ਪਾਕਿਸਤਾਨ ਅਤੇ ‘ਟਰੰਪ’ ਕਾਰਡ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਾਲ ਦਾ ਆਗਾਜ਼ ਪਾਕਿਸਤਾਨ ਨੂੰ ਦਬਕਾ ਮਾਰ ਕੇ ਕੀਤਾ ਹੈ। ਇਹੀ ਨਹੀਂ, ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲ ਰਹੀ ਆਰਥਕ ਸਹਾਇਤਾ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ਨੇ ਅਮਰੀਕਾ ਨਾਲ ਫਰੇਬ ਕੀਤਾ ਹੈ। ਇਹ ਸ਼ਾਇਦ ਪਹਿਲੀ ਵਾਰ ਹੈ, ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਉਪਰ ਇਉਂ ਸਿੱਧੇ ਦੋਸ਼ ਲਾਏ ਹਨ। ਟਰੰਪ ਦੇ ਇਸ ਟਵੀਟ ਨਾਲ ਕਈ ਪਾਸਿਓਂ ਪ੍ਰਤੀਕ੍ਰਿਆਵਾਂ ਆਈਆਂ ਹਨ।

ਪਾਕਿਸਤਾਨ ਸਰਕਾਰ ਨੇ ਤਾਂ ਆਪਣਾ ਪੱਖ ਜ਼ਾਹਰ ਕੀਤਾ ਹੀ ਹੈ ਅਤੇ ਕਿਹਾ ਹੈ ਕਿ ਅਮਰੀਕਾ ਨੇ ਸਬੰਧਤ ਰਕਮ ਅਫਗਾਨਿਸਤਾਨ ਵਿਚ ਅਤਿਵਾਦ ਖਿਲਾਫ ਲੜਾਈ ਲਈ ਦਿੱਤੀ ਸੀ, ਜਦਕਿ ਕਈ ਬੁੱਧੀਜੀਵੀਆਂ ਨੇ ਟਰੰਪ ਦੀ ਇਸ ਟਵੀਟ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਬੁੱਧੀਜੀਵੀਆਂ ਨੇ ਅੰਕੜੇ ਜਾਰੀ ਕਰਦਿਆਂ ਅਮਰੀਕਾ ਦੇ ਅਫਗਾਨਿਸਤਾਨ ਵਿਚ ਸਿੱਧੇ ਦਖਲ ਦੀ ਚਰਚਾ ਛੇੜੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ, ਟਰੰਪ ਨੇ ਜਿਨ੍ਹਾਂ 15 ਵਰ੍ਹਿਆਂ ਦੌਰਾਨ ਪਾਕਿਸਤਾਨ ਨੂੰ 33 ਅਰਬ ਡਾਲਰ ਦੇਣ ਦੀ ਗੱਲ ਕੀਤੀ ਹੈ, ਉਨ੍ਹਾਂ ਹੀ 15 ਵਰ੍ਹਿਆਂ ਦੌਰਾਨ ਅਮਰੀਕਾ ਨੇ ਅਫਗਾਨਿਸਤਾਨ ਨੂੰ ਕਈ ਗੁਣਾਂ ਵੱਧ, ਭਾਵ 110 ਅਰਬ ਡਾਲਰ ਦੀ ਸਹਾਇਤਾ ਦਿੱਤੀ ਹੈ। ਨਾਲ ਇਹ ਖੁਲਾਸਾ ਵੀ ਕੀਤਾ ਹੈ ਕਿ ਅਫਗਾਨਿਸਤਾਨ ਦੀ ਆਬਾਦੀ ਪਾਕਿਸਤਾਨ ਦਾ ਪੰਜਵਾਂ ਕੁ ਹਿੱਸਾ ਹੀ ਬਣਦੀ ਹੈ। ਉਂਜ, ਇਸ ਸਮੁੱਚੇ ਮਸਲੇ ਦੀ ਹਕੀਕਤ ਇਹ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਅਲ-ਕਾਇਦਾ ਖਿਲਾਫ ਲੜਾਈ ਵਿਚ ਜਬਰੀ ਸ਼ਾਮਲ ਕੀਤਾ ਸੀ ਅਤੇ ਅਜਿਹਾ ਕਰਦਿਆਂ ਉਸ ਨੂੰ ਡਾਢਾ ਮਜਬੂਰ ਕੀਤਾ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਅਜਿਹਾ ਕਰਨ ਦਾ ਪਾਕਿਸਤਾਨ ਨੂੰ ਖਮਿਆਜ਼ਾ ਭੁਗਤਣਾ ਪਿਆ। ਇਰਾਕ ਤੋਂ ਬਾਅਦ ਜੇ ਕਿਸੇ ਮੁਲਕ ਵਿਚ ਅਤਿਵਾਦੀ ਹਮਲਿਆਂ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਤਾਂ ਉਹ ਪਾਕਿਸਤਾਨ ਹੀ ਹੈ। ਇਹ ਗੱਲ ਹਰ ਅਮਰੀਕੀ ਅਤੇ ਸੰਸਾਰ ਦੇ ਹੋਰ ਮੁਲਕਾਂ ਦੇ ਲੋਕ ਵੀ ਜਾਣਦੇ ਹਨ। ਅਮਰੀਕਾ ਨੇ ਪਾਕਿਸਤਾਨ ਨੂੰ ਜਿਹੜੀ ਮਦਦ ਦਿੱਤੀ ਹੈ, ਉਸ ਦੇ ਬਦਲੇ ਇਸ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਵੀ ਦਾਅ ਉਤੇ ਲਾਈ ਰੱਖਿਆ ਹੈ ਅਤੇ ਇਸ ਮਾਮਲੇ ਵਿਚ ਕਸੂਤਾ ਫਸਿਆ ਪਾਕਿਸਤਾਨ ਕੁਝ ਵੀ ਨਾ ਕਰ ਸਕਿਆ। ਇਸੇ ਕਰ ਕੇ ਪਾਕਿਸਤਾਨ ਦੇ ਆਵਾਮ ਦਾ ਖਾਸਾ ਹਿੱਸਾ ਅਮਰੀਕਾ ਦੇ ਖਿਲਾਫ ਹੈ ਅਤੇ ਇਸ ਦੀਆਂ ਪਾਕਿਸਤਾਨ ਬਾਰੇ ਨੀਤੀਆਂ ਦਾ ਸਿੱਧਾ ਵਿਰੋਧ ਕਰਦਾ ਰਿਹਾ ਹੈ।
ਅਸਲ ਵਿਚ ਹੁਣ ਸੰਸਾਰ ਦੀ ਸਫਬੰਦੀ ਤੇਜ਼ੀ ਨਾਲ ਬਦਲ ਰਹੀ ਹੈ। ਦੱਖਣੀ ਏਸ਼ੀਆ ਵਿਚ ਅਮਰੀਕਾ ਨੂੰ ਆਪਣੇ ਹਿਤ ਪਾਲਣ ਲਈ ਪਾਕਿਸਤਾਨ ਤੋਂ ਕਿਤੇ ਵੱਧ ਭਰੋਸੇਮੰਦ ਸਾਥੀ, ਭਾਰਤ ਦੇ ਰੂਪ ਵਿਚ ਮਿਲ ਗਿਆ ਹੈ। ਅਮਰੀਕਾ ਦੱਖਣੀ ਏਸ਼ੀਆ ਦੇ ਖਿੱਤੇ ਵਿਚ ਚੀਨ ਦਾ ਅਸਰ ਘਟਾਉਣ ਲਈ ਭਾਰਤ ਨੂੰ ਅੱਗੇ ਕਰਨਾ ਚਾਹੁੰਦਾ ਹੈ ਅਤੇ ਇਲਾਕੇ ਦੀ ਸਿਆਸਤ ਤੇ ਭਾਰਤ ਦੇ ਹੁਣ ਵਾਲੇ ਹੁਕਮਰਾਨਾਂ ਦੀ ਸਿਆਸਤ ਮੁਤਾਬਕ, ਫਿਲਹਾਲ ਭਾਰਤ ਨੂੰ ਇਹ ਸੌਦਾ ਸਹੀ ਪ੍ਰਤੀਤ ਹੁੰਦਾ ਹੈ। ਟਰੰਪ ਦੇ ਪਾਕਿਸਤਾਨ ਬਾਰੇ ਗੁੱਸੇ ਦਾ ਲਾਹਾ ਵੀ ਭਾਰਤ ਲੈਣਾ ਚਾਹੁੰਦਾ ਹੈ। ਭਾਰਤ ਅਤੇ ਅਮਰੀਕਾ ਕਾਫੀ ਚਿਰ ਤੋਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਖਿਲਾਫ ਕਾਰਵਾਈ ਦੀ ਤਾਕ ਵਿਚ ਹਨ, ਪਰ ਇਸ ਮਾਮਲੇ ਵਿਚ ਚੀਨ ਇਨ੍ਹਾਂ ਦੋਹਾਂ ਮੁਲਕਾਂ ਦੇ ਰਾਹ ਦਾ ਰੋੜਾ ਬਣ ਕੇ ਖਲੋਤਾ ਹੋਇਆ ਹੈ। ਜ਼ਾਹਰ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਚਾਹ ਰਹੇ ਹਨ। ਉਂਜ, ਇਹ ਮਾਮਲਾ ਭਾਰਤ ਲਈ ਰਤਾ ਕੁ ਗੁੰਝਲਦਾਰ ਹੈ, ਕਿਉਂਕਿ ਅਮਰੀਕਾ ਦਾ ਇਹ ਇਤਿਹਾਸ ਰਿਹਾ ਹੈ ਕਿ ਇਹ ਕਿਸੇ ਉਤੇ ਐਵੇਂ ਹੀ ਮਿਹਰਬਾਨ ਨਹੀਂ ਹੁੰਦਾ। ਇਸ ਕਿਸੇ ਵੀ ਮੁਲਕ ਦੀ ਮਦਦ ਜਾਂ ਉਸ ਦਾ ਵਿਰੋਧ ਆਪਣੇ ਹਿਤਾਂ ਨੂੰ ਐਨ ਧਿਆਨ ਵਿਚ ਰੱਖ ਕੇ ਕਰਦਾ ਹੈ। ਕੱਲ੍ਹ ਤੱਕ ਅਮਰੀਕਾ ਪਾਕਿਸਤਾਨ ਨੂੰ ਭਾਰਤ ਖਿਲਾਫ ਵਰਤਦਾ ਰਿਹਾ ਹੈ। ਰੂਸ ਨਾਲ ਠੰਢੀ ਜੰਗ ਦੌਰਾਨ ਵੀ ਇਸ ਨੇ ਪਾਕਿਸਤਾਨ ਲਈ ਆਪਣੇ ਖਜਾਨੇ ਦਾ ਮੂੰਹ ਖੋਲ੍ਹਿਆ ਹੋਇਆ ਸੀ। ਸੋ, ਜ਼ਾਹਰ ਹੈ ਕਿ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਜਮਹੂਰੀਅਤਾਂ- ਭਾਰਤ ਤੇ ਅਮਰੀਕਾ ਵਿਚਕਾਰ ਸਿਧਾਂਤਕ ਤੇ ਵਿਚਾਰਧਾਰਕ ਸਾਂਝਾਂ ਸਿਰਫ ਕਹਿਣ ਦੀਆਂ ਗੱਲਾਂ ਹਨ। ਅਮਰੀਕਾ ਭਾਵੇਂ ਜਮਹੂਰੀਅਤ ਦੀ ਸਦਾ ਹੀ ਡੌਂਡੀ ਪਿਟਦਾ ਰਿਹਾ ਹੈ, ਪਰ ਇਸ ਦੀ ਨੇੜਤਾ ਉਨ੍ਹਾਂ ਮੁਲਕਾਂ ਨਾਲ ਵਧੇਰੇ ਰਹੀ ਹੈ ਜਿਥੇ ਤਾਨਾਸ਼ਾਹਾਂ ਦਾ ਰਾਜ ਰਿਹਾ ਹੈ। ਪਾਕਿਸਤਾਨ ਇਸ ਤੱਥ ਦੀ ਉਮਦਾ ਮਿਸਾਲ ਹੈ ਜਿਥੋਂ ਦੇ ਤਾਨਾਸ਼ਾਹਾਂ-ਜਨਰਲ ਅਯੂਬ ਖਾਨ, ਜਨਰਲ ਯਾਹੀਆ ਖਾਨ, ਜਨਰਲ ਜ਼ਿਆ-ਉਲ-ਹੱਕ ਅਤੇ ਜਨਰਲ ਪਰਵੇਜ਼ ਮੁਸ਼ੱਰਫ ਨਾਲ ਇਸ ਦੀ ਖੂਬ ਨਿਭਦੀ ਰਹੀ ਹੈ। ਵਿਚਲਾ ਨੁਕਤਾ ਇਹੀ ਹੈ ਕਿ ਅਮਰੀਕਾ ਦੀ ਅੱਜ ਕੱਲ੍ਹ ਅਫਗਾਨਿਸਤਾਨ ਵਿਚ ਬਹੁਤੀ ਚੱਲ ਨਹੀਂ ਰਹੀ। ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਚੀਨ ਨਾਲ ਆਪਣੀ ਸਾਂਝ ਵਧਾ ਰਹੇ ਹਨ ਅਤੇ ਉਨ੍ਹਾਂ ‘ਇਕ ਪੱਟੀ, ਇਕ ਸੜਕ’ ਪ੍ਰਾਜੈਕਟ ਲਈ ਵਾਹਵਾ ਰੁਚੀ ਦਿਖਾਈ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਫਗਾਨਿਸਤਾਨ ਵਿਚੋਂ ਚੀਨ ਦਾ ਆਰਥਕ ਪ੍ਰਭਾਵ ਘਟਾਉਣ ਲਈ ਅੱਗੇ ਆਵੇ। ਇਹੀ ਨਹੀਂ, ਚੀਨ ਪਾਕਿਸਤਾਨ ਵਿਚ ਵੀ ਆਪਣਾ ਪ੍ਰਭਾਵ ਲਗਾਤਾਰ ਵਧਾ ਰਿਹਾ ਹੈ। ਅਮਰੀਕੀ ਘੁਰਕੀਆਂ ਦੇ ਬਾਵਜੂਦ ਚੀਨ ਅਤੇ ਪਾਕਿਸਤਾਨ ਦੀ ਸਾਂਝ ਨੂੰ ਕੋਈ ਫਰਕ ਨਹੀਂ ਪੈ ਰਿਹਾ। ਚੀਨ ਅਤੇ ਪਾਕਿਸਤਾਨ ਦੇ ਆਰਥਕ ਲਾਂਘੇ ਨੇ ਤਾਂ ਅਮਰੀਕਾ ਅਤੇ ਭਾਰਤ- ਦੋਹਾਂ ਦੀ ਨੀਂਦ ਉਡਾਈ ਹੋਈ ਹੈ। ਇਸ ਪਿਛੋਕੜ ਵਿਚੋਂ ਹੀ ਟਰੰਪ ਦਾ ਨਵੇਂ ਸਾਲ ਦਾ ਇਹ ਟਵੀਟ ਆਇਆ ਹੈ। ਵਿਚਾਰਨ ਵਾਲਾ ਮੁੱਦਾ ਇਹ ਵੀ ਹੈ ਕਿ ਟਰੰਪ ਆਪਣੇ ਅਜਿਹੇ ਬਿਆਨਾਂ ਉਤੇ ਬਹੁਤੀ ਦੇਰ ਟਿਕਦੇ ਵੀ ਨਹੀਂ ਹਨ। ਚੀਨ, ਆਸਟਰੇਲੀਆ, ਉਤਰੀ ਕੋਰੀਆ ਅਤੇ ਹੋਰ ਮੁਲਕਾਂ ਬਾਰੇ ਕੀਤੀਆਂ ਉਨ੍ਹਾਂ ਦੀਆਂ ਟਿੱਪਣੀ ਇਸ ਤੱਥ ਦੀਆਂ ਗਵਾਹ ਹਨ। ਇਸ ਸੂਰਤ ਵਿਚ ਭਾਰਤ ਨੂੰ ਬਹੁਤਾ ਉਤਸ਼ਾਹ ਵਿਚ ਆਉਣ ਦੀ ਥਾਂ ਆਪਣੇ ਹਿਤਾਂ ਦੇ ਹਿਸਾਬ ਨਾਲ ਹੀ ਇਸ ਮਸਲੇ ਬਾਰੇ ਅਗਲੇ ਕਦਮ ਵਧਾਉਣੇ ਚਾਹੀਦੇ ਹਨ। ਇਕ ਤੱਥ ਇਹ ਵੀ ਹੈ ਕਿ ਟਰੰਪ ਦਾ ਆਪਣੇ ਹੀ ਮੁਲਕ ਅੰਦਰ ਵਿਰੋਧ ਨਿਤ ਦਿਨ ਵਧ ਰਿਹਾ ਹੈ।