ਨਿਊਟਨ: ਗਣਤੰਤਰ ਬਨਾਮ ਗੰਨਤੰਤਰ

ਭਾਰਤ ਦਾ ਹਰ ਨਾਗਰਿਕ ਦੇਸ਼ ਦੀ ਫ਼ੌਜ ‘ਤੇ ਇਸ ਗੱਲੋਂ ਮਾਣ ਕਰਦਾ ਹੈ ਕਿ ਉਹ ਬਾਹਰੀ ਮੁਲਕਾਂ ਤੋਂ ਸਾਡੀ ਸੁਰੱਖਿਆ ਕਰਦੀ ਹੈ; ਪਰ ਜਦੋਂ ਸਾਡੇ ਜਵਾਨ, ਆਪਣੇ ਹੀ ਲੋਕਾਂ ਦੇ ਇਕ ਹਿੱਸੇ ਨੂੰ ਵੱਖਰਾ ਕਰ ਦੇਣ, ਉਨ੍ਹਾਂ ਦੇ ਘਰ-ਵਾਰ ਫੂਕ ਦੇਣ, ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਜੰਗਲਾਂ ਵਿਚ ਭੱਜੇ ਆਦਿਵਾਸੀਆਂ ਨੂੰ ਫੜ ਕੇ ਮਾਓਵਾਦੀ ਗਰਦਾਨ ਕੇ ਮਾਰ ਦੇਣ ਅਤੇ ਆਦਿਵਾਸੀਆਂ ਦੇ ਅੰਦਰੂਨੀ ਜੰਗਲੀ ਹਿੱਸੇ ਨੂੰ ‘ਪਾਕਿਸਤਾਨ’ ਕਹਿਣ ਤਾਂ ਉਸ ਨੂੰ ਆਪਣੀ ਫ਼ੌਜ ‘ਤੇ ਸ਼ੰਕੇ ਖੜ੍ਹੇ ਹੋਣੇ ਸੁਭਾਵਿਕ ਹੀ ਹਨ।

ਅਮਿਤ ਵੀæ ਮਸੂਰਕਰ ਦੀ ਫ਼ਿਲਮ ‘ਨਿਊਟਨ’ ਇਸੇ ਵਿਸ਼ੇ ਦੁਆਲੇ-ਘੁੰਮਦੀ ਹੈ। ‘ਸੁਲੇਮਾਨੀ ਕੀੜਾ’ ਤੋਂ ਬਾਅਦ ਅਮਿਤ ਮਸੂਰਕਰ ਦੀ ਇਹ ਦੂਜੀ ਫ਼ਿਲਮ ਹੈ। ਸਮਾਜਿਕ ਮੁੱਦਿਆਂ ਦੇ ਆਧਾਰ ‘ਤੇ ਬਣ ਰਹੀਆਂ ਘੱਟ ਬਜਟ ਦੀਆਂ ਹੋਰ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਫ਼ਲਾਪ ਹੋ ਜਾਂਦੀ ਜਾਂ ਬਿਨਾ ਚਰਚਾ ਦੇ ਖ਼ਤਮ ਹੋ ਜਾਂਦੀ; ਜੇ ਇਹ ਸੰਸਾਰ ਪ੍ਰਸਿਧ ਆਸਕਰ ਇਨਾਮ ਲਈ ਨਾਮਜ਼ਦ ਨਾ ਹੁੰਦੀ। ‘ਨਿਊਟਨ’ ਭਾਵੇਂ ਆਸਕਰ ਦੀ ਦੌੜ ‘ਚੋਂ ਬਾਹਰ ਹੋ ਗਈ, ਪਰ ਇਸ ਫ਼ਿਲਮ ਨੇ ਛੇ ਇਨਾਮ ਜਿੱਤੇ ਹਨ। ਇਸ ਫ਼ਿਲਮ ਨੂੰ ‘ਇੰਟਰਨੈਸ਼ਨਲ ਫ਼ੈਡਰੇਸ਼ਨ ਆਰਟ ਸਿਨੇਮਾਜ਼’ ਇਨਾਮ ਅਤੇ ‘ਯੰਗ ਸਿਨੇਮਾ ਕੰਪੀਟੀਸ਼ਨ ਜਿਊਰੀ’ ਇਨਾਮ ਤੋਂ ਇਲਾਵਾ ਸਰਵੋਤਮ ਅਦਾਕਾਰ (ਰਾਜ ਕੁਮਾਰ ਰਾਓ), ਸਰਵੋਤਮ ਪਟਕਥਾ (ਸਕਰੀਨ ਪਲੇਅ, ਅਮਿਤ ਮਸੂਰਕਰ), ਸਰਵੋਤਮ ਅਦਾਕਰ ਕ੍ਰਿਟੀਕ ਅਤੇ ਸਰਵੋਤਮ ਫ਼ਿਲਮ ਕ੍ਰਿਟੀਕ ਇਨਾਮ ਮਿਲੇ ਹਨ। ਨਕਸਲੀ ਜਾਂ ਮਾਓਵਾਦੀ ਲਹਿਰ ਨਾਲ ਸਬੰਧਤ ਜਿੰਨੀਆਂ ਵੀ ਹੁਣ ਤੱਕ ਬਾਲੀਵੁੱਡ ਫ਼ਿਲਮਾਂ ਬਣੀਆਂ ਹਨ, ਇਸ ਫ਼ਿਲਮ ਨੂੰ ਉਨ੍ਹਾਂ ਦੀ ਅਗਲੀ ਕੜੀ ਸਮਝਿਆ ਜਾ ਸਕਦਾ ਹੈ। ਇਸ ਵਿਸ਼ੇ ‘ਤੇ ‘ਅਕ੍ਰੋਸ਼’, ‘ਹਜ਼ਾਰ ਚੁਰਾਸੀ ਕੀ ਮਾਂ’, ‘ਲਾਲ ਸਲਾਮ’ ਅਤੇ ‘ਚੱਕਰਵਿਊ’ ਵਰਗੀਆਂ ਫ਼ਿਲਮਾਂ ਬਣ ਚੁੱਕੀਆਂ ਹਨ।
ਦੰਡਕਾਰਨੀਆ ਭਾਰਤ ਦਾ ਉਹ ਪਛੜਿਆ ਇਲਾਕਾ ਹੈ ਜੋ ‘ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਸਮਝੇ ਜਾਂਦੇ ਮਾਓਵਾਦੀਆਂ ਦਾ ਅਣ-ਐਲਾਨਿਆ ਆਧਾਰ ਖੇਤਰ ਹੈ। ਇਸ ਖੇਤਰ ਵਿਚ ਮਾਓਵਾਦੀਆਂ ਦੀ ਸਰਕਾਰ ਚੱਲਦੀ ਹੈ ਅਤੇ ਉਹ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਦੇ ਰਹੇ ਹਨ। ਮਾਓਵਾਦੀ ਗੁਰੀਲੇ ਆਦਿਵਾਸੀ ਲੋਕਾਂ ਨੂੰ ਰਵਾਇਤੀ ਢੰਗਾਂ ਨਾਲ ਖੇਤੀ ਕਰਨੀ ਸਿਖਾ ਰਹੇ ਹਨ। ਇਸ ਖੇਤਰ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਨੇ ਇਸ ਲਹਿਰ ਨੂੰ ਮੁੜ ਸੀਨ ‘ਤੇ ਲਿਆਂਦਾ ਹੈ; ਹਾਲਾਂਕਿ ਇਸ ਫ਼ਿਲਮ ਵਿਚ ਸਰਕਾਰ ਦਾ ਪੱਖ ਦਿਖਾਇਆ ਗਿਆ ਹੈ। ਨਿਊਟਨ ਕੁਮਾਰ (ਰਾਜ ਕੁਮਾਰ ਰਾਓ) ਨਾਂ ਦੇ ਕਲਰਕ ਦੀ ਚੋਣਾਂ ਦੌਰਾਨ ਇਸ ਖੇਤਰ ਦੇ ਇਲਾਕੇ ਵਿਚ ਡਿਊਟੀ ਲੱਗ ਜਾਂਦੀ ਹੈ। ਨਿਊਟਨ ਦੀ ਇੱਛਾ ਹੈ ਕਿ ਉਹ ਆਜ਼ਾਦ ਫਿਜ਼ਾ ਵਿਚ ਬਿਨਾ ਕਿਸੇ ਡਰ-ਭੈਅ ਦੇ ਆਦਿਵਾਸੀਆਂ ਦੀਆਂ ਵੋਟਾ ਪੁਆਵੇ। ਨੀਮ ਫ਼ੌਜੀ ਬਲ ਦਾ ਅਸਿਸਟੈਂਟ ਕਮਾਂਡੈਂਟ ਆਤਮਾ ਸਿੰਘ (ਪੰਕਜ ਤ੍ਰਿਪਾਠੀ) ਨਹੀਂ ਚਾਹੁੰਦਾ ਕਿ ਚੋਣ ਅਫਸਰਾਂ ਦੀ ਟੀਮ ਜੰਗਲ ਵਿਚ ਜਾਵੇ ਅਤੇ ਸੁਰੱਖਿਆ ਦਸਤਿਆਂ ਦੀਆਂ ਆਦਿਵਾਸੀਆਂ ਨਾਲ ਕੀਤੀਆਂ ਜ਼ਿਆਦਤੀਆਂ ਅਤੇ ਉਨ੍ਹਾਂ ਦੇ ਸਾੜੇ ਘਰਾਂ ਨੂੰ ਵੇਖੇ। ਉਹ ਉਨ੍ਹਾਂ ਨੂੰ ਬਹੁਤ ਸਮਝਾਉਂਦਾ ਹੈ ਕਿ ਟੀਮ ਵੋਟਾਂ ਦੀ ਰਸਮੀ ਕਾਰਵਾਈ ਕਰ ਕੇ ਬਾਹਰੋਂ-ਬਾਹਰ ਹੀ ਮੁੜ ਜਾਵੇ। ਨਿਊਟਨ ਦੇ ਅੜੇ ਰਹਿਣ ਕਾਰਨ ਕਮਾਂਡਰ ਉਸ ਨੂੰ ਚੋਣਾਂ ਦੇ ਬੂਥ ‘ਤੇ ਲੈ ਜਾਂਦਾ ਹੈ। ਜਦੋਂ ਨਿਊਟਨ ਲੋਕਾਂ ਦੇ ਫੂਕੇ ਘਰ ਅਤੇ ਉਜੜੇ ਸਕੂਲ ਬਾਰੇ ਪੁੱਛਦਾ ਹੈ ਤਾਂ ਕਮਾਂਡਰ ਕਹਿੰਦਾ ਹੈ, “ਨਿਊਟਨ ਬਾਬੂ, ਪਹਿਲੇ ਅਪਣਾ ਕਾਮ ਕਰ ਲੋ, ਇੰਸਪੈਕਸ਼ਨ ਬਾਅਦ ਮੇਂ ਕਰ ਲੇਨਾ।” ਉਹ ਨਿਊਟਨ ਦੇ ਹਰ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਕਮਾਂਡਰ ਪਹਿਲਾਂ ਤਾਂ ਵੋਟਾਂ ਪੁਆਉਣ ਆਈ ਟੀਮ ਦੀ ਕੋਈ ਮਦਦ ਨਹੀਂ ਕਰਦਾ, ਪਰ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਵਿਦੇਸ਼ੀ ਪੱਤਰਕਾਰ ਇਸ ਖੇਤਰ ਦੀ ਰਿਪੋਰਟ ਲਈ ਆ ਰਹੀ ਹੈ, ਤਾਂ ਉਹ ਆਪਣੇ ਸੁਰੱਖਿਆ ਅਫਸਰਾਂ ਜਿਨ੍ਹਾਂ ਵਿਚ ਆਦਿਵਾਸੀਆਂ ਵਿਚੋਂ ਭਰਤੀ ਕੀਤੇ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ਼ਪੀæਓæ) ਵੀ ਹਨ, ਨੂੰ ਆਦਿਵਾਸੀਆਂ ਨੂੰ ਜ਼ਬਰਦਸਤੀ ਇਕੱਠੇ ਕਰ ਕੇ ਪੋਲਿੰਗ ਬੂਥ ‘ਤੇ ਲਿਆਉਣ ਲਈ ਕਹਿੰਦਾ ਹੈ। ਸੁਰੱਖਿਆ ਦਸਤਿਆਂ ਤੋਂ ਡਰਦਿਆਂ ਨੌਜਵਾਨ ਆਦਿਵਾਸੀ ਜੰਗਲਾਂ ਵਿਚ ਛੁਪ ਜਾਂਦੇ ਹਨ ਅਤੇ ਪਿਛੇ ਸਿਰਫ਼ ਬਜ਼ੁਰਗ, ਬਿਮਾਰ, ਔਰਤਾਂ ਅਤੇ ਬੱਚੇ ਹੀ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਧੱਕੇ ਨਾਲ ਵੋਟਾਂ ਪਾਉਣ ਲਈ ਲਿਆਇਆ ਜਾਂਦਾ ਹੈ। ਮੀਡੀਆ ਜ਼ੋਰ-ਸ਼ੋਰ ਨਾਲ ਇਹ ਜਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮਾਓਵਾਦੀਆਂ ਨੂੰ ਲਲਕਾਰ ਕੇ ਆਦਿਵਾਸੀ ਵੋਟਾਂ ਪਾਉਣ ਆਏ ਹਨ।
ਸੁਰੱਖਿਆ ਦਸਤਿਆਂ ਦੇ ਆਦਿਵਾਸੀਆਂ ਨਾਲ ਇਸ ਵਿਹਾਰ ਤੋਂ ਨਿਊਟਨ ਨੂੰ ਧੱਕਾ ਲਗਦਾ ਹੈ। ਉਹ ਇਸ ਖਿਲਾਫ ਫ਼ੌਜੀ ਕਮਾਂਡਰ ਨਾਲ ਬਹਿਸ ਪੈਂਦਾ ਹੈ। ਇਸ ਦੌਰਾਨ ਵੋਟਾਂ ਪੁਆਉਣ ਵਾਲੀ ਟੀਮ ਵਿਚ ਬੀæਐਲ਼ਓæ ਵਜੋਂ ਆਈ ਆਦਿਵਾਸੀ ਅਧਿਆਪਕਾ ਮਾਲਕੋ ਨੇਤਮ (ਅੰਜਲੀ ਪਾਟਿਲ) ਨਿਊਟਨ ਨੂੰ ਕਹਿੰਦੀ ਹੈ ਕਿ ਜੋ ਆਦਿਵਾਸੀਆਂ ਨਾਲ ਉਸ ਨੇ ਅੱਜ ਹੁੰਦਾ ਦੇਖਿਆ ਹੈ, ਉਹ ਇਸ ਨੂੰ ਝੱਲਦੀ ਹੋਈ ਵੱਡੀ ਹੋਈ ਹੈ। ਉਹ ਬੁਲੇਟ ਪਰੂਫ਼ ਜੈਕਟ ਇਹ ਕਹਿ ਕੇ ਪਾਉਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਇਸ ਤੋਂ ਬਿਨਾ ਉਹ ਜ਼ਿਆਦਾ ਸੁਰੱਖਿਅਤ ਹੈ। ਇਸ ਸਮੇਂ ਦੌਰਾਨ ਚੋਣਾਂ ਕਰਵਾਉਣ ਆਈ ਟੀਮ ‘ਤੇ ਹਮਲਾ ਹੋ ਜਾਂਦਾ ਹੈ। ਕਮਾਂਡਰ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਨਿਕਲਣ ਲਈ ਕਹਿੰਦਾ ਹੈ, ਪਰ ਛੇਤੀ ਹੀ ਨਿਊਟਨ, ਕਮਾਂਡਰ ਦੀ ਇਸ ਚਾਲ ਨੂੰ ਸਮਝ ਜਾਂਦਾ ਹੈ ਕਿ ਟੀਮ ਨੂੰ ਉਥੋਂ ਕੱਢਣ ਲਈ ਸੁਰੱਖਿਆ ਫੋਰਸਾਂ ਨੇ ਹਮਲਾ ਹੋਣ ਦਾ ਨਾਟਕ ਕੀਤਾ ਹੈ। ਉਹ ਆਦਿਵਾਸੀਆਂ ਦੀ ਮੁੜ ਵੋਟਿੰਗ ਕਰਵਾਉਣ ਲਈ ਹੱਥ ਵਿਚ ਵੋਟਿੰਗ ਮਸ਼ੀਨ ਲੈ ਕੇ ਭੱਜ ਨਿਕਲਦਾ ਹੈ। ਸੁਰੱਖਿਆ ਦਸਤੇ ਉਸ ਦਾ ਸ਼ਿਕਾਰ ਪਿੱਛਾ ਕਰਦੇ ਹੋਏ ਉਸ ਨੂੰ ਫੜ ਲੈਂਦੇ ਹਨ। ਅੱਕ ਕੇ ਨਿਊਟਨ ਸੁਰੱਖਿਆ ਦਸਤੇ ਤੋਂ ਬੰਦੂਕ ਖੋਹ ਲੈਂਦਾ ਹੈ ਅਤੇ ਇਮਾਨਦਾਰੀ ਨਾਲ ਚੋਣ ਪ੍ਰਕਿਰਿਆ ਸਿਰੇ ਚਾੜ੍ਹਦਾ ਹੈ। ਜਦੋਂ ਹੀ ਉਹ ਬੰਦੂਕ ਸੁੱਟ ਦਿੰਦਾ ਹੈ, ਸੁਰੱਖਿਆ ਦਸਤੇ ਉਸ ‘ਤੇ ਟੁੱਟ ਪੈਂਦੇ ਹਨ।
ਇਸ ਫ਼ਿਲਮ ਦੀ ਕਹਾਣੀ ਕੋਈ ਕਲਪਨਾ ਨਹੀਂ ਹੈ, ਸਗੋਂੇ ਮੁਲਕ ਦੀ ਹਕੀਕਤ ਹੈ। ਅੱਜ ਦੰਡਕਾਰਨੀਆ ਦੇ ਖੇਤਰ ਤੋਂ ਇਲਾਵਾ ਬਿਹਾਰ, ਝਾਰਖੰਡ, ਆਂਧਰਾ, ਤੇਲੰਗਾਨਾ, ਛੱਤੀਸਗੜ੍ਹ, ਉੜੀਸਾ ਅਤੇ ਹੋਰ ਖੇਤਰਾਂ ਵਿਚ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਅਤੇ ਬਹੁ-ਕੌਮੀ ਕੰਪਨੀਆਂ ਨਾਲ ਸਮਝੌਤੇ ਕਰ ਕੇ ਉਨ੍ਹਾਂ ਨੂੰ ਜਲ, ਜੰਗਲ ਅਤੇ ਜ਼ਮੀਨ ਲੁਟਾ ਰਹੀਆਂ ਹਨ। ਇਹ ਇਲਾਕਾ ਖ਼ਾਲੀ ਕਰਵਾਉਣ ਲਈ ਉਸ ਵਲੋਂ ਅਧਿਕਾਰਤ ਸੁਰੱਖਿਆ ਦਸਤਿਆਂ ਤੋਂ ਇਲਾਵਾ ਗ਼ੈਰ-ਅਧਿਕਾਰਤ ਜਨ ਜਾਗਰਣ ਅਤੇ ਸਲਵਾ ਜੁਡਮ ਵਰਗੇ ਟੋਲੇ ਪਾਲ਼ੇ ਹੋਏ ਹਨ ਜੋ ਆਦਿਵਾਸੀਆਂ ਦੇ ਘਰ ਉਜਾੜ ਰਹੇ ਹਨ ਅਤੇ ਉਨ੍ਹਾਂ ਨੂੰ ਜੰਗਲਾਂ ਵਿਚ ਭੱਜ ਜਾਣ ਲਈ ਮਜਬੂਰ ਕਰਦੇ ਹਨ। ਜੋ ਜੰਗਲਾਂ ਵਿਚ ਨਹੀਂ ਭੱਜ ਸਕਦੇ, ਉਨ੍ਹਾਂ ਨੂੰ ਆਰਜ਼ੀ ਕੈਂਪ (ਇਕ ਤਰ੍ਹਾਂ ਦੀ ਖੁੱਲ੍ਹੀ ਜੇਲ੍ਹ) ਵਿਚ ਨੂੜ ਦਿੱਤਾ ਜਾਂਦਾ ਹੈ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਬਦਨਾਮ ਸਾਬਕਾ ਆਈæਜੀæ ਐਸ਼ਆਰæਪੀæ ਕਲੂਰੀ ਦੀ ਅਗਵਾਈ ਵਿਚ ਅਜਿਹੇ ਗੁੰਡਾ ਟੋਲਿਆਂ ਨੇ 150 ਦੇ ਕਰੀਬ ਆਦਿਵਾਸੀ ਘਰਾਂ ਨੂੰ ਉਜਾੜ ਦਿੱਤਾ ਅਤੇ ਛੇ ਸੌ ਦੇ ਕਰੀਬ ਔਰਤਾਂ ਨਾਲ ਬਲਾਤਕਾਰ ਕੀਤਾ ਸੀ। ਇਥੇ ਹੀ ਬੱਸ ਨਹੀਂ, ਜਦੋਂ ਕੇਂਦਰ ਸਰਕਾਰ ਦੀ ਟੀਮ ਖੇਤਰ ਵਿਚ ਜਾਂਚ ਕਰਨ ਪਹੁੰਚੀ ਤਾਂ ਉਸ ਉਤੇ ਪੁਲਿਸ ਅਤੇ ਗੁੰਡਾ ਗਰੋਹ ਨੇ ਮਿਲ ਕੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਜਦੋਂ ਜਮਹੂਰੀਅਤ ਪਸੰਦ ਲੋਕ ਸਰਕਾਰੀ ਦਹਿਸ਼ਤ ਤੋਂ ਪੀੜਤ ਇਲਾਕੇ ਵਿਚ ਤੱਥ-ਖੋਜ ਟੀਮ ਬਣਾ ਕੇ ਜਾਂਦੇ ਹਨ, ਉਨ੍ਹਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਸੱਚੀਆਂ ਘਟਨਾਵਾਂ ਬਾਹਰ ਨਸ਼ਰ ਕਰਨ ਵਾਲੇ ਪੱਤਰਕਾਰ, ਪ੍ਰੋਫ਼ੈਸਰ ਜਾਂ ਵਕੀਲਾਂ ਨੂੰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਦੀ ਮਿਸਾਲ ਸਰੀਰਕ ਤੌਰ ‘ਤੇ 90 ਫ਼ੀਸਦੀ ਨਕਾਰਾ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੀæਐਨæ ਸਾਈਬਾਬਾ ਹਨ। ਉਨ੍ਹਾਂ ਅਤੇ ਉਨ੍ਹਾਂ ਸਮੇਤ ਹੋਰ ਸਾਥੀਆਂ ਨੂੰ ਗੜ੍ਹਚਿਰੌਲੀ ਪੁਲਿਸ ਨੇ ਝੂਠੇ ਕੇਸ ਵਿਚ ਫਸਾ ਦਿੱਤਾ ਹੈ ਅਤੇ ਅੱਜ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।
ਇਸ ਫ਼ਿਲਮ ਵਿਚ ਵੀ ਸੈਂਡਵਿਚ ਥਿਊਰੀ (ਦੋ ਪੁੜਾਂ ਵਿਚਾਲੇ ਫਸਣਾ) ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਦਿਵਾਸੀ ਲੋਕ ਮਾਓਵਾਦੀ ਅਤੇ ਪੁਲਿਸ, ਦੋਵਾਂ ਤੋਂ ਮੁਕਤੀ ਚਾਹੁੰਦੇ ਹਨ। ਸੱਚਾਈ ਇਹ ਹੈ ਕਿ ਇਕ ਪਾਸੇ ਆਦਿਵਾਸੀ ਆਪਣੇ ਜਿਊਣ ਦੇ ਅਧਿਕਾਰ ਲਈ ਲੜ ਰਹੇ ਹਨ, ਦੂਜੇ ਪਾਸੇ ਆਦਿਵਾਸੀਆਂ ਦੇ ਹੱਕ ‘ਚ ਆਵਾਜ਼ ਉਠਾਉਣ ਵਾਲਿਆਂ ਦੇ ਵੀ ਹੱਕ ਤੱਕ ਖੋਹੇ ਜਾ ਰਹੇ ਹਨ। ਉਂਜ, ਇਸ ਫ਼ਿਲਮ ਨੇ ਆਦਿਵਾਸੀਆਂ ‘ਤੇ ਹੋ ਰਹੇ ਸਰਕਾਰੀ ਜਬਰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। -ਪ੍ਰਕਾਸ਼