ ਰਹੇ ਤੋ ਬਿਹਤਰ ਹੈ।
ਆਪ ਔਰ ਹਮ ਸਭੀ ਕੇ ਆਂਗਨ ਮੇ,
ਸ਼ਮਾਂ ਜਲਤੀ ਰਹੇ ਤੋ ਬਿਹਤਰ ਹੈ।
ਅੱਜ ਦੁਨੀਆਂ ਦੇ ਵਧੇਰੇ ਗਰੀਬ ਦੇਸ਼ਾਂ ਦੇ ਲੋਕ ਬੇਰੋਜ਼ਗਾਰੀ, ਗਰੀਬੀ, ਅਨਪੜ੍ਹਤਾ ਅਤੇ ਭੁਖਮਰੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਜੇ ਇਨ੍ਹਾਂ ਸ਼ਰੀਫ ਇਨਸਾਨਾਂ ਨੇ ਜੰਗ ਹੀ ਲੜਨੀ ਹੈ ਤਾਂ ਗਰੀਬਾਂ ਦੀ ਗਰੀਬੀ ਦੂਰ ਕਰਨ ਲਈ ਲੜਨ। ਜੇ ਜੰਗ ਲੜਨਾ ਹੀ ਮਕਸਦ ਹੈ ਤਾਂ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਵਿਰੁਧ ਲੜਨ। ਜੇ ਜੰਗ ਹੀ ਲੜਨੀ ਹੈ ਤਾਂ ਅੱਜ ਕਿੰਨੇ ਹੀ ਬੱਚੇ ਭੁਖਮਰੀ ਦਾ ਸ਼ਿਕਾਰ ਹਨ, ਜਿਨ੍ਹਾਂ ਨੂੰ ਇਕ ਸਮੇਂ ਦੀ ਰੋਟੀ ਮਿਲਣੀ ਮੁਸ਼ਕਿਲ ਹੈ। ਪੀਣ ਲਈ ਸਾਫ ਪਾਣੀ ਨਹੀਂ ਮਿਲਦਾ। ਇਨ੍ਹਾਂ ਦੀ ਭੁਖ-ਤੇਹ ਮਿਟਾਉਣ ਲਈ ਜੰਗ ਲੜਨੀ ਚਾਹੀਦੀ ਹੈ।
ਅੱਜ ਸੰਸਾਰ ਨੂੰ ਜਾਨ ਲੇਵਾ ਹਥਿਆਰਾਂ ਦੀ ਨਹੀਂ ਸਗੋਂ ਜੀਵਨ ‘ਤੇ ਛਾਏ ਅੰਧਕਾਰ ਦੇ ਬੱਦਲ ਦੂਰ ਕਰਨ ਲਈ ਸਿਖਿਆ ਸੰਸਥਾਵਾਂ ਅਤੇ ਬੀਮਾਰੀ ਨਾਲ ਜੂਝ ਰਹੀ ਮਨੁਖਤਾ ਦਾ ਜੀਵਨ ਨਿਰੋਗ ਬਣਾਉਣ ਵਾਲੇ ਵਧੀਆ ਅਤੇ ਆਧੁਨਿਕ ਹਸਪਤਾਲਾਂ ਦੀ ਵਧੇਰੇ ਲੋੜ ਹੈ।
ਅਜੋਕੇ ਯੁਗ ਦਾ ਇਹ ਵੀ ਇਕ ਦੁਖਾਂਤ ਹੀ ਹੈ ਕਿ ਅੱਜ ਕਿੰਨੇ ਹੀ ਦੇਸ਼ਾਂ ਦੇ ਵਾਸੀ ਆਪਣੇ ਮੁਲਕਾਂ ਦੀਆਂ ਸਰਕਾਰਾਂ ਅਤੇ ਸਾਥੀ ਨਾਗਰਿਕਾਂ ਦੇ ਜ਼ੁਲਮ-ਤਸ਼ੱਦਦ ਅਤੇ ਕਤਲੋ-ਗਾਰਤ ਤੋਂ ਤੰਗ ਆ ਕੇ ਆਪਣੇ ਵਸਦੇ-ਰਸਦੇ ਘਰ ਬਾਰ ਛੱਡ ਕੇ ਗੁਆਂਢੀ ਦੇਸ਼ਾਂ ਵਿਚ ਰਿਫਿਊਜੀ ਬਣਨ ਲਈ ਮਜਬੂਰ ਹਨ। ਸਮੇਂ ਦੀ ਪੁਕਾਰ ਹੈ ਕਿ ਉਕਤ ‘ਸ਼ਰੀਫ ਇਨਸਾਨ’ ਇਨ੍ਹਾਂ ਦੂਜੇ ਦੇਸ਼ਾਂ ਵਿਚ ਪਨਾਹ ਲਈ ਬੈਠੇ ਰਿਫਿਊਜੀਆਂ ਨੂੰ ਉਨ੍ਹਾਂ ਦੇ ਆਪਣੇ ਮੁਲਕਾਂ ਵਿਚਲੇ ਜੱਦੀ ਮਕਾਨਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ, ਨਾ ਕਿ ਨਵੀਂ ਜੰਗ ਛੇੜ ਕੇ ਸਮੁੱਚੀ ਮਨੁੱਖਤਾ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰਨ।