ਜਪੁਜੀ ਦਾ ਰੱਬ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਲੋਕ ਅਕਸਰ ਪੁੱਛਦੇ ਹਨ, “ਕੀ ਤੁਸੀਂ ਰੱਬ ਨੂੰ ਮੰਨਦੇ ਹੋ?” ਕਈ ਇਹੀ ਗੱਲ ਦੂਜੇ ਢੰਗ ਨਾਲ ਕਹਿੰਦੇ ਹਨ, “ਸਵੇਰੇ ਪਾਠ ਪੂਠ ਤਾਂ ਕਰਦੇ ਹੋਵੋਗੇ?” ਪੰਜਾਬੀ ਮੁਹਾਵਰੇ ਤੋਂ ਵਾਕਫ ਸਾਰੇ ਲੋਕ ਇਨ੍ਹਾਂ ਪ੍ਰਸ਼ਨਾਂ ਦੇ ਅਰਥ ਭਲੀ ਪ੍ਰਕਾਰ ਜਾਣਦੇ ਹਨ। ਉਨ੍ਹਾਂ ਦੇ ਪੁੱਛਣ ਦਾ ਭਾਵ ਹੁੰਦਾ ਹੈ ਕਿ ਕੀ ਉਤਰ ਦੇਣ ਵਾਲੇ ਵਿਅਕਤੀ ਦਾ ਰੱਬ ਵਿਚ ਭਰੋਸਾ ਹੈ ਜਾਂ ਨਹੀਂ। ਕੀ ਰੱਬ ਦੁਨੀਆਂ ਘੜਦਾ ਹੈ, ਅਰਦਾਸਾਂ ਸੁਣਦਾ ਹੈ, ਬਖਸ਼ਿਸ਼ਾਂ ਕਰਦਾ ਹੈ ਤੇ ਲੋੜ ਪੈਣ ‘ਤੇ ਮਦਦ ਲਈ ਬਹੁੜਦਾ ਹੈ?

ਲਗਦਾ ਹੈ ਜਿਵੇਂ ਉਹ ਦੂਜਿਆਂ ਦੇ ਮਾਪਦੰਡਾਂ ਰਾਹੀਂ ਆਪਣੇ ਵਿਸ਼ਵਾਸ ਨੂੰ ਹੋਰ ਦ੍ਰਿੜ ਕਰਨਾ ਚਾਹੁੰਦੇ ਹੋਣ, ਜਾਂ ਆਪਣੇ ਪੈਮਾਨੇ ਵਰਤ ਕੇ ਦੂਜਿਆਂ ਨੂੰ ਆਪਣੇ ਵਾਂਗ ਨਿਸ਼ਚੇਵਾਨ ਬਣਾਉਣਾ ਚਾਹੁੰਦੇ ਹੋਣ। ਕੁਝ ਵੀ ਹੋਵੇ, ਜਿਸ ਕਿਸੇ ਨੇ ਗੁਰੂ ਨਾਨਕ ਦਾ ਜਪੁਜੀ ਪੜ੍ਹਿਆ-ਵਿਚਾਰਿਆ ਹੈ, ਉਸ ਦਾ ਇਹੋ ਉਤਰ ਹੋਵੇਗਾ, “ਜੀ ਹਾਂ, ਮੇਰਾ ਜਪੁਜੀ ਸਾਹਿਬ ਦੇ ‘ਰੱਬ’ ਵਿਚ ਪੂਰਾ ਵਿਸ਼ਵਾਸ ਹੈ।” ਉਤਰ ਸੁਣ ਕੇ ਪ੍ਰਸ਼ਨ-ਕਰਤਾ ਹੈਰਾਨ ਹੋ ਕੇ ਪੁੱਛਣਗੇ, “ਇਹ ਜਪੁਜੀ ਸਾਹਿਬ ਦਾ ਰੱਬ ਕੀ ਹੋਇਆ?”
ਜ਼ਾਹਰ ਹੈ, ਅਜਿਹੇ ਪ੍ਰਸ਼ਨ ਪੁੱਛਣ ਵਾਲਿਆਂ ਨੇ ਜਾਂ ਤਾਂ ਜਪੁਜੀ ਪੜ੍ਹਿਆ ਨਹੀਂ ਹੁੰਦਾ, ਜੇ ਪੜ੍ਹਿਆ ਹੁੰਦਾ ਹੈ ਤਾਂ ਉਸ ਨੂੰ ਸਮਝਿਆ ਨਹੀਂ ਹੁੰਦਾ। ਜਿਨ੍ਹਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਹੁੰਦੀ ਹੈ, ਉਹ ‘ਸੁਣੀਐ’ ਤੋਂ ਅਗਾਹਾਂ ‘ਮੰਨੇ’ ਦੀ ਪੌੜੀ ਤੀਕਰ ਨਹੀਂ ਗਏ ਹੁੰਦੇ। ‘ਮੰਨੇ’ ਤੀਕਰ ਪਹੁੰਚਣ ਵਾਲੇ ਵੀ ਇਸ ਸ਼ਬਦ ਦਾ ਅਰਥ ‘ਭਰੋਸਾ ਕਰ ਕੇ ਮੰਨ ਲੈਣਾ’ ਹੀ ਕਰਦੇ ਹਨ।
ਬਿਨਾ ਸ਼ੱਕ ਜਪੁਜੀ ਸਾਹਿਬ ਸਿੱਖਾਂ ਵਿਚ ਸਭ ਤੋਂ ਵਧ ਪੜ੍ਹੀ ਜਾਣ ਵਾਲੀ ਬਾਣੀ ਹੈ ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਬਹੁਤੇ ਲੋਕ ਇਸ ਨੂੰ ਕੇਵਲ ਨਿਤਨੇਮ ਵਜੋਂ ਹੀ ਪੜ੍ਹਦੇ ਹਨ। ਇਸੇ ਕਰਕੇ ਸੰਸਾਰ ਭਰ ਦੇ ਧਰਮ-ਦਰਸ਼ਨਾਂ ਤੇ ਫਿਲਾਸਫੀਆਂ ਨੂੰ ਅੱਗੇ ਲਾਉਣ ਵਾਲੀ ਜਪੁਜੀ ਦੀ ਸਿੱਖੀ ਵਿਚਾਰਧਾਰਾ ਅੱਜ ਸਿਰਫ ਪੂਜਾ-ਪਾਠ ਦਾ ਸਾਧਨ ਬਣੀ ਹੋਈ ਹੈ। ਹੈਰਾਨੀ ਹੈ ਕਿ ਜਿਸ ਬਾਣੀ ਵਿਚ ਸਮੁੱਚੇ ਵਿਸ਼ਵ-ਗਿਆਨ ਦਾ ਮਾਰਗ ਦਰਸ਼ਨ ਹੈ, ਉਸ ਨੂੰ ਕਈ ਭਰਮ-ਭੁਲੇਖਿਆਂ ਕਾਰਨ ‘ਵਿਦਿਆ ਵਿਖਮੁ ਵੀਚਾਰੁ’ ਸਮਝ ਕੇ ਵਿਚਾਰਨ ਦਾ ਉਪਰਾਲਾ ਹੀ ਨਹੀਂ ਕੀਤਾ ਜਾਂਦਾ!
ਅੱਗੇ ਗੱਲ ਕਰਨ ਤੋਂ ਪਹਿਲਾਂ ਕਈ ਸੰਕਲਪ ਜਿਵੇਂ ਮਾਰਗ, ਭਗਤੀ, ਗਿਆਨ, ਸੱਤਿ, ਧਿਆਨੁ, ਨਾਮੁ, ਹੁਕਮ, ਗੁਰ, ੴ , ਵਡਿਆਈ, ਹਉਮੈ, ਖੰਡੁ, ਨਦਰਿ, ਸਚ ਖੰਡੁ ਤੇ ਮੁਕਤੀ ਸਪਸ਼ਟ ਕਰਨੇ ਜਰੂਰੀ ਬਣਦੇ ਹਨ। ਠੀਕ ਹੋਵੇਗਾ ਜੇ ਪਹਿਲਾਂ ਮਾਰਗ, ਭਗਤੀ ਤੇ ਗਿਆਨ ਦੀਆਂ ਮੁਢਲੀਆਂ ਧਾਰਨਾਵਾਂ ਨੂੰ ਵਿਚਾਰੀਏ। ਪੁਰਾਤਨ ਭਾਰਤੀ ਗ੍ਰੰਥਾਂ ਵਿਚ ‘ਮਾਰਗ’ ਸ਼ਬਦ ਦੀ ਕਾਫੀ ਚਰਚਾ ਮਿਲਦੀ ਹੈ ਤੇ ਗੁਰਬਾਣੀ ਵਿਚ ਵੀ ਇਹ ਕਈ ਵਾਰ ਵਰਤੋਂ ਵਿਚ ਆਇਆ ਹੈ। ਗੁਰਬਾਣੀ ਵਿਚ ਭਗਤੀ ਤੇ ਗਿਆਨ ਮਾਰਗ ਦੀ ਗੱਲ ਇਕ ਦੂਜੇ ਦੇ ਸੰਦਰਭ ਵਿਚ ਚਲਦੀ ਹੈ। ਪਰ ਸਮੱਸਿਆ ਇਹ ਹੈ, ਅਜਿਹੇ ਸ਼ਬਦਾਂ ਦੇ ਜੋ ਅਰਥ ਲੈ ਕੇ ਫਿਲਾਸਫਰ ਲੋਕ ਆਪਣਾ ਸੰਵਾਦ ਚਲਾਉਂਦੇ ਹਨ, ਉਹ ਸਾਧਾਰਨ ਵਿਦਵਾਨਾਂ, ਪ੍ਰਚਾਰਕਾਂ ਤੇ ਆਮ ਲੋਕਾਂ ਤੀਕਰ ਪਹੁੰਚਦਿਆਂ ਅਤਿ ਸੌਖਾ ਰੂਪ ਧਾਰਨ ਕਰਕੇ ਨਵੇਂ ਅਰਥਾਂ ਨਾਲ ਜੁੜ ਜਾਂਦੇ ਹਨ। ਇਕੋ ਵੇਲੇ ਇਕ ਸ਼ਬਦ ਦੇ ਕਈ ਕਈ ਸੰਕਲਪ ਘੁੰਮਦੇ ਹੋਣ ਕਾਰਨ ਗਿਆਨ ਦੀ ਕੋਈ ਵੀ ਗੱਲ ਹਿਸਾਬੀ ਢੰਗ ਨਾਲ ਅੱਗੇ ਨਹੀਂ ਚਲਦੀ। ਫਿਰ ਸਵਾਲ ਉਠਦਾ ਹੈ ਕਿ ਇਨ੍ਹਾਂ ਮਾਰਗਾਂ ਦਾ ਅਰਥ ਕੀ ਹੈ? ਭਾਵ ਇਹ ਕਿਸ ਮੰਜ਼ਿਲ ਦੇ ਮਾਰਗ ਹਨ ਤੇ ਕਾਹਦੇ ਲਈ ਕਲਪੇ ਗਏ ਹਨ?
