ਜਲੰਧਰ: ਪੰਜਾਬ ਦੇ ਸਨਅਤੀ ਤੇ ਵਪਾਰਕ ਦਾਇਰੇ ਦੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਲਗਾਤਾਰ ਸੁੰਗੜਦੇ ਜਾਣ ਦਾ ਨਤੀਜਾ ਇਹ ਹੈ ਕਿ ਸੂਬਾ ਕੁੱਲ ਜੀ.ਐਸ਼ਟੀ. ਇਕੱਤਰ ਕਰਨ ਵਿਚ ਬੇਹੱਦ ਪਛੜ ਗਿਆ ਹੈ। ਪਿਛਲੇ ਪੰਜ ਮਹੀਨਿਆਂ ਦੇ ਜੀ.ਐਸ਼ਟੀ. ਪ੍ਰਬੰਧ ਦੇ ਅੰਕੜਿਆਂ ਉਪਰ ਝਾਤ ਮਾਰਿਆਂ ਪੰਜਾਬ ਦੀ ਮੰਦੀ ਆਰਥਿਕ ਹਾਲਤ ਦੀ ਮੂੰਹ ਬੋਲਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਪਿਛਲੇ ਪੰਜ ਮਹੀਨਿਆਂ ਦੌਰਾਨ ਪੰਜਾਬ ਵਿਚੋਂ 5296 ਕਰੋੜ ਰੁਪਏ ਕੁੱਲ ਜੀ.ਐਸ਼ਟੀ. ਇਕੱਤਰ ਕੀਤਾ ਗਿਆ, ਜਦਕਿ ਇਸ ਸਮੇਂ ਦੌਰਾਨ ਹਰਿਆਣਾ ਵਿਚੋਂ ਚਾਰ ਗੁਣਾਂ ਵੱਧ 19894 ਕਰੋੜ ਰੁਪਏ ਕੁਲ ਜੀ.ਐਸ਼ਟੀ. ਇਕੱਤਰ ਹੋਈ ਹੈ।
ਪੰਜਾਬ ਵਿਚੋਂ ਇਕੱਤਰ ਪੰਜ ਮਹੀਨਿਆਂ ਦੀ ਕੇਂਦਰੀ ਜੀ.ਐਸ਼ਟੀ. 1100 ਕਰੋੜ ਰੁਪਏ, ਸੰਗਠਿਤ ਜੀ.ਐਸ਼ਟੀ. 2155 ਕਰੋੜ ਰੁਪਏ, ਸਟੇਟ ਜੀ.ਐਸ਼ਟੀ. 1990 ਕਰੋੜ ਰੁਪਏ, ਜਦਕਿ ਵੱਖ-ਵੱਖ ਵਸਤਾਂ ਉਪਰ ਲਗਾਏ ਸੈਸ ਤੋਂ 51 ਕਰੋੜ ਰੁਪਏ ਉਗਰਾਹੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹਰਿਆਣਾ ‘ਚ ਸਨਅਤ ਤੇ ਵਪਾਰ ਦਾ ਆਧਾਰ ਮਜ਼ਬੂਤ ਹੋਣ ਕਾਰਨ ਉਥੇ ਕੇਂਦਰੀ ਜੀ.ਐਸ਼ਟੀ. 2890 ਕਰੋੜ ਰੁਪਏ, ਸੰਗਠਿਤ ਜੀ.ਐਸ਼ਟੀ. 10878 ਕਰੋੜ ਰੁਪਏ, ਸਟੇਟ ਜੀ.ਐਸ ਟੀ. 2627 ਕਰੋੜ ਰੁਪਏ ਤੇ ਸੈਸ ਤੋਂ ਆਮਦਨ ਪੰਜਾਬ ਨਾਲੋਂ ਲਗਭਗ 30 ਗੁਣਾਂ ਵੱਧ 1499 ਕਰੋੜ ਰੁਪਏ ਹੋਈ ਹੈ। ਰਾਜਾਂ ‘ਚ ਬਣੀਆਂ ਵਸਤਾਂ ਦੇ ਹੋਰ ਰਾਜਾਂ ਨੂੰ ਭੇਜੇ ਜਾਣ ਉਪਰ ਇਕੱਤਰ ਸੰਗਠਿਤ ਜੀ.ਐਸ਼ਟੀ. ਪੰਜਾਂ ਮਹੀਨਿਆਂ ਵਿਚ ਪੰਜਾਬ ਵਿਚੋਂ 2155 ਕਰੋੜ ਰੁਪਏ ਹਨ, ਜਦਕਿ ਹਰਿਆਣਾ ‘ਚ ਬਣੀਆਂ ਤੇ ਹੋਰ ਰਾਜਾਂ ਵਿਚ ਭੇਜੀਆਂ ਵਸਤਾਂ ਦਾ ਸੰਗਠਿਤ ਜੀ.ਐਸ਼ਟੀ. ਪੰਜਾਬ ਨਾਲੋਂ ਪੰਜ ਗੁਣਾਂ ਵੱਧ 10878 ਕਰੋੜ ਰੁਪਏ ਹੈ।
ਹਰਿਆਣਾ ਆਪਣੇ ਸੂਬੇ ਦੀਆਂ ਵਸਤਾਂ ਤੋਂ ਜੀ.ਐਸ਼ਟੀ. ਇਕੱਤਰ ਕਰਨ ਵਾਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ। ਪਹਿਲੇ ਨੰਬਰ ਉਤੇ ਮਹਾਰਾਸ਼ਟਰ ਦਾ ਨਾਂ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਭਾਰਤ ਦਾ ਕੋਈ ਵੀ ਰਾਜ ਨਵੀਂ ਟੈਕਸ ਪ੍ਰਣਾਲੀ ਅਧੀਨ ਸਟੇਟ ਜੀ.ਐਸ਼ਟੀ. ਦਾ ਟੀਚਾ ਪੂਰਾ ਨਹੀਂ ਕਰ ਸਕਿਆ। ਇਥੋਂ ਤੱਕ ਕਿ ਕੇਂਦਰੀ ਜੀ.ਐਸ਼ਟੀ. ਦੀ ਉਗਰਾਹੀ ਵੀ ਮਿਥੇ ਟੀਚੇ ਮੁਤਾਬਕ ਨਹੀਂ ਹੋ ਰਹੀ, ਸਗੋਂ ਦੱਸਿਆ ਜਾਂਦਾ ਹੈ ਕਿ ਹਰ ਮਹੀਨੇ 43 ਹਜ਼ਾਰ ਕਰੋੜ ਰੁਪਏ ਦੇ ਕਰੀਬ ਘਟਦੀ ਜਾ ਰਹੀ ਹੈ।
__________________________________
9 ਮਹੀਨਿਆਂ ਵਿਚ ਧੇਲਾ ਵੀ ਪੂੰਜੀ ਨਿਵੇਸ਼ ਨਹੀਂ
ਪੰਜਾਬ ਵਿਚ ਨਵੀਂ ਸਰਕਾਰ ਨੇ ਸੂਬੇ ‘ਚ ਸਨਅਤ ਤੇ ਵਪਾਰ ਨੂੰ ਹੁਲਾਰਾ ਦੇਣ ਲਈ ਪੂੰਜੀ ਨਿਵੇਸ਼ ਲਈ ਮੁਢਲੇ ਚਾਰ ਮਹੀਨਿਆਂ ‘ਚ ਬੜੇ ਯਤਨ ਕੀਤੇ। ਅਕਾਲੀ-ਭਾਜਪਾ ਸਰਕਾਰ ਵਾਂਗ ਅੰਬਾਨੀ, ਅਡਾਨੀ ਤੇ ਹੋਰ ਵੱਡੇ ਕਾਰੋਬਾਰੀ ਸੱਦ ਕੇ ਚੰਡੀਗੜ੍ਹ ਮੀਟਿੰਗਾਂ ਕੀਤੀਆਂ। ਮੁੰਬਈ ਵਿਚ ਵੀ ਕਈ ਵੱਡੇ ਨਿਵੇਸ਼ਕਾਰਾਂ ਨੂੰ ਮਿਲਣ ਮੁੱਖ ਮੰਤਰੀ ਗਏ। ਜਾਪਾਨ ਸਮੇਤ ਹੋਰ ਕਈ ਮੁਲਕਾਂ ਦੇ ਨੁਮਾਇੰਦਿਆਂ ਨਾਲ ਮੁੱਖ ਮੰਤਰੀ ਮੀਟਿੰਗਾਂ ਕਰਦੇ ਰਹੇ। ਪੰਜਾਬ ਸਰਕਾਰ ਨੇ ਪੂੰਜੀ ਨਿਵੇਸ਼ ਕਰਨ ਲਈ ਇਕ ਵੱਖਰਾ ਸੈੱਲ ਵੀ ਸਥਾਪਤ ਕੀਤਾ ਹੈ, ਪਰ ਸਰਕਾਰੀ ਹਵਾਲਿਆਂ ਮੁਤਾਬਕ ਸਿਵਾਏ ਭਰੋਸਿਆਂ ਦੇ ਹਾਲੇ ਤੱਕ ਕੋਈ ਵੀ ਵੱਡਾ ਅਦਾਰਾ ਪੰਜਾਬ ‘ਚ ਕੰਮ ਕਰਨ ਲਈ ਸਾਹਮਣੇ ਨਹੀਂ ਆਇਆ। ਕੈਨੇਡਾ ਦੇ ਸਨਅਤ ਤੇ ਵਣਜ ਮੰਤਰੀ ਨਵਦੀਪ ਸਿੰਘ ਬੈਂਸ ਦੀ ਅਗਵਾਈ ‘ਚ ਸਨਅਤਕਾਰਾਂ ਤੇ ਕਾਰੋਬਾਰੀਆਂ ਦਾ ਆਇਆ ਇਕ ਵੱਡਾ ਵਫਦ ਚੇਨਈ, ਹੈਦਰਾਬਾਦ ਤੇ ਹੋਰ ਥਾਵਾਂ ਦੇ ਦੌਰੇ ਮਗਰੋਂ ਵਾਪਸ ਚਲਾ ਗਿਆ।