‘ਪੰਜਾਬ ਟਾਈਮਜ਼’ ਦੇ 30 ਦਸੰਬਰ 2017 ਦੇ ਅੰਕ ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਪ੍ਰੋਫੈਸਰ ਬਲਕਾਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਭਤਾ ਨੂੰ ‘ਗ੍ਰੰਥ ਤੋਂ ਪੰਥ ਤੱਕ’ ਦੀ ਯਾਤਰਾ ਦੱਸਿਆ ਹੈ। ਗੁਰਬਾਣੀ ਗ੍ਰੰਥ ਅਧਿਆਤਮਕ ਵਿਚਾਰਧਾਰਾ ਦਾ ਸੋਮਾ ਹੈ ਅਤੇ ਪੰਥ ਇੱਕ ਸਮਾਜਕ ਇਕਾਈ। ਅਧਿਆਤਮਕ ਵਿਚਾਰਧਾਰਾ ਅਤੇ ਸਮਾਜ-ਦੋ ਵੱਖਰੀਆਂ ਧਰਾਤਲਾਂ ‘ਤੇ ਵਿਚਰਦੇ ਹਨ। ਇਨ੍ਹਾਂ ਵਿਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ।
ਗੁਰਬਾਣੀ ਅਦਿੱਖ ਪ੍ਰਭੂ ਦਾ ਗਿਆਨ ਹੈ ਅਤੇ ਪੰਥ ਦਿਖਾਈ ਦੇ ਰਹੇ ਪਦਾਰਥਕ ਜਗਤ ਦਾ ਭਾਗ। ਇੱਕ ਨਿਹਚਲ ਕਰਤੇ ਪ੍ਰਭੂ ਅਤੇ ਜੋਤ ਸਰੂਪ ਮਨੁੱਖੀ ਮਨ ਨਾਲ ਸਬੰਧਤ ਵਿਚਾਰਧਾਰਾ ਹੈ ਅਤੇ ਦੂਜਾ ਨਿਰੰਤਰ ਬਦਲ ਰਹੇ ਸਮਾਜ ਦਾ ਅੰਗ। ਸਮਾਜਕ ਸੰਗਠਨ ਸਮਾਜ ਸ਼ਾਸਤਰ ਦਾ ਵਿਸ਼ਾ ਮੰਨਿਆ ਜਾਂਦਾ ਹੈ ਜਦੋਂ ਕਿ ਅਧਿਆਤਮਕ ਗਿਆਨ ਧਾਰਮਿਕ ਵਿਚਾਰਧਾਰਾ ਹੈ।
ਅਧਿਆਤਮਕ ਵਿਚਾਰਧਾਰਾ ਨੂੰ ਸਮਾਜਕ ਇਕਾਈ ਵਿਚ ਬਦਲਣ ਦੀ ਪ੍ਰਕ੍ਰਿਆ ਦਾ ਪ੍ਰੋਫੈਸਰ ਸਾਹਿਬ ਨੇ ਆਪਣੇ ਲੇਖ ਵਿਚ ਕੋਈ ਸਪਸ਼ਟ ਜ਼ਿਕਰ ਨਹੀਂ ਕੀਤਾ ਹੈ। ਇਹ ਮੰਨਣਾ ਤਾਂ ਸੰਭਵ ਨਹੀਂ ਕਿ ਖੰਡੇ ਦੀ ਪਾਹੁਲ ਛਕਣ ਨਾਲ ਸਧਾਰਨ ਮਨੁੱਖਾਂ ਦੇ ਸਮੂਹ ਵਿਚ ਅਧਿਆਤਮਕ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਾਂ ਧਾਰਮਿਕ ਸੋਚ ਬਦਲਣ ਨਾਲ ਲੋਕ ਅਧਿਆਤਮਕ ਗਿਆਨ ਦੇ ਧਾਰਨੀ ਬਣ ਜਾਂਦੇ ਹਨ ਕਿਉਂਕਿ ਗੁਰਬਾਣੀ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਦਾ ਤ੍ਰੈਗੁਣੀ ਸੰਸਾਰ ਨੂੰ ਤਜ ਕੇ ਚੌਥੇ ਪਦ ਵਿਚ ਪ੍ਰਵੇਸ਼ ਕਰਨਾ ਜ਼ਰੂਰੀ ਸਮਝਦੀ ਹੈ। ਗੁਰਬਾਣੀ ਅਨੁਸਾਰ ਤ੍ਰੈਗੁਣੀ ਸੰਸਾਰ ਵਿਚ ਮਾਇਆ ਦਾ ਵਿਆਪਕ ਪ੍ਰਭਾਵ ਅਧਿਆਤਮਕ ਮਾਰਗ ਦੇ ਪਾਂਧੀਆਂ ਲਈ ਭਾਰੀ ਅੜਿੱਕਾ ਹੁੰਦਾ ਹੈ। ਮਾਇਆ ਦੇ ਪ੍ਰਭਾਵ ਕਾਰਨ ਹੀ ਗੁਰਬਾਣੀ ਸੰਸਾਰ ਨੂੰ ਝੂਠਾ, ਭਉਜਲ, ਬਿਖੁ, ਗੁਝੀ ਭਾਹ, ਭਰਮਾਊ, ਅੰਧ ਕੂਪ, ਧੂਏ ਕਾ ਧਵਲਹਰ, ਸਿਵ ਸਕਤੀ ਕਾ ਮੇਲ, ਖੋਟੀ ਰਾਸ, ਕਾਗਦ ਕੋਟ, ਸੁਪਨਾ ਆਦਿ ਆਖਦੀ ਹੈ। ਸੰਸਾਰ ਵਿਚ ਮਾਇਆ ਪ੍ਰਭੂ ਨੇ ਆਪ ਪਾਈ ਹੈ: “ਮਾਇਆ ਮਮਤਾ ਕਰਤੈ ਲਾਈ॥” (ਪੰਨਾ 1261) ਅਤੇ ਸੰਸਾਰ ਜਾਂ ਪੰਥ ਵਿਚੋਂ ਮਾਇਆ ਦੇ ਪ੍ਰਭਾਵ ਨੂੰ ਖਤਮ ਕਰਨ ਦੀ ਯੋਗਤਾ ਮਨੁੱਖ ਵਿਚ ਨਹੀਂ ਹੈ।
ਗੁਰਬਾਣੀ ਤੇ ਸੰਸਾਰ ਨੂੰ ਹੀ ਦੂਜਾ ਆਖਦੀ ਹੈ: “ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥” (ਪੰਨਾ 950) ਅਤੇ “ਜਾ ਤਿਸ ਭਾਣਾ ਤਾ ਜਗਤੁ ਉਪਾਇਆ॥ ਬਾਝ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥14॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੁਹ ਪਰਗਟੀ ਆਇਦਾ॥ (ਪੰਨਾ 1036)। ਗੁਰਬਾਣੀ ਵਿਚ ਸੰਸਾਰਕ ਮਾਇਆ ਦਾ ਸਿਧਾਂਤ ਗੁਰਮਤਿ ਦੀ ਸਮਾਜਕ ਪੰਥ ਵਿਚ ਤਬਦੀਲੀ ਜਾਂ ਗ੍ਰੰਥ ਤੋਂ ਪੰਥ ਤਕ ਦੀ ਯਾਤਰਾ ਦੇ ਸੰਕਲਪ ਨੂੰ ਮੁੱਢੋਂ ਨਕਾਰਦਾ ਹੈ।
ਗੁਰਬਾਣੀ ਵਿਚ ਕਿਸੇ ਸਮਾਜਕ ਸੰਸਥਾ ਜਾਂ ਗੁੱਟ ਦਾ ਜ਼ਿਕਰ ਨਹੀਂ ਮਿਲਦਾ। ਗੁਰਬਾਣੀ ਵਿਚ ਪੰਥ ਸ਼ਬਦ ਮਾਰਗ ਲਈ ਵਰਤਿਆ ਗਿਆ ਹੈ, ਕਿਸੇ ਸਮਾਜਕ ਜਾਂ ਧਾਰਮਿਕ ਗੁੱਟ ਜਾਂ ਸੰਸਥਾ ਲਈ ਨਹੀਂ। ਗੁਰਬਾਣੀ ਤਾਂ ਸੰਬੋਧਤ ਹੀ ਵਿਅਕਤੀ ਨੂੰ ਹੈ, ਕਿਸੇ ਸਮੂਹ ਨੂੰ ਨਹੀਂ।
ਸਿੱਖ ਜਗਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਿਆ ਜਾਂਦਾ ਹੈ ਅਤੇ ਗੁਰਬਾਣੀ ਵਿਚ ਗੁਰੂ ਦੀ ਪਰਿਭਾਸ਼ਾ “ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲੁ ਗਿਆਨੁ॥ (ਪੰਨਾ 147) ਅਤੇ “ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ॥ ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ॥ (ਪੰਨਾ 424) ਹੈ। ਗੁਰੂ ਜੀ ਨਾਲ ਸਬੰਧਤ ਲੇਖ ਵਿਚ ਉਨ੍ਹਾਂ ਦੀ ਗੁਰੂ ਪਦਵੀ ਨੂੰ ਮੁੱਖ ਰੱਖਦਿਆਂ ਗੁਰਬਾਣੀ ਵਿਚ ਦਰਸਾਏ ਗੁਰੂ ਵਾਲੇ ਗੁਣਾਂ ਦਾ ਵਰਣਨ ਹੋਣਾ ਜ਼ਰੂਰੀ ਹੋ ਜਾਂਦਾ ਹੈ, ਨਾ ਕਿ ਦੁਨਿਆਵੀ ਪ੍ਰਾਪਤੀਆਂ ਦਾ।
ਪ੍ਰੋਫੈਸਰ ਸਾਹਿਬ ਨੇ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ॥” (ਪੰਨਾ 966) ਦਾ ਹਵਾਲਾ ਦਿੱਤਾ ਹੈ। ਦਸਮ ਪਾਤਸ਼ਾਹ ਵੀ ਨਾਨਕ ਜੋਤ ਹਨ। ਨਾਨਕ ਜੋਤ ਹੋਣ ਕਾਰਨ ਸਾਰੇ ਗੁਰੂ ਸਾਹਿਬਾਨ ਆਪਣੀ ਰਚੀ ਬਾਣੀ ਨੂੰ ਨਾਨਕ ਬਾਣੀ ਆਖਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਸਾਰੀ ਬਾਣੀ ਨੂੰ ‘ਖਸਮ ਕੀ ਬਾਣੀ।’ ਕਿਸੇ ਗੁਰੂ ਸਾਹਿਬ ਦੀ ਰਚਨਾ, ਜੋ ਨਾਨਕ ਬਾਣੀ ਨਹੀਂ ਹੈ, ਉਸ ਨੂੰ ਗੁਰਬਾਣੀ ਜਾਂ ‘ਖਸਮ ਕੀ ਬਾਣੀ’ ਨਹੀਂ ਆਖਿਆ ਜਾ ਸਕਦਾ।
-ਹਾਕਮ ਸਿੰਘ