ਸਪਸ਼ਟ ਤੌਰ ‘ਤੇ ਮਾਰਗ ਦਾ ਅਰਥ ਰਸਤਾ ਹੈ। ਇਹ ਇਸ ਲਈ ਕਿ ਮਨੁੱਖ ਦਾ ਮੂਲ ਮਸਲਾ ਬ੍ਰਹਿਮੰਡ ਤੇ ਬ੍ਰਹਿਮੰਡ ਰਚਨਾ ਦੇ ਭੇਦ ਜਾਣਨ ਦਾ ਹੈ। ਜਿਸ ਢੰਗ ਨਾਲ ਇਹ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਉਸ ਨੂੰ ਮਾਰਗ ਕਹਿੰਦੇ ਹਨ। ਇਸ ਲਈ ਇਹ ਮਾਰਗ ਕੋਈ ਪਗਡੰਡੀਆਂ, ਬੀਹੀਆਂ, ਪੌੜੀਆਂ ਤੇ ਸੜਕਾਂ ਜਿਹੇ ਕਿਤੇ ਚਲ ਕੇ ਪਹੁੰਚਣ ਵਾਲੇ ਰਾਹ ਨਹੀਂ। ਇਹ ਰਾਹ ਜਾਣਕਾਰੀ ਨਾਲ ਸਬੰਧਤ ਸੋਚ ਸਮਝ ਤੇ ਖੋਜ ਦੇ ਢੰਗ ਤਰੀਕੇ ਹਨ। ਇਨ੍ਹਾਂ ਨੂੰ ਅਪਨਾ ਕੇ ਬੁੱਧੀਮਾਨ ਲੋਕ ਗਿਆਨ ਦੀਆਂ ਗੁੱਥੀਆਂ ਸੁਲਝਾਉਂਦੇ ਹਨ। ਗਿਆਨ ਪਿੱਛੇ ਨਾ ਜਾਣ ਦਾ ਵੀ ਇਕ ਰਾਹ ਹੈ। ਇਸ ‘ਤੇ ਪੈ ਕੇ ਬਹੁਤੇ ਵਿਅਕਤੀ ਬੌਧਿਕ ਵਿਕਾਸ ਵੱਲ ਤੁਰਨ ਦੀ ਥਾਂ ਵਿਸ਼ਵਾਸ ਦੇ ਰਸਤੇ ਚਲ ਪੈਂਦੇ ਹਨ। ਉਹ ਬਿਨਾ ਵਿਵੇਕ ਤੇ ਬੁੱਧੀ ਦਾ ਇਸਤੇਮਾਲ ਕੀਤਿਆਂ, ਆਪਣੇ ਯਕੀਨ ਰਾਹੀਂ ਹੀ ਬ੍ਰਹਮ ਗਿਆਨ ਦਾ ਪੂਰਾ ਲਾਭ ਤੇ ਨਜ਼ਾਰਾ ਲੈਣ ਦੀ ਕਲਪਨਾ ਕਰਦੇ ਹਨ। ਬੌਧਿਕ ਜਾਣਕਾਰੀ ਜਾਂ ਬੌਧਿਕ ਸੰਤੁਸ਼ਟੀ ਲਈ ਅਪਨਾਏ ਇਨ੍ਹਾਂ ਢੰਗ ਤਰੀਕਿਆਂ ਨੂੰ ਸਿੱਖੀ ਵਿਚ ਪਥ ਜਾਂ ਪੰਥ, ਅੰਗਰੇਜ਼ੀ ਵਿਚ ਪਾਥ (ਫਅਟਹ) ਤੇ ਵਿਗਿਆਨ ਵਿਚ ਐਪਰੋਚ ਜਾਂ ਮੈਥੱਡ (Aਪਪਰੋਅਚਹ ੋਰ ੰeਟਹੋਦ) ਕਹਿੰਦੇ ਹਨ।
ਮਾਰਗ ਸ਼ਬਦ ਦੇ ਅਰਥ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ, ਕਲਪਨਾ ਕਰਨ ਦੀ ਥਾਂ ਜਰਾ ਗਿਆਨ ਇੰਦਰੀਆਂ ਖੋਲ੍ਹ ਕੇ ਵੇਖੋ ਤੇ ਅਨੁਭਵ ਕਰੋ! ਮਨੁੱਖ ਦੇ ਆਲੇ-ਦੁਆਲੇ ਇਹ ਜੋ ਵਿਰਾਟ ਸ੍ਰਿਸ਼ਟੀ ਵਿਛੀ ਪਈ ਹੈ, ਇਹ ਕੀ ਹੈ? ਇਹ ਅਥਾਹ ਕਾਇਨਾਤ ਇੱਥੇ ਕਿਉਂ ਟਿਕੀ ਹੈ ਤੇ ਇਸ ਨੂੰ ਇੱਥੇ ਕੌਣ ਬਣਾ ਕੇ ਰੱਖ ਗਿਆ ਹੈ? ਇਸ ਵਿਚ ਵਿਭਿੰਨ ਪ੍ਰਕਾਰ ਦੀ ਵਨਸਪਤੀ ਤੇ ਜੀਵ ਜੰਤੂ ਪੈਦਾ ਹੁੰਦੇ ਹਨ ਜੋ ਆਪਣੀ ਉਮਰ ਭੋਗ ਕੇ ਖਤਮ ਹੋ ਜਾਂਦੇ ਹਨ। ਇਨ੍ਹਾਂ ਅਨੰਤ ਵਰਤਾਰਿਆਂ ਦਾ ਕੀ ਰਾਜ਼ ਹੈ? ਇਹ ਕਿਵੇਂ ਚੱਲ ਰਹੇ ਹਨ ਤੇ ਇਨ੍ਹਾਂ ਨੂੰ ਕੌਣ ਚਲਾ ਰਿਹਾ ਹੈ? ਭਾਵ ‘ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ’ ਦਾ ਮੁੱਖ ਪਾਤਰ ਕੌਣ ਹੈ? ਤੇ ਫਿਰ ਮਨੁੱਖ ਕੀ ਹੈ ਤੇ ਕਿਸ ਕਾਰਨ ਇੱਥੇ ਆਇਆ ਹੈ?
ਇਨ੍ਹਾਂ ਸਭ ਅਤੇ ਅਜਿਹੇ ਲੱਖਾਂ ਹੋਰ ਮੂੰਹ ਅੱਡੀ ਖੜ੍ਹੇ ਪ੍ਰਸ਼ਨਾਂ ਦਾ ਸਬੰਧ ਮਨੁੱਖ ਤੇ ਮਨੁੱਖ ਦੇ ਆਲੇ-ਦੁਆਲੇ ਦੀ ਭੂਤਕਾਲੀ, ਵਰਤਮਾਨੀ ਤੇ ਭਵਿੱਖੀ ਜਾਣਕਾਰੀ ਨਾਲ ਹੈ। ਇਨ੍ਹਾਂ ਸਵਾਲਾਂ ਦਾ ਮੁੱਖ ਮਨੋਰਥ ਜੀਵ ਉਤਪਤੀ ਸਮੇਤ ਇਸ ਸੰਸਾਰ ਦੀ ਹੋਂਦ ਤੇ ਪ੍ਰਚਲਨ ਕ੍ਰਿਆ ਨੂੰ ਵਿਭਿੰਨ ਪਹਿਲੂਆਂ ਤੋਂ ਜਾਣਨ ਦਾ ਹੈ। ਹੁਣ ਜ਼ਰਾ ਸੋਚੋ, ਕੀ ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਬਾਰੇ ਕੋਈ ਸਾਰਥਕ ਜਾਣਕਾਰੀ ਹੈ? ਜੇ ਨਹੀਂ ਤਾਂ ਕੀ ਕਦੇ ਆਪ ਕੋਈ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਹੈ? ਜੇ ਨਹੀਂ ਕੀਤਾ ਤਾਂ ਕੀ ਅਜਿਹਾ ਕਰਨ ਦੇ ਵਿਧੀਵਤ ਢੰਗ ਦਾ ਪਤਾ ਹੈ? ਜੇ ਇਸ ਦਾ ਵੀ ਪਤਾ ਨਹੀਂ ਤਾਂ ਹਾਲੇ ਤੁਸੀਂ ਇਸ ਪਾਸੇ ਚੱਲੇ ਹੀ ਨਹੀਂ! ਯਾਦ ਰਹੇ, ਇਸ ਪਾਸੇ ਦੀ ਜਾਣਕਾਰੀ ਹਾਸਲ ਕਰਨ ਦੇ ਚਾਹਵਾਨਾਂ ਲਈ ਖੋਜ ਵਿਧੀਆਂ ਨਾਲ ਲੈਸ ਗਿਆਨ ਦਾ ਮਾਰਗ ਹੈ। ਜਾਣਕਾਰੀ ਹਾਸਲ ਕੀਤੇ ਬਿਨਾ ਦੂਰੋਂ ਹੀ ਕਿਸੇ ਯਕੀਨ ਵਸ ਮੱਥਾ ਨੀਵਾਂ ਕਰ ਲੈਣ ਵਾਲਿਆਂ ਲਈ ਅਰਦਾਸਾਂ ਤੇ ਅਰਜੋਈਆਂ ਵਾਲਾ ਭਗਤੀ ਮਾਰਗ ਹਾਜ਼ਰ ਹੈ। ਹੁਣ ਦੱਸੋ, ਤੁਸੀਂ ਕਿਸ ਮਾਰਗ ‘ਤੇ ਉਂਗਲੀ ਧਰਦੇ ਹੋ?
ਜੋ ਗਿਆਨ ਮਾਰਗ ਨੂੰ ਅਪਨਾਉਣਾ ਸਾਰਥਕ ਮੰਨਦੇ ਹਨ, ਉਹ ਇਹ ਵੀ ਸੋਚ ਲੈਣ ਕਿ ਇਹ ਰਾਹ ਇੰਨਾ ਸੌਖਾ ਨਹੀਂ, ਜਿੰਨਾ ਸਮਝਿਆ ਜਾਂਦਾ ਹੈ। ਸੰਸਾਰ ਵਿਚ ਉਪਜੇ ਸਭ ਪਸੂ-ਪੰਛੀ ਤੇ ਜੀਵ ਬੁੱਧੀਹੀਣ ਜਾਂ ਅਲਪ-ਬੁੱਧੀ ਹਨ। ਆਪਣੇ ਆਲੇ-ਦੁਆਲੇ ਦੀ ਅਨੁਭਵੀ ਚੇਤਨਾ ਤੇ ਚਿੰਤਨਮਈ ਬੁੱਧੀ ਕੇਵਲ ਮਨੁੱਖ ਕੋਲ ਹੈ। ਇਸ ਲਈ ਬ੍ਰਹਿਮੰਡ ਅਤੇ ਇਸ ਦੇ ਭੇਦਾਂ ਦੀ ਖੋਜ ਇਸ ਸੰਸਾਰ ਵਿਚ ਮਨੁੱਖ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ।
ਗੁਰੂ ਨਾਨਕ ਨੇ ਕਿਹਾ ਹੈ, ‘ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥’ ਇਸ ਵਾਕ ਅਨੁਸਾਰ ਮਨੁੱਖ ਕੋਲ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਨਾ ਬਹੁਤੀ ਸੋਝੀ ਹੈ ਤੇ ਨਾ ਜਾਣਕਾਰੀ। ਮੀਲ-ਦੋ ਮੀਲ ਤੋਂ ਅਗਾਹਾਂ ਇਹ ਦੇਖ ਨਹੀਂ ਸਕਦਾ, ਹਨੇਰੇ ਵਿਚ ਇਸ ਦੀ ਨਿਗ੍ਹਾ ਕੰਮ ਨਹੀਂ ਕਰਦੀ, ਆਪਣੇ ਸਿਰ ਦੀ ਗਿੱਚੀ ਇਸ ਨੂੰ ਨਜ਼ਰ ਨਹੀਂ ਆਉਂਦੀ, ਆਪਣੇ ਹੀ ਸਰੀਰ ਦੇ ਅੰਦਰੂਨੀ ਅੰਗਾਂ ਦੇ ਕਦੇ ਇਸ ਨੇ ਦਰਸ਼ਨ ਨਹੀਂ ਕੀਤੇ, ਕੀੜੀ ਤੋਂ ਨਿੱਕੀ ਕੋਈ ਚੀਜ਼ ਵੇਖਣ ਦੀ ਇਸ ਕੋਲ ਨਿਗ੍ਹਾ ਨਹੀਂ, ਹਥੇਲੀ ‘ਤੇ ਪਏ ਅਰਬਾਂ-ਖਰਬਾਂ ਅਣੂਆਂ (ੰੋਲeਚੁਲeਸ) ਵਿਚੋਂ ਕਿਸੇ ਇਕ ਨੂੰ ਕਦੇ ਇਸ ਨੇ ਵੇਖਿਆ ਨਹੀਂ, ਵੀਹ-ਤੀਹ ਮੀਲ ਤੋਂ ਵਧੇਰੇ ਇਹ ਦਿਨ ਵਿਚ ਚਲ ਨਹੀਂ ਸਕਦਾ ਅਤੇ ਪੰਜ-ਸੱਤ ਫੁੱਟ ਤੋਂ ਉਚੀ ਛਾਲ ਨਹੀਂ ਮਾਰ ਸਕਦਾ। ਇਸ ਤੋਂ ਇਲਾਵਾ ਸੌ ਸਾਲ ਤੋਂ ਵੱਧ ਇਸ ਦੀ ਉਮਰ ਨਹੀਂ, ਜਿਸ ਦਾ ਵਧੇਰੇ ਭਾਗ ਬਚਪਨ, ਬੁਢਾਪੇ, ਨੀਂਦ, ਬਿਮਾਰੀ ਤੇ ਦਿਨ-ਚਰਿਆ ਵਿਚ ਗੁਜ਼ਰ ਜਾਂਦਾ ਹੈ।
ਹੋਰ ਤਾਂ ਹੋਰ, ਅਤਿ-ਸੂਖਮ ਖੋਜ ਕਾਰਜਾਂ ਲਈ ਲੋੜੀਂਦਾ ਇਸ ਦਾ ਨਿਰਪੱਖ ਨਜ਼ਰੀਆ ਨਹੀਂ, ਸਵਾਰਥ ਤੋਂ ਉਪਰ ਉਠ ਕੇ ਨੀਝ ਨਾਲ ਵੇਖਣ ਵਾਲੀ ਇਸ ਕੋਲ ‘ਨਦਰੁ’ ਨਹੀਂ; ਸ੍ਰਿਸਟੀ ਦੀ ਰਚਨਾ ਦਾ ਇਹ ਚਸ਼ਮਦੀਦ ਗਵਾਹ ਨਹੀਂ; ਚਾਰ-ਪੰਜ ਹਜ਼ਾਰ ਸਾਲ ਤੋਂ ਪਹਿਲਾਂ ਦਾ ਇਸ ਕੋਲ ਕੋਈ ਸਬੂਤ ਨਹੀਂ ਤੇ ਬ੍ਰਹਿਮੰਡ ਨਿਰਮਾਣ ਦਾ ਇਸ ਕੋਲ ਕੋਈ ਚਸ਼ਮਦੀਦ ਗਵਾਹ ਨਹੀਂ। ਗੱਲ ਕੀ, ਰੌਸ਼ਨੀ ਹੁੰਦਿਆਂ ਵੀ ਇਸ ਦੇ ਚਾਰੇ ਪਾਸੇ ਮੁਕੰਮਲ ਅੰਧਕਾਰ ਹੈ। ਇੰਨੇ ਸੀਮਤ ਸਾਧਨਾਂ ਤੇ ਸ਼ਕਤੀਆਂ ਨਾਲ ਇਸ ਲਈ ਇਸ ਵਿਸ਼ਾਲ ਸ੍ਰਿਸ਼ਟੀ ਦਾ ਗਿਆਨ ਹਾਸਲ ਕਰਨਾ ਜੇ ਅਸੰਭਵ ਨਹੀਂ ਤਾਂ ਅਤਿ-ਕਠਿਨ ਜਰੂਰ ਹੈ।
ਫਿਰ ਵੀ ਆਪਣੀ ਬੌਧਿਕ ਭੁੱਖ ਮਿਟਾਉਣ ਲਈ ਮਨੁੱਖ ਸਦੀਆਂ ਤੋਂ ਇਸ ਅੰਧਕਾਰ ਨਾਲ ਜੂਝਦਾ ਰਿਹਾ ਹੈ। ਮੁੱਢ ਵਿਚ ਕਦੇ ਕਦਾਈਂ ਕੋਈ ਜਾਣਕਾਰੀ ਮਿਲਦੀ ਰਹੀ। ਪਰ ਸਦੀਆਂ ਦੇ ਪਹਾੜ ਜਿੱਡੇ ਲੰਮੇ ਯੁਗਾਂ ਵਿਚ ਅੱਗ ਬਾਲਣ, ਪਸੂ ਪਾਲਣ, ਖੇਤੀਬਾੜੀ ਕਰਨ, ਮਾਮੂਲੀ ਤਾਰਾ ਵਿਗਿਆਨ ਤੇ ਮਿੱਟੀ ਦੇ ਭਾਂਡੇ ਬਣਾਉਣ ਆਦਿ ਤੋਂ ਬਿਨਾ ਕਦੇ ਕੋਈ ਵੱਡੀ ਪ੍ਰਾਪਤੀ ਉਸ ਦੇ ਹੱਥ ਨਾ ਲੱਗੀ। ਸੋਚ ਪੱਖੋਂ ਵੀ ਉਹ ਬਹੁਤਾ ਕਰ ਕੇ ਕੋਰਾ ਹੀ ਰਿਹਾ। ਜਾਨਵਰਾਂ ਵਾਂਗ ਜੰਗਲਾਂ ਵਿਚ ਰਹਿੰਦਾ ਰਿਹਾ ਤੇ ਕੁਦਰਤ ਦੀ ਹਰ ਸ਼ੈ ਨੂੰ ਕੋਈ ਦੈਵੀ-ਸ਼ਕਤੀ ਕਲਪ ਕੇ ਡਰ ਜਾਂਦਾ ਰਿਹਾ। ਭੈ ਤੇ ਲਾਲਚ ਵਸ ਅਜਿਹੀਆਂ ਸ਼ਕਤੀਆਂ ਨੂੰ ਪੂਜਣ ਦੀ ਮਜਬੂਰੀ ਉਸ ਦੀ ਆਦਤ ਬਣ ਗਈ। ਉਸ ਦੀਆਂ ਇਨ੍ਹਾਂ ਪ੍ਰਵਿਰਤੀਆਂ ਅਰਥਾਤ ਡਰ, ਕਲਪਨਾ ਤੇ ਪੂਜਾ ਪਾਠ ਦੇ ਰੁਝਾਨ ਕਾਰਨ ਹੀ ਮੁਢਲੇ ਧਰਮ ਹੋਂਦ ਵਿਚ ਆਏ।
ਸੰਗਠਤ ਧਰਮ ਉਸ ਵੇਲੇ ਦੀ ਲੋੜ ਸਨ। ਅਲਪ-ਗਿਆਨ ਦੇ ਉਨ੍ਹਾਂ ਸਮਿਆਂ ਵਿਚ ਇਹ ਲੋਕਾਂ ਨੂੰ ਸਮੂਹਕ ਤੌਰ ‘ਤੇ ਢਾਰਸ ਦੇਣ ਦਾ ਕੰਮ ਕਰਦੇ ਸਨ। ਵੱਧ ਤੋਂ ਵੱਧ ਲੋਕਾਂ ਨੂੰ ਸ਼ਰਧਾਲੂ ਬਣਾ ਕੇ ਉਹ ਉਨ੍ਹਾਂ ਲਈ ਸਮਾਜਕ ਪੱਧਰ ‘ਤੇ ਸੁਰੱਖਿਆ ਢਾਲ ਦਾ ਕੰਮ ਕਰਨ ਲੱਗੇ। ਇਸ ਦੇ ਨਾਲ ਹੀ ਇਹ ਲੱਖਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਵੱਡੇ ਪੈਮਾਨੇ ‘ਤੇ ਕੁਦਰਤ ਦੀ ਸ਼ੁਕਰਗੁਜ਼ਾਰੀ ਦਾ ਦਮ ਵੀ ਭਰਦੇ ਰਹੇ। ਕੁਦਰਤੀ ਸ਼ਕਤੀਆਂ ਨੂੰ ਪ੍ਰਸੰਨ ਕਰਕੇ ਮਨੁੱਖਤਾ ਲਈ ਹੋਰ ਰਹਿਮਤਾਂ ਤੇ ਸੁਖ-ਸ਼ਾਂਤੀ ਹਾਸਲ ਕਰਨ ਦੀਆਂ ਅਰਦਾਸਾਂ ਕਰਕੇ ਇਹ ਸੰਸਥਾਵਾਂ ਸ਼ਰਧਾਲੂਆਂ ਦਾ ਦਿਲ ਰੱਖਦੀਆਂ।
ਇਹ ਧਾਰਮਿਕ ਸੰਸਥਾਵਾਂ ਆਪਣੇ ਢੰਗ ਨਾਲ ਆਪਣੇ ਅਨੁਆਈਆਂ ਦਾ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਮਨੋਵਿਗਿਆਨਕ ਸਹਾਰਾ ਦਿੰਦੀਆਂ। ਜੋ ਇਨ੍ਹਾਂ ਨੂੰ ਅਪਨਾਉਂਦਾ, ਉਹ ਲੋਕ-ਪਰਲੋਕ ਦੇ ਦੁਖਾਂ ਤੋ ਮੁਕਤ ਹੋਣ ਦਾ ਭਰਮ ਪਾਲਣ ਲਗਦਾ। ਸਮਾਂ ਪੈਣ ਨਾਲ ਧਾਰਮਿਕ ਸੰਗਠਨਾਂ ਵਿਚ ਸਵਾਰਥੀ ਹਿੱਤ ਪੈਦਾ ਹੋ ਗਏ। ਜਿਉਂ ਜਿਉਂ ਇਹ ਹਿੱਤ ਭਾਰੂ ਹੋਣ ਲੱਗੇ, ਤਿਉਂ ਤਿਉਂ ਧਰਮ ਆਪਣੇ ਪ੍ਰਣਾਏ ਕਾਰਜਾਂ ਤੋਂ ਦੂਰ ਜਾਣ ਲੱਗੇ। ਹੌਲੀ ਹੌਲੀ ਇਹ ਧਰਮ ਭਰਮ-ਭਉ ਉਤੇ ਆਧਾਰਤ ਖੋਖਲੀਆਂ ਰਹੁ-ਰੀਤਾਂ ਦੇ ਧੰਦੇ ਬਣ ਗਏ। ਅੰਧ-ਵਿਸ਼ਵਾਸ, ਭ੍ਰਿਸ਼ਟ ਸੋਚ, ਹੰਕਾਰ ਤੇ ਲੋਭ-ਲਾਲਚ ਦੇ ਵਿਕਾਰਾਂ ਕਾਰਨ ਅਕਸਰ ਧਰਮ ਫਿਰਕਿਆਂ ਵਿਚ ਵੰਡੇ ਜਾਂਦੇ ਤੇ ਫਿਰਕਿਆਂ ਵਿਚਾਲੇ ਖਹਿਬਾਜ਼ੀ ਹੋਣ ਲਗਦੀ। ਇਹ ਖਹਿਬਾਜ਼ੀ ਹੀ ਸਮਾਜਕ ਖਿਚੋਤਾਣ ਦਾ ਕਾਰਨ ਬਣਦੀ ਜੋ ਭਿਆਨਕ ਧਰਮਯੁਧਾਂ ਨੂੰ ਜਨਮ ਦਿੰਦੀ। ਇਸ ਤਰ੍ਹਾਂ ਮਨੁੱਖ ਦਾ ਸੁਚਾਰੂ ਸੋਚ ਵਾਲਾ ਗਿਆਨ-ਪੱਖੀ ਸੰਕਲਪ ਕਮਜ਼ੋਰ ਹੋ ਕੇ ਧਰਮ ਤੇ ਵਿਸ਼ਵਾਸ ਦੇ ਮੱਕੜਜਾਲ ਵਿਚ ਉਲਝਦਾ ਰਿਹਾ।
ਸੋਚ-ਵਿਚਾਰ ਤੇ ਗਿਆਨ ਤੋਂ ਸੱਖਣੇ ਉਪਰੋਕਤ ਸਮੇਂ ਨੂੰ ਅੰਧੇਰਾ ਕਾਲ (ਧਅਰਕ Aਗe) ਕਿਹਾ ਜਾਂਦਾ ਹੈ। ਸਾਧਨਾਂ ਦੀ ਅਣਹੋਂਦ ਤੇ ਅਗਿਆਨ ਦੇ ਪਸਾਰੇ ਕਾਰਨ ਇਹ ਸਮਾਂ ਹਜ਼ਾਰਾਂ ਸਦੀਆਂ ਤੀਕਰ ਲਮਕਦਾ ਆਇਆ। ਭਾਰਤਵਰਸ਼ ਵਿਚ ਤਾਂ ਇਹ ਹਾਲੇ ਵੀ ਖਿੱਚਿਆ ਚਲਿਆ ਆ ਰਿਹਾ ਹੈ। ਅਜੋਕੇ ਸਮੇਂ ਵਿਚ ਜੋ ਕਹਿਣ-ਸੁਣਨ ਯੋਗ ਥੋੜ੍ਹੀ-ਬਹੁਤ ਜਾਣਕਾਰੀ ਆਈ ਹੈ, ਉਹ ਕੁਝ ਕੁ ਸਦੀਆਂ ਪਹਿਲਾਂ ਦੇ ਇਕ ਸੋਚ ਪਲਟੇ ਦੀ ਦੇਣ ਹੈ ਤੇ ਮਨੁੱਖਤਾ ਦੇ ਬੜੇ ਨਿਯਮਬੱਧ ਪਰ ਕਠੋਰ ਯਤਨਾਂ ਕਰਕੇ ਹੋਈ ਹੈ। ਇਸ ਸੋਚ ਪਲਟੇ ਦਾ ਮੁੱਢ ਮੱਧ-ਕਾਲੀਨ ਯੂਰਪ ਵਿਚ ਵਿਦਵਤਾ ਲਹਿਰ (ੰਚਹੋਲਅਸਟਚਿ ੰੋਵeਮeਨਟ) ਨਾਲ ਬੰਨ੍ਹਿਆ ਗਿਆ ਸੀ ਪਰ ਪੂਰਬ ਵਿਚ ਇਸ ਦਾ ਅਰੰਭ ਗੁਰੂ ਨਾਨਕ ਦੇਵ ਨੇ ਇਕ ਸਦੀ ਪਹਿਲਾਂ ਹੀ ਕਰ ਦਿੱਤਾ ਸੀ। ਉਸ ਵੇਲੇ ਦੇ ਭਾਰਤੀ ਸਮਾਜ ਵਿਚ ਹਾਲੇ ਉਸ ਦੇ ਨਿਵੇਕਲੇ ਤੇ ਨਿੱਗਰ ਵਿਚਾਰਾਂ ਨੂੰ ਪਰਖਣ ਅਤੇ ਅਪਨਾਉਣ ਦੀ ਸੋਝੀ ਪੈਦਾ ਨਹੀਂ ਸੀ ਹੋਈ। ਇਸ ਲਈ ਸਮੇਂ ਤੋਂ ਪਹਿਲਾਂ ਉਪਜੀ ਉਸ ਦੀ ਸਿੱਖੀ ਵਿਚਾਰਧਾਰਾ ਦਾ ਵਿਗਿਆਨਕ ਪਰਿਪੇਖ ਲੋਕਾਂ ਦੇ ਪੱਲੇ ਨਾ ਪਿਆ। ਉਨ੍ਹਾਂ ਨੇ ਇਸ ਨੂੰ ਦੂਜੇ ਧਰਮਾਂ ਜਿਹਾ ਹੀ ਇਕ ਹੋਰ ਧਰਮ ਸਮਝ ਕੇ ਗਲੇ ਲਾ ਲਿਆ ਤੇ ਦੂਜਿਆਂ ਵਾਂਗ ਹੀ ਇਸ ਨੂੰ ਪੂਜਾ-ਦਾਨ ਦਾ ਸਾਧਨ ਬਣਾ ਲਿਆ। ਪੁਰਾਣੇ ਸਮਿਆਂ ਤੋਂ ਚਲਦੇ ਆ ਰਹੇ ਡਰ, ਵਿਸ਼ਵਾਸ ਤੇ ਭਰਮ-ਭੁਲੇਖਿਆਂ ਦੀਆਂ ਮੁਲੰਮਿਆਂ ਵਾਂਗ ਜੰਮੀਆਂ ਪੀਡੀਆਂ ਪਰਤਾਂ ਕਾਰਨ ਸਿੱਖ ਜਗਤ ਹਾਲੇ ਗੁਰੂ ਸਾਹਿਬ ਦੀ ਨਿਵੇਕਲੀ ਸਿਖਿਆ ਪ੍ਰਤੀ ਸੁਚੇਤ ਨਹੀਂ ਹੋਇਆ ਹੈ। ਵਿਗਿਆਨਕ ਸੋਝੀ ਇਨ੍ਹਾਂ ਪਰਤਾਂ ਨੂੰ ਖੁਰਚਣ ਦਾ ਕਾਰਜ ਕਰ ਤਾਂ ਰਹੀ ਹੈ ਪਰ ਇਸ ਦੀ ਗਤੀ ਬੜੀ ਢਿੱਲ੍ਹੀ ਹੈ।
ਸੋ, ਮਨੁੱਖੀ ਇਤਿਹਾਸ ਵਿਚ ਵਿਸ਼ਵਾਸ ਤੇ ਗਿਆਨ ਦੇ ਦੋ ਰਾਹ ਹੀ ਪ੍ਰਭਾਵੀ ਰਹੇ ਹਨ। ਰਾਹ ਭਾਵੇਂ ਹੋਰ ਵੀ ਕਈ ਦੱਸੇ ਜਾਂਦੇ ਹਨ ਪਰ ਉਹ ਮੌਜੂਦਾ ਪ੍ਰਸੰਗ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦੇ। ਜਿਵੇਂ ਉਤੇ ਵਰਣਨ ਕੀਤਾ ਗਿਆ ਹੈ, ਗਿਆਨ ਦਾ ਰਸਤਾ ਖੋਜ ਤੇ ਜਾਣਕਾਰੀ ਦਾ ਰਾਹ ਹੈ। ਬੌਧਿਕ ਵਿਕਾਸ ਨਾਲ ਜੁੜਿਆ ਹੋਣ ਕਰਕੇ ਇਹ ਰਸਤਾ ਲੰਮਾ, ਔਖਾ ਤੇ ਅਨਿਸ਼ਚਿਤ ਹੈ। ਇਸ ਦੇ ਉਲਟ ਵਿਸ਼ਵਾਸ ਦਾ ਰਸਤਾ ਸੌਖਾ, ਸਿੱਧਾ ਤੇ ਨਿਸ਼ਚਿਤ ਹੈ। ਇਹ ਰਸਤਾ ਕੇਵਲ ਕਲਪਨਾ, ਵਿਸ਼ਵਾਸ, ਭਗਤੀ ਤੇ ਵਫਾਦਾਰੀ ਦੇ ਸਹਾਰੇ ਚਲਦਾ ਹੈ। ਇਸ ਵਿਚ ਸੁਖ ਤੇ ਸਮਰਿਧੀ ਜਿਹੇ ਲਾਭ ਮਨੁੱਖੀ ਕਰਮ ਰਾਹੀਂ ਪੈਦਾ ਕਰਨ ਦਾ ਕੋਈ ਸੰਕਲਪ ਨਹੀਂ। ਅਜਿਹੀਆਂ ਸੁਗਾਤਾਂ ਤਾਂ ਇਸ ਮਾਰਗ ਵਾਲੇ ਪੂਜਾ ਅਰਚਨਾ ਜਾਂ ‘ਪੂਰਬਲੇ ਜਨਮ ਦੇ ਕਰਮਾਂ’ ਰਾਹੀਂ ਹੀ ਪ੍ਰਾਪਤ ਕਰ ਲੈਣ ਦੀ ਕਲਪਨਾ ਕਰ ਲੈਂਦੇ ਹਨ। ਵਿਸ਼ਵਾਸ ਤੇ ਭਗਤੀ ਉਨ੍ਹਾਂ ਦੇ ਵਿਸ਼ਵਕਾਰੀ ਔਜ਼ਾਰ ਹਨ। ਇਨ੍ਹਾਂ ਦੀ ਅਤਿ ਸੁਖਾਲੀ ਵਰਤੋਂ ਉਨ੍ਹਾਂ ਨੂੰ ਭਾਉਂਦੀ ਹੈ। ਇਸ ਲਈ ਆਦਿ ਕਾਲ ਤੋਂ ਹੀ ਜਨ ਸਾਧਾਰਣ, ਜੋ ਕਈ ਕਾਰਨਾਂ ਕਰਕੇ ਗਿਆਨ ਦੀ ਖੋਜ ਨਾਲ ਨਹੀਂ ਜੁੜ ਸਕੇ ਜਾਂ ਜੁੜ ਕੇ ਨਹੀਂ ਰਹਿ ਸਕੇ, ਭਗਤੀ ਦੇ ਆਸਾਨ ਰਾਹ ਪੈ ਜਾਂਦੇ ਰਹੇ ਜਾਂ ਪਾ ਦਿੱਤੇ ਜਾਂਦੇ ਰਹੇ।
ਭਗਤੀ ਤੇ ਗਿਆਨ ਧਾਰਾਵਾਂ ਨਾਲ ਜੁੜੇ ਲੋਕਾਂ ਵਿਚ ਇਹ ਚਰਚਾ ਆਮ ਚਲਦੀ ਰਹਿੰਦੀ ਹੈ ਕਿ ਕਿਹੜੀ ਧਾਰਾ ਦੂਜੀ ਨਾਲੋਂ ਵਧੇਰੇ ਅਹਿਮ ਹੈ। ਦੋਵੇਂ ਮਾਰਗਾਂ ਦੇ ਅਨੁਆਈ ਆਪਣੀ ਆਪਣੀ ਧਾਰਾ ਨੂੰ ਮੂਲ ਪ੍ਰਕ੍ਰਿਤੀ ਦੀ ਦੱਸ ਕੇ ਵੱਧ ਲਾਭਕਾਰੀ ਸਮਝਦੇ ਹਨ। ਭਾਰਤੀ ਸਮਾਜ ਪ੍ਰਾਚੀਨ ਕਾਲ ਤੋਂ ਹੀ ਇਸ ਦੁਬਿਧਾ ਨਾਲ ਜੂਝਦਾ ਆ ਰਿਹਾ ਹੈ ਤੇ ਅੱਜ ਵੀ ਵਧੇਰੇ ਦੇਸ਼ ਵਾਸੀ ਅਜਿਹੇ ਹੀ ਨਿਰਮੂਲ ਵਿਵਾਦਾਂ ਵਿਚ ਫਸੇ ਹੋਏ ਹਨ।
(ਚਲਦਾ)