ਟੋਰਾਂਟੋ: ਕੈਨੇਡਾ ਦੇ 15 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਭਾਰਤੀ ਦੂਤਘਰ ਸਮੇਤ ਹੋਰ ਅਧਿਕਾਰੀਆਂ ਦੇ ਗੁਰੂ ਘਰ ਵਿਚ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ। ਇਹ ਸਾਰੇ ਗੁਰਦੁਆਰੇ ਟੋਰਾਂਟੋ ਵਿਚ ਪੈਂਦੇ ਹਨ। ਸਿੱਖ ਆਗੂਆਂ ਦਾ ਦੋਸ਼ ਹੈ ਕਿ ਭਾਰਤੀ ਅਫਸਰ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦਿੰਦੇ ਹਨ।
ਹਾਲਾਂਕਿ ਕਿ ਉਨ੍ਹਾਂ ਨੂੰ ਵਿਅਕਤੀਗਤ ਰੂਪ ਵਿਚ ਨਤਮਸਤਕ ਹੋਣ ਦੀ ਆਗਿਆ ਦਿੱਤੀ ਗਈ ਹੈ। ਬਰੈਂਪਟਨ (ਟੋਰਾਂਟੋ) ਸਥਿਤ ਗੁਰਦੁਆਰਾ ਜੋਤ ਪ੍ਰਕਾਸ਼ ਵਿਚ 15 ਗੁਰਦੁਆਰਾ ਪ੍ਰਬੰਧਕਾਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ।
ਓਂਟਾਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਕਿਹਾ ਕਿ ਭਾਰਤ ਸਰਕਾਰ ਸਿੱਖ ਭਾਈਚਾਰੇ ਦੇ ਮਾਮਲਿਆਂ ਵਿਚ ਲੋੜੋਂ ਵੱਧ ਦਖਲ ਦੇ ਰਹੀ ਹੈ। ਇਸ ਲਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਭਾਰਤੀ ਦੂਤਘਰ ਸਮੇਤ ਹੋਰ ਅਧਿਕਾਰੀਆਂ ਨੂੰ ਗੁਰੂ ਘਰ ਵਿਚ ਦਾਖਲੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖਾਂ ਅੰਦਰ ਭਾਰਤ ਸਰਕਾਰ ਦੇ ਰਵੱਈਆ ਕਾਰਨ ਖਾਸਾ ਰੋਸ ਹੈ।
ਇਸੇ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਪਾਬੰਦੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉਂਜ, ਇਸ ਤਰ੍ਹਾਂ ਕਿਸੇ ਨੂੰ ਗੁਰਦੁਆਰੇ ਅੰਦਰ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ।