ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਡਾ. ਬਖਸ਼ੀਸ਼ ਸਿੰਘ ਨਿੱਜਰ ਦਾ ਜਨਮ ਪਿੰਡ ਡੁਮੇਲੀ ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਸੰਨ 1922 ਵਿਚ ਹੋਇਆ। ਪਿੰਡ ਦੇ ਮਿਡਲ ਸਕੂਲ ਤੋਂ ਅੱਠਵੀਂ ਜਮਾਤ ਪਾਸ ਕਰ ਕੇ ਉਹ ਸੰਨ 1935 ਵਿਚ ਖਾਲਸਾ ਹਾਈ ਸਕੂਲ, ਕਾਲਰਾ ਵਿਖੇ ਦਾਖਲ ਹੋਏ। ਡੁਮੇਲੀ ਤੋਂ ਕਾਲਰਾ ਦੋ ਮੀਲ ਉਤਰ ਦਿਸ਼ਾ ਵਿਚ ਹੈ ਤੇ ਉਹ ਇਹ ਪੈਂਡਾ ਦੌੜ ਕੇ ਪਾਰ ਕਰਦੇ। ਸਿਹਤ ਬਹੁਤ ਚੰਗੀ ਸੀ ਤੇ ਘਰ ਵਿਚ ਦੁੱਧ ਘਿਉ ਵੀ ਖੁਲ੍ਹਾ-ਡੁਲ੍ਹਾ ਸੀ। ਉਸ ਸਮੇਂ ਜੱਟਾਂ ਕੋਲ ਪੈਸੇ ਨਹੀਂ ਸਨ ਹੁੰਦੇ। ਇਕ ਵਾਰ ਉਹ ਸਕੂਲ ਦੀ ਤਿੰਨ ਆਨੇ ਫੀਸ ਵੀ ਨਾ ਦੇ ਸਕੇ ਜਿਸ ਕਾਰਨ ਸਕੂਲ ਟੀਚਰ ਨੇ ਕਿਹਾ ਕਿ ਕੱਲ੍ਹ ਤੋਂ ਫੀਸ ਤੋਂ ਬਿਨਾ ਸਕੂਲ ਨਾ ਆਈਂ। ਉਸ ਨੇ ਆਪਣੇ ਬਾਬਾ ਜੀ ਤੋਂ ਫੀਸ ਦੇ ਪੈਸੇ ਮੰਗੇ ਤਾਂ ਬਾਬੇ ਨੇ ਕਿਹਾ ਕਿ ਕਾਕਾ ਫਸਲ ਵੇਚ ਕੇ ਪੈਸੇ ਹੱਥ ਆਉਣਗੇ।
ਬਖਸ਼ੀਸ਼ ਸਿੰਘ ਸਕੂਲ ਨਾ ਗਏ ਤਾਂ ਸ਼ਾਮ ਨੂੰ ਸਕੂਲ ਦਾ ਪੀ.ਟੀ. ਮਾਸਟਰ ਉਨ੍ਹਾਂ ਦੇ ਘਰ ਆਇਆ ਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਖਸ਼ੀਸ਼ ਅੱਜ ਸਕੂਲ ਨਹੀਂ ਆਇਆ। ਉਸ ਦੇ ਬਾਬਾ ਜੀ ਨੇ ਆਪਣੀ ਮਜਬੂਰੀ ਦੱਸੀ ਤਾਂ ਪੀ.ਟੀ. ਮਾਸਟਰ ਨੇ ਕਿਹਾ ਕਿ ਉਸ ਨੂੰ ਕੱਲ੍ਹ ਨੂੰ ਸਕੂਲ ਭੇਜੋ, ਫੀਸ ਉਹ ਦੇ ਦੇਵੇਗਾ। ਪੀ.ਟੀ. ਮਾਸਟਰ ਨੂੰ ਫਿਕਰ ਸੀ ਕਿ ਬਖਸ਼ੀਸ਼ ਤੋਂ ਬਿਨਾ ਸਕੂਲ ਦੀ ਫੁੱਟਬਾਲ ਟੀਮ ਦਾ ਜਿੱਤਣਾ ਮੁਸ਼ਕਿਲ ਹੈ।
ਐਨੀਆਂ ਤੰਗੀਆਂ ਵਿਚ ਉਨ੍ਹਾਂ ਮੈਟ੍ਰਿਕ ਚੰਗੇ ਨੰਬਰਾਂ ਵਿਚ ਸੰਨ 1937 ਵਿਚ ਪਾਸ ਕੀਤੀ ਅਤੇ ਪਿਤਾ ਤੋਂ 30 ਰੁਪਏ ਲੈ ਕੇ ਸਿੰਗਾਪੁਰ ਚਲੇ ਗਏ। ਦੋ ਕੁ ਸਾਲ ਉਥੇ ਦੋ ਭਾਸ਼ੀਏ ਦਾ ਕੰਮ ਕੀਤਾ, ਫਿਰ ਮਿਲਟਰੀ ਵਿਚ ਭਰਤੀ ਹੋ ਗਏ। ਉਸ ਤੋਂ ਦੋ ਕੁ ਸਾਲ ਬਾਅਦ ਉਹ ਮਿਲਟਰੀ ਤੋਂ ਡਿਸਚਾਰਜ ਲੈ ਕੇ ਆ ਗਏ ਅਤੇ ਜਲੰਧਰ ਦੇ ਕਿਸੇ ਸਕੂਲ ਵਿਚ ਪੀ.ਟੀ. ਮਾਸਟਰ ਲੱਗ ਗਏ। ਉਨ੍ਹਾਂ ਪ੍ਰਾਈਵੇਟ ਬੀ.ਏ. ਅਤੇ ਫਿਰ ਐਮ.ਏ. ਪੰਜਾਬੀ ਤੇ ਹਿਸਟਰੀ ਪਾਸ ਕਰ ਕੇ ਕਸਬਾ ਹਰਿਆਣਾ (ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਮਾਹਲਪੁਰ ਦੇ ਕਾਲਜਾਂ ਵਿਚ ਪੜ੍ਹਾਉਂਦਿਆਂ ਹਿਸਟਰੀ ਦੀ ਪੀਐਚ.ਡੀ. ਕਰ ਲਈ ਅਤੇ ਪੁਰਾਤਤਵ ਵਿਭਾਗ ਪਟਿਆਲਾ ਵਿਚ ਪਹਿਲਾਂ ਸੀਨੀਅਰ ਅਸਿਸਟੈਂਟ ਲੱਗੇ ਤੇ ਫਿਰ ਆਪਣੀ ਯੋਗਤਾ ਨਾਲ ਡਾਇਰੈਕਟਰ, ਪੰਜਾਬ ਸਟੇਟ ਆਰਕਾਈਵਜ਼ ਵਜੋਂ ਸੰਨ 1985 ਵਿਚ ਰਿਟਾਇਰ ਹੋਏ। ਇਸ ਅਹੁਦੇ ‘ਤੇ ਹੁੰਦਿਆਂ ਉਨ੍ਹਾਂ ਦੇਖਿਆ ਸੀ ਕਿ ਹਿਸਟਰੀ ਦੀ ਪੀਐਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਕੁਝ ਬਹੁਤ ਹੀ ਜ਼ਰੂਰੀ ਕਿਤਾਬਾਂ ਕਿਤੋਂ ਵੀ ਨਹੀਂ ਸਨ ਮਿਲਦੀਆਂ। ਉਨ੍ਹਾਂ ਇਸ ਸਬੰਧੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਲਾਲ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਅਗਾਂਹ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਮਨਜ਼ੂਰੀ ਲੈ ਕੇ ਇਹ ਕਿਤਾਬਾਂ ਛਪਵਾਈਆਂ ਅਤੇ ਅੱਜ ਤਕ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫਤਰਾਂ ਤੋਂ ਮਿਲ ਰਹੀਆਂ ਹਨ।
ਡਾ. ਬਖਸ਼ੀਸ਼ ਸਿੰਘ ਨੇ ‘ਹੀਰ ਵਾਰਿਸ ਸ਼ਾਹ’ ਬਾਰੇ ਪੜਚੋਲ ਬਹੁਤ ਮਿਹਨਤ ਨਾਲ ਲਿਖੀ ਤੇ ਛਪਵਾਈ। ਪੁਰਾਤਤਵ ਵਿਭਾਗ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਕੁਝ ਅੰਤਿਮ ਰਿਕਾਰਡ ਨੂੰ ਬਸਤਿਆਂ ਵਿਚ ਪਏ ਨੂੰ ਸਿਉਂਕ ਲੱਗੀ ਹੋਈ ਸੀ। ਇਹ ਰਿਕਾਰਡ ਫਾਰਸੀ ਭਾਸ਼ਾ ਵਿਚ ਸੀ। ਇਸ ਭਾਸ਼ਾ ਤੋਂ ਜਾਣੂ ਵਿਰਲੇ ਹੀ ਬਚੇ ਸਨ ਤਾਂ ਉਨ੍ਹਾਂ ਹੱਥਾਂ ਵਿਚ ਦਸਤਾਨੇ ਪਾ ਕੇ ਸਿਉਂਕ ਝਾੜ ਝਾੜ ਕੇ ਇਹ ਰਿਕਾਰਡ ਸੇਵਾਦਾਰਾਂ ਦੀ ਮਦਦ ਨਾਲ ਸਾਂਭਿਆ। ਇਸ ਰਿਕਾਰਡ ਵਿਚੋਂ ਉਨ੍ਹਾਂ ਬੜੀ ਦਿਲਚਸਪ ਗੱਲ ਲੱਭੀ ਕਿ ਬਰਸਾਤ ਦੇ ਮੌਸਮ ਦੇ ਅੰਬ ਪੱਕਣ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਸਿੰਘ ਕਪੂਰਥਲੇ ਵਾਲੇ ਦੇ ਸੱਦੇ ‘ਤੇ ਭੁੰਗਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਮਿੱਠੇ ਅੰਬ ਚੂਪੇ ਸਨ। ਭੁੰਗਾ ਲਾਗੇ ਦੇ ਕੁਝ ਪਿੰਡ ਕਪੂਰਥਲਾ ਰਿਆਸਤ ਦਾ ਭਾਗ ਸਨ। ਇਸ ਇਲਾਕੇ ਦੇ ਮਿੱਠੇ ਅੰਬਾਂ ਬਾਰੇ ਮਹਾਰਾਜੇ ਨੇ ਉਥੋਂ ਦੇ ਵਸਨੀਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੀ ਮਿੱਟੀ ਦਾ ਇਹ ਗੁਣ ਹੈ। ਮਹਾਰਾਜੇ ਨੇ ਇਕੱਠੇ ਹੋਏ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਮਿੱਟੀ ਦੇ ਗੱਡੇ ਲੱਦ ਕੇ ਲਾਹੌਰ ਪਹੁੰਚਾਓ। ਮਹਾਰਾਜੇ ਨੂੰ ਖੁਸ਼ ਕਰਨ ਲਈ ਇਲਾਕੇ ਦੇ ਕਿਸਾਨਾਂ ਨੇ ਮਿੱਟੀ ਦੇ ਗੱਡੇ ਲੱਦ ਕੇ ਲਾਹੌਰ ਵੱਲ ਚਾਲੇ ਪਾ ਦਿੱਤੇ। ਗੱਡਿਆਂ ਦੀ ਕਤਾਰ ਐਨੀ ਲੰਮੀ ਲੱਗੀ ਕਿ ਮੂਹਰਲਾ ਗੱਡਾ ਲਾਹੌਰ ਤੇ ਆਖਰੀ ਗੱਡਾ ਅਜੇ ਭੁੰਗੇ ਹੀ ਸੀ।
ਡਾ. ਬਖਸ਼ੀਸ਼ ਸਿੰਘ ਨੇ ਕੈਨੇਡਾ ਅਤੇ ਅਮਰੀਕਾ ਵਸਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਤੋਂ ਦੋ ਕਰੋੜ ਰੁਪਇਆ ਇਕੱਠਾ ਕਰ ਕੇ ਡੁਮੇਲੀ ਵਿਖੇ ਹਸਪਤਾਲ ਬਣਵਾਇਆ। ਮੈਂ ਉਨ੍ਹੀਂ ਦਿਨੀਂ ਪਿੰਡ ਗਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਮਿਲਣ ਗਿਆ ਤਾਂ ਕਹਿਣ ਲੱਗੇ, “ਰਾਣਾ ਸਾਹਿਬ, ਬਾਹਰ ਬੋਰਡ ‘ਤੇ ਆਪਣਾ ਨਾਂ ਵੇਖ ਲਓ।” ਮੈਂ ਕਿਹਾ, “ਛੱਡੋ ਜੀ ਕੀ ਵੇਖਣਾ ਹੈ ਆਪਣਾ ਨਾਂ।” ਮੇਰੀ ਬਾਂਹ ਫੜ੍ਹ ਕੇ ਮੈਨੂੰ ਬੋਰਡ ਕੋਲ ਲੈ ਗਏ ਤੇ ਉਂਗਲੀ ਰੱਖ ਕੇ ਮੈਨੂੰ ਮੇਰਾ ਨਾਂ ਦਿਖਾਇਆ। ਮੈਂ ਹੈਰਾਨ ਹੋ ਗਿਆ ਕਿ ਮੇਰੇ ਨਾਂ ਅੱਗੇ ਇਕ ਲੱਖ ਰੁਪਏ ਲਿਖਿਆ ਹੋਇਆ ਸੀ। ਮੈਂ ਕਿਹਾ, “ਨਿੱਜਰ ਸਾਹਿਬ, ਪੈਸੇ ਇਕੱਠੇ ਕਰਨੇ ਕੋਈ ਤੁਹਾਥੋਂ ਸਿੱਖੇ।” ਅਗਲੇ ਦਿਨ ਮੈਂ ਪੰਜਾਹ ਹਜ਼ਾਰ ਦਾ ਚੈੱਕ ਉਨ੍ਹਾਂ ਨੂੰ ਦੇ ਕੇ ਆਇਆ।
