ਵਾਸ਼ਿੰਗਟਨ: ਦਹਿਸ਼ਤਵਾਦ ਦੇ ਮੁੱਦੇ ‘ਤੇ ਅਮਰੀਕਾ ਨੇ ਪਾਕਿਸਤਾਨ ਨੂੰ ਘੇਰ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਬੇ ਨੇ ਇਸ ਮੁਲਕ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਟਰੰਪ ਦੀ ਧਮਕੀ ਪਿੱਛੋਂ ਪਾਕਿਸਤਾਨ ਨੇ ਭਾਵੇਂ ਇਸਲਾਮਿਕ ਆਗੂ ਹਾਫਿਜ਼ ਸਈਦ ਦੀਆਂ ਖੈਰਾਤੀ ਤੇ ਵਿੱਤੀ ਜਾਇਦਾਦਾਂ ਨੂੰ ਆਪਣੇ ਕੰਟਰੋਲ ਹੇਠ ਐਲਾਨ ਕਰ ਕੇ ਅਤਿਵਾਦ ਦੇ ਖਾਤਮੇ ਬਾਰੇ ਸੰਜੀਦਾ ਹੋਣ ਦਾ ਸੰਕੇਤ ਦਿੱਤਾ ਹੈ, ਪਰ ਇਸ ਦੇ ਬਾਵਜੂਦ ਅਮਰੀਕਾ ਨੇ ਉਸ ਦੀ 1626 ਕਰੋੜ ਦੀ ਮਦਦ ਰੋਕ ਲਈ ਹੈ।
ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਇਸ ਦੱਖਣ ਏਸ਼ਿਆਈ ਮੁਲਕ ‘ਤੇ ਝੂਠ ਬੋਲਣ ਅਤੇ ਦਗਾ ਕਰਨ ਦੇ ਸਿੱਧੇ ਦੋਸ਼ ਮੜ੍ਹੇ ਹਨ। ਟਰੰਪ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਅਮਰੀਕਾ ਨੇ ਬੇਵਕੂਫੀ ਕਰ ਕੇ ਪਿਛਲੇ 15 ਸਾਲਾਂ ਦੌਰਾਨ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ, ਪਰ ਉਨ੍ਹਾਂ ਸਾਨੂੰ ਸਿਰਫ ਝੂਠ ਅਤੇ ਧੋਖਾ ਹੀ ਦਿੱਤਾ। ਪਾਣੀ ਹੁਣ ਸਿਰ ਉਪਰੋਂ ਲੰਘ ਗਿਆ ਹੈ ਅਤੇ ਅਮਰੀਕਾ ਹੁਣ ਪਾਕਿਸਤਾਨ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲਾ। ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੀ ਗਈ ਇਹ ਸਭ ਤੋਂ ਸਖਤ ਚਿਤਾਵਨੀ ਹੈ। ਉਧਰ, ਪਾਕਿਸਤਾਨ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਟਰੰਪ ਦੇ ਦਾਅਵੇ ਨੂੰ ਹੀ ਚੁਣੌਤੀ ਦਿੰਦਿਆਂ ਆਖ ਦਿੱਤਾ ਕਿ ਅਮਰੀਕਾ 33 ਅਰਬ ਡਾਲਰ ਦੀ ਸਹਾਇਤਾ ਦੇ ਅੰਕੜਿਆਂ ਦੀ ਜਾਂਚ ਕਰਾ ਲਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਆਪਣੀ ਨਵੀਂ ਦੱਖਣ ਏਸ਼ੀਆ ਨੀਤੀ ਸਮੇਂ ਟਰੰਪ ਨੇ ਪਾਕਿਸਤਾਨ ਨੂੰ ਖਬਰਦਾਰ ਕੀਤਾ ਸੀ ਕਿ ਜੇ ਉਹ ਅਮਰੀਕਾ ਨੂੰ ਦਹਿਸ਼ਤਗਰਦੀ ਖਿਲਾਫ਼ ਲੜਨ ‘ਚ ਸਹਿਯੋਗ ਨਹੀਂ ਦੇਵੇਗਾ ਤਾਂ ਉਸ ਖਿਲਾਫ਼ (ਪਾਕਿਸਤਾਨ) ਸਖਤ ਕਦਮ ਚੁੱਕੇ ਜਾਣਗੇ। ਪਾਕਿਸਤਾਨ ਵੱਲੋਂ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀ ਰਿਹਾਈ ਦੀ ਅਮਰੀਕਾ ਨੇ ਨਵੰਬਰ ‘ਚ ਤਿੱਖੀ ਨੁਕਤਾਚੀਨੀ ਕਰਦਿਆਂ ਮੰਗ ਕੀਤੀ ਸੀ ਕਿ ਉਸ ਨੂੰ ਮੁੜ ਗ੍ਰਿਫਤਾਰ ਕਰ ਕੇ ਸਜ਼ਾ ਦਿੱਤੀ ਜਾਵੇ।