ਚੰਡੀਗੜ੍ਹ: ਸਾਲ 2017 ਦੇ ਜਮਹੂਰੀਅਤ ਦੇ ਮੇਲੇ ਵਿੱਚ ਪੰਜਾਬੀਆਂ ਨੇ ਕਈਆਂ ਦੀ ਉਮੀਦ ਤੋੜੀ, ਕਈਆਂ ਦੇ ਸੁਪਨੇ ਸੱਚ ਕੀਤੇ, ਪਰ ਉਹ ਖ਼ੁਦ ਮੰਝਧਾਰ ਵਿੱਚ ਫਸੇ ਹੋਏ ਹਨ। ਵਿਧਾਨ ਸਭਾ ਚੋਣਾਂ ਸਮੇਂ ਸੱਤਾ ਬਦਲ ਗਈ, ਪਰ ਸਿਸਟਮ ਬਦਲਣ ਦੀ ਪੰਜਾਬੀਆਂ ਦੀ ਉਮੀਦ ਪਿਛਲੇ ਸਾਲ ਹੀ ਮੱਧਮ ਪੈਣੀ ਸ਼ੁਰੂ ਹੋ ਗਈ ਸੀ।
ਭਾਰਤੀ ਚੋਣ ਕਮਿਸ਼ਨ ਵੱਲੋਂ 4 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਬਾਰੇ ਜਾਰੀ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਸੱਤਾ ਦੀਆਂ ਦਾਅਵੇਦਾਰ ਬਣੀਆਂ ਹੋਈਆਂ ਸਨ। ਚਾਰ ਫਰਵਰੀ ਨੂੰ ਵੋਟਾਂ ਪਈਆਂ ਅਤੇ 11 ਮਾਰਚ ਨੂੰ ਜਦੋਂ ਨਤੀਜੇ ਆਏ ਤਾਂ ਬਹੁਤ ਸਾਰਿਆਂ ਦੀ ਉਮੀਦ ਟੁੱਟੀ। ਸਿਆਸੀ ਸਮੀਕਰਨ ਇਸ ਤਰ੍ਹਾਂ ਬਦਲੇ ਕਿ 2012 ਦੀਆਂ ਚੋਣਾਂ ਤੋਂ ਡੇਢ ਫੀਸਦੀ ਘੱਟ ਵੋਟਾਂ ਲੈ ਕੇ ਵੀ ਕਾਂਗਰਸ 77 ਸੀਟਾਂ ਜਿੱਤ ਗਈ।
ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਤੇ ਅਕਾਲੀ-ਭਾਜਪਾ ਦੇ ਦਸ ਸਾਲਾ ਸ਼ਾਸਨ ਦੌਰਾਨ ਲੋਕਾਂ ਦੀ ਨਾਰਾਜ਼ਗੀ ਨਫ਼ਰਤ ਦੀ ਹੱਦ ਤੱਕ ਚਲੇ ਜਾਣ ਕਾਰਨ ਕਾਂਗਰਸ ਨੂੰ 1957 ਤੋਂ ਬਾਅਦ (1992 ਵਿੱਚ ਅਕਾਲੀ ਦਲ ਦਾ ਬਾਈਕਾਟ) ਸਭ ਤੋਂ ਵੱਡੀ ਸਫ਼ਲਤਾ ਮਿਲੀ। ਅਕਾਲੀ ਦਲ ਨੂੰ ਆਪਣੇ ਸਿਆਸੀ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਮਿਲੀ ਤੇ 15 ਸੀਟਾਂ ਤੱਕ ਸਿਮਟ ਜਾਣਾ ਪਿਆ। ਜਿਸ ਵੇਲੇ ਵੋਟ ਪ੍ਰਤੀਸ਼ਤ 2012 ਦੀ 34æ7 ਫੀਸਦੀ ਤੋਂ ਘਟ ਕੇ 25æ2 ਫੀਸਦੀ ਰਹਿ ਗਈ। ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਵਿਰੋਧੀ ਧਿਰ ਦਾ ਰੁਤਬਾ ਵੀ ਖੋਅ ਬੈਠੀ। ਕ੍ਰਾਂਤੀਕਾਰੀ ਬਦਲ ਦੇ ਨਾਅਰੇ ਹੇਠ ਆਈ ਆਮ ਆਦਮੀ ਪਾਰਟੀ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਪਛੜਨ ਲੱਗ ਪਈ ਸੀ। ਇਹ ਵੱਖਰੀ ਗੱਲ ਹੈ ਕਿ ਹਵਾ ਦੇ ਘੋੜੇ ‘ਤੇ ਸਵਾਰ ਬਹੁਤ ਸਾਰੇ ਆਗੂ ਚੋਣ ਨਤੀਜਿਆਂ ਤੱਕ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਦੇ ਰਹੇ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢ ਕੇ ਸਿਆਸਤ ਵਿੱਚ ਆਏ ਨਵੇਂ ਰੰਗਰੂਟ ਘੁੱਗੀ ਤੋਂ ਵੜੈਚ ਬਣੇ ਗੁਰਪ੍ਰੀਤ ਸਿੰਘ ਨੂੰ ਪਾਰਟੀ ਕਨਵੀਨਰ ਲਾਉਣ ਤੋਂ ਬਾਅਦ ‘ਆਪ’ ਦੇ ਜੇਤੂ ਰੱਥ ਨੂੰ ਬਰੇਕ ਲੱਗਣੀ ਸ਼ੁਰੂ ਹੋ ਗਈ।
ਨਤੀਜੇ ਆਏ ਤਾਂ ‘ਆਪ’, ਭਾਈਵਾਲ ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ 22 ਸੀਟਾਂ ਤੱਕ ਸਿਮਟ ਗਈ। ਵੱਡੀ ਉਮੀਦ ਟੁੱਟਣ ਕਾਰਨ ‘ਆਪ’ ਅਕਾਲੀ ਦਲ ਨੂੰ ਪਛਾੜ ਕੇ ਵਿਰੋਧੀ ਧਿਰ ਬਣ ਜਾਣ ਦੀ ਸਫ਼ਲਤਾ ਦੇ ਜਸ਼ਨ ਵੀ ਨਾ ਮਨਾ ਸਕੀ। ਇਸ ਹਫੜਾ-ਦਫੜੀ ਵਿੱਚ ਹਰਵਿੰਦਰ ਸਿੰਘ ਫੂਲਕਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ, ਪਰ ਹਾਈਕਮਾਨ ਦੀ ਨਾਰਾਜ਼ਗੀ ਅਤੇ ਵਰਕਰਾਂ ਵਿੱਚ ਦਿੱਲੀ ਲੀਡਰਸ਼ਿਪ ਖ਼ਿਲਾਫ਼ ਪੈਦਾ ਹੋ ਰਹੇ ਰੋਸ ਦੇ ਚਲਦਿਆਂ ਭਗਵੰਤ ਮਾਨ ਨਵੇਂ ਪ੍ਰਧਾਨ ਅਤੇ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣ ਗਏ।
ਇਸ ਦੌਰਾਨ ਗੁਰਪ੍ਰੀਤ ਘੁੱਗੀ ਦਾ ਅਹੁਦਾ ਖੁੱਸ ਗਿਆ। ਸਾਲ 2016 ਦੇ ਅਖੀਰ ਵਿੱਚ ਪੰਜਾਬ ਲਈ ਸਮਰਪਿਤ ਹੋਣ ਦੇ ਦਾਅਵੇ ਅਤੇ ਭਾਜਪਾ ਛੱਡ ਕੇ ਆਵਾਜ਼-ਏ-ਪੰਜਾਬ ਫਰੰਟ ਬਣਾਉਣ ਦੇ ਐਲਾਨ ਨਾਲ ਮੁੰਬਈ ਤੋਂ ਪਰਤੇ ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਜਾਣ ਦੀ ਚਰਚਾ ਜ਼ੋਰਾਂ ‘ਤੇ ਰਹੀ। ਹਿਸਾਬ-ਕਿਤਾਬ ਫਿੱਟ ਨਾ ਹੋਣ ਤੋਂ ਬਾਅਦ ਅਚਾਨਕ ਉਹ ਕਾਗਜ਼ ਭਰਨ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਦਾ ਹੱਥ ਫੜ ਕੇ ਉਮੀਦਵਾਰ ਬਣ ਗਏ। ਪ੍ਰਗਟ ਸਿੰਘ ਪਹਿਲਾਂ ਹੀ ਕਾਂਗਰਸ ਵਿੱਚ ਚਲੇ ਗਏ ਸਨ ਅਤੇ ਆਵਾਜ਼-ਏ-ਪੰਜਾਬ ਫਰੰਟ ਸਿਰਫ਼ ਬੈਂਸ ਭਰਾਵਾਂ ਲਈ ਰਹਿ ਗਿਆ। ਨਤੀਜਾ ਆਇਆ ਤਾਂ ਸਿੱਧੂ ਸਥਾਨਕ ਸਰਕਾਰਾਂ ਦੇ ਮੰਤਰੀ ਬਣ ਗਏ। ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਸੁਨੀਲ ਜਾਖੜ ਵਿਧਾਨ ਸਭਾ ਚੋਣ ਹਾਰ ਕੇ ਹਾਸ਼ੀਏ ‘ਤੇ ਚਲੇ ਗਏ, ਪਰ ਪੰਜਾਬ ਕਾਂਗਰਸ ਪ੍ਰਧਾਨ ਬਣਨ ਅਤੇ ਗੁਰਦਾਸਪੁਰ ਉਪ ਚੋਣ ਜਿੱਤ ਕੇ ਲੋਕ ਸਭਾ ਵਿੱਚ ਚਲੇ ਜਾਣ ਨਾਲ ਸਾਲ ਦੇ ਅੰਦਰ ਹੀ ਉਹ ਸੱਤਾ ਦੇ ਸਿਖਰ ਤੱਕ ਜਾਣ ਵਿੱਚ ਕਾਮਯਾਬ ਰਹੇ। ਬਸਪਾ, ਖੱਬੇ ਪੱਖੀ ਤੇ ਹੋਰ ਛੋਟੀਆਂ ਪਾਰਟੀਆਂ ਚੋਣ ਰਾਜਨੀਤੀ ਦੌਰਾਨ ਹਾਸ਼ੀਏ ‘ਤੇ ਰਹੀਆਂ, ਪਰ ਇਨ੍ਹਾਂ ਨੇ ਸਿਆਸੀ ਪਿੜ ਵਿੱਚ ਵੱਖ ਵੱਖ ਸੰਘਰਸ਼ਾਂ ਰਾਹੀਂ ਆਪਣੀ ਭੂਮਿਕਾ ਜਾਰੀ ਰੱਖੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਪੁਰਾਣਾ ਜਲਵਾ ਦਿਸ ਨਹੀਂ ਰਿਹਾ। ਇਨ੍ਹਾਂ 9 ਮਹੀਨਿਆਂ ਦੀ ਕਾਰਗੁਜ਼ਾਰੀ ਨਾਲ ਅਕਾਲੀਆਂ ਨਾਲ ਮਿਲ ਕੇ ਚੱਲਣ, ਨਸ਼ਿਆਂ ਦੇ ਮੁੱਦੇ ‘ਤੇ ਠੋਸ ਕਾਰਵਾਈ ਨਾ ਕਰਨ, ਕਿਸਾਨਾਂ ਦੇ ਕਰਜ਼ੇ, ਹਰ ਘਰ ਵਿੱਚ ਨੌਕਰੀ ਸਮੇਤ ਅਨੇਕ ਵਾਅਦੇ ਹਵਾ ਵਿੱਚ ਲਟਕਣ ਕਾਰਨ ਖ਼ੁਦ ਕਾਂਗਰਸ ਦੇ ਕਾਰਕੁਨ ਵੀ ਮਾਯੂਸੀ ਦੇ ਆਲਮ ਵਿੱਚ ਦਿਖਾਈ ਦੇ ਰਹੇ ਹਨ। ਰੇਤ ਦੀਆਂ ਖੱਡਾਂ ਦੀ ਬੋਲੀ ਸਮੇਂ ਰਾਣਾ ਗੁਰਜੀਤ ਖ਼ਿਲਾਫ਼ ਸਾਹਮਣੇ ਆਏ ਤੱਥਾਂ ਦੇ ਬਾਵਜੂਦ ਵਿਰੋਧੀ ਧਿਰਾਂ ਕੋਈ ਵੱਡਾ ਅੰਦੋਲਨ ਖੜ੍ਹਾ ਕਰਕੇ ਕੈਪਟਨ ਸਰਕਾਰ ਨੂੰ ਮਜਬੂਰ ਕਰਨ ਵਿੱਚ ਕਾਮਯਾਬ ਨਹੀਂ ਹੋਈਆਂ। ਵਿਧਾਨ ਸਭਾ ਦੇ ਅੰਦਰ ਨਿੱਜੀ ਮੁੱਦੇ ਭਾਰੂ ਰਹੇ, ਜਦੋਂਕਿ ਸੜਕਾਂ ‘ਤੇ ਨਿਤਰਨ ਦੀ ਸਿਆਸਤ ਲਗਭਗ ਸਭ ਨੇ ਛੱਡੀ ਹੋਈ ਹੈ।