ਬਾਦਲਾਂ ਦੀਆਂ ਜੜ੍ਹਾਂ ਵਿਚ ਜਾ ਬੈਠਾ ਸਾਲ 2017

ਸਿਆਸੀ ਅਤੇ ਨੈਤਿਕਤਾ ਪੱਖੋਂ ਪਈ ਤਕੜੀ ਮਾਰ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ 2017 ਦਾ ਵਰ੍ਹਾ ਸਿਆਸੀ ਅਤੇ ਨੈਤਿਕਤਾ ਪੱਖੋਂ ਸਭ ਤੋਂ ਮਾੜਾ ਰਿਹਾ। ਇਸ ਵਰ੍ਹੇ ਪੰਜਾਬ ਵਿਚ ਇਸ ਦੀ ਦਹਾਕਾ ਪੁਰਾਣੀ ਸੱਤਾ ਦਾ ਅੰਤ ਹੋ ਗਿਆ, ਉਥੇ ਇਸ ਦੇ ਕੁਝ ਵੱਡੇ ਆਗੂਆਂ ਦੇ ‘ਕਾਰਿਆਂ’ ਨੇ ਇਸ ਨੂੰ ਵੱਡੀ ਨਮੋਸ਼ੀ ਦਿੱਤੀ ਹੈ। ਵਿਧਾਨ ਸਭ ਚੋਣਾਂ ਵਿਚ ਕਾਂਗਰਸ ਹੱਥ ਸੱਤਾ ਆਉਣ ਤੋਂ ਬਾਅਦ ਸਾਰਾ ਸਾਲ ਇਸ ਧਿਰ ਦੇ ਪੈਰ ਨਾ ਲੱਗੇ।

ਗੁਰਦਾਸਪੁਰ ਜ਼ਿਮਨੀ ਚੋਣ ਅਤੇ ਇਸ ਤੋਂ ਬਾਅਦ ਸ਼ਹਿਰੀ ਚੋਣਾਂ ਵਿਚ ਅਕਾਲੀ ਦਲ ਦਾ ਸਫਾਇਆ ਹੀ ਹੋ ਗਿਆ। 2017 ਦੇ ਚੜ੍ਹਦਿਆਂ ਹੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਵੀਡੀਓ ਵਾਇਰਲ ਹੋਇਆ ਜਿਸ ‘ਚ ਉਹ ਕਿਸੇ ਅਣਜਾਣ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦਿਖਾਈ ਦੇ ਰਿਹਾ ਸੀ। ਉਸ ਸਮੇਂ ਘੁਬਾਇਆ ਅਤੇ ਉਸ ਦੇ ਪਰਿਵਾਰ ਦੇ ਕਾਂਗਰਸ ਵਿਚ ਜਾਣ ਦੇ ਚਰਚੇ ਸਨ ਅਤੇ ਦੋਸ਼ ਇਹੀ ਲੱਗ ਰਿਹਾ ਸੀ ਕਿ ਇਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ਉਤੇ ਕੀਤਾ ਗਿਆ। ਇਸ ਮਗਰੋਂ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦਾ ਵੀਡੀਓ ਸਾਹਮਣੇ ਆ ਗਿਆ। ਇਸ ਔਰਤ ਨੇ ਲੰਗਾਹ ਖਿਲਾਫ਼ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦੇ ਦਿੱਤੀ ਅਤੇ ਲੰਗਾਹ ਨੂੰ ਆਖਰਕਾਰ ਆਤਮ ਸਮਰਪਣ ਕਰਨਾ ਪਿਆ। ਜਦੋਂ ਲੰਗਾਹ ਵਾਲਾ ਮਾਮਲਾ ਭਖਿਆ ਹੋਇਆ ਸੀ, ਉਸ ਵੇਲੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਲਈ ਪ੍ਰਚਾਰ ਜ਼ੋਰਾਂ ‘ਤੇ ਸੀ। ਸੁਖਬੀਰ ਸਿੰਘ ਬਾਦਲ ਨੇ ਭਾਵੇਂ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਲੰਗਾਹ ਨੂੰ ਤੁਰੰਤ ਪਾਰਟੀ ਵਿਚੋਂ ਬਾਹਰ ਕਰ ਦਿੱਤਾ, ਪਰ ਇਸ ਅਕਾਲੀ ਆਗੂ ਦਾ ਇਹ ਕਾਰਾ ਅਕਾਲੀ ਦਲ ਲਈ ਨਮੋਸ਼ੀ ਵਾਲੀ ਹਾਰ ਦਾ ਕਾਰਨ ਬਣਿਆ। ਹੁਣ ਰਹਿੰਦੀ ਕਸਰ ਚੀਫ ਖਾਲਸਾ ਦੀਵਾਨ ਦੇ ਮੁਖੀ ਚਰਨਜੀਤ ਸਿੰਘ ਚੱਢਾ ਨੇ ਕੱਢ ਦਿੱਤੀ। ਚੱਢਾ ਦੀ ਇਸੇ ਸੰਸਥਾ ਵਿਚ 22 ਸਾਲਾਂ ਤੋਂ ਨੌਕਰੀ ਕਰ ਰਹੀ ਇਕ ਔਰਤ ਨਾਲ ਇਤਰਾਜ਼ ਵਾਲੀ ਵੀਡੀਓ ਸਾਹਮਣੇ ਆ ਗਈ। ਇਸ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਲਈ ਵੱਡੀ ਚੁਣੌਤੀ ਬਣੀ ਹੋਈ ਸੀ। ਅਕਾਲੀ ਦਲ ਨੂੰ ਸਾਫ ਅਕਸ ਵਾਲਾ ਪ੍ਰਧਾਨ ਲੱਭਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਮ ਕਰ ਕੇ ਇਹੀ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਦੀ ਚੋਣ ਤਾਂ ਬਾਦਲ ਘਰੋਂ ਹੀ ਕਰ ਕੇ ਤੁਰਦੇ ਹਨ, ਇਜਲਾਸ ਤਾਂ ਰਸਮੀ ਕਾਰਵਾਈ ਹੀ ਹੁੰਦਾ ਹੈ, ਪਰ ਇਸ ਵਾਰ ਚੋਣ ਤੋਂ ਕੁਝ ਘੰਟੇ ਪਹਿਲਾਂ ਤੱਕ ਪ੍ਰਧਾਨ ਲਈ ਨਾਂ ਤੈਅ ਨਾ ਹੋ ਸਕਿਆ। ਸੁਖਬੀਰ ਨੂੰ ਐਨ ਮੌਕੇ ‘ਤੇ ਪ੍ਰਧਾਨ ਲਈ ਤੈਅ ਹੋਏ ਨਾਂ ਨੂੰ ਪਿੱਛੇ ਕਰ ਕੇ ਦੂਜੀ ਕਤਾਰ ਦੇ ਆਗੂ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਉਣਾ ਪਿਆ। ਇਸ ਤੋਂ ਬਾਅਦ ਲੌਂਗੋਵਾਲ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਜਾਣ ਤੇ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਮਿਲਣ ਦਾ ਮਾਮਲਾ ਵੀ ਅਕਾਲੀ ਦਲ ਲਈ ਨਮੋਸ਼ੀ ਬਣ ਗਿਆ।

ਬਕਸਾ:
ਕਾਂਗਰਸ ਦੀ ਪੰਥਕ ਏਜੰਡੇ ਵੱਲ ਝਾਕ
ਅਕਾਲੀਆਂ ਤੋਂ ਪੰਥਕ ਏਜੰਡੇ ਖੋਹਣ ਲਈ ਕਾਂਗਰਸ ਪੱਬਾਂ ਭਾਰ ਹੈ। ਅਕਾਲੀ ਦਲ ਨੂੰ ਪਛਾੜਨ ਅਤੇ ਦੇਸ਼-ਵਿਦੇਸ਼ ‘ਚ ਵਸਦੇ ਸਿੱਖਾਂ ਦੀ ਹਮਦਰਦੀ ਲੈਣ ਲਈ ਕਾਂਗਰਸ ਵਿਸ਼ੇਸ਼ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ 1972 ਤੋਂ 1977 ਤੱਕ ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਅਕਾਲੀ ਦਲ ਨੂੰ ਏਜੰਡੇ ਵਿਹੂਣਾ ਕਰ ਦਿੱਤਾ ਸੀ ਅਤੇ ਹੁਣ 40 ਵਰ੍ਹਿਆਂ ਬਾਅਦ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸੇ ਤਰਜ਼ ਉਤੇ ਚੱਲਣ ਲੱਗੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸੰਬਰ ਮਹੀਨੇ ‘ਚ ਸਿੱਖ ਧਰਮ ਨਾਲ ਸਬੰਧਤ ਅਸਥਾਨਾਂ ‘ਤੇ ਨਤਮਸਤਕ ਹੋਣ ਅਤੇ ਅਹਿਮ ਐਲਾਨਾਂ ਨੂੰ ਪੰਥਕ ਹਲਕੇ ਕਾਂਗਰਸ ਦੇ ਮੁੜ ਸਿੱਖ ਏਜੰਡਿਆਂ ਵੱਲ ਪਰਤਣ ਦਾ ਨਾਂ ਦੇ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਦੇ 351ਵਾਂ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਾਲ ਸਿੱਖ ਮੁੱਦਿਆਂ ‘ਤੇ ਚਰਚਾ ਕਰਨ ਦੇ ਨਾਲ ਹੀ ਪੰਜਾਬ ਦੇ 3 ਵੱਡੇ ਸ਼ਹਿਰਾਂ ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਤੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਰਵਾਨਾ ਕਰਨਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਪੁਰਬ ਮੌਕੇ ਰਾਜ ਸਰਕਾਰ ਵੱਲੋਂ ਮਨਾਉਣਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਸ਼ਿਰਕਤ ਕਰਵਾਉਣੀ ਵੀ ਇਸੇ ਨੀਤੀ ਦਾ ਹਿੱਸਾ ਸੀ। ਆਨੰਦਪੁਰ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਲਈ ਰਾਸ਼ਟਰੀ ਮਾਰਗ ਐਲਾਨ ਕਰਨ ਦੀ ਮੰਗ ਵੀ ਇਸੇ ਦਾ ਹਿੱਸਾ ਸੀ। ਪਾਕਿਸਤਾਨ ‘ਚ ਸਿੱਖਾਂ ਦੇ ਧਰਮ ਪਰਿਵਰਤਨ ਸਬੰਧੀ ਮੁੱਦੇ ਨੂੰ ਉਠਾਉਣਾ, ਦਿਆਲ ਸਿੰਘ ਕਾਲਜ ਦੇ ਨਾਂ ਬਦਲਣ ਦਾ ਵਿਰੋਧ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹੀਦੀ ਸਮਾਗਮਾਂ ‘ਚ ਸ਼ਾਮਲ ਹੋਣ ਮੌਕੇ ਪਟਿਆਲਾ ਤੋਂ ਪਨਿਆਰੀ ਤੱਕ ਨਵੇਂ ਮਾਰਗ ਦਾ ਨਾਂ ਮਾਤਾ ਗੁਜਰੀ ਰੱਖਣ ਦਾ ਪ੍ਰਸਤਾਵ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਭੇਜਣਾ ਅਤੇ ਬੱਸੀ ਪਠਾਣਾ ਸਬ ਜੇਲ੍ਹ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਤਿਹਾਸਕ ਯਾਦਗਾਰ ਸਥਾਨ ਦਾ ਨਾਂ ਦੇਣ ਅਤੇ ਸਰਕਾਰੀ ਪੱਧਰ ‘ਤੇ ਇਸ ਸਥਾਨ ਦੀ ਇਮਾਰਤ ਨੂੰ ਕੌਮੀ ਯਾਦਗਾਰ ਵਿਚ ਬਦਲਣ ਲਈ ਪ੍ਰੋਜੈਕਟ ਨੂੰ ਪ੍ਰਵਾਨਗੀ ਦੇਣੀ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।