ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਨਿਗਮ ਚੋਣਾਂ ਵਿਚ ਮਿਲੀ ਨਮੋਸ਼ੀ ਭਰੀ ਹਾਰ ਹਜ਼ਮ ਨਹੀਂ ਹੋ ਰਹੀ। ਹੁਣ ਪਾਰਟੀ ਨੇ ਨਗਰ ਨਿਗਮ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਕੇਸਾਂ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾ ਕੇ ਰਿਪੋਰਟ ਤਿਆਰ ਕਰਨ ਲਈ ਆਖਿਆ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ਵਿਚੋਂ ਪਾਰਟੀ ਨੂੰ ਮਹਿਜ਼ ਇਕ ਸੀਟ ਤੋਂ ਜਿੱਤ ਨਸੀਬ ਹੋਈ ਹੈ। ਇਨ੍ਹਾਂ ਚੋਣਾਂ ਵਿਚ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਗੁਰਦਾਸਪੁਰ ਲੋਕ ਸਭਾ ਉਪ ਚੋਣ ਵਾਂਗ ਬਹੁਤ ਘੱਟ ਵੋਟਾਂ ਮਿਲੀਆਂ ਹਨ। ਇਥੋਂ ਤੱਕ ਕਿ ਜਲੰਧਰ ਨਿਗਮ ਚੋਣਾਂ ਵਿਚ ਖੜ੍ਹੇ ‘ਆਪ’ ਦੇ ਇਕ ਉਮੀਦਵਾਰ ਨੂੰ ਸਿਰਫ ਇਕੋ ਵੋਟ ਮਿਲਣ ਕਾਰਨ ਪਾਰਟੀ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਤੇ ਪੰਜਾਬ ਦੇ ਜਥੇਬੰਦਕ ਢਾਂਚੇ ਦੇ ਨਿਗਰਾਨ ਅਮਨ ਅਰੋੜਾ ਨੇ ਇਹ ਕਮੇਟੀ ਬਣਾਉਂਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸੀ ਆਗੂਆਂ ਨੇ ਚੋਣਾਂ ਦੌਰਾਨ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਵੱਡੇ ਪੱਧਰ ਉਤੇ ਧਾਂਦਲੀਆਂ ਕੀਤੀਆਂ ਹਨ ਅਤੇ ਪਾਰਟੀ ਦੇ ਕਈ ਉਮੀਦਵਾਰਾਂ ਦੇ ਕਾਗਜ਼ ਹੀ ਧੱਕੇ ਨਾਲ ਰੱਦ ਕਰਵਾ ਦਿੱਤੇ ਹਨ। ਸ੍ਰੀ ਅਰੋੜਾ ਅਨੁਸਾਰ ਇਹ ਕਮੇਟੀ ਸਰਕਾਰ ਵੱਲੋਂ ਅਧਿਕਾਰੀਆਂ ਰਾਹੀਂ ਪਾਰਟੀ ਦੇ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਦੇ ਮਾਮਲਿਆਂ ਸਮੇਤ ਚੋਣ ਜ਼ਾਬਤੇ ਦੀਆਂ ਸਾਰੀਆਂ ਬੇਨਿਯਮੀਆਂ ਦੀ ਪੜਤਾਲ ਕਰੇਗੀ।
ਕਮੇਟੀ ਵਿਚ ਸ਼ਾਮਲ ਕੀਤੇ ਪੰਜੇ ਮੈਂਬਰ ਪੇਸ਼ੇ ਵਜੋਂ ਵਕੀਲ ਹਨ। ਦੱਸਣਯੋਗ ਹੈ ਕਿ ‘ਆਪ’ ਤੋਂ ਇਲਾਵਾ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੇ ਵੀ ਕੈਪਟਨ ਸਰਕਾਰ ਉਤੇ ਗੰਭੀਰ ਦੋਸ਼ ਲਾਏ ਸਨ ਕਿ ਅਧਿਕਾਰੀਆਂ ਨੇ ਸਰਕਾਰ ਦੇ ਇਸ਼ਾਰੇ ਉਤੇ ਜਿਥੇ ਉਨ੍ਹਾਂ ਦੇ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਹਨ, ਉਥੇ ਕਈ ਉਮੀਦਵਾਰਾਂ ਨੂੰ ਕਾਗਜ਼ ਭਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ।
ਇਸ ਕਮੇਟੀ ਨੂੰ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਦੇ ਕੇਸਾਂ ਦੀ ਪੜਤਾਲ ਕਰਨ ਦੀ ਹੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਆਦਿ ਉਤੇ ਕਿਸੇ ਤਰ੍ਹਾਂ ਦੀ ਪੜਤਾਲ ਕਰਨ ਲਈ ਨਹੀਂ ਕਿਹਾ ਗਿਆ। ਦੱਸਣਯੋਗ ਹੈ ਕਿ ‘ਆਪ’ ਦੀ ਸੂਬਾਈ ਲੀਡਰਸ਼ਿਪ ਨੇ ਨਗਰ ਨਿਗਮ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਕਰਨ ਦਾ ਕੰਮ ਪੂਰੀ ਤਰ੍ਹਾਂ ਹੇਠਲੀ ਲੀਡਰਸ਼ਿਪ ਨੂੰ ਸੌਂਪ ਦਿੱਤਾ ਸੀ। ਪਾਰਟੀ ਨੂੰ ਨਿਗਮ ਚੋਣਾਂ ਦੌਰਾਨ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਚੋਣਾਂ ਲੜਨ ਲਈ ਪੂਰੇ ਉਮੀਦਵਾਰ ਵੀ ਨਹੀਂ ਮਿਲ ਸਕੇ ਸਨ।
___________________________________
ਸਿਸੋਦੀਆ ਦੀ ਫੇਰੀ ਤੋਂ ਪਹਿਲਾਂ ਜਵਾਬ ਲੱਭਣ ਲੱਗੇ ਆਗੂ
ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਇਕਾਈ ਦੇ ਇੰਚਾਰਜ ਬਣਾਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਗਲੇ ਦਿਨੀਂ ਪੰਜਾਬ ਇਕਾਈ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਕਰਨ ਵਾਲੇ ਹਨ, ਜਿਸ ਦਾ ਮੁੱਖ ਮੁੱਦਾ ਨਗਰ ਨਿਗਮ ਚੋਣਾਂ ਵਿਚ ਪਾਰਟੀ ਦੀ ਹੋਈ ਭੈੜੀ ਹਾਰ ਹੋਵੇਗਾ। ਪਾਰਟੀ ਦੇ ਘਾਗ ਆਗੂ ਵਜੋਂ ਜਾਣੇ ਜਾਂਦੇ ਸ੍ਰੀ ਸਿਸੋਦੀਆ ਵੱਲੋਂ ਨਿਗਮ ਚੋਣਾਂ ਵਿਚ ‘ਆਪ’ ਦੀ ਹੋਈ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਤੋਂ ਪਹਿਲਾਂ ਪੰਜਾਬ ਇਕਾਈ ਨੇ ਇਸ ਪੰਜ ਮੈਂਬਰੀ ਕਮੇਟੀ ਦੀ ਗਠਨ ਕੀਤਾ ਹੈ।