ਉਨ੍ਹਾਂ ਇਤਿਹਾਸ ਦੀਆਂ ਹੇਠ ਲਿਖੀਆਂ ਪੁਸਤਕਾਂ ਲਿਖੀਆਂ:
1. ਪੰਜਾਬ ਅੰਡਰ ਦਿ ਗਰੇਟ ਮੁਗਲਜ਼ (ਅੰਗਰੇਜ਼ੀ ਵਿਚ)
2. ਪੰਜਾਬ ਅੰਡਰ ਦਿ ਸੁਲਤਾਨਜ਼: ਸੰਨ 1000 ਤੋਂ 1526 ਤਕ (ਅੰਗਰੇਜ਼ੀ ਵਿਚ)
3. ਪੰਜਾਬ ਅੰਡਰ ਦਿ ਬ੍ਰਿਟਿਸ਼ ਰੂਲ: 1849 ਤੋਂ 1947 ਤਕ (ਅੰਗਰੇਜ਼ੀ ਵਿਚ)
4. ਮਹਾਰਾਣੀ ਜਿੰਦਾਂ
5. ਹੀਰ ਵਾਰਿਸ ਸ਼ਾਹ ਵਿਸਥਾਰ ਅਤੇ ਪੜਚੋਲ
6. ਬੱਬਰ ਅਕਾਲੀ ਲਹਿਰ ਦਾ ਇਤਿਹਾਸ
ਹੀਰ ਵਾਰਿਸ ਸ਼ਾਹ ਵਿਚ ਉਨ੍ਹਾਂ ਜਾਤਾਂ ਦਾ ਜ਼ਿਕਰ ਕਰਦਿਆਂ ਵਖ ਵਖ ਜਾਤਾਂ ਦੀਆਂ ਔਰਤਾਂ ਦੀਆਂ ਆਦਤਾਂ ਦਾ ਬੜਾ ਹੀ ਰੋਚਕ ਬਿਆਨ ਕੀਤਾ ਹੈ, ਜਿਵੇਂ ਵਾਰਿਸ ਸ਼ਾਹ ਨੇ ਲਿਖਿਆ ਹੈ।
ਸੰਨ 1970 ਲਾਗੇ ਉਨ੍ਹਾਂ ਆਪਣੀ ਭਾਰੀ ਜਮੀਨ ਪਿੰਡ ਦੇ ਲੋਕਾਂ ਨਾਲ ਵਟਾ ਕੇ ਕੱਲਰ ਵਾਲੀ ਜਮੀਨ ਲੈ ਕੇ ਆਪਣਾ 25 ਕਿੱਲੇ ਦਾ ਟੱਕ ਬਣਾ ਲਿਆ ਤਾਂ ਲੋਕ ਆਖਣ ਲੱਗੇ ਕਿ ਪ੍ਰੋਫੈਸਰ ਤਾਂ ਸ਼ੁਦਾਈ ਹੋ ਗਿਐ! ਉਨ੍ਹਾਂ ਉਸ ਕਲਰਾਠੀ ਜਮੀਨ ਵਿਚ ਜਿਪਸਮ, ਜੋ ਉਨ੍ਹੀਂ ਦਿਨੀਂ ਸਬਸਿਡੀ ‘ਤੇ ਬਹੁਤ ਸਸਤਾ ਮਿਲਦਾ ਸੀ, ਪਾ ਕੇ ਦੋ ਕੁ ਸਾਲ ਵਿਚ ਉਸ ਨੂੰ ਉਪਜਾਊ ਬਣਾ ਲਿਆ। ਡੁਮੇਲੀ ਤੋਂ ਜਲੰਧਰ ਜਾਣ ਵਾਲੀ ਲਿੰਕ ਰੋਡ ‘ਤੇ ਇਹ ਉਨ੍ਹਾਂ ਦਾ ਫਾਰਮ ਹੈ ਜਿਸ ਦੇ ਮੁੱਖ ਗੇਟ ‘ਤੇ ਉਨ੍ਹਾਂ ‘ਗੋਰਖ ਦਾ ਟਿੱਲਾ’ ਲਿਖਿਆ ਹੋਇਆ ਹੈ। ਉਹ ਪਿੰਡ ਦੀ ਸੱਥ ਵਿਚ ਬੈਠਣ ਨਾਲੋਂ ਆਪਣੇ ਫਾਰਮ ‘ਤੇ ਹੀ ਬੈਠਦੇ ਜਾਂ ਫਿਰ ਜਦੋਂ ਉਨ੍ਹਾਂ ਹਸਪਤਾਲ ਬਣਾਇਆ ਤਾਂ ਉਥੇ ਦਫਤਰ ਵਿਚ ਬੈਠਦੇ।
ਸੁਰਗਵਾਸ ਹੋਣ ਤੋਂ ਮਹੀਨਾ ਕੁ ਪਹਿਲਾਂ ਉਨ੍ਹਾਂ ਦੋ ਲੱਖ ਰੁਪਏ ਦਾ ਚੈੱਕ ਆਪਣੇ ਕਿਸੇ ਬੰਦੇ ਰਾਹੀਂ ਪਿੰਡ ਦੇ ਕਾਲਜ ਦੀ ਪ੍ਰਿੰਸੀਪਲ ਨੂੰ ਭੇਜਿਆ। ਚੈੱਕ ਵੇਖ ਕੇ ਪ੍ਰਿੰਸੀਪਲ ਆਪਣੇ ਦੋ-ਤਿੰਨ ਪ੍ਰੋਫੈਸਰਾਂ ਨਾਲ ਤੁਰੰਤ ਉਨ੍ਹਾਂ ਦੇ ਘਰ ਆ ਗਈ ਅਤੇ ਬੇਨਤੀ ਕੀਤੀ, “ਕਾਲਜ ਦੀ ਕਮੇਟੀ ਤੇ ਇਲਾਕੇ ਦੇ ਹੋਰ ਪਤਵੰਤੇ ਬੰਦਿਆਂ ਦੇ ਇਕੱਠ ਵਿਚ ਤੁਹਾਨੂੰ ਸਨਮਾਨਤ ਕਰਨਾ ਹੈ ਤੇ ਤੁਹਾਥੋਂ ਮਿਤੀ ਪੁੱਛਣ ਆਏ ਹਾਂ, ਜਿਸ ਦਿਨ ਤੁਹਾਨੂੰ ਵਿਹਲ ਹੋਵੇ।” ਉਹ ਬੋਲੇ, “ਬੀਬਾ ਤੁਸੀਂ ਰਹਿਣ ਦਿਉ, ਇਹ ਸਨਮਾਨ ਤੁਸੀਂ ਉਥੇ ਬੁਲਾ ਕੇ ਮੇਰੇ ਗਲ ਵਿਚ ਕੇਸਰੀ ਪਰਨਾ ਹੀ ਪਾਉਣਾ ਹੈ, ਤੇ ਇਕੱਠ ਉਪਰ ਖਰਚ ਕਰੋਗੇ, ਰਹਿਣ ਦਿਉ ਇਹ ਸਭ। ਮੈਨੂੰ ਫੋਕੇ ਸਨਮਾਨਾਂ ਦੀ ਲੋੜ ਨਹੀਂ।”
ਮਰਨ ਤੋਂ ਕੁਝ ਦਿਨ ਪਹਿਲਾਂ ਡਾਕਟਰਾਂ ਨੇ ਉਨ੍ਹਾਂ ਨੂੰ ਸ਼ਰਾਬ ਤੋਂ ਮਨ੍ਹਾਂ ਕਰ ਦਿੱਤਾ ਸੀ। ਮੇਰਾ ਬੇਟਾ ਰਵਿੰਦਰ ਉਨ੍ਹਾਂ ਦੀ ਖਬਰ ਨੂੰ ਗਿਆ ਤਾਂ ਕਹਿਣ ਲੱਗੇ, “ਕਾਕਾ, ਉਸ ਅਲਮਾਰੀ ਵਿਚ ਪਈ ਪੇਟੀ ਵਿਚ ਪੰਜ ਬੋਤਲਾਂ ਵਿਸਕੀ ਦੀਆਂ ਹਨ, ਉਹ ਤੂੰ ਲੈ ਜਾਹ।” ਉਹ ਕਹਿਣ ਲੱਗਾ, “ਅੰਕਲ ਜੀ, ਇਹ ਪਈ ਕਿਹੜੀ ਖਰਾਬ ਹੋਣੀ ਐ, ਤੁਸੀਂ ਅਗਲੇ ਸਾਲ ਅਮਰੀਕਾ ਤੋਂ ਵਾਪਸ ਆ ਕੇ ਪੀ ਲੈਣਾ।” ਕਹਿੰਦੇ, “ਨਹੀਂ, ਬੱਸ ਤੂੰ ਲੈ ਜਾਹ, ਬੀਬਾ ਪੁੱਤ ਬਣ ਕੇ। ਸਮਝ ਲੈ ਇਹ ਤੈਨੂੰ ਇਨਾਮ ਹੈ।” ਉਸ ਨੇ ਫਿਰ ਨਾਂਹ ਕੀਤੀ ਤਾਂ ਕਹਿੰਦੇ, “ਹੁਣ ਇਹ ਮੇਰਾ ਹੁਕਮ ਹੈ, ਜੇ ਨਾ ਮੰਨਿਆ ਤਾਂ ਮੈਂ ਨਾਰਾਜ਼ ਹਾਂ।”
90 ਸਾਲ ਦੀ ਉਮਰ ਤਕ ਉਨ੍ਹਾਂ ਦੇ ਐਨਕ ਨਹੀਂ ਸੀ ਲੱਗੀ। ਪੁੱਛਣ ‘ਤੇ ਹੱਸ ਕੇ ਕਹਿ ਦਿੰਦੇ, “ਅਸੀਂ ਜਵਾਨੀ ਵੇਲੇ ਬੂਰੀਆਂ ਚੁੰਘੀਆਂ ਨੇ।” ਇਕ ਵਾਰੀ ਮੈਂ ਡੁਮੇਲੀ ਤੋਂ ਲੁਟੇਰਾ ਖੁਰਦ ਨੂੰ ਜਾਂਦੀ ਸੜਕ ‘ਤੇ ਗੁੱਜਰਾਂ ਦੇ ਡੇਰੇ ਕੋਲ ਉਨ੍ਹਾਂ ਨੂੰ ਵੇਖਿਆ ਤਾਂ ਕਾਰ ਰੋਕ ਕੇ ਉਨ੍ਹਾਂ ਕੋਲ ਚਲਾ ਗਿਆ। ਗੁੱਜਰ ਨੇ ਉਨ੍ਹਾਂ ਲਈ ਮੰਜੀ ਡਾਹ ਦਿੱਤੀ। ਗੁੱਜਰੀ ਨੇ ਉਨ੍ਹਾਂ ਦੇ ਸਾਹਮਣੇ ਮੱਝ ਚੋਅ ਕੇ ਵੱਡਾ ਸਾਰਾ ਗਲਾਸ ਲਿਆ ਕੇ ਉਨ੍ਹਾਂ ਨੂੰ ਫੜ੍ਹਾ ਦਿੱਤਾ। ਨਿੱਜਰ ਸਾਹਿਬ ਮੈਨੂੰ ਕਹਿਣ ਲੱਗੇ, “ਤੂੰ ਵੀ ਪੀ ਲੈ। ਇਹ ਹੈ ਰਾਜ ਮੇਰੇ ਐਨਕ ਨਾ ਲੱਗਣ ਦਾ।” ਦੁੱਧ ਪੀ ਕੇ ਗੁੱਜਰ ਨੂੰ ਦਸਾਂ ਦਾ ਨੋਟ ਫੜ੍ਹਾ ਦਿੱਤਾ। ਮੈਨੂੰ ਕਹਿਣ ਲੱਗੇ, “ਮੈਂ ਰੋਜ਼ ਇਥੇ ਸ਼ਾਮ ਨੂੰ ਆਪਣੇ ਸਾਹਮਣੇ ਚੁਆ ਕੇ ਦੁੱਧ ਪੀਂਦਾ ਹਾਂ।” ਪਿੰਡ ਵਿਚ ਕਿਸੇ ਦਾ ਵੇਲਣਾ ਚਲਦਾ ਹੋਵੇ ਤਾਂ ਉਹ ਗੰਨੇ ਦਾ ਰਸ ਪੀਣ ਵੀ ਜ਼ਰੂਰ ਜਾਂਦੇ।
ਮੈਨੂੰ ਇਤਿਹਾਸ ਲਿਖਣਾ ਸਿਖਾਉਣ ਵਾਲੇ, ਮੈਨੂੰ ਰਾਣਾ ਸਾਹਿਬ ਕਹਿਣ ਵਾਲੇ ਇਸ ਗੁਣਵਾਨ ਇਨਸਾਨ ਨਾਲ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